Breaking News
Home / ਜੀ.ਟੀ.ਏ. ਨਿਊਜ਼ / ਅਮਰੀਕਾ ਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਵਿਰੋਧੀ ਧਿਰ ਨਾਲ ਕਰਨਗੇ ਗੱਲਬਾਤ

ਅਮਰੀਕਾ ਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਵਿਰੋਧੀ ਧਿਰ ਨਾਲ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਰੀਆਂ ਧਿਰਾਂ ਨੂੰ ਅਪੀਲ : ਨਾਫਟਾ ਵਰਗੇ ਗੰਭੀਰ ਮਾਮਲਿਆਂ ‘ਤੇ ਸਾਡਾ ਇਕਜੁੱਟ ਹੋਣਾ ਜ਼ਰੂਰੀ
ਓਟਵਾ/ਬਿਊਰੋ ਨਿਊਜ਼
ਅਮਰੀਕਾ ਅਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਨੇ ਵਿਰੋਧੀ ਧਿਰ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਨਾਫਟਾ ਵਰਗੇ ਗੰਭੀਰ ਮਾਮਲੇ ‘ਤੇ ਕੈਨੇਡਾ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਧਿਰਾਂ ਨੂੰ ਇਕਜੁਟ ਹੋ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਨਾਫਟਾ ਸਬੰਧੀ ਅਮਰੀਕਾ ਤੇ ਮੈਕਸਿਕੋ ਨਾਲ ਸ਼ੁਰੂ ਹੋਣ ਜਾ ਰਹੀ ਗੱਲਬਾਤ ਬਾਰੇ ਉਹ ਵਿਰੋਧੀ ਧਿਰਾਂ ਦੇ ਹਰ ਤਰ੍ਹਾਂ ਦੇ ਸੰਸੇ ਦੂਰ ਕਰਨ ਲਈ ਤਿਆਰ ਹਨ।
ਅਮਰੀਕਾ ਵੱਲੋਂ 16 ਤੋਂ 20 ਅਗਸਤ ਤੱਕ ਵਾਸ਼ਿੰਗਟਨ, ਡੀਸੀ ਵਿੱਚ ਨਾਫਟਾ ਸਬੰਧੀ ਗੱਲਬਾਤ ਦੇ ਪਹਿਲੇ ਗੇੜ ਦਾ ਐਲਾਨ ਕਰਨ ਤੋਂ ਬਾਅਦ ਟਰੂਡੋ ਨੇ ਇਹ ਵਾਅਦਾ ਕੀਤਾ। ਕਿਊਬਿਕ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕੇ ਸਾਨੂੰ ਕੈਨੇਡੀਅਨ ਹਿੱਤਾਂ ਦੀ ਰਾਖੀ ਲਈ ਇੱਕਜੁੱਟ ਹੋਣਾ ਚਾਹੀਦਾ ਹੈ ਤੇ ਪੱਖਪਾਤ ਛੱਡ ਦੇਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਮੁੱਦੇ ਉੱਤੇ ਵਿਰੋਧੀ ਧਿਰਾਂ ਸਾਡੇ ਨਾਲ ਰਲ ਕੇ ਚੱਲਦੀਆਂ ਆ ਰਹੀਆਂ ਹਨ ਤੇ ਅਸੀਂ ਇੱਕ ਸਾਂਝਾ ਮੁਹਾਜ ਪੇਸ਼ ਕਰਨ ਵਿੱਚ ਇਸੇ ਤਰ੍ਹਾਂ ਹੀ ਸਫਲ ਹੋ ਸਕਦੇ ਹਾਂ। ਉਨ੍ਹਾਂ ਆਖਿਆ ਕਿ ਇਸ ਸਮੇਂ ਸਿਆਸੀ ਵੱਖਰੇਵਿਆਂ ਦੀ ਥਾਂ ਸਾਡੀ ਇੱਕਜੁੱਟਤਾ ਵਧੇਰੇ ਮਾਇਨੇ ਰੱਖਦੀ ਹੈ ਤਾਂ ਹੀ ਅਸੀਂ ਅਮਰੀਕਾ ਨੂੰ ਆਪਣੀ ਤਾਕਤ ਵਿਖਾ ਸਕਾਂਗੇ। ਟਰੂਡੋ ਨੇ ਆਖਿਆ ਕਿ ਇਸੇ ਲਈ ਅਸੀਂ ਆਪਣੀਆਂ ਵਿਰੋਧੀ ਧਿਰਾਂ ਨਾਲ ਉਹ ਪਹੁੰਚ ਸਾਂਝੀ ਕਰਨੀ ਚਾਹੁੰਦੇ ਹਾਂ ਜਿਹੜੀ ਇਸ ਗੱਲਬਾਤ ਦੌਰਾਨ ਅਪਣਾਈ ਜਾਵੇਗੀ। ਟਰੂਡੋ ਨੇ ਫਰੈਂਚ ਵਿੱਚ ਆਖਿਆ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਕਿ ਹੋਰਨਾਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਡੇ ਮੰਤਰੀ ਬੈਠ ਕੇ ਹਰ ਪਹਿਲੂ ਵਿਚਾਰ ਲੈਣ ਤਾਂ ਕਿ ਉਨ੍ਹਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਅਸੀਂ ਸਿਰਫ ਤੇ ਸਿਰਫ ਕੈਨੇਡਾ ਦੇ ਹਿੱਤਾਂ ਨੂੰ ਹੀ ਪਹਿਲ ਦਿਆਂਗੇ ਤੇ ਉਨ੍ਹਾਂ ਉੱਤੇ ਹੀ ਪਹਿਰਾ ਦਿਆਂਗੇ। ਸਾਡੇ ਲਈ ਇਹ ਵੱਡਾ ਮੁੱਦਾ ਹੈ ਤੇ ਅਸੀਂ ਇਸ ਨੂੰ ਬੜੀ ਗੰਭੀਰਤਾ ਨਾਲ ਲੈਣ ਜਾ ਰਹੇ ਹਾਂ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਹਿੱਤਾਂ  ਨੂੰ ਮੂਹਰੇ ਰੱਖ ਕੇ ਵਿਰੋਧੀ ਧਿਰ ਸਮੇਤ ਸਾਰੀਆਂ ਰਾਜਨੀਤਕ ਧਿਰਾਂ ਨੂੰ ਇਸ ਮਾਮਲੇ ‘ਤੇ ਇਕੱਠਿਆਂ ਹੋ ਕੇ ਗੱਲਬਾਤ ਕਰਨ ਦੀ ਟਰੂਡੋ ਨੇ ਤਾਂ ਅਪੀਲ ਕਰ ਦਿੱਤੀ ਹੈ, ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਇਸ ਅਪੀਲ ਨੂੰ ਬਾਕੀ ਰਾਜਨੀਤਕ ਧਿਰਾਂ ਕਿਸ ਤਰ੍ਹਾਂ ਲੈਂਦੀਆਂ ਹਨ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …