-5.6 C
Toronto
Tuesday, December 16, 2025
spot_img
Homeਪੰਜਾਬਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਗੇਗਾ ਸੌਰ ਊਰਜਾ ਪਲਾਂਟ

ਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਗੇਗਾ ਸੌਰ ਊਰਜਾ ਪਲਾਂਟ

ਅਮਰੀਕਾ ਦੀ ਸਿੱਖ ਜਥੇਬੰਦੀ ਕਰੇਗੀ ਸਹਿਯੋਗ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੀ ਸਿੱਖ ਜਥੇਬੰਦੀ ਯੂਨਾਇਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸੌਰ ਊਰਜਾ ਪਲਾਂਟ ਲਗਾਇਆ ਜਾਵੇਗਾ। ਇਹ ਪਲਾਂਟ ਲਗਭਗ ਇਕ ਮੈਗਾਵਾਟ ਦਾ ਹੋਵੇਗਾ। ਇਸ ਨਾਲ ਸ਼੍ਰੋਮਣੀ ਕਮੇਟੀ ਨੂੰ ਸਾਲਾਨਾ ਪੰਜ ਤੋਂ ਸੱਤ ਕਰੋੜ ਰੁਪਏ ਦੀ ਬਚਤ ਹੋਵੇਗੀ। ਅੰਮ੍ਰਿਤਸਰ ਵਿਚ ਅੱਜ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਅਤੇ ਕੁਝ ਹੋਰ ਗੁਰਦੁਆਰਿਆਂ ਵਿੱਚ ਸੌਰ ਊਰਜਾ ਪਲਾਂਟ ਲਗਾਉਣ ਦੀ ਸੇਵਾ ਅਮਰੀਕਾ ਵਸਦੇ ਸਿੱਖਾਂ ਨੂੰ ਦਿੱਤੀ ਗਈ ਹੈ। ਅਮਰੀਕਾ ਤੋਂ ਆਏ ਯੂਨਾਈਟਿਡ ਸਿੱਖ ਮਿਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਢੀਂਡਸਾ ਨੇ ਇਸ ਮੌਕੇ ਦੱਸਿਆ ਕਿ ਵਿਦੇਸ਼ ਵੱਸਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਗੁਰੂ ਘਰ ਵਾਸਤੇ ਇਕ ਮੈਗਾਵਾਟ ਦਾ ਸੌਰ ਊਰਜਾ ਪਲਾਂਟ ਲਾਇਆ ਜਾਵੇਗਾ।
ਇਸ ਸਬੰਧੀ ਬੀਬੀ ਜਗੀਰ ਕੌਰ ਅਤੇ ਅਮਰੀਕਾ ਦੀਆਂ ਉਕਤ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਦੱਸਿਆ ਕਿ ਕਰੀਬ 8 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਸੋਲਰ ਸਿਸਟਮ ਨੂੰ ਸਥਾਪਿਤ ਕਰਨ ਦੀ ਸੇਵਾ 4 ਮਹੀਨਿਆਂ ‘ਚ ਮੁਕੰਮਲ ਹੋ ਜਾਵੇਗੀ। ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸੋਲਰ ਸਿਸਟਮ ਲਗਾਉਣ ਦੇ ਫ਼ੈਸਲੇ ਉਪਰੰਤ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੇ ਮੁਖੀ ਰਛਪਾਲ ਸਿੰਘ ਢੀਂਡਸਾ ਨੇ ਇਸ ਕਾਰਜ ਦੀ ਸੇਵਾ ਲਈ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਦਾ ਹਰ ਮਹੀਨੇ ਕਰੀਬ 30 ਤੋਂ 65 ਲੱਖ ਰੁਪਏ ਬਿਜਲੀ ਬਿੱਲ ਅਦਾ ਕਰਨਾ ਪੈਂਦਾ ਹੈ ਤੇ ਸੋਲਰ ਸਿਸਟਮ ਚਾਲੂ ਹੋਣ ਨਾਲ 14 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ ਤੇ ਹਰ ਸਾਲ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸੋਲਰ ਸਿਸਟਮ ਪਾਇਲਟ ਪ੍ਰਾਜੈਕਟ ਵਜੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਤਖ਼ਤ ਸਾਹਿਬਾਨਾਂ, ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਤੇ ਗੁ: ਬੀੜ ਬਾਬਾ ਬੁੱਢਾ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਵੀ ਸਥਾਪਿਤ ਕੀਤੇ ਜਾਣਗੇ।

RELATED ARTICLES
POPULAR POSTS