Breaking News
Home / ਸੰਪਾਦਕੀ / ਕਰੋਨਾ ਵਾਇਰਸ ਨਾਲ ਬਿਨਾਂ ਹਥਿਆਰਾਂ ਤੋਂ ਲੜਾਈ ਲੜ ਰਿਹਾ ਪੰਜਾਬ

ਕਰੋਨਾ ਵਾਇਰਸ ਨਾਲ ਬਿਨਾਂ ਹਥਿਆਰਾਂ ਤੋਂ ਲੜਾਈ ਲੜ ਰਿਹਾ ਪੰਜਾਬ

ਕਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਦੁਨੀਆ ‘ਤੇ ਪੈਰ ਪਸਾਰਦੀ ਜਾ ਰਹੀ ਹੈ। ਵੀਰਵਾਰ ਰਾਤ ਤੱਕ ਪੂਰੇ ਵਿਸ਼ਵ ‘ਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 26 ਲੱਖ 59 ਹਜ਼ਾਰ 557 ਤੱਕ ਪਹੁੰਚ ਚੁੱਕੀ ਸੀ, ਜਦੋਂਕਿ ਇਸ ਸਮੇਂ ਤੱਕ ਠੀਕ ਹੋਏ ਮਰੀਜਾਂ ਦੀ ਗਿਣਤੀ 7 ਲੱਖ 23 ਹਜ਼ਾਰ 377 ਅਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 85 ਹਜ਼ਾਰ 494 ਹੈ। ਇਸੇ ਤਰ੍ਹਾਂ ਭਾਰਤ ‘ਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 21 ਹਜ਼ਾਰ 700, ਠੀਕ ਹੋਣ ਵਾਲਿਆਂ ਦੀ 4325 ਅਤੇ ਮਰਨ ਵਾਲਿਆਂ ਦੀ ਗਿਣਤੀ 686 ਹੈ। ਪੰਜਾਬ ‘ਚ ਵੀਰਵਾਰ ਰਾਤ ਤੱਕ 277 ਕਰੋਨਾ ਵਾਇਰਸ ਪੀੜਤਾਂ ਦੀ ਪਛਾਣ ਹੋਈ ਹੈ ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 16 ਹੈ।
ਭਾਰਤ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਅਜੇ ਵਧਦੀ ਹੀ ਜਾ ਰਹੀ ਹੈ। ਕਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਤਾਲਾਬੰਦੀ ਦੇ ਬਾਵਜੂਦ ਹਰ ਰੋਜ਼ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਜਾਂਦੇ ਹਨ ਅਤੇ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਸਰਕਾਰ ਵਲੋਂ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਸਮੇਂ ਸਿਰ ਤਾਲਾਬੰਦੀ ਕੀਤੇ ਜਾਣ ਕਰਕੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੀ ਦਰ ਘਟੀ ਹੈ ਤੇ ਹੁਣ ਘੱਟੋ-ਘੱਟ ਇਕ ਹਫ਼ਤੇ ਦਾ ਸਮਾਂ ਕੇਸਾਂ ਨੂੰ ਦੁੱਗਣੇ ਹੋਣ ਵਿਚ ਲੱਗਦਾ ਹੈ। ਇਸ ਤਰਕ ਵਿਚ ਦਮ ਹੋ ਸਕਦਾ ਹੈ ਪਰ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਰਤ ਨੇ ਫ਼ੈਸਲਾਕੁੰਨ ਰੂਪ ਵਿਚ ਇਸ ਮਹਾਂਮਾਰੀ ਦੇ ਖਿਲਾਫ਼ ਜੰਗ ਜਿੱਤ ਲਈ ਹੈ ਜਾਂ ਇਸ ਸਬੰਧੀ ਵੱਡੀਆਂ ਪ੍ਰਾਪਤੀਆਂ ਭਾਰਤ ਦੇ ਹੱਥ ਲੱਗੀਆਂ ਹਨ। ਦੂਜੇ ਪਾਸੇ ਤਾਲਾਬੰਦੀ ਵੀ ਲੰਮੇ ਸਮੇਂ ਤੱਕ ਜਾਰੀ ਰਹਿਣ ਕਰਕੇ ਦੇਸ਼ ਦੀ ਲਗਪਗ 40 ਕਰੋੜ ਗ਼ਰੀਬ ਆਬਾਦੀ ‘ਤੇ ਬਹੁਤ ਬੁਰਾ ਪ੍ਰਭਾਵ ਪਾ ਰਹੀ ਹੈ। ਉਂਜ ਵੀ ਤਾਲਾਬੰਦੀ ਮਹਾਂਮਾਰੀ ਨੂੰ ਵਧਣ ਦੀ ਰਫ਼ਤਾਰ ਵਿਚ ਤਾਂ ਕਮੀ ਲਿਆ ਸਕਦੀ ਹੈ ਪਰ ਇਸ ਦੇ ਖਿਲਾਫ਼ ਅੰਤਮ ਲੜਾਈ ਦੇਸ਼ ਦੇ ਸਿਹਤ ਢਾਂਚੇ ਵਲੋਂ ਹੀ ਲੜੀ ਜਾ ਸਕਦੀ ਹੈ।
ਇਸੇ ਸੰਦਰਭ ‘ਚ ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ, ਤਾਇਵਾਨ, ਵੀਅਤਨਾਮ ਤੇ ਕਿਊਬਾ ਆਦਿ ਦੇਸ਼ਾਂ ਨੇ ਹੀ ਇਸ ਮਹਾਂਮਾਰੀ ਦਾ ਸਫਲਤਾ ਨਾਲ ਸਾਹਮਣਾ ਕੀਤਾ ਹੈ, ਜਿਨ੍ਹਾਂ ਦੇ ਸਿਹਤ ਸਬੰਧੀ ਢਾਂਚੇ ਮਜ਼ਬੂਤ ਸਨ ਅਤੇ ਇਨ੍ਹਾਂ ਦੇਸ਼ਾਂ ਦੀਆਂ ਹਕੂਮਤਾਂ ਵਲੋਂ ਵੀ ਇਸ ਸੰਦਰਭ ਵਿਚ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਆਪੋ-ਆਪਣੇ ਦੇਸ਼ਾਂ ਦੇ ਸਿਹਤ ਢਾਂਚਿਆਂ ਨੂੰ ਹੋਰ ਵੀ ਵਧੇਰੇ ਮਜ਼ਬੂਤ ਬਣਾ ਕੇ ਮਹਾਂਮਾਰੀ ਵਿਰੁੱਧ ਜੰਗ ਦਾ ਬਿਗਲ ਵਜਾ ਦਿੱਤਾ ਗਿਆ।
ਇਸ ਸੰਦਰਭ ਵਿਚ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਥੇ ਵੀ ਕੇਰਲ, ਓਡੀਸ਼ਾ ਤੇ ਗੋਆ ਆਦਿ ਰਾਜਾਂ ਨੂੰ ਵਧੇਰੇ ਕਾਮਯਾਬੀ ਇਸੇ ਕਰਕੇ ਮਿਲੀ ਹੈ, ਕਿਉਂਕਿ ਇਨ੍ਹਾਂ ਰਾਜਾਂ ਦੇ ਸਿਹਤ ਸਬੰਧੀ ਢਾਂਚੇ ਮਜ਼ਬੂਤ ਸਨ ਅਤੇ ਇਸ ਤੋਂ ਇਲਾਵਾ ਇਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੇ ਵੀ ਤੁਰੰਤ ਮਹਾਂਮਾਰੀ ਦੀ ਗੰਭੀਰਤਾ ਨੂੰ ਸਮਝਦਿਆਂ ਆਪਣੇ ਪੱਧਰ ‘ਤੇ ਪੁਲਿਸ ਸਮੇਤ ਸਾਰੇ ਸਬੰਧਤ ਵਿਭਾਗਾਂ ਨੂੰ ਲਾਮਬੰਦ ਕਰਕੇ ਇਸ ਮਹਾਂਮਾਰੀ ਨੂੰ ਰੋਕਣ ਦੇ ਕੰਮ ‘ਤੇ ਲਗਾ ਦਿੱਤਾ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਬੇਸ਼ੱਕ ਭਾਰਤ ‘ਚ ਕਰਫ਼ਿਊ ਲੱਗਣ ਵਾਲਾ ਪੰਜਾਬ ਪਹਿਲਾ ਸੂਬਾ ਹੈ ਪਰ ਕਰਫ਼ਿਊ ਜਾਂ ਤਾਲਾਬੰਦੀ ਕਰੋਨਾ ਦੇ ਫ਼ੈਲਾਅ ਦੀ ਗਤੀ ਤਾਂ ਘਟਾ ਸਕਦਾ ਹੈ ਪਰ ਇਸ ਮਹਾਂਮਾਰੀ ਦਾ ਮੁਕਾਬਲਾ ਸਿਰਫ਼ ਤਾਲਾਬੰਦੀ ਨਾਲ ਨਹੀਂ ਹੋ ਸਕਦਾ। ਪੰਜਾਬ ‘ਚ ਮੁਹਾਲੀ ਅਤੇ ਜਲੰਧਰ ਵਿਚ ਤੇਜ਼ੀ ਨਾਲ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਪੰਜਾਬ ਵਿਚ ਔਸਤਨ ਮੌਤਾਂ ਦੀ ਗਿਣਤੀ ਲਗਪਗ 10 ਫ਼ੀਸਦੀ ਦੂਜੇ ਬਹੁਤ ਸਾਰੇ ਰਾਜਾਂ ਤੋਂ ਵਧੇਰੇ ਹੈ। ਪੰਜਾਬ ਵਿਚੋਂ ਜਿਸ ਜ਼ਿਲ੍ਹੇ ਨੇ ਇਸ ਬਿਮਾਰੀ ਦੀ ਮਹਾਂਮਾਰੀ ਦੇ ਖਿਲਾਫ਼ ਬਿਹਤਰ ਕੰਮ ਕੀਤਾ ਹੈ, ਉਹ ਸ਼ਹੀਦ ਭਗਤ ਸਿੰਘ ਨਗਰ ਹੈ। ਰਾਜ ਵਿਚ ਇਸ ਜ਼ਿਲ੍ਹੇ ਵਿਚ ਹੀ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਸੀ। ਪਰ ਇਸ ਜ਼ਿਲ੍ਹੇ ਦੇ ਡਾਕਟਰਾਂ ਨੇ ਇਸ ਚੁਣੌਤੀ ਨੂੰ ਬੜੀ ਦਲੇਰੀ ਨਾਲ ਕਬੂਲ ਕੀਤਾ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ। ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਸਿਹਤਯਾਬ ਕਰਨ ਵਾਲੀ ਖੁਰਾਕ ਵੀ ਲਗਾਤਾਰ ਮੁਹੱਈਆ ਕੀਤੀ ਗਈ। ਪਰ ਬਾਕੀ ਜ਼ਿਲ੍ਹਿਆਂ ਤੋਂ ਅਜੇ ਇਸ ਤਰ੍ਹਾਂ ਦੇ ਤਸੱਲੀਬਖ਼ਸ਼ ਨਤੀਜੇ ਨਹੀਂ ਮਿਲੇ। ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਤੋਂ ਅਜੇ ਵੀ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਿਵਲ ਹਸਪਤਾਲਾਂ ਵਿਚ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਾਮਿਆਂ ਨੂੰ ਲੋੜੀਂਦੀਆਂ ਸੁਰੱਖਿਆ ਕਿੱਟਾਂ ਨਹੀਂ ਮਿਲ ਰਹੀਆਂ ਅਤੇ ਨਾ ਹੀ ਮਰੀਜ਼ਾਂ ਦੇ ਟੈਸਟ ਕਰਨ ਲਈ ਲੋੜੀਂਦੀਆਂ ਕਿੱਟਾਂ ਮੌਜੂਦ ਹਨ। ਇਸ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਵਿਚ ਬਣਾਏ ਗਏ ਵੱਖਰੇ ਵਾਰਡਾਂ ਵਿਚ ਵੀ ਮਰੀਜ਼ਾਂ ਨੂੰ ਰੱਖਣ ਲਈ ਬੈੱਡਾਂ ਦੇ ਵਿਚਕਾਰ ਲੋੜੀਂਦੀ ਦੂਰੀ ਨਹੀਂ ਰੱਖੀ ਜਾ ਰਹੀ। ਐਮਰਜੈਂਸੀ ਵਾਰਡਾਂ ਵਿਚ ਮਰੀਜ਼ ਇਕੱਠੇ ਰੱਖੇ ਜਾ ਰਹੇ ਹਨ। ਸਿਹਤ ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਕਾਂਤਵਾਸ ਵਿਚ ਰੱਖੇ ਗਏ ਮਰੀਜ਼ ਸਾਂਝੇ ਵਾਰਡਾਂ ਵਿਚ ਜਾਂ ਤਾਂ ਬਹੁਤ ਦੂਰ-ਦੂਰ ਰੱਖੇ ਜਾਣ ਤੇ ਜਾਂ ਫਿਰ ਉਨ੍ਹਾਂ ਨੂੰ ਵੱਖਰੇ-ਵੱਖਰੇ ਕਮਰਿਆਂ ਵਿਚ ਰੱਖਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਮਰੀਜ਼ਾਂ ਨੂੰ ਇਕ-ਦੂਜੇ ਤੋਂ ਵੀ ਬਿਮਾਰੀ ਲੱਗ ਸਕਦੀ ਹੈ। ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸੀਨੀਅਰ ਡਾਕਟਰ ਮਰੀਜ਼ਾਂ ਦਾ ਇਲਾਜ ਆਪ ਕਰਨ ਦੀ ਥਾਂ ਜ਼ਿਆਦਾ ਕੰਮ ਜੂਨੀਅਰ ਡਾਕਟਰਾਂ ਤੇ ਨਰਸਾਂ ਤੋਂ ਲੈ ਰਹੇ ਹਨ ਅਤੇ ਆਪ ਮਰੀਜ਼ਾਂ ਕੋਲ ਜਾਣ ਤੋਂ ਝਿਜਕ ਦਿਖਾ ਰਹੇ ਹਨ। ਕੁਝ ਥਾਵਾਂ ਤੋਂ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਮਰੀਜ਼ ਖਾਣ-ਪੀਣ ਅਤੇ ਸਫ਼ਾਈ ਦਾ ਚੰਗਾ ਇੰਤਜ਼ਾਮ ਨਾ ਹੋਣ ਦੀਆਂ ਵੀ ਸ਼ਿਕਾਇਤਾਂ ਕਰ ਰਹੇ ਹਨ। ਜਿੱਥੋਂ ਤੱਕ ਗੱਲ ਪੰਜਾਬ ਦੇ ਸਿਹਤ ਢਾਂਚੇ ਦੀ ਹੈ ਤਾਂ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬ ‘ਚ ਸਿਹਤ ਵਰਗੇ ਮਨੁੱਖੀ ਜੀਵਨ ਦੇ ਬੁਨਿਆਦੀ ਖੇਤਰ ‘ਚ ਪੰਜਾਬ ਦੀ ਕੋਈ ਖ਼ਾਸ ਉਪਲਬਧੀ ਨਹੀਂ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਨਾ ਤਾਂ ਇਮਾਰਤੀ ਢਾਂਚਾ ਦਰੁਸਤ ਹੈ ਅਤੇ ਨਾ ਹੀ ਅਮਲਾ-ਫੈਲਾ ਲੋੜੀਂਦੀ ਗਿਣਤੀ ‘ਚ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ‘ਚ ਨਿਗੂਣੀਆਂ ਜਿਹੀਆਂ ਤਨਖ਼ਾਹਾਂ ‘ਤੇ ਠੇਕੇ ‘ਤੇ ਸਿਹਤ ਵਿਭਾਗ ‘ਚ ਮੁਲਾਜ਼ਮ ਭਰਤੀ ਕੀਤੇ ਜਾਂਦੇ ਹਨ। ਉਹੀ ਠੇਕੇ ‘ਤੇ ਭਰਤੀ ਹੋਏ ਮੁਲਾਜ਼ਮ ਅੱਜ ਕਰੋਨਾ ਵਾਇਰਸ ਨਾਲ ਲੜਾਈ ਵੀ ਲੜ ਰਹੇ ਹਨ ਅਤੇ ਨਾਲ ਹੀ ਵਿਭਾਗੀ ਅਣਦੇਖੀ ਦਾ ਸੰਤਾਪ ਵੀ ਹੰਢਾ ਰਹੇ ਹਨ। ਸੋ, ਲੋੜ ਹੈ ਪੰਜਾਬ ‘ਚ ਕਰੋਨਾ ਵਾਇਰਸ ਨਾਲ ਸਿੱਟਾਮੁਖੀ ਲੜਾਈ ਲੜਨ ਲਈ ਸਰਕਾਰੀ ਹਸਪਤਾਲਾਂ ਦੀ ਕਾਇਆ ਕਲਪ ਕੀਤੀ ਜਾਵੇ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਆਰਥਿਕ ਅਤੇ ਮਨੋਬਲ ਦੇ ਪੱਧਰ ‘ਤੇ ਹਰ ਪ੍ਰਕਾਰ ਸਹਾਇਤਾ ਕੀਤੀ ਜਾਵੇ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …