ਬਾਦਲ ਸਾਹਿਬ ਪਹਿਲਾਂ ਕੈਰੋਂ, ਮਜੀਠੀਆ ਅਤੇ ਤੋਤਾ ਸਿੰਘ ਨੂੰ ਜੇਲ੍ਹ ਭੇਜੋ ਫਿਰ ਗੱਲ ਕਰੋ : ਸੰਜੇ
ਮੁਹਾਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵਲੋਂ ਅਨਾਜ ਘੁਟਾਲੇ ਨੂੰ ਲੈ ਕੇ ਮੁਹਾਲੀ ਦੀ ਦੁਸਹਿਰਾ ਗਰਾਊਂਡ ਵਿਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਦੇਸ਼ ਸਿੰਘ ਕੈਰੋਂ ਅਤੇ ਤੋਤਾ ਸਿੰਘ ਨੂੰ ਜੇਲ੍ਹ ਭੇਜਿਆ ਜਾਵੇ, ਉਸ ਤੋਂ ਬਾਅਦ ਹੀ ਗੱਲਬਾਤ ਕੀਤੀ ਜਾਵੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਅਕਾਲੀ ਦਲ ਬਾਦਲ ਅਤੇ ਕਾਂਗਰਸ ‘ਤੇ ਕਰਾਰੇ ਵਾਰ ਕੀਤੇ।
ਇਹ ਗੱਲ ਉਹਨਾਂ ਮੁੱਖ ਮੰਤਰੀ ਦੇ ਉਸ ਬਿਆਨ ‘ਤੇ ਕਹੀ, ਜਿਸ ਵਿਚ ਉਹਨਾਂ ‘ਆਪ’ ਨੇਤਾਵਾਂ ਨਾਲ ਮਿਲ ਕੇ ਗੱਲਬਾਤ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਉਹਨਾਂ ਇਹ ਵੀ ਕਿਹਾ, ਉਹ ਕੈਪਟਨ ਅਮਰਿੰਦਰ ਸਿੰਘ ਨਹੀਂ ਹਨ, ਜੋ ਬੰਦ ਕਮਰੇ ਵਿਚ ਚਾਹ-ਬਿਸਕੁਟ ਖਾ ਕੇ ਵਾਪਸ ਆ ਜਾਣਗੇ। ਸੰਬੋਧਨ ਕਰਨ ਤੋਂ ਕਰੀਬ ਇਕ ਘੰਟੇ ਬਾਅਦ ਸੰਜੇ ਸਿੰਘ ਆਪਣੇ ਪੰਜ ਸਾਥੀਆਂ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ, ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਗਏ। ਇਸ ਤੋਂ ਪਹਿਲਾਂ ‘ਆਪ’ ਨੇਤਾਵਾਂ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।
ਉਥੇ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਦੀ ਰੈਲੀ ਅਤੇ ਘਿਰਾਓ ਪੂਰੀ ਤਰ੍ਹਾਂ ਨਾਲ ਨਾਕਾਮ ਰਹਿਣ ਦਾ ਕਾਰਨ ਉਹਨਾਂ ਦੀ ਪਾਰਟੀ ਦੁਆਰਾ ਪਾਣੀ ਦੇ ਮੁੱਦੇ ‘ਤੇ ਪੰਜਾਬ ਨਾਲ ਧੋਖਾ ਕਰਨਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਦਾ ਖੇਡ ਹੁਣ ਸਮਾਪਤ ਹੋ ਚੁੱਕਾ ਹੈ।
‘ਆਪ’ ਦਾ ਬੋਰੀ ਬਿਸਤਰਾ ਰਾਜ ਵਿਚੋਂ ਗੋਲ ਹੋਣ ਦਾ ਸਮਾਂ ਆ ਗਿਆ ਹੈ ਕਿਉਂਕਿ ਲੋਕਾਂ, ਵਿਸ਼ੇਸ਼ ਕਰਕੇ ਕਿਸਾਨਾਂ ਦਾ ‘ਆਪ’ ਤੋਂ ਇਸ ਦੀ ਚਾਲਬਾਜ਼ੀ ਅਤੇ ਧੋਖੇਬਾਜ਼ੀ ਦੀ ਫਿਤਰਤ ਦੇ ਕਾਰਨ ਮੋਹ ਭੰਗ ਹੋ ਚੁੱਕਾ ਹੈ।
ਆਤਮ ਹੱਤਿਆ ਕਰਨ ਵਾਲੇ ਕਿਸਾਨ ਦੇ ਪਰਿਵਾਰ ਕੋਲੋਂ ਮੁੱਖ ਮੰਤਰੀ ਹੱਥ ਜੋੜ ਕੇ ਮੁਆਫੀ ਮੰਗਣ
ਰੈਲੀ ਦੌਰਾਨ ਸੰਜੇ ਸਿੰਘ ਨੇ ਕਿਹਾ, ਉਹਨਾਂ ਦੀ ਮੰਗ ਹੈ ਕਿ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 15 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ ਮੁੱਖ ਮੰਤਰੀ ਪੀੜਤ ਪਰਿਵਾਰ ਕੋਲੋਂ ਹੱਥ ਜੋੜ ਕੇ ਮੁਆਫੀ ਮੰਗੇ ਕਿ ਉਹਨਾਂ ਦੀ ਗਲਤੀ ਨਾਲ ਹਾਦਸਾ ਹੋਇਆ। 12 ਹਜ਼ਾਰ ਕਰੋੜ ਅਨਾਜ ਘੁਟਾਲੇ ਦਾ ਪੈਸਾ ਕਿਸਾਨਾਂ ਨੂੰ ਦਿੱਤਾ ਜਾਵੇ। ਪੰਜਾਬ ਵਿਚ ਜਿਸ ਤੋਤਾ ਸਿੰਘ ਦੇ ਕਾਰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਉਸ ਕੋਲੋਂ ਤੇ ਅਨਾਜ ਘੁਟਾਲੇ ਦੇ ਦੋਸ਼ੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਲੈ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ। ਨਹੀਂ ਤਾਂ ਜਨਤਾ 2017 ਵਿਚ ਤਖਤਾ ਪਲਟ ਦੇਵੇਗੀ। ਫਿਰ ‘ਆਪ’ ਦੀ ਸਰਕਾਰ ਬਣਨ ‘ਤੇ ਇਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।
ਮੁੱਖ ਮੰਤਰੀ ਨੂੰ ਘਰ ਮਿਲਣ ਗਏ ਸੰਜੇ ਸਿੰਘ ਸਮੇਤ ਪੰਜ ਨੇਤਾ
ਕਰੀਬ ਡੇਢ ਵਜੇ ਡੀਸੀ ਮੁਹਾਲੀ ਨੂੰ ‘ਆਪ’ ਵਲੋਂ ਮੁੱਖ ਮੰਤਰੀ ਬਾਦਲ ਨੂੰ ਮਿਲਣ ਦੀ ਗੱਲ ਕਹੀ ਗਈ। ਜਿਸ ਤੋਂ ਬਾਅਦ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ, ਗੁਰਪ੍ਰੀਤ ਸਿੰਘ ਘੁੱਗੀ, ਅਮਨ ਅਰੋੜਾ ਅਤੇ ਡਾਕਟਰ ਬਲਜਿੰਦਰ ਕੌਰ ਮਿਲਣ ਲਈ ਗਏ। ਪਹਿਲਾਂ ਇਹ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੂੰ ਮੰਗ ਪੱਤਰ ਦੇ ਕੇ ਆਏ। ਉਸ ਤੋਂ ਬਾਅਦ ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ।
ਘਰ ਦੇ ਅੰਦਰ ਨਹੀਂ ਮੁੱਖ ਮੰਤਰੀ ਨੂੰ ਬਾਹਰ ਬੁਲਾਇਆ
‘ਆਪ’ ਨੇਤਾ ਮੁੱਖ ਮੰਤਰੀ ਬਾਦਲ ਦੇ ਘਰ ਦੇ ਅੰਦਰ ਨਹੀਂ ਗਏ, ਬਲਕਿ ਉਹਨਾਂ ਨੇ ਮੰਗ ਰੱਖੀ ਕਿ ਬਾਹਰ ਹੀ ਮੀਡੀਆ ਦੇ ਸਾਹਮਣੇ ਗੱਲਬਾਤ ਕਰਨਗੇ। ਸੰਜੇ ਸਿੰਘ ਨੇ ਦੱਸਿਆ ਕਿ ਉਹ ਪੰਜ ਵਿਅਕਤੀ ਸਨ, ਜਦਕਿ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੈਂਕੜਿਆਂ ਦੀ ਗਿਣਤੀ ਸਕਿਓਰਿਟੀ, ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਜਵਾਨ ਤੈਨਾਤ ਸਨ।
ਸੰਜੇ ਸਿੰਘ ਨੇ ਦੱਸਿਆ, ਉਹਨਾਂ ਜੋ ਵੀ ਸਵਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛੇ, ਉਸ ਤੋਂ ਬਾਅਦ ਉਹਨਾਂ ਇਕ ਹੀ ਜਵਾਬ ਦਿੱਤਾ ਕਿ ਕਾਕਾ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …