![](https://parvasinewspaper.com/wp-content/uploads/2024/04/Gandhi-1.jpg)
ਪਟਿਆਲਾ ਲੋਕ ਸਭਾ ਹਲਕੇ ਤੋਂ ਹੋ ਸਕਦੇ ਹਨ ਕਾਂਗਰਸ ਦੇ ਉਮੀਦਵਾਰ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਡਾ. ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਦਿੱਲੀ ਵਿਚ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਪਹੰੁਚ ਕੇ ਆਪਣੀ ‘ਨਵਾਂ ਪੰਜਾਬ ਪਾਰਟੀ’ ਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ। ਧਰਮਵੀਰ ਗਾਂਧੀ 2014 ਵਿਚ ‘ਆਪ’ ਦੀ ਟਿਕਟ ’ਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ 2016 ਵਿਚ ਉਹ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਏ ਸਨ ਅਤੇ ਫਿਰ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਵੀ ਬਣਾ ਲਈ ਸੀ। ਡਾ. ਗਾਂਧੀ ਪਟਿਆਲਾ ਤੋਂ ਪਰਨੀਤ ਕੌਰ ਨੂੰ ਹਰਾਉਣ ਵਾਲੇ ਇਕੋ ਇਕ ਨੇਤਾ ਹਨ। ਇਸਦੇ ਚੱਲਦਿਆਂ ਹੁਣ ਪਟਿਆਲਾ ਲੋਕ ਸਭਾ ਹਲਕੇ ਤੋਂ ਡਾ. ਗਾਂਧੀ ਨੂੰ ਕਾਂਗਰਸ ਦੀ ਟਿਕਟ ਮਿਲਣੀ, ਯਕੀਨੀ ਹੀ ਹੈ। ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਲੋਂ ਪਰਨੀਤ ਕੌਰ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਸੋ ਇਸਦੇ ਚੱਲਦਿਆਂ ਇਸ ਵਾਰ ਭਾਜਪਾ ਉਮੀਦਵਾਰ ਪਰਨੀਤ ਕੌਰ ਅਤੇ ਡਾ. ਧਰਮਵੀਰ ਗਾਂਧੀ ਵਿਚਾਲੇ ਸਿਆਸੀ ਟੱਕਰ ਹੋ ਸਕਦੀ ਹੈ।