ਤਿੰਨ ਤਰ੍ਹਾਂ ਦੀ ਹੁੰਦੀ ਟੈਕਸ ਚੋਰੀ ਨੂੰ ਠੱਲ੍ਹ ਪਾਉਣ ਲਈ ਅਸੀਂ ਬਣਾ ਲਈ ਹੈ ਯੋਜਨਾ : ਬਿੱਲ ਮੌਰਨਿਊ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਉਨ੍ਹਾਂ ਤਿੰਨ ਚੋਰ ਮੋਰੀਆਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਕਾਰਨ ਉੱਚ ਆਮਦਨ ਵਾਲੇ ਪਰਸਨਲ ਇਨਕਮ ਟੈਕਸ ਦੀ ਥਾਂ ਘੱਟ ਕਾਰਪੋਰੇਟ ਟੈਕਸ ਦੇ ਕੇ ਬਚ ਨਿਕਲਦੇ ਹਨ। ਵਿੱਤ ਮੰਤਰੀ ਬਿੱਲ ਮੌਰਨਿਊ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪ ਵੀ ਪ੍ਰਭਾਵਿਤ ਹੋਣਗੇ।
ਓਟਵਾ ਵਿੱਚ ਇਨ੍ਹਾਂ ਤਬਦੀਲੀਆਂ ਸਬੰਧੀ ਐਲਾਨ ਕਰਦਿਆਂ ਮੌਰਨਿਊ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਜਦੋਂ ਉਹ ਇਨ੍ਹਾਂ ਤਬਦੀਲੀਆਂ ਬਾਰੇ ਸੋਚ ਵਿਚਾਰ ਕਰ ਰਹੇ ਸਨ ਤਾਂ ਉਨ੍ਹਾਂ ਇਸ ਦਾ ਉਨ੍ਹਾਂ ਦੇ ਨਿੱਜੀ ਜੀਵਨ ਉੱਤੇ ਕਿਹੋ ਜਿਹਾ ਪ੍ਰਭਾਵ ਪਵੇਗਾ ਇਸ ਬਾਰੇ ਨਹੀਂ ਸੋਚਿਆ। ਉਨ੍ਹਾਂ ਆਖਿਆ ਕਿ ਉਹ ਇਹੋ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਹ ਸਿਸਟਮ ਸਹੀ ਢੰਗ ਨਾਲ ਕੰਮ ਕਰੇ ਇਸ ਲਈ ਉਨ੍ਹਾਂ ਆਪਣੇ ਨਿਜੀ ਹਿੱਤਾਂ ਨੂੰ ਵੀ ਦਰਕਿਨਾਰ ਕਰ ਦਿੱਤਾ।
ਉਨ੍ਹਾਂ ਆਖਿਆ ਕਿ ਤਬਦੀਲੀਆਂ ਗੁੰਝਲਦਾਰ ਹਨ। ਜਿਨ੍ਹਾਂ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ ਉਨ੍ਹਾਂ ਨੂੰ ਇਹ ਵੀ ਪਤਾ ਲਾਉਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਉਨ੍ਹਾਂ ਨੂੰ ਪ੍ਰਭਾਵਿਤ ਕਰਨਗੀਆਂ। ਮੌਰਨਿਊ ਨੇ ਆਖਿਆ ਕਿ ਅਜੇ ਉਨ੍ਹਾਂ ਆਪ ਤਾਂ ਇਸ ਬਾਰੇ ਕੋਈ ਪਤਾ ਨਹੀਂ ਲਾਇਆ ਹੈ। ਨਵੇਂ ਮਾਪਦੰਡ ਉਨ੍ਹਾਂ ਉੱਤੇ ਲਾਗੂ ਹੋਣਗੇ ਜਿਹੜੇ ਕਾਰੋਬਾਰੀ ਆਪਣੀ ਆਮਦਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਹੀ ਤਨਖਾਹ ਆਦਿ ਵਿੱਚ ਵੰਡ ਕੇ ਘੱਟ ਵਿਖਾਉਣਾ ਚਾਹੁੰਦੇ ਹਨ ਜਾਂ ਫਿਰ ਉਹ ਆਪਣੀ ਆਮਦਨ ਨੂੰ ਲਾਭਾਂਸ਼ ਜਾਂ ਪੂੰਜੀਗਤ ਲਾਭ ਵਜੋਂ ਵਿਖਾਉਣਾ ਚਾਹੁੰਦੇ ਹਨ।
ਮੌਰਨਿਊ ਨੇ ਆਖਿਆ ਕਿ ਭਾਵੇਂ ਇਹ ਮਾਪਦੰਡ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਹਨ ਪਰ ਇਹ ਉਨ੍ਹਾਂ ਲਈ ਅਨੁਚਿਤ ਹਨ ਜਿਨ੍ਹਾਂ ਦੀਆਂ ਪ੍ਰਾਈਵੇਟ ਕਾਰਪੋਰੇਸ਼ਨਾਂ ਨਹੀਂ ਹਨ। ਸਰਕਾਰ ਆਮਦਨ ਦੀ ਵੰਡ ਅਤੇ ਪੂੰਜੀਗਤ ਲਾਭ ਦੇ ਹੱਲ ਸੁਝਾਅ ਰਹੀ ਹੈ ਤੇ ਅਸਿੱਧੇ ਤੌਰ ਉੱਤੇ ਕੀਤੇ ਜਾਣ ਵਾਲੇ ਨਿਵੇਸ਼ ਲਈ ਵੀ ਇਹ ਪ੍ਰਸਤਾਵ ਰੱਖਿਆ ਜਾ ਰਿਹਾ ਹੈ। ਮੌਰਨਿਊ ਨੇ ਆਖਿਆ ਕਿ ਪਰ ਇਸ ਬਾਰੇ ਸਰਕਾਰ ਕੈਨੇਡੀਅਨਾਂ ਦੀ ਰਾਇ ਜਾਨਣਾ ਚਾਹੁੰਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …