Breaking News
Home / ਸੰਪਾਦਕੀ / ਹਵਾ ਪ੍ਰਦੂਸ਼ਣ ਕਾਰਨ ਭਾਰਤ ‘ਚ ਵਧ ਰਹੀ ਮੌਤਾਂ ਦੀ ਗਿਣਤੀ

ਹਵਾ ਪ੍ਰਦੂਸ਼ਣ ਕਾਰਨ ਭਾਰਤ ‘ਚ ਵਧ ਰਹੀ ਮੌਤਾਂ ਦੀ ਗਿਣਤੀ

ਹਾਲ ਹੀ ‘ਚ ਸਾਹਮਣੇ ਆਈ ਇਕ ਵਿਸ਼ਵ ਵਿਆਪੀ ਰਿਪੋਰਟ ਵਾਤਾਵਰਨ ਨੂੰ ਲੈ ਕੇ ਭਾਰਤ ਦੀ ਚਿੰਤਾਜਨਕ ਸਥਿਤੀ ਨੂੰ ਸਾਹਮਣੇ ਲਿਆਉਂਦੀ ਹੈ। ‘ਸਟੇਟ ਆਫ਼ ਗਲੋਬਲ ਏਅਰ 2019’ ਅਨੁਸਾਰ ਸਾਲ 2017 ਦੌਰਾਨ ਭਾਰਤ ‘ਚ ਹਵਾ ਪ੍ਰਦੂਸ਼ਣ ਨਾਲ 12 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ‘ਤੇ ਅੱਧੀਆਂ ਤੋਂ ਵੱਧ ਮੌਤਾਂ ਲਈ ਚੀਨ ਅਤੇ ਭਾਰਤ ਜ਼ਿੰਮੇਵਾਰ ਹਨ। ਅਮਰੀਕਾ ਆਧਾਰਤ ਇਕ ਸੰਸਥਾ ‘ਐਚ. ਈ. ਆਈ.’ (ਹੈਲਥ ਇਫੈਰਕ ਇੰਸਟੀਚਿਊਟ) ਨੇ ਲੰਘੇ ਬੁੱਧਵਾਰ ਨੂੰ ਜਾਰੀ ਕੀਤੀ ਰਿਪੋਰਟ ‘ਚ ਕਿਹਾ ਕਿ ਭਾਰਤ ‘ਚ ਸਿਹਤ ਸਬੰਧੀ ਰੋਗਾਂ ਨਾਲ ਹੁੰਦੀਆਂ ਮੌਤਾਂ ਦਾ ਤੀਸਰਾ ਵੱਡਾ ਕਾਰਨ ਹਵਾ ਪ੍ਰਦੂਸ਼ਣ ਹੈ ਅਤੇ ਇਸ ‘ਚ ਸਭ ਤੋਂ ਉੱਪਰ ਸਿਗਰਟ ਦਾ ਸੇਵਨ ਹੈ। ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਨੇ ਦੱਖਣੀ ਭਾਰਤ ‘ਚ ਜਨਮ ਲੈਣ ਵਾਲੇ ਬੱਚਿਆਂ ਦੀ ਉਮਰ ਨੂੰ ਢਾਈ ਸਾਲ ਤੱਕ ਛੋਟੀ ਕਰ ਦਿੱਤਾ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਹਰ ਸਾਲ ਵਿਸ਼ਵ ਪੱਧਰ ‘ਤੇ ਸੜਕ ਹਾਦਸਿਆਂ ਅਤੇ ਮਲੇਰੀਆ ਨਾਲੋਂ ਹਵਾ ਪ੍ਰਦੂਸ਼ਣ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਮਨੁੱਖ ਦੇ ਸਾਹ ਲੈਣ ਲਈ ਹਵਾ ਵਿਚ ਪ੍ਰਦੂਸ਼ਕਾਂ ਦੀ ਮਾਤਰਾ 0 ਤੋਂ ਲੈ ਕੇ 50 ਤੱਕ ਹੋਣੀ ਚਾਹੀਦੀ ਹੈ ਪਰ ਇਸ ਵੇਲੇ ਸਾਡੇ ਦੇਸ਼ ਦੇ ਆਮ ਸ਼ਹਿਰਾਂ ਵਿਚ ਹਵਾ ਵਿਚ ਇਹ ਮਾਤਰਾ 350 ਤੋਂ ਵੱਧ ਹੋ ਚੁੱਕੀ ਹੈ, ਜਦੋਂਕਿ ਦਿੱਲੀ ਵਰਗੇ ਮਹਾਂਨਗਰਾਂ ਵਿਚ ਇਹ ਮਾਤਰਾ 500 ਤੋਂ ਕਿਤੇ ਉਪਰ ਹੈ। ਪਾਣੀ ਦੇ ਪਲੀਤ ਹੋਣ ਤੋਂ ਬਾਅਦ ਹੁਣ ਸਾਹ ਦੇਣ ਵਾਲੀ ਹਵਾ ਵੀ ਬੇਹੱਦ ਦੂਸ਼ਿਤ ਹੋ ਚੁੱਕੀ ਹੈ। ਜੇਕਰ ਹਵਾ ਇਸੇ ਤਰ੍ਹਾਂ ਹੋਰ ਜ਼ਹਿਰੀਲੀ ਹੋ ਗਈ ਤਾਂ ਮਨੁੱਖ, ਵਨਸਪਤੀ, ਜੀਵ-ਜੰਤੂਆਂ ਦਾ ਜੀਵਨ ਖ਼ਤਰੇ ਵਿਚ ਹੋਵੇਗਾ। ਜੇਕਰ ਮਨੁੱਖੀ ਜੀਵਨ ਵਿਚ ਆਕਸੀਜਨ ਦੀ ਕੀਮਤ ਆਂਕਣੀ ਹੋਵੇ ਤਾਂ ਮੁੱਲ ਦੀ ਆਕਸੀਜਨ ਦਾ ਇਕ ਸਿਲੰਡਰ 750 ਰੁਪਏ ਦਾ ਆਉਂਦਾ ਹੈ ਅਤੇ ਇਕ ਮਨੁੱਖ 24 ਘੰਟਿਆਂ ਵਿਚ ਤਿੰਨ ਸਿਲੰਡਰ ਆਕਸੀਜਨ ਦੇ ਲੈ ਲੈਂਦਾ ਹੈ। ਇਕ ਸਾਲ ਵਿਚ ਇਕ ਮਨੁੱਖ 7 ਲੱਖ 66 ਹਜ਼ਾਰ ਅਤੇ ਜੇਕਰ ਔਸਤ ਉਮਰ 65 ਸਾਲ ਤੱਕ ਹੋਵੇ ਤਾਂ ਇਕ ਮਨੁੱਖ ਘੱਟੋ-ਘੱਟ 5 ਕਰੋੜ ਰੁਪਏ ਦੀ ਆਕਸੀਜਨ ਵਰਤਦਾ ਹੈ, ਜੋ ਕਿ ਰੁੱਖ ਮਨੁੱਖ ਨੂੰ ਮੁਫ਼ਤ ਵਿਚ ਦਿੰਦੇ ਹਨ। ਪਰ ਸਾਡੇ ਦੇਸ਼ ਵਿਚ ਰੁੱਖਾਂ ਅਤੇ ਜੰਗਲਾਂ ਦੇ ਰਕਬੇ ਹੇਠ ਜ਼ਮੀਨ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਦੇਸ਼ ਵਿਚ ਜੰਗਲ 50 ਪ੍ਰਤੀਸ਼ਤ ਤੋਂ ਘੱਟ ਕੇ 15 ਪ੍ਰਤੀਸ਼ਤ ਰਹਿ ਗਏ ਹਨ। ਪੰਜਾਬ ਵਿਚ ਇਸ ਵੇਲੇ 33 ਫ਼ੀਸਦੀ ਦੀ ਥਾਂ ਸਿਰਫ਼ 4 ਫ਼ੀਸਦੀ ਹੀ ਧਰਤੀ ਜੰਗਲਾਂ ਹੇਠਲੇ ਰਕਬੇ ਵਿਚ ਰਹਿ ਗਈ ਹੈ।
ਜੇਕਰ ਗੱਲ ਕੀਤੀ ਜਾਵੇ ਇਕੱਲੇ ਪੰਜਾਬ ਦੀ ਤਾਂ ਪੰਜਾਬ ਵਿਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਇਕੱਲੇ ਸਰਕਾਰੀ ਅੰਕੜੇ ਅਨੁਸਾਰ ਹੀ 7 ਕਰੋੜ ਰੁੱਖ ਵੱਢੇ ਜਾ ਚੁੱਕੇ ਹਨ। ਪੰਜਾਬ ਦੀਆਂ ਸੜਕਾਂ ਨੂੰ ਫੋਰ ਲੇਨ ਬਣਾਉਣ ਦੀ ਹਨੇਰੀ ਵਿਚ ਪਿਛਲੇ ਪੰਜ-ਸੱਤ ਸਾਲਾਂ ਅੰਦਰ ਹੀ ਸੜਕਾਂ ਕੰਢਿਓਂ 9 ਲੱਖ ਤੋਂ ਵੱਧ ਸਰਕਾਰੀ ਦਰੱਖਤ ਵੱਢੇ ਜਾ ਚੁੱਕੇ ਹਨ, ਜਿਨ੍ਹਾਂ ਦੇ ਬਦਲੇ ਇਕ ਦਰੱਖਤ ਵੀ ਨਹੀਂ ਲਗਾਇਆ ਗਿਆ। ਪੰਜਾਬ ਦੇ ਦਰਿਆਵਾਂ ਨੂੰ ਫੈਕਟਰੀਆਂ ਦੇ ਜ਼ਹਿਰੀਲੇ ਰਸਾਇਣਾਂ ਅਤੇ ਰੇਤਾ, ਬੱਜਰੀ ਦੇ ਚੰਦਰੇ ਵਪਾਰ ਨੇ ਖਾ ਲਿਆ ਹੈ। ਪਹਾੜਾਂ ਨੂੰ ਭੂ-ਮਾਫ਼ੀਆ ਨਿਗਲ ਰਿਹਾ ਹੈ। ਕਾਦਰ ਨੇ ਕੁਦਰਤ ਦੀ ਸਿਰਜਣਾ 84 ਲੱਖ ਜੂਨਾਂ ਦੇ ਜੀਵਨ ਲਈ ਕੀਤੀ ਸੀ। ਪਰ ਪੰਜਾਬੀ ਸਿਰਫ਼ ਮਨੁੱਖੀ ਮੁਫ਼ਾਦਾਂ ਲਈ ਨਾ ਸਿਰਫ਼ ਬਾਕੀ ਜੀਵ-ਜੰਤੂਆਂ ਦਾ ਜੀਵਨ ਖ਼ਤਮ ਕਰ ਰਹੇ ਹਨ ਬਲਕਿ ਜਿਸ ਰੁੱਖ ਦੀ ਟਾਹਣੀ ‘ਤੇ ਖ਼ੁਦ ਬੈਠੇ ਹੋਏ ਹਨ ਉਸ ਨੂੰ ਹੀ ਵੱਢੀ ਜਾ ਰਹੇ ਹਨ। ਕੁਦਰਤ ਦਾ ਸੰਤੁਲਨ ਪੰਜਾਬ ਵਾਸੀ ਬੁਰੀ ਤਰ੍ਹਾਂ ਵਿਗਾੜ ਚੁੱਕੇ ਹਨ ਅਤੇ ਹੁਣ ਬਣਾਉਟੀ ਜੀਵਨ ਸਰੋਤਾਂ ਸਹਾਰੇ ਜੀਵਨ ਦੀ ਆਸ ਲਗਾਈ ਬੈਠੇ ਹਨ।
ਅੱਜ ਤੋਂ ਦਹਾਕਾ ਪਹਿਲਾਂ ਪੰਜਾਬ ਵਿਚ ਏਅਰ ਕੰਡੀਸ਼ਨਰ ਕਿਸੇ ਟਾਵੇਂ-ਟਾਵੇਂ ਘਰ ਵਿਚ ਹੁੰਦਾ ਸੀ। ਵਾਤਾਵਰਨ ਅਤੇ ਤਾਪਮਾਨ ਬਹੁਤ ਅਨੁਕੂਲ ਹੁੰਦਾ ਸੀ। ਅੱਜ ਸ਼ਹਿਰਾਂ ਵਿਚ 70 ਫ਼ੀਸਦੀ ਘਰਾਂ ਵਿਚ ਏਅਰ ਕੰਡੀਸ਼ਨਰ ਹਨ। ਇਕ-ਇਕ ਘਰ ਵਿਚ ਚਾਰ-ਚਾਰ ਏਅਰ ਕੰਡੀਸ਼ਨਰ ਵੀ ਹਨ। ਮੋਟਰ ਕਾਰਾਂ ਦਾ ਧੂੰਆਂ, ਫ਼ੈਕਟਰੀਆਂ ਦਾ ਧੂੰਆਂ ਅਤੇ ਦਫ਼ਤਰਾਂ, ਘਰਾਂ, ਗੱਡੀਆਂ ਵਿਚ ਲੱਗੇ ਏਅਰ ਕੰਡੀਸ਼ਨਰ ਇਹੋ ਜਿਹੀਆਂ ਜ਼ਹਿਰੀਲੀਆਂ ਅਤੇ ਗਰਮ ਗੈਸਾਂ ਅਤੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਜੋ ਮਨੁੱਖੀ ਜੀਵਨ ਅਤੇ ਕਾਇਨਾਤ ਨੂੰ ਪਰਾਵੈਂਗਣੀ ਕਿਰਨਾਂ ਤੋਂ ਬਚਾਉਣ ਵਾਲੀ ‘ਓਜੋਨ ਦੀ ਪਰਤ’ ਨੂੰ ਨੁਕਸਾਨ ਪਹੁੰਚਾ ਰਹੇ ਹਨ । ਧਰਤੀ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਵੱਧ ਰਿਹਾ ਹੈ। ਆਖ਼ਰਕਾਰ ਕੁਦਰਤ ਨਾਲ ਖਿਲਵਾੜ ਕਰਕੇ ਬਣਾਉਟੀ ਸਾਧਨਾਂ ਨਾਲ ਕਿੰਨੀ ਕੁ ਦੇਰ ਜੀਅ ਸਕਾਂਗੇ? ਪੰਜਾਬ ਵਿਚ ਹਵਾ ਦੇ ਗੰਧਲੇਪਨ ਅਤੇ ਪ੍ਰਦੂਸ਼ਣ ਦਾ ਕਾਰਨ ਰੁੱਖਾਂ ਦੀ ਘਾਟ, ਚੱਲ ਰਹੇ ਉਸਾਰੀ ਕਾਰਜਾਂ ਵਿਚ ਉੱਡਦੀ ਧੂੜ-ਮਿੱਟੀ ਨੂੰ ਰੋਕਣ ਦੇ ਪ੍ਰਬੰਧ ਨਾ ਹੋਣੇ, ਵਾਹਨਾਂ ਦਾ ਧੂੰਆਂ, ਫੈਕਟਰੀਆਂ ਦਾ ਧੂੰਆਂ, ਸੜਕਾਂ ਕਿਨਾਰੇ ਰੁੱਖਾਂ ਦੀ ਘਾਟ ਹੋਣੀ ਅਤੇ ਧਰਤੀ ਨੂੰ ਭੂ-ਖੋਰ ਤੋਂ ਬਚਾਉਣ ਲਈ ਲੋੜੀਂਦੀ ਜਾਗਰੂਕਤਾ ਅਤੇ ਪ੍ਰਬੰਧਾਂ ਦੀ ਅਣਹੋਂਦ ਹੈ।
ਭਾਰਤ ਦੇ ਸਭ ਤੋਂ ਪ੍ਰਦੂਸ਼ਿਤ 94 ਸ਼ਹਿਰਾਂ ਵਿਚੋਂ 8 ਸ਼ਹਿਰ ਇਕੱਲੇ ਪੰਜਾਬ ਦੇ ਹਨ; ਭਾਵ ਕਿ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਭਾਰਤ ਦਾ ਪੰਜਾਬ ਤੀਜੇ ਨੰਬਰ ਦਾ ਸੂਬਾ ਹੈ। ਸੋ, ਪੰਜਾਬੀਆਂ ਨੂੰ ਵਾਤਾਵਰਨ ਦੇ ਮਾਮਲੇ ‘ਚ ਗੰਭੀਰਤਾ ਅਪਨਾਉਣ ਦੀ ਲੋੜ ਹੈ। ਮੁਫ਼ਤ ਵਿਚ ਜੀਵਨ ਦਾਨ ਦੇਣ ਵਾਲੀ ਕੁਦਰਤ ਦੀ ਪ੍ਰਕਿਰਤੀ ਦਾ ਸਤਿਕਾਰ ਅਤੇ ਸੰਭਾਲ ਕਰਨੀ ਚਾਹੀਦੀ ਹੈ।
ਹਾਲ ਹੀ ਦੌਰਾਨ ਆਈ ਵਿਸ਼ਵ ਵਿਆਪੀ ਰਿਪੋਰਟ ਵਿਚ ਹਵਾ ਵਿਚ ਪ੍ਰਦੂਸ਼ਣ ਦੇ ਮਾਮਲੇ ‘ਚ ਭਾਰਤ ਦੀ ਚਿੰਤਾਜਨਕ ਸਥਿਤੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਭਾਰਤ ਵਿਚ ਪ੍ਰਦੂਸ਼ਣ ਨੂੰ ਖ਼ਤਮ ਕਰਕੇ ਸ਼ੁੱਧ ਹਵਾ ਦੇਣ ਵਾਲੇ ਰੁੱਖ ਵੱਧ ਤੋਂ ਵੱਧ ਲਗਾਏ ਜਾਣੇ ਚਾਹੀਦੇ ਹਨ। ਭਾਰਤੀਆਂ ਦਾ ਜੀਵਨ ਕੇਵਲ ਵੱਡੇ-ਵੱਡੇ ਉਸਾਰੇ ਜਾ ਰਹੇ ਕੰਕਰੀਟ ਦੇ ਜੰਗਲਾਂ ਵਿਚ ਨਹੀਂ ਹੈ, ਭਾਰਤ ਦਾ ਜੀਵਨ ਰੁੱਖਾਂ, ਦਰਿਆਵਾਂ, ਨਦੀਆਂ, ਸ਼ੁੱਧ ਹਵਾ, ਸਵੱਛ ਪਾਣੀ ਅਤੇ ਸੋਹਣੀ ਤੇ ਸਾਫ਼-ਸੁਥਰੀ ਧਰਤੀ ਵਿਚ ਹੈ। ਇਨ੍ਹਾਂ ਨੂੰ ਨਾ ਸੰਭਾਲਿਆ ਤਾਂ ਇਤਿਹਾਸ ਦੇ ਵਰਕਿਆਂ ‘ਤੇ ਭਾਰਤ ਦੀ ਸੱਭਿਅਤਾ ਵੀ ਹੜੱਪਾ ਤੇ ਮੋਹੰਜੋਦੜੋ ਵਾਂਗ ਇਕ ਅਧਿਆਇ ਬਣ ਕੇ ਰਹਿ ਜਾਵੇਗੀ। ਕੁਦਰਤ-ਪੱਖੀ ਨਾ ਬਣੇ ਤਾਂ ਉਹ ਨਤੀਜਾ ਭਾਰਤ ਦੇ ਸਾਹਮਣੇ ਆਉਣ ਵਾਲਾ ਹੈ, ਜਿਸ ਤੋਂ ਭਗਤ ਪੂਰਨ ਸਿੰਘ ਚਾਰ-ਪੰਜ ਦਹਾਕੇ ਪਹਿਲਾਂ ਹੀ ਸੁਚੇਤ ਕਰਦੇ ਰਹੇ ਹਨ ਕਿ, ”ਧਰਤੀ ਰੇਤ ਦਾ ਮਾਰੂਥਲ ਹੋਣ ਤੋਂ ਤਾਂ ਹੀ ਬਚ ਸਕਦੀ ਹੈ ਜੇਕਰ ਮੈਦਾਨੀ ਇਲਾਕਿਆਂ ਦੀ ਧਰਤੀ 100 ਵਿਚੋਂ 21 ਹਿੱਸੇ ਦੇ ਹਿਸਾਬ ਨਾਲ ਰੁੱਖਾਂ ਨਾਲ ਕੱਜੀ ਰਹੇ ਤੇ ਪਹਾੜਾਂ ਦੀ ਧਰਤੀ 100 ਵਿਚੋਂ 66 ਹਿੱਸੇ ਦੇ ਹਿਸਾਬ ਨਾਲ ਰੁੱਖਾਂ ਨਾਲ ਕੱਜੀ ਰਹੇ। ਮਨੁੱਖ ਅਪਰਾਧ ਕਰਕੇ ਮਨੁੱਖਾਂ ਦੀ ਸਜ਼ਾ ਤੋਂ ਬਚ ਸਕਦਾ ਹੈ ਪਰ ਕੁਦਰਤ ਦੀ ਸਜ਼ਾ ਤੋਂ ਨਹੀਂ ਬਚ ਸਕਦਾ। ਟਰੱਕਾਂ ਤੇ ਰੇਲ ਗੱਡੀਆਂ ਬਣਾਉਣ ਵਾਲੇ ਮਸ਼ੀਨੀ ਯੁੱਗ ਦੀ ਉਮਰ ਢਾਈ ਸੌ ਸਾਲ ਤੋਂ ਘੱਟ ਹੈ।”

Check Also

ਨਹੀਂ ਰੁਕ ਰਿਹਾ ਇਜ਼ਰਾਈਲ-ਹਮਾਸ ਯੁੱਧ

ਲਗਭਗ 7 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਵਿਚ ਛੋਟੀ ਜਿਹੀ ਗਾਜ਼ਾ ਪੱਟੀ, ਜਿਸ ਵਿਚ …