Breaking News
Home / ਪੰਜਾਬ / ‘ਆਪ’ ਵੱਲੋਂ ਹਰਿਮੰਦਰ ਸਾਹਿਬ ਤੋਂ ਪੰਜਾਬ ਯਾਤਰਾ ਦੀ ਸ਼ੁਰੂਆਤ

‘ਆਪ’ ਵੱਲੋਂ ਹਰਿਮੰਦਰ ਸਾਹਿਬ ਤੋਂ ਪੰਜਾਬ ਯਾਤਰਾ ਦੀ ਸ਼ੁਰੂਆਤ

ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ‘ਆਪ’ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕਰੇਗੀ : ਫੂਲਕਾ
ਅੰਮ੍ਰਿਤਸਰ/ਬਿਊਰੋ ਨਿਊਜ਼
ਵਿਧਾਨ ਸਭਾ ਚੋਣਾਂ ਵਿੱਚ ਆਸ ਮੁਤਾਬਕ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਆਮ ਆਦਮੀ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਅਤੇ ਲੋਕਾਂ ਮਨਾਂ ਵਿੱਚ ਆਪਣਾ ਸਥਾਨ ਬਣਾਉਣ ਦੇ ਮੰਤਵ ਨਾਲ ਪਾਰਟੀ ਨੇ ਇਕ ਵਾਰ ਮੁੜ ਹੰਭਲਾ ਮਾਰਦਿਆਂ ਸੂਬੇ ਵਿਚ ਪੰਜਾਬ ਯਾਤਰਾ ਸ਼ੁਰੂ ਕੀਤੀ ਹੈ। ਯਾਤਰਾ ਦੌਰਾਨ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਜਾ ਕੇ ਲੋਕਾਂ ਕੋਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਜਾਵੇਗੀ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ‘ਆਪ’ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕਰੇਗੀ। ਇਹ ਯਾਤਰਾ ਇਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਇਤਿਹਾਸਕ ਜਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਕੀਤੀ ਗਈ। ਯਾਤਰਾ ਦੀ ਅਗਵਾਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਕਰ ਰਹੇ ਹਨ ਜਦੋਂਕਿ ਬਾਕੀ ਪਾਰਟੀ ਵਿਧਾਇਕ ਇਸ ਯਾਤਰਾ ਦਾ ਹਿੱਸਾ ਹਨ। ਐਡਵੋਕੇਟ ਫੂਲਕਾ ਨੇ ਕਿਹਾ ਕਿ ਪੰਜਾਬ ਯਾਤਰਾ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਮਸਲਿਆਂ ਬਾਰੇ ਪਤਾ ਲਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਜਾਂ ਸਰਕਾਰੀ ਪੱਧਰ ‘ਤੇ ਹੱਲ ਕਰਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅਜਿਹੇ ਮਸਲੇ ਲੋਕ ਸਿੱਧੇ ਤੌਰ ‘ਤੇ ਹੱਲ ਕਰਾਉਣ ਵਿੱਚ ਅਸਮਰੱਥ ਹਨ ਅਤੇ ਉਨ੍ਹਾਂ ਦੀ ਆਵਾਜ਼ ਚੰਡੀਗੜ੍ਹ ਤਕ ਨਹੀਂ ਪੁੱਜਦੀ। ਇਸ ਲਈ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਪਾਰਟੀ ਵਿਧਾਇਕ ਹਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਲੋਕਾਂ ਕੋਲ ਪੁੱਜਣਗੇ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਮਗਰੋਂ ਉਨ੍ਹਾਂ ਦੇ ਹੱਲ ਲਈ ਯਤਨ ਹੋਵੇਗਾ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਪਹਿਲੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਫੂਲਕਾ ਸਮੇਤ ਆਪ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸਿੱਧਵਾਂ, ਰੁਪਿੰਦਰ ਰੂਬੀ, ਅਮਨ ਅਰੋੜਾ, ਮੀਤ ਹੇਰ, ਮਨਜੀਤ ਸਿੰਘ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਪਰਿਮਲ ਸਿੰਘ ਨੇ ਗੁਰੂ ਘਰ ਵਿੱਚ ਪੰਜਾਬ ਯਾਤਰਾ ਦੀ ਸਫ਼ਲਤਾ ਲਈ ਅਰਦਾਸ ਕੀਤੀ। ਉਪਰੰਤ ਸਾਰੇ ਆਗੂ ਸ੍ਰੀ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਮੰਦਿਰ ਵੀ ਮੱਥਾ ਟੇਕਣ ਲਈ ਗਏ। ਮਗਰੋਂ ਸਰਕਟ ਹਾਊਸ ਵਿੱਚ ਉਨ੍ਹਾਂ ਮੀਟਿੰਗ ਕੀਤੀ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਪੰਜਾਬ ਯਾਤਰਾ ਫੂਲਕਾ ਦਾ ਨਿੱਜੀ ਪ੍ਰੋਗਰਾਮ : ਵੜੈਚ
ਮੋਰਿੰਡਾ : ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਮੋਰਿੰਡਾ ਵਿਖੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਮਜ਼ਦੂਰਾਂ, ਗਰੀਬਾਂ ਤੇ ਆਮ ਲੋਕਾਂ ਦੀ ਪਾਰਟੀ ਹੈ, ਜਿਸਦਾ ਮਕਸਦ ਸਿਆਸਤ ਜਾਂ ਰਾਜ ਕਰਨਾ ਨਹੀਂ ਸਗੋਂ ਗੰਧਲੀ ਰਾਜਨੀਤੀ ਨੂੰ ਸਾਫ ਕਰਕੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਤੇ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਵੇਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣਾ ਸਕੀ, ਪਰ ਜਨਤਾ ਨੇ ਸਾਨੂੰ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਦਿੱਤੀ ਹੈ।
ਇਸ ਲਈ ਅਸੀਂ ਕਾਂਗਰਸ ਸਰਕਾਰ ਦੇ ਹਰੇਕ ਕੰਮ ‘ਤੇ ਨਜ਼ਰ ਰੱਖਾਂਗੇ ਤੇ ਲੋਕ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਾਂਗੇ। ਇਸ ਮੌਕੇ ‘ਤੇ ਗੁਰਪ੍ਰੀਤ ਵੜੈਚ ਨੇ ਐਚਐਸ ਫੂਲਕਾ ਵਲੋਂ ਇਕ ਮਈ ਤੋਂ ਸ਼ੁਰੂ ਕੀਤੀ ਗਈ ਪੰਜਾਬ ਯਾਤਰਾ ਸਬੰਧੀ ਕਿਹਾ ਕਿ ਇਹ ਫੂਲਕਾ ਸਾਹਿਬ ਦਾ ਨਿੱਜੀ ਪ੍ਰੋਗਰਾਮ ਹੋ ਸਕਦਾ ਹੈ। ਇਸਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਾਰਟੀ ਵਿਚ ਫੇਰਬਦਲ ਦੇ ਸਵਾਲ ‘ਤੇ ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿਚ ਪਾਰਟੀ ਵਿਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਨੂੰ ਪਾਰਟੀ ਦੇ ਅਹੁਦਿਆਂ ਸਬੰਧੀ ਸਹੀ ਸਮਝ ਨਹੀਂ ਆਉਂਦੀ। ਇਸ ਲਈ ਅਹੁਦਿਆਂ ਦੇ ਨਾਂ ਬਦਲ ਕੇ ਕਨਵੀਨਰ, ਸਰਕਲ ਇੰਚਾਰਜ, ਅਜਬਜਰਵਰ ਤੇ ਯੂਥ ਇੰਚਾਰਜ ਦੀ ਥਾਂ ਪ੍ਰਧਾਨ, ਮੀਤ ਪ੍ਰਧਾਨ ਤੇ ਜਨਰਲ ਸਕੱਤਰ ਆਦਿ ਰੱਖੇ ਜਾਣਗੇ।

Check Also

ਸਿਮਰਜੀਤ ਸਿੰਘ ਬੈਂਸ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ

ਕੋਵਿਡ ਗਾਈਡ ਲਾਈਨ ਤੋੜਨ ਦੇ ਮਾਮਲੇ ’ਚ ਘਿਰੇ ਹਨ ਬੈਂਸ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਵਿਚ 20 …