19.2 C
Toronto
Tuesday, October 7, 2025
spot_img
Homeਪੰਜਾਬਫਰੀਦਕੋਟ ਰਿਆਸਤ ਦੇ ਜੰਗਲਾਂ ਵਿੱਚ ਬਾਗ ਲਾਵੇਗੀ ਫੌਜ

ਫਰੀਦਕੋਟ ਰਿਆਸਤ ਦੇ ਜੰਗਲਾਂ ਵਿੱਚ ਬਾਗ ਲਾਵੇਗੀ ਫੌਜ

4200 ਏਕੜ ਵਿੱਚ ਫੈਲਿਆ ਹੈ ਜੰਗਲ; ਪਿੰਡ ਵਾਸੀ ਤੇ ਵਿਦਿਆਰਥੀ ਬਣਨਗੇ ਮੁਹਿੰਮ ਦਾ ਹਿੱਸਾ
ਫਰੀਦਕੋਟ/ਬਿਊਰੋ ਨਿਊਜ਼ : ਫਰੀਦਕੋਟ ਰਿਆਸਤ ਦੇ ਬੀੜ ਘੁਗਿਆਣਾ ਵਿੱਚ ਭਾਰਤੀ ਫੌਜ ਹੁਣ ਬਾਗ਼ ਲਾਵੇਗੀ। ਇਸ ਜੰਗਲ ਦੀ ਸਾਂਭ-ਸੰਭਾਲ ਪਹਿਲਾਂ ਸ਼ਾਹੀ ਟਰੱਸਟ ਕਰ ਰਿਹਾ ਸੀ ਪਰ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ ਮਹਾਰਾਵਲ ਖੇਵਾ ਜੀ ਟਰੱਸਟ ਭੰਗ ਕਰ ਦਿੱਤਾ ਗਿਆ ਸੀ।
ਜੰਗਲ ਦੇ ਇੱਕ ਹਿੱਸੇ ਨੂੰ ਫੌਜ ਪਿਛਲੇ ਲੰਬੇ ਸਮੇਂ ਤੋਂ ਵਰਤ ਰਹੀ ਸੀ ਪਰ ਟਰੱਸਟ ਭੰਗ ਹੋਣ ਮਗਰੋਂ ਫੌਜ ਨੇ ਪੂਰੇ ਜੰਗਲ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਹੈ ਅਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਲਾਗਲੇ ਪਿੰਡਾਂ ਦੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।
ਫੌਜ ਦੇ ਜੇਸੀਓ ਗੁਰਭੇਜ ਸਿੰਘ ਅਤੇ ਵਿਪਨ ਨੇ ਕਿਹਾ ਕਿ ਜੰਗਲ ਦੇ ਇੱਕ ਹਿੱਸੇ ਵਿੱਚ ਬਾਗ਼ ਲੱਗਣ ਨਾਲ ਇਲਾਕੇ ਵਿੱਚ ਖੁਸ਼ਹਾਲੀ ਤੇ ਰੌਣਕ ਆਵੇਗੀ।
ਮਿਲੀ ਜਾਣਕਾਰੀ ਅਨੁਸਾਰ 1951 ਵਿਚ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਨੇ ਜੰਗਲ ਦੇ ਇੱਕ ਹਿੱਸੇ ਨੂੰ ਫੌਜ ਹਵਾਲੇ ਕਰ ਦਿੱਤਾ ਸੀ ਅਤੇ ਬਾਕੀ ਜੰਗਲ ਵਿੱਚ ਰਾਜਾ ਹਰਿੰਦਰ ਸਿੰਘ ਵੱਲੋਂ ਦੁਰਲੱਭ ਪੰਛੀ ਤੇ ਜਾਨਵਰ ਛੱਡੇ ਗਏ ਸਨ ਪਰ ਸਮਾਂ ਬੀਤਣ ‘ਤੇ ਰੁੱਖਾਂ ਦੇ ਨਾਲ-ਨਾਲ ਜੰਗਲੀ ਜਾਨਵਰ ਅਤੇ ਪੰਛੀ ਵੀ ਇੱਥੋਂ ਚਲੇ ਗਏ।
ਸ਼ਾਹੀ ਟਰੱਸਟ ਨੇ ਇਸ ਜੰਗਲ ਦੀ ਸ਼ਾਨ ਬਹਾਲ ਕਰਨ ਲਈ ਤਿੰਨ ਸਾਲ ਪਹਿਲਾਂ ਉਪਰਾਲੇ ਸ਼ੁਰੂ ਕੀਤੇ ਸਨ ਅਤੇ ਇਸ ਜੰਗਲ ਵਿੱਚ 10 ਹਜ਼ਾਰ ਵਿਰਾਸਤੀ ਬੂਟੇ ਲਾਏ ਗਏ ਸਨ ਪਰ ਇਸੇ ਦਰਮਿਆਨ ਸ਼ਾਹੀ ਪਰਿਵਾਰ ਦਰਮਿਆਨ ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਵਧ ਗਿਆ ਅਤੇ ਫੌਜ ਨੇ ਇਸ ਜੰਗਲ ਵਿੱਚ ਸ਼ਾਹੀ ਟਰੱਸਟ ਦੀ ਦਖਲਅੰਦਾਜ਼ੀ ਬੰਦ ਕਰ ਦਿੱਤੀ। ਸਤਨਾਮ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਿਸੇ ਵੇਲੇ ਸ਼ਾਹੀ ਜੰਗਲ ਵਿੱਚ ਲੱਖਾਂ ਦੀ ਗਿਣਤੀ ‘ਚ ਟਾਹਲੀਆਂ ਤੇ ਹੋਰ ਕੀਮਤੀ ਰੁੱਖ ਸਨ ਜਿਨ੍ਹਾਂ ਦੀ ਸਹੀ ਸੰਭਾਲ ਨਾ ਹੋਣ ਕਰਕੇ ਲੋਕ ਵੱਢ ਕੇ ਲੈ ਗਏ ਤੇ ਇਹ ਥਾਂਬੇਆਬਾਦ ਹੋ ਗਈ ਪਰ ਹੁਣ ਇਸ 4200 ਏਕੜ ਜੰਗਲੀ ਰਕਬੇ ਦੀ ਸ਼ਾਨ ਬਹਾਲ ਹੋਣ ਦੀ ਆਸ ਬੱਝੀ ਹੈ।

RELATED ARTICLES
POPULAR POSTS