27.2 C
Toronto
Sunday, October 5, 2025
spot_img
Homeਪੰਜਾਬਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਅਤੇ ਪ੍ਰਸ਼ਾਸਨਿਕ ਭਾਸ਼ਾ...

ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਅਤੇ ਪ੍ਰਸ਼ਾਸਨਿਕ ਭਾਸ਼ਾ ਬਣਾਏ ਜਾਣ ਦੀ ਮੰਗ ਨੇ ਫੜਿਆ ਜ਼ੋਰ

‘ਚੰਡੀਗੜ੍ਹ ਪੰਜਾਬੀ ਮੰਚ’ ਨੇ ਸੈਕਟਰ 17 ‘ਚ ਦਿੱਤਾ ਵਿਸ਼ਾਲ ਧਰਨਾ
ਮਤਾ ਪਾਸ : 1 ਨਵੰਬਰ ਨੂੰ ਕੀਤਾ ਜਾਵੇਗਾ ਪੰਜਾਬ ਰਾਜ ਭਵਨ ਦਾ ਘਿਰਾਓ
ਚੰਡੀਗੜ੍ਹ : ਚੰਡੀਗੜ੍ਹ ਪੰਜਾਬੀ ਮੰਚ ਦੇ ਸੱਦੇ ‘ਤੇ ਪੰਜਾਬੀ ਹਿਤੈਸ਼ੀਆਂ ਨੇ ਵੱਡੀ ਗਿਣਤੀ ਵਿਚ ਇਕੱਠਿਆਂ ਹੋ ਕੇ ਮਾਂ ਬੋਲੀ ਨੂੰ ਉਸਦਾ ਬਣਦਾ ਸਨਮਾਨ ਦਿਵਾਉਣ ਲਈ ਵਿਸ਼ਾਲ ਧਰਨਾ ਦਿੱਤਾ। ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਵਿਚ ਵੀਰਵਾਰ ਨੂੰ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਇਕੱਠੇ ਹੋਏ 500 ਤੋਂ ਵੱਧ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੇ ਪ੍ਰਸ਼ਾਸਨ ਤੋਂ ਇਕਮੁੱਠ ਹੋ ਕੇ ਪੁਰਜ਼ੋਰ ਮੰਗ ਕੀਤੀ ਕਿ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਅਤੇ ਕੰਮਕਾਜ ਦੀ ਭਾਸ਼ਾ ਬਣਾਉਂਦਿਆਂ ਉਸ ਨੂੰ ਪ੍ਰਸ਼ਾਸਨਿਕ ਭਾਸ਼ਾ ਦਾ ਵੀ ਦਰਜਾ ਦਿੱਤਾ ਜਾਵੇ। ਨਾਲ ਹੀ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਸਾਡੀਆਂ ਇਹ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਆਉਂਦੀ 1 ਨਵੰਬਰ ਨੂੰ ਪੰਜਾਬ ਰਾਜ ਭਵਨ ਦਾ ਘਿਰਾਓ ਕੀਤਾ ਜਾਵੇਗਾ।
ਵੀਰਵਾਰ ਦੇ ਵਿਸ਼ਾਲ ਧਰਨੇ ਦੀ ਅਗਵਾਈ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਆਖਿਆ ਕਿ ਚੰਡੀਗੜ੍ਹ ਵਿਚ ਇਕ ਵੀ ਵਿਅਕਤੀ ਅਜਿਹਾ ਨਹੀਂ ਜਿਸਦੀ ਮਾਂ ਬੋਲੀ ਅੰਗਰੇਜ਼ੀ ਹੋਵੇ, ਪਰ ਪ੍ਰਸ਼ਾਸਨ ਨੇ ਬੜੇ ਸ਼ਰਾਰਤੀ ਢੰਗ ਨਾਲ ਪੰਜਾਬੀ ਨੂੰ ਦਰਕਿਨਾਰ ਕਰਕੇ ਅੰਗਰੇਜ਼ੀ ਸਥਾਨਕ ਲੋਕਾਂ ‘ਤੇ ਥੋਪ ਦਿੱਤੀ। ਉਨ੍ਹਾਂ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਦੇ ਨਾਲ-ਨਾਲ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਸਮੂਹ ਸਕੂਲਾਂ-ਕਾਲਜਾਂ ਵਿਚ ਪੰਜਾਬੀ ਵਿਸ਼ਾ ਵੀ ਲਾਜ਼ਮੀ ਪੜ੍ਹਾਇਆ ਜਾਵੇ ਤੇ ਜੋ ਵਿਦਿਆਰਥੀ ਆਪਣੀ ਸਿੱਖਿਆ ਦਾ ਮਾਧਿਅਮ ਪੰਜਾਬੀ ਰੱਖਣਾ ਚਾਹੁਣ, ਉਨ੍ਹਾਂ ਨੂੰ ਇਹ ਸਹੂਲਤ ਵੀ ਉਪਲਬਧ ਕਰਵਾਉਂਦਿਆਂ ਪੰਜਾਬੀ ਦੇ ਯੋਗ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ।
ਇਸ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਪਦਮਸ੍ਰੀ ਸੁਰਜੀਤ ਪਾਤਰ ਨੇ ਆਖਿਆ ਕਿ 1 ਨਵੰਬਰ ਨੂੰ ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਤੋਂ ਪਹਿਲਾਂ ਅਕਤੂਬਰ ਮਹੀਨੇ ਵਿਚ ਹਰ ਪੰਜਾਬੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਗਵਰਨਰ ਦੇ ਨਾਂ ਖਤ ਲਿਖੇ, ਜਿਸ ਨਾਲ ਰਾਜ ਭਵਨ ਪੰਜਾਬੀ ਦੀਆਂ ਚਿੱਠੀਆਂ ਨਾਲ ਭਰ ਜਾਵੇ। ਉਨ੍ਹਾਂ ਆਪਣੇ ਘਰਾਂ ਦੇ ਬਾਹਰ ਨਾਵਾਂ ਵਾਲੀਆਂ ਤਖਤੀਆਂ ਅਤੇ ਆਪਣੀਆਂ ਦੁਕਾਨਾਂ, ਅਦਾਰਿਆਂ ਦੇ ਬਾਹਰ ਬੋਰਡ ਵੀ ਪੰਜਾਬੀ ਭਾਸ਼ਾ ਵਿਚ ਲਿਖਣ ਦੀ ਅਪੀਲ ਕੀਤੀ।
ਇਸ ਵਿਸ਼ਾਲ ਧਰਨੇ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਸਿਰੀਰਾਮ ਅਰਸ਼, ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨਾਂ ਦੇ ਚੇਅਰਮੈਨ ਅਜੈਬ ਸਿੰਘ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਸੁਖਜੀਤ ਸਿੰਘ ਸੁੱਖਾ ਅਤੇ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਆਪਣੀਆਂ-ਆਪਣੀਆਂ ਤਕਰੀਰਾਂ ਵਿਚ ਇਸ ਸਾਂਝੀ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡੀ ਲੜਾਈ ਇਹੋ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਵਿਚ ਬਣਦਾ ਉਸਦਾ ਥਾਂ ਦਿੱਤਾ ਜਾਵੇ ਤੇ ਜਦੋਂ ਤੱਕ ਪ੍ਰਸ਼ਾਸਨ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਨਹੀਂ ਦਿੰਦਾ, ਤਦ ਤੱਕ ਸਾਡਾ ਇਹ ਸਾਂਝਾ ਸੰਘਰਸ਼ ਜਾਰੀ ਰਹੇਗਾ।  ਵੀਰਵਾਰ ਦੇ ਇਸ ਵਿਸ਼ਾਲ ਧਰਨੇ ਨੂੰ ਵੱਖੋ-ਵੱਖ ਰਾਜਨੀਤਕ ਪਾਰਟੀਆਂ ਨੇ ਵੀ ਸਮਰਥਨ ਦਿੱਤਾ। ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਰਹੇ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਆਮ ਆਦਮੀ ਪਾਰਟੀ ਵਲੋਂ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ, ਵਿਰੋਧੀ ਧਿਰ ਦੀ ਡਿਪਟੀ ਲੀਡਰ ਸਰਬਜੀਤ ਕੌਰ ਮਾਣੂਕੇ, ਮਨਜੀਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਬੁਲਾਰੇ ਰਿੰਪਲ ਮਿੱਢਾ, ਸਵਰਾਜ ਗਰੁੱਪ ਦੇ ਆਗੂ ਪ੍ਰੋ. ਮਨਜੀਤ ਸਿੰਘ ਆਦਿ ਨੇ ਵੀ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਅਗਲੇ ਸੰਘਰਸ਼ ਵਿਚ ਵੀ ਸਾਥ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ‘ਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਸਰਬਜੀਤ ਸਿੰਘ, ਪਦਮਸ੍ਰੀ ਸੁਰਜੀਤ ਪਾਤਰ, ਡਾ.ਆਤਮਜੀਤ, ਪੱਤਰਕਾਰ ਤਰਲੋਚਨ ਸਿੰਘ, ਜਸਬੀਰ ਸਿੰਘ ਭੁੱਲਰ, ਡਾ. ਜੋਗਾ ਸਿੰਘ,  ਏਟਕ ਦੇ ਪ੍ਰਧਾਨ ਰਾਜ ਕੁਮਾਰ, ਮੁਹਾਲੀ ਤੋਂ ਕੌਂਸਲਰ ਸਤਬੀਰ ਸਿੰਘ ਧਨੋਆ, ਪੇਂਡੂ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਤੇ ਜਨਰਲ ਸਕੱਤਰ ਰਘਬੀਰ ਸਿੰਘ, ਮਨਮੋਹਨ ਸਿੰਘ ਦਾਊਂ, ਗੁਰਮੇਲ ਸਿੰਘ ਸਿੱਧੂ, ਕਰਮ ਸਿੰਘ ਵਕੀਲ, ਕਵੀ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ, ਪੰਡਿਤ ਰਾਓ, ਜਗਤਾਰ ਸਿੰਘ ਸਿੱਧੂ ਅਤੇ ਇਕ ਦਰਜਨ ਦੇ ਕਰੀਬ ਹੋਰਨਾਂ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਦੇ 23 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ, ਵਾਰ-ਵਾਰ ਪੰਜਾਬ ਨਾਲ ਤੇ ਇੱਥੇ ਵਸਦੇ ਪੰਜਾਬੀਆਂ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਵਾਅਦੇ ਕਰਕੇ ਮੁੱਕਰਦੇ ਰਹੇ, ਪਰ ਹੁਣ ਅਸੀਂ ਸੰਘਰਸ਼ ਦੇ ਰਾਹ ਪੈ ਗਏ ਹਾਂ ਤੇ ਉਸ ਦਿਨ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ, ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਕੰਮਕਾਜ ਦੀ ਭਾਸ਼ਾ ਨਹੀਂ ਬਣਾ ਦਿੱਤਾ ਜਾਂਦਾ।
ਜ਼ਿਕਰਯੋਗ ਹੈ ਕਿ ਇਸ ਮੌਕੇ ‘ਤੇ ਜੋਗਿੰਦਰ ਸਿੰਘ ਹੋਰਾਂ ਨੇ ਜਦੋਂ ਮਤਾ ਪੇਸ਼ ਕੀਤਾ ਤਾਂ ਸਮੂਹ ਇਕੱਤਰਤਾ ਨੇ ਸਰਬਸੰਮਤੀ ਨਾਲ ਇਸ ਨੂੰ ਪਾਸ ਕਰਦਿਆਂ ਐਲਾਨ ਕੀਤਾ ਕਿ ਜੇਕਰ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਅਸੀਂ ਪੰਜਾਬ ਦਿਵਸ ਵਾਲੇ ਦਿਨ 1 ਨਵੰਬਰ 2017 ਨੂੰ ਪੰਜਾਬ ਰਾਜ ਭਵਨ ਦਾ ਘਿਰਾਓ ਕਰਾਂਗੇ ਅਤੇ ਇਨ੍ਹਾਂ ਪੰਜ ਮਹੀਨਿਆਂ ਦੌਰਾਨ ਚੰਡੀਗੜ੍ਹ ਵਿਚ ਪੰਜਾਬੀ ਹਿਤੈਸ਼ੀਆਂ ਨੂੰ ਹੋਰ ਵੀ ਵੱਡੀ ਗਿਣਤੀ ਵਿਚ ਨਾਲ ਜੋੜਨ ਤੇ ਤੋਰਨ ਲਈ ਅਸੀਂ ਲਗਾਤਾਰ ਬੈਠਕਾਂ ਕਰਾਂਗੇ। ਅੱਜ ਦੇ ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਾਮਚਿੰਨ੍ਹ ਕਲਾਕਾਰ ਅਤੇ ਲੇਖਕ ਬਲਕਾਰ ਸਿੱਧੂ ਨੇ ਜੋਸ਼ੀਲੇ ਅੰਦਾਜ਼ ਵਿਚ ਨਿਭਾਈ ਅਤੇ ਆਏ ਹੋਏ ਸਮੂਹ ਪੰਜਾਬੀ ਹਿਤੈਸ਼ੀਆਂ ਦਾ, ਵੱਖੋ-ਵੱਖ ਸੰਗਠਨਾਂ ਤੇ ਸਭਾਵਾਂ ਦਾ ਧੰਨਵਾਦ ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਸਿਰੀ ਰਾਮ ਅਰਸ਼ ਹੋਰਾਂ ਨੇ ਕੀਤਾ।
ਧਿਆਨ ਰਹੇ ਕਿ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਸਮੂਹ ਪੰਜਾਬੀ ਹਿਤੈਸ਼ੀ ਸੰਗਠਨ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਇਕੱਤਰ ਹੋ ਕੇ 21 ਫਰਵਰੀ 2017 ਨੂੰ ਸਮੂਹਿਕ ਗ੍ਰਿਫਤਾਰੀਆਂ ਦੇ ਚੁੱਕੇ ਹਨ ਅਤੇ ਅਨੇਕਾਂ ਵਾਰ ਆਪਣੀਆਂ ਜਾਇਜ਼ ਮੰਗਾਂ ਵਾਲਾ ਮੈਮੋਰੰਡਮ ਵੀ ਸਮੇਂ-ਸਮੇਂ ਦੇ ਚੰਡੀਗੜ੍ਹ ਦੇ ਪ੍ਰਸ਼ਾਸਕਾਂ ਨੂੰ ਦਿੰਦੇ ਰਹੇ ਹਨ। ਅੱਜ ਫਿਰ ਇਸ ਧਰਨੇ ਦੌਰਾਨ ਇਕ ਮੈਮੋਰੰਡਮ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ ਪੀ ਸਿੰਘ ਬਦਨੌਰ ਦੇ ਨਾਮ ‘ਤੇ ਦਿੱਤਾ ਗਿਆ। ਜਿਸ ਵਿਚ ਮੁੱਖ ਮੰਗਾਂ ਇਹੋ ਹਨ ਕਿ ਪੰਜਾਬੀ ਨੂੰ ਚੰਡੀਗੜ੍ਹ ਵਿਚ ਪਹਿਲੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ। ਪ੍ਰਸ਼ਾਸਕੀ ਕੰਮਕਾਜ ਦੀ ਭਾਸ਼ਾ ਬਣਾਇਆ ਜਾਵੇ। ਸਿੱਖਿਆ ਖੇਤਰ ਵਿਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ ਅਤੇ ਸਮੂਹ ਸਰਕਾਰੀ, ਪ੍ਰਾਈਵੇਟ ਸਕੂਲਾਂ-ਕਾਲਜਾਂ ਵਿਚ ਪੰਜਾਬੀ ਮਾਧਿਅਮ ਵਿਚ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ ਅਤੇ ਯੋਗ ਪੰਜਾਬੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਸਥਾਨਕ ਅਦਾਲਤਾਂ ਦਾ ਸਾਰਾ ਕੰਮਕਾਜ ਖੇਤਰੀ ਭਾਸ਼ਾ ਪੰਜਾਬੀ ਵਿਚ ਹੋਣਾ ਯਕੀਨੀ ਬਣਾਇਆ ਜਾਵੇ।
ਅੱਜ ਦੇ ਇਸ ਵਿਸ਼ਾਲ ਧਰਨੇ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਸਮੂਹ ਅਹੁਦੇਦਾਰਾਂ ਦੇ ਨਾਲ ਮੈਂਬਰ, ਸਮੁੱਚੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਲੀਡਰਸ਼ਿਪ ਅਤੇ ਉਹਨਾਂ ਦੇ ਨਾਲ ਸਬੰਧਤ ਵੱਖੋ-ਵੱਖ ਸਾਹਿਤਕ ਸਭਾਵਾਂ ਦੇ ਨੁਮਾਇੰਦੇ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਨੁਮਾਇੰਦੇ ਅਤੇ ਮੈਂਬਰ, ਵੱਖੋ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ, ਪੇਂਡੂ ਸੰਘਰਸ਼ ਕਮੇਟੀਆਂ ਦੇ ਅਹੁਦੇਦਾਰ ਅਤੇ ਸਮੂਹ ਪਿੰਡਾਂ ਦੇ ਮੋਹਤਬਰ ਲੋਕ, ਗੁਰਦੁਆਰਾ ਪ੍ਰਬੰਧਕ ਸੰਗਠਨਾਂ ਦੇ ਵੱਡੀ ਗਿਣਤੀ ਵਿਚ ਮੈਂਬਰ ਸਾਹਿਬਾਨ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਮੈਂਬਰ, ਨੌਜਵਾਨ ਸਭਾ ਚੰਡੀਗੜ੍ਹ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੁਮਾਇੰਦੇ, ਪੰਜਾਬੀ ਦੇ ਲੇਖਕ, ਕਵੀ, ਬੁੱਧੀਜੀਵੀ, ਅਧਿਆਪਕ, ਪ੍ਰੋਫੈਸਰ ਸਾਹਿਬਾਨ, ਵਿਦਿਆਰਥੀ, ਵਰਕਰਾਂ ਦੀਆਂ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਅਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਹਿਤੈਸ਼ੀ ਵੱਡੀ ਗਿਣਤੀ ਵਿਚ ਮੌਜੂਦ ਸਨ।

RELATED ARTICLES
POPULAR POSTS