Breaking News
Home / ਸੰਪਾਦਕੀ / ਪੰਜਾਬ ਨੂੰ ਇਕ ਨਵੇਂ ਸਿਆਸੀ ਮੰਚ ਦੀ ਲੋੜ ਕਿਉਂ?

ਪੰਜਾਬ ਨੂੰ ਇਕ ਨਵੇਂ ਸਿਆਸੀ ਮੰਚ ਦੀ ਲੋੜ ਕਿਉਂ?

ਡਾ. ਧਰਮਵੀਰ ਗਾਂਧੀ
ਆਲਮੀ ਮੰਡੀ ਵਿੱਚ 2008 ਦੌਰਾਨ ਆਏ ਮੰਦਵਾੜੇ ਕਾਰਨ ਸੰਸਾਰ ਭਰ ਵਿੱਚ ਕਈ ਰੂਪਾਂ ਵਿੱਚ ਚੱਲੀ ਹੋਈ ਰੋਸ ਲਹਿਰ, ਭਾਰਤ ਤੇ ਪੰਜਾਬ ਅੰਦਰ ਵੀ ਆਪਣੇ ਨਿਵੇਕਲੇ ਤਰੀਕੇ ਨਾਲ ਪ੍ਰਗਟ ਹੋਈ। ਦਿਲਚਸਪ ਪੱਖ ਇਹ ਸੀ ਕਿ ਲੋਕਾਈ ਵਿੱਚ ਪਨਪ ਰਹੇ ਰੋਸ ਦਾ ਪ੍ਰਗਟਾਵਾ ‘ਭ੍ਰਿਸ਼ਟਾਚਾਰ ਵਿਰੋਧੀ ਲਹਿਰ’ ਦੇ ਰੂਪ ਵਿੱਚ ਹੋਇਆ ਜੋ ਬਾਅਦ ਵਿੱਚ ‘ਆਮ ਆਦਮੀ ਪਾਰਟੀ’ (ਆਪ) ਵਿੱਚ ਤਬਦੀਲ ਹੋ ਗਈ। ਪੰਜਾਬ ਅੰਦਰ ਚੁਣਾਵੀ ਰਾਜਨੀਤੀ ਦੇ ਪਿੜ ਵਿੱਚ, ਇਸ ਰੋਸ ਫੁਟਾਰੇ ਦਾ ਪਹਿਲਾ ਠੋਸ ਪ੍ਰਤੀਕਰਮ 2014 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਭਾਰ ਦੇ ਰੂਪ ਵਿਚ ਸੀ। ਪੰਜਾਬ ਦੇ ਲੋਕਾਂ ਨੇ ਅਣਕਿਆਸੇ ਢੰਗ ਨਾਲ ਮੋਦੀ ਲਹਿਰ ਦੇ ਉਲਟ ਭੁਗਤ ਕੇ ‘ਆਪ’ ਦੇ ਚਾਰ ਉਮੀਦਵਾਰ ਜਿਤਾਏ। ਇਹ ਨਿਰਾਲਾ ਪ੍ਰਦਰਸ਼ਨ ਨਾ ਕੇਵਲ ਪੰਜਾਬ ਅੰਦਰ ਹੁਕਮਰਾਨ ਪਾਰਟੀ -ਸ਼੍ਰੋਮਣੀ ਅਕਾਲੀ ਦਲ ਦੇ ਕੁਪ੍ਰਸ਼ਾਸਨ ਦੇ ਖ਼ਿਲਾਫ਼ ਸੀ ਬਲਕਿ ਕਾਂਗਰਸ ਦੀ ਭ੍ਰਿਸ਼ਟ ਸੋਚ ਤੇ ਭ੍ਰਿਸ਼ਟ ਨੀਤੀਆਂ ਦੇ ਖ਼ਿਲਾਫ਼ ਵੀ ਸੀ।ਪੰਜਾਬ ਦੇ ਇਸ ਵਰਤਾਰੇ ਨੇ ਸਥਾਪਿਤ ਤੇ ਰਵਾਇਤੀ ਪਾਰਟੀਆਂ ਨੂੰ ਇਕ ਵਾਰ ਤਾਂ ਝੰਜੋੜ ਕੇ ਰੱਖ ਦਿੱਤਾ। ਇਸ ਵਰਤਾਰੇ ਦਾ ਬਾਅਦ ਵਿਚ ਕੀ ਬਣਿਆ, ਗੱਲ ਇਸ ‘ਤੇ ਵੀ ਕਰਾਂਗੇ, ਪਰ ਪਹਿਲਾਂ ਚਰਚਾ ਪੰਜਾਬ ਤੇ ਇਸਦੇ ਸੰਤਾਪ ਦੀ।
ਅੱਸੀਵਿਆਂ ਦੇ ਅੱਧ ਤੱਕ ਪੰਜਾਬ ਵਿੱਚ ਹਰੇ ਇਨਕਲਾਬ ਦੇ ਮੁੱਢਲੇ ਚਕਾ-ਚੌਂਧ ਵਾਲੇ ਜਲਵੇ ਦਾ ਖਤਮ ਹੋ ਜਾਣਾ ਅਤੇ ਰਾਜ ਦਾ ਚੌਤਰਫੇ ਸੰਕਟ ਦੀ ਗ੍ਰਿਫ਼ਤ ਵਿੱਚ ਆ ਜਾਣਾ ਇੱਕ ਖ਼ਤਰਨਾਕ ਅਲਾਮਤ ਸੀ। ਕਿਸਾਨੀ ਸੰਕਟ, ਸਨਅਤੀ ਖੜੋਤ, ਬੇਰੁਜ਼ਗਾਰੀ, ਨਸ਼ਿਆਂ ਦੀ ਵਬਾਅ, ਵਿਦਿਅਕ ਤੇ ਸਿਹਤ ਪ੍ਰਬੰਧਾਂ ਦੇ ਢਹਿ-ਢੇਰੀ ਹੋਣਾ ਆਦਿ ਤੱਕ ਇਸੇ ਸੰਕਟ ਦੀ ਪੈਦਾਇਸ਼ ਸਨ।
ਵੱਖ-ਵੱਖ ਕੇਂਦਰ ਸਰਕਾਰਾਂ, ਕੌਮੀ ਪਾਰਟੀਆਂ ਅਤੇ ਨਵਜੰਮੀ ‘ਆਪ’ ਨੇ ਪੰਜਾਬ ਅਤੇ ਪੰਜਾਬੀਅਤ ਦੇ ਮਾਮਲਿਆਂ ਨੂੰ ਜਮਹੂਰੀ ਢੰਗ ਨਾਲ ਨਜਿੱਠਣ ਦੀ ਬਜਾਏ, ਚਾਲਾਕੀ ਵਰਤਣ ਦਾ ਸੱਤ ਦਹਾਕੇ ਪੁਰਾਣਾ ਹੁਕਮਰਾਨੀ ਲਹਿਜਾ ਨਹੀਂ ਤਿਆਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਅਮੀਰ ਜ਼ਿਮੀਂਦਾਰਾ ਜਮਾਤ ਵੱਲੋਂ ਹਰੇ ਇਨਕਲਾਬ ਅਤੇ ਸੱਤਾ ਦੇ ਫ਼ਾਇਦੇ ਚੁੱਕ ਕੇ ਕਾਰਪੋਰੇਟ ਭਾਰਤ ਨਾਲ ਇੱਕ ਮਿੱਕ ਹੋ ਜਾਣ ਦੇ ਸਿੱਟੇ ਵਜੋਂ, ਪੰਜਾਬ ਅਤੇ ਸਿੱਖ ਕਿਸਾਨੀ ਦੇ ਹਿੱਤਾਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਅਤੇ ਫਿਰ ਸਿਆਸੀ ਆਰਥਿਕ ਹਿੱਤਾਂ ਦੀ ਪੂਰਤੀ ਲਈ, ਸਿੱਖ ਧਰਮ ਦੀਆਂ ਸਰਵ ਉੱਚ ਧਾਰਮਿਕ ਸੰਸਥਾਵਾਂ ਤੱਕ ਨੂੰ ਵਰਤ ਕੇ ਜਿੱਥੇ ਉਨ੍ਹਾਂ ਦੀ ਸਾਖ਼ ਨੂੰ ਅਕਹਿ ਹਾਨੀ ਪਹੁੰਚਾਈ ਗਈ, ਉੱਥੇ ਰਾਜ ਦੀ ਭਲਾਈ ਨਾਲ ਜੁੜੇ ਸਾਰੇ ਹਿੱਤ ਵੀ ਵਿਸਾਰ ਦਿੱਤੇ ਗਏ।
ਆਮ ਆਦਮੀ ਪਾਰਟੀ ਸ਼ਹਿਰੀ ਤੇ ਪੇਂਡੂ, ਮੱਧਵਰਗੀ ਤੇ ਗ਼ਰੀਬ, ਨੌਜਵਾਨ ਤੇ ਬਜ਼ੁਰਗ, ਮਰਦਾਂ ਤੇ ਔਰਤਾਂ, ઠਪਛੜੇ ਵਰਗਾਂ ਤੇ ਦਲਿਤਾਂ, ਸਿੱਖਾਂ ਤੇ ਮੁਸਲਿਮਾਂ, ਦੁਕਾਨਦਾਰਾਂ ਤੇ ਪ੍ਰੋਫ਼ੈਸ਼ਨਲਾਂ, ਦਸਤਕਾਰਾਂ ਤੇ ਕਿਸਾਨਾਂ ਅਤੇ ਐਨਆਰਆਈਜ਼ ਗੱਲ ਕੀ ਸਭਨਾ ਵਾਸਤੇ ਆਸ ਦੀ ਨਵੀਂ ਕਿਰਨ ਬਣਕੇ ਸਾਹਮਣੇ ਆਈ। ਪੰਜਾਬੀਆਂ ਨੇ ਨਾ ‘ਆ ਵੇਖਿਆ ਨਾ ਤਾਅ’। ‘ਡੁੱਬਦੇ ਨੂੰ ਤਿਨਕੇ ਦਾ ਸਹਾਰਾ’ ਦੇ ਅਖਾਣ ਵਾਂਗ ਬਾਹਾਂ ਖੋਲ੍ਹ ਕੇ ਇਸ ਪਾਰਟੀ ਨੂੰ ਕਲਾਵੇ ਵਿੱਚ ਲੈ ਲਿਆ। ਪਰ ਇਹ ਸੁਹਾਵਣਾ ਮਿਲਾਪ ਟਿਕਾਊ ਸਾਬਤ ਨਾ ਹੋਇਆ ਅਤੇ ਆਮ ਆਦਮੀ ਪਾਰਟੀ ਦਾ ‘ਮਿਸ਼ਨ 2017’ ਇੱਛੁਤ ਤਬਦੀਲੀ ਲਿਆਉਣ ਦੀ ਬਜਾਏ ਸਾਰੀਆਂ ਬੁਰੀਆਂ ਅਲਾਮਤਾਂ ਵਿੱਚ ਗ੍ਰਸੀ ਕੌਮੀ ਪਾਰਟੀ, ਕਾਂਗਰਸ ਦੀ ਸੱਤਾ ਉੱਤੇ ਵਾਪਸੀ ਦਾ ਆਧਾਰ ਬਣ ਗਿਆ।
ਆਮ ਆਦਮੀ ਪਾਰਟੀ ਉਸ ਮੱਧ ਵਰਗ ਦੀ ਨੁਮਾਇੰਦਗੀ ਕਰਦੀ ਸੀ ਜਿਹੜਾ ਦਹਾਕਿਆਂ ਬੱਧੀ ਸਿਆਸਤ ਨੂੰ ਕੂੜ ਦੱਸਦਾ ਤੇ ਮੰਨ ਰਿਹਾ ਸੀ ਅਤੇ ਇਸ ਤੋਂ ਪਾਸੇ ਰਹਿਣ ਦੀ ਵਕਾਲਤ ਕਰਦਾ ਸੀ। ਹਰ ਪੱਧਰ ‘ਤੇ ਭ੍ਰਿਸ਼ਟਾਚਾਰ ਫੈਲ ਜਾਣ ਅਤੇ ਖੁਸ਼ਹਾਲੀ ਤੇ ਤਰੱਕੀ ਦੀ ਤੋਰ ਮੱਠੀ ਪੈਣ ਤੋਂ ਦੁਖੀ ਇਸਦਾ ਇੱਕ ਹਿੱਸਾ ਆਪਣੀਆਂ ਸਿਆਸੀ ਲਾਲਸਾਵਾਂ ਤੇ ਉਮੀਦਾਂ ਦੀ ਪੂਰਤੀ ਲਈ ਸਿਆਸਤ ਵਿੱਚ ਇਸ ਆਦਰਸ਼ ਨੂੰ ਸਾਹਮਣੇ ਰੱਖ ਕੇ ਆ ਗਿਆ ਕਿ ਉਸਦਾ ਦਾਖ਼ਲਾ ਸਿਆਸੀ ਤਹਿਜ਼ੀਬ ਤੇ ਸਭਿਆਚਾਰ ਵਿੱਚ ਤਬਦੀਲੀ ਲਿਆਏਗਾ। ਇਸ ਵਸੋਂ ਵਰਗ ਨੂੰ ਜਾਪਦਾ ਸੀ ਕਿ ਭ੍ਰਿਸ਼ਟਾਚਾਰ ਤੋਂ ਮੁਕਤੀ ਵਾਸਤੇ ਸੁਸ਼ਾਸਨ ਜ਼ਰੂਰੀ ਹੈ ਅਤੇ ਸੁਸ਼ਾਸਨ ਸੁਸ਼ਾਸਨ ਸੱਤਾ ਪ੍ਰਾਪਤੀ ਤੋਂ ਬਿਨਾ ਸੰਭਵ ਨਹੀਂ ਸੀ।
ਨਤੀਜਨ ਅੱਛੇ ਪ੍ਰਸ਼ਾਸਨ ਜਾਂ ਸੁਸ਼ਾਸਨ ਲਈ ਸੱਤਾ ਪ੍ਰਾਪਤੀ ਨੂੰ ਇੱਕੋ-ਇਕ ਲਕਸ਼ ਬਣਾ ਕੇ ਪੰਜਾਬ ਅੰਦਰ ਦੋ ਸਾਲ ਚੱਲੇ ઠ’ਮਿਸ਼ਨ 2017’ ਦੀ ਸਾਰੀ ਧੂੰਆਂਧਾਰ ਸਿਆਸੀ ਕਵਾਇਦ ਦੌਰਾਨ “ਵਿਵਸਥਾ ਪਰਿਵਰਤਨ” ਦਾ ਨਾਅਰਾ ‘ਬਾਦਲ ਭਜਾਓ, ਪੰਜਾਬ ਬਚਾਓ’ ਉਤੇ ਜਾ ਟਿਕਿਆ। ਚਾਹੀਦਾ ਤਾਂ ਇਹ ਸੀ ਵਿਵਸਥਾ ਪਰਿਵਰਤਨ ਲਈ ਸਿਧਾਂਤਾਂ ਤੇ ਸੰਕਲਪਾਂ ਉੱਤੇ ਆਧਾਰਿਤ ਇੱਕ ਖ਼ਾਕਾ ਉਲੀਕਿਆ ਜਾਂਦਾ ਅਤੇ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਸਿਆਸੀ ਤੇ ਸਮਾਜਿਕ ਸੰਵਾਦ ਰਚਾਇਆ ਜਾਂਦਾ। ਇਸ ਤੋਂ ਉਲਟ ਪਾਰਟੀ ਉੱਪਰ ਹਾਵੀ ਲੀਡਰਸ਼ਿਪ ਨੇ ਉਸਾਰੂ, ਗੰਭੀਰ ਤੇ ਸਿਹਤਮੰਦ ਸਿਆਸੀ ਸੰਵਾਦ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਪੰਜਾਬ ਦੀ ਤਰਾਸਦੀ ਜਾਂ ਰਾਜ ਨੂੰ ਦਰਪੇਸ਼ ਮੁੱਦਿਆਂ ਦੇ ਕਿਸੇ ਵਿਚਾਰ ਨੂੰ ‘ਬਾਦਲ ਵਿਰੋਧੀ ਮੁਹਿੰਮ’ ਵਿੱਚ ਅੜਿੱਕਾ ਦੱਸਦਿਆਂ ਅਜਿਹੀ ਹਰ ਕੋਸ਼ਿਸ਼ ਦਬਾਉਣ ਲਈ ਟਿੱਲ ਲਾ ਦਿੱਤਾ। ਇਸ ਧਿਰ ਨੇ ਪਾਰਦਰਸ਼ਤਾ, ਸੱਚ, ਇਨਸਾਫ, ਬਦਲਵੀਂ ਸਿਆਸਤ ਅਤੇ ‘ਵਿਵਸਥਾ ਪਰਿਵਰਤਨ’ ਦੇ ਸਾਰੇ ਵਿਚਾਰ, ਵਿਰੋਧੀ-ਸੁਰ ਗਰਦਾਨ ਦਿੱਤੇ ਅਤੇ ਆਜ਼ਾਦਾਨਾ ਸੋਚ ਨੂੰ ਦਬਾਉਣ ਲਈ, ਅਜਿਹੀ ਗੱਲ ਕਰਨ ਵਾਲੇ ਹਰ ਵਿਅਕਤੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਪਾਰਟੀ ਅੰਦਰ ਕੇਂਦਰਵਾਦ ਭਾਰੂ ਹੋ ਗਿਆ। ‘ਵਿਵਸਥਾ ਪਰਿਵਰਤਨ’ ਦੀ ਬਜਾਏ ‘ਸੱਤਾ ਤਬਦੀਲੀ’ ਇਕਮਾਤਰ ਉਦੇਸ਼ ਰਹਿ ਗਿਆ। ਅਜਿਹੇ ਸਾਰੇ ਅਨਸਰ ਪਾਰਟੀ ਅੰਦਰ ਇਕੱਠੇ ਹੋ ਗਏ ਜੋ ਸੱਤਾ ਦੀ ਪੌੜੀ ਚੜ੍ਹਨਾ ਲੋਚਦੇ ਸਨ। ਜਦੋਂ ਸੱਤਾ ਹਥਿਆਉਣਾ ਹੀ ਇੱਕੋ-ਇੱਕ ਉਦੇਸ਼ ਬਣ ਜਾਏ, ਉਦੋਂ ਸਿਧਾਂਤਾਂ ਤੇ ਆਦਰਸ਼ਾਂ ਦੀ ਬਲੀ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਇਹੀ ਕੁਝ ਸਭ ਦੇ ਸਾਹਮਣੇ ਵਾਪਰਿਆ। ਦੋ ਸਾਲ ਚੱਲੇ ਇਸ ਸਿਆਸੀ ਦੰਗਲ ਦੇ ਨੀਝ ਤੇ ਰੀਝ ਨਾਲ ਦੇਖ ਰਹੇ ઠ”ਸਿੱਧੇ ਪ੍ਰਸਾਰਨ ਦੇ ਦਰਸ਼ਕਾਂ ਅਤੇ ‘ਵਿਵਸਥਾ ਪਰਿਵਰਤਨ’ ਤੇ ‘ਕੁੱਝ ਵੱਖਰਾ ਹੋਣ’ ਦੀ ਝਾਕ ਲਾਈ ਬੈਠੇઠਪੰਜਾਬੀ ਵੋਟਰਾਂ ਨੂੰ ਸਾਰੇ ਅਸੂਲਾਂ ਦੀਆਂ ਧੱਜੀਆਂ ਉਡਾਉਂਦੇ ਕੇਵਲ ਸੱਤਾ ਦੇ ਲੋਭੀਆਂ ਦੇ ਚਿਹਰੇ ਜਦੋਂ ਦਿਸਣੇ ਸ਼ੁਰੂ ਹੋ ਗਏ ਤਾਂ ਉਨ੍ਹਾਂ ਨੇ ਨਵਾਂ ਅਜ਼ਮਾਉਣ ਦਾ ਇਰਾਦਾ ਤਿਆਗ਼ਣਾ ਹੀ ਬਿਹਤਰ ਸਮਝਿਆ। ਪੰਜਾਬ ਅੰਦਰ ‘ਸੱਤਾ ਤਬਦੀਲੀ’ ਜ਼ਰੂਰ ਹੋਈ, ਅਗਾਂਹ ਵੱਲ ਨਹੀਂ ਪਿਛਾਂਹ ਵੱਲ !
ਪੰਜਾਬੀਆਂ ਲਈ ਇੱਕੀਵੀ ਸਦੀ ਦਾ ਪਹਿਲਾ ਸਬਕ- ਮੱਧਵਰਗੀ ਇਨਕਲਾਬ ‘ਇੱਕ ਕਦਮ ਅੱਗੇ, ਦੋ ਕਦਮ ਪਿੱਛੇ’ ਵਾਲਾ ‘ਇਤਿਹਾਸ’ ਸਿਰਜ ਗਿਆ। ਇਨ੍ਹਾਂ ਦੋ ਸਾਲਾਂ ਵਿੱਚ ਪੰਜਾਬ ਦਾ ਖੇਤੀ ਸੰਕਟ, ਬੇਰੁਜ਼ਗਾਰੀ, ਸੂਬਾਈ ਹੱਕ, ਨਸ਼ਿਆਂ ਦੀ ਸਮੱਸਿਆ ਅਤੇ ਵਿੱਦਿਆ ਤੇ ਸਿਹਤ ਵਰਗੇ ਮਸਲੇ ઠਹਾਸ਼ੀਏ ਵੱਲ ਹੀ ਧੱਕੇ ਜਾਂਦੇ ਰਹੇ। ਇਨ੍ਹਾਂ ਦੀ ਥਾਂ ਚਿਹਰਿਆਂ ਦੀ ਸਿਆਸਤ ਨੇ ਚੌਹੀਂ ਪਾਸੀਂ ਘੜਮੱਸ ਪਾਈ ਰੱਖਿਆ। ਇਸ ਸਭ ਦੇ ਨਤੀਜੇ ਵਜੋਂ ਪੰਜਾਬ ਅੰਦਰ ਸੂਬਾਈ ਮੁੱਦਿਆਂ ਨੂੰ ਸੰਬੋਧਤ ਹੋਣ ਵਾਸਤੇ ਇੱਕ ਨਵੇਂ ਮੰਚ ਦੀ ਲੋੜ ਦਾ ਡੂੰਘਾ ਅਹਿਸਾਸ ਪੈਦਾ ਹੋ ਗਿਆ ਹੈ।
ਦਰਅਸਲ, ਪੰਜਾਬ ਨੂੰ ਅੱਜ ਇਕ ਐਸੀ ਖ਼ੇਤਰੀ ਪਾਰਟੀ ਦੀ ਲੋੜ ਹੈ ਜੋ ਕਿ 1) ਆਪਣੇ ਲਈ ਪੂੰਜੀ ਇਕੱਤਰ ਕਰਨ ਦੇ ਲਾਲਚ ਵਿੱਚ ਭਾਰਤੀ ਕਾਰਪੋਰੇਟ ਖੇਤਰ ਦੇ ਸੇਵਾਦਾਰ ਨਾ ਹੋ ਕੇ ਰਾਜ ਦੀ ਹੇਠਲੀ ਕਿਸਾਨੀ, ਦਲਿਤਾਂ, ਪਛੜਿਆਂ ਅਤੇ ਦੱਬੇ ਕੁਚਲੇ ਸਿੱਖ ਤੇ ਹਿੰਦੂ ਭਾਈਚਾਰਿਆਂ ਦੀ ਬਤੌਰ ‘ਪੰਜਾਬੀ’ ਬਰਾਬਰੀ ਵਾਲੀ ਨੁਮਾਇੰਦਗੀ ਕਰ ਸਕਦੀ ਹੋਵੇ; 2) ਖਿੰਡਾਅ ਦਾ ਸ਼ਿਕਾਰ ਹੋ ਚੁੱਕੇ ਅਤੇ ਸਾਹ-ਸੱਤਹੀਣ ਹੋਏ ਪੰਜਾਬੀ ਸਮਾਜ ਨੂੰ ਇਕਜੁੱਟ ਕਰਨ ਲਈ ਅਤੀਤ ਦੀਆਂ ਗ਼ਲਤੀਆਂ ਤੋਂ ਵੱਡੇ ਦਿਲ ਨਾਲ ਸਬਕ ਸਿੱਖਣ ਦੇ ਜਜ਼ਬੇ ਨਾਲ ਲੈਸ ਹੋਵੇ ਅਤੇ ਅੱਗੇ ਤੋਂ ਸੁਧਰਨ ਦੇ ਸੰਕਲਪ ਨੂੰ ਪ੍ਰਣਾਈ ਹੋਵੇ ਤਾਂ ਕਿ ਪੰਜਾਬੀਅਤ ਸੱਚਮੁੱਚ ਇਕਮੁੱਠ ਤਾਕਤ ਬਣ ਸਕੇ; ਅਤੇ 3) ਪੰਜਾਬ ਦੇ ਮੁੱਦਿਆਂ ਉੱਤੇ ਦਲੇਰਾਨਾ ਸਿਆਸੀ ਪਹੁੰਚ ਅਪਣਾ ਕੇ ਅਤੇ ਜਮਹੂਰੀ ਅਸੂਲਾਂ ਦਾ ਝੰਡਾ ਬੁਲੰਦ ਕਰਕੇ ਇਕ ”ਫੈਡਰਲ ਭਾਰਤ” ਦੀ ਸਥਾਪਨਾ ਅਤੇ ਰਾਜਾਂ ਲਈ ਅੰਦਰੂਨੀ ਖੁਦਮੁਖਤਿਆਰੀ ਵਾਸਤੇ ਸੰਘਰਸ਼ ਕਰ ਸਕੇ।”
ਅਜਿਹੇ ਮੰਚ ਦੀ ਉਸਾਰੀ ਲਈ ਪੰਜਾਬੀਆਂ ਦਰਮਿਆਨ ਇਕ ਭਰਪੂਰ ਵਿਚਾਰ ਵਟਾਂਦਰੇ ਤੇ ਗੰਭੀਰ ਸਿਆਸੀ ਸੰਵਾਦ ਦਾ ਦੌਰ ਚਲਾਉਣ ਦੀ ਜ਼ਰੂਰਤ ਹੈ। ਇਸੇ ਲਈ ਮੇਰੀ ਉਨ੍ਹਾਂ ਸਾਰੇ ਵਾਲੰਟੀਅਰਾਂ ਤੇ ਬੁੱਧੀਜੀਵੀਆਂ ਜਿਵੇਂ ਕਿ ਵਕੀਲਾਂ, ਡਾਕਟਰਾਂ, ਪ੍ਰੋਫ਼ੈਸਰਾਂ ਤੇ ਵਿਗਿਆਨੀਆਂ, ਸਿਆਸੀ ਤੇ ਸਮਾਜਿਕ ਵਾਲੰਟੀਅਰਾਂ, ਟਰੇਡ ਯੂਨੀਅਨਾਂ ਅਤੇ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਜੋ ਕਿ ਇੱਕ ਜਮਹੂਰੀਅਤ ਅਧਾਰਤ ਫੈਡਰਲ ਭਾਰਤ ਵਿੱਚ ਅਨੇਕਤਾ ਅੰਦਰ ਏਕਤਾ ਦੀ ਕਾਮਨਾ ਕਰਦੇ ਹਨ, ਨੂੰ ਅਪੀਲ ਹੈ ਕਿ ਉਹ ਅੱਗੇ ਆਉਣ ਅਤੇ ਇਸ ਪੰਜਾਬ ਹਿਤੈਸ਼ੀ ਉਪਰਾਲੇ ਲਈ ਯਥਾ-ਸ਼ਕਤੀ ਯੋਗਦਾਨ ਪਾਉਣ। ਮੈਂ ਵੀ ਅਜਿਹੇ ਉਪਰਾਲੇ ਵਿੱਚ ਪੂਰੀ ਤਨਦੇਹੀ ਨਾਲ ਸ਼ਾਮਲ ਹੋਣਾ ਆਪਣਾ ਸੁਭਾਗ ਸਮਝਾਂਗਾ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …