Breaking News
Home / ਸੰਪਾਦਕੀ / ਭਾਰਤ ‘ਚ ਔਰਤਾਂ ਨਾਲ ਵੱਧ ਰਹੇ ਜਬਰ ਜਨਾਹ

ਭਾਰਤ ‘ਚ ਔਰਤਾਂ ਨਾਲ ਵੱਧ ਰਹੇ ਜਬਰ ਜਨਾਹ

ਪਿਛਲੇ ਹਫ਼ਤੇ ਹੈਦਰਾਬਾਦ (ਤੇਲੰਗਾਨਾ) ਵਿਚ ਇਕ ਔਰਤ ਡਾਕਟਰ ਨੂੰ ਅਗਵਾ ਕਰਕੇ ਸਮੂਹਕ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਸਾੜ ਦੇਣ ਦੀ ਵਾਪਰੀ ਬੇਹੱਦ ਦਰਦਭਰੀ ਘਟਨਾ ਨੇ 2012 ਦੇ ਨਿਰਭੈ ਕਾਂਡ ਤੋਂ ਬਾਅਦ ਮੁੜ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਲ 2012 ‘ਚ ਭਾਰਤ ਦੀ ਰਾਜਧਾਨੀ ਦਿੱਲੀ ‘ਚ ਇਕ ਬੱਸ ‘ਚ ਆਪਣੇ ਦੋਸਤ ਨਾਲ ਸਫ਼ਰ ਕਰ ਰਹੀ ਪੈਰਾ-ਮੈਡੀਕਲ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਅਤੇ ਉਸ ਤੋਂ ਬਾਅਦ ਉਸ ਦੀ ਵਹਿਸ਼ੀਆਨਾ ਤਰੀਕੇ ਨਾਲ ਹੱਤਿਆ ਦੀ ਘਟਨਾ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਅਤੇ ਬਲਾਤਕਾਰ ਵਿਰੋਧੀ ਸਖ਼ਤ ਕਾਨੂੰਨ ਬਣਾਉਣ ਦੀ ਲਹਿਰ ਉਠ ਖੜ੍ਹੀ ਹੋਈ ਸੀ। ਸਰਕਾਰ ਨੇ ਬਲਾਤਕਾਰੀਆਂ ਨੂੰ ਸਖ਼ਤ ਤੇ ਮਿਸਾਲੀ ਸਜ਼ਾਵਾਂ ਦੇਣ ਲਈ ਕਾਨੂੰਨ ‘ਚ ਕੁਝ ਅਹਿਮ ਬਦਲਾਓ ਕਰਨ ਦੇ ਐਲਾਨ ਵੀ ਕੀਤੇ। ਨਿਰਭੈ ਨਾਲ ਵਹਿਸ਼ੀ ਕਾਰਾ ਕਰਨ ਵਾਲੇ ਦਰਿੰਦਿਆਂ ਨੂੰ ਫ਼ਾਂਸੀ ਦੀ ਸਜ਼ਾ ਵੀ ਸੁਣਾਈ ਗਈ। ਪਰ ਨਤੀਜਾ…। ਭਾਰਤ ‘ਚ ਬੇਰੋਕ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕੁ ਨਿਰਭੈ ਨੋਚੀਆਂ ਜਾ ਰਹੀਆਂ ਹਨ। ਅੰਕੜੇ ਦੱਸਦੇ ਹਨ ਕਿ ਭਾਰਤ ‘ਚ ਹਰ ਮਿੰਟ ਬਾਅਦ 26 ਔਰਤਾਂ ਨਾਲ ਛੇੜਛਾੜ ਅਤੇ 24 ਘੰਟਿਆਂ ਵਿਚ ਜਬਰ-ਜਨਾਹ ਦੀਆਂ ਘੱਟੋ-ਘੱਟ 100 ਘਟਨਾਵਾਂ ਵਾਪਰ ਜਾਂਦੀਆਂ ਹਨ।
ਹਾਲਾਂਕਿ ਇਨ੍ਹੀਂ ਦਿਨੀਂ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹੋਣ ਕਾਰਨ ਪੁਲਿਸ ਵਿਵਸਥਾ ਆਮ ਨਾਲੋਂ ਜ਼ਿਆਦਾ ਮਜ਼ਬੂਤ ਹੈ ਪਰ ਰਾਂਚੀ ਵਿਚ ਤਕੜੇ ਬਦਮਾਸ਼ਾਂ ਨੇ ਬੱਸ ਅੱਡੇ ‘ਤੇ ਉਡੀਕ ਕਰ ਰਹੀ ਕਾਨੂੰਨ ਦੀ ਇਕ ਵਿਦਿਆਰਥਣ ਨੂੰ ਅਗਵਾ ਕੀਤਾ ਅਤੇ ਉਸ ਨਾਲ ਨਾ-ਸਿਰਫ਼ ਸਮੂਹਿਕ ਜਬਰ ਜਨਾਹ ਕੀਤਾ ਸਗੋਂ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਵੀ ਇਸ ਘਿਨਾਉਣੇ ਕੰਮ ਲਈ ਬੁਲਾਇਆ। ਕੁੱਲ 12 ਵਿਅਕਤੀਆਂ ਨੇ ਇਹ ਅਪਰਾਧ ਕੀਤਾ। ਇਸੇ ਤਰ੍ਹਾਂ ਫ਼ਿਰੋਜ਼ਾਬਾਦ (ਉੱਤਰ ਪ੍ਰਦੇਸ਼) ਵਿਚ ਇਕ ਬਦਮਾਸ਼ ਨੇ ਆਪਣੀ ਹੀ 10 ਸਾਲਾ ਪੁੱਤਰੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਵਿਰੋਧ ਹੋਣ ‘ਤੇ ਆਪਣੀ ਧੀ ਦੇ ਗੁਪਤ ਅੰਗਾਂ ਨੂੰ ਅੱਗ ਲਾ ਦਿੱਤੀ। ਆਗਰਾ (ਉੱਤਰ ਪ੍ਰਦੇਸ਼) ਵਿਚ 35 ਸਾਲਾ ਇਕ ਹੈਵਾਨ ਨੇ ਡੇਢ ਸਾਲ ਦੀ ਇਕ ਬੱਚੀ ਨਾਲ ਜਬਰ ਜਨਾਹ ਕੀਤਾ ਅਤੇ ਉਸ ਨੂੰ ਲਹੂ ਲੁਹਾਨ ਸਥਿਤੀ ਵਿਚ ਜੰਗਲ ਵਿਚ ਸੁੱਟ ਕੇ ਫਰਾਰ ਹੋ ਗਿਆ।ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ‘ਚ ਪੈਂਦੇ ਮਹੂ ‘ਚ ਇਕ ਪੁਲ ਹੇਠਾਂ ਸੁੱਤੀ 4 ਸਾਲਾਂ ਦੀ ਬੱਚੀ ਨੂੰ ਅਗਵਾ ਕਰਕੇ ਜਬਰ ਜਨਾਹ ਕੀਤਾ ਗਿਆ ਅਤੇ ਬਾਅਦ ‘ਚ ਉਸ ਦਾ ਕਤਲ ਕਰ ਦਿੱਤਾ ਗਿਆ। ਓਡੀਸ਼ਾ ਦੇ ਪੁਰੀ ‘ਚ ਇਕ ਬੇਹੱਦ ਸ਼ਰਮਨਾਕ ਘਟਨਾ ਵਾਪਰੀ ਜਿਸ ‘ਚ ਇਕ ਪੁਲਿਸ ਕਰਮਚਾਰੀ ਸਮੇਤ ਦੋ ਵਿਅਕਤੀਆਂ ਨੇ ਇਕ ਔਰਤ ਨਾਲ ਪੁਲਿਸ ਦੇ ਕੁਆਰਟਰ ‘ਚ ਸਮੂਹਿਕ ਜਬਰ ਜਨਾਹ ਕੀਤਾ। ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਇਕ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਚੱਲਦੀ ਕਾਰ ‘ਚ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਘਟਨਾ ‘ਚ ਵਿਡੰਬਣਾ ਦੇਖੋ ਕਿ ਜਦੋਂ ਬਲਾਤਕਾਰੀਆਂ ਦੀ ਕਾਰ ਦਾ ਤੇਲ ਮੁਕ ਗਿਆ ਤਾਂ ਇਕ ਪੈਟਰੋਲ ਪੰਪ ‘ਤੇ ਪੀੜਤ ਕੁੜੀ ਨੇ ਪੰਪ ਕਰਮਚਾਰੀਆਂ ਦੀ ਮਦਦ ਨਾਲ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਇਹ ਕਹਿ ਕੇ ਕੋਈ ਮਦਦ ਤੋਂ ਨਾਂਹ ਕਰ ਦਿੱਤੀ ਕਿ ਇਹ ਇਲਾਕਾ ਉਨ੍ਹਾਂ ਦੇ ਥਾਣੇ ‘ਚ ਨਹੀਂ ਆਉਂਦਾ। ਜਦੋਂ ਘਟਨਾ ਵਾਲੀ ਜਗ੍ਹਾ ਨਾਲ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮਾਮਲੇ ਨੂੰ ਤਿੰਨ ਦਿਨਾਂ ਤੱਕ ਦਬਾਈ ਰੱਖਿਆ। ਬਿਹਾਰ ਦੇ ਬਕਸਰ ਜ਼ਿਲ੍ਹੇ ‘ਚ ਇਕ ਕੁੜੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਬੇਪਛਾਣ ਕਰਨ ਲਈ ਸਾੜ ਦਿੱਤਾ ਗਿਆ। ਬਿਹਾਰ ਥਾਣਾ ਖੇਤਰ ਦੇ ਹਿੰਦੂ ਨਗਰ ਪਿੰਡ ‘ਚ ਇਕ ਔਰਤ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ 90 ਫ਼ੀਸਦੀ ਸੜ ਚੁੱਕੀ ਪੀੜਤ ਔਰਤ ਨੇ ਫ਼ਿਰ ਵੀ ਹੌਂਸਲਾ ਕਾਇਮ ਰੱਖਦਿਆਂ ਇਕ ਕਿਲੋਮੀਟਰ ਤੱਕ ਪੈਦਲ ਚੱਲ ਕੇ ਮਦਦ ਲਈ ਚੀਕ-ਪੁਕਾਰ ਕੀਤੀ ਪਰ ਇਸ ਪੱਥਰ ਦਿਲ ਇਨਸਾਨਾਂ ਦੇ ਸੰਸਾਰ ‘ਚ ਉਸ ਦੀ ਕਿਸੇ ਨੇ ਵੀ ਬਹੁੜੀ ਨਾ ਕੀਤੀ।
ਉਪਰੋਕਤ ਘਟਨਾਵਾਂ ਦੀ ਤਫ਼ਸੀਲ ਬੜੀ ਹੀ ਘਿਨਾਉਣੀ ਕਿਸਮ ਦੀ ਅਤੇ ਅਜੋਕੇ ਮਨੁੱਖੀ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਹੈ। ਸਥਿਤੀ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਭਾਰਤ ਦੇ ਨੇਤਾ ਅਤੇ ਧਾਰਮਿਕ ਰਹਿਬਰ ਵੀ ਔਰਤਾਂ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਤੋਂ ਮੁਕਤ ਨਹੀਂ ਹਨ। ਦੇਸ਼ ਦੇ ਲਗਭਗ 650 ਰਸੂਖ਼ਵਾਨ ਬਲਾਤਕਾਰ ਅਤੇ ਛੇੜਛਾੜ ਦੇ ਦੋਸ਼ਾਂ ਵਿਚ ਘਿਰੇ ਹੋਏ ਹਨ ਜਦੋਂਕਿ ਪਿਛਲੇ ਸਾਲਾਂ ਵਿਚ ਕਈ ਨਾਮਵਰ ਧਾਰਮਿਕ ਆਗੂਆਂ ਦੇ ਵੀ ਅਜਿਹੇ ਘਿਨਾਉਣੇ ਕਾਰਨਾਮੇ ਜੱਗ-ਜ਼ਾਹਰ ਹੋ ਚੁੱਕੇ ਹਨ। ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਭਾਰਤ ‘ਚ ਛੋਟੀ ਉਮਰ ਦੀਆਂ ਬਾਲੜੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਅਜਿਹੀਆਂ ਸ਼ਰਮਨਾਕ ਤੇ ਅਸੱਭਿਅਕ ਘਟਨਾਵਾਂ ‘ਚ ਨਾਬਾਲਗ ਉਮਰ ਦੇ ਮੁੰਡਿਆਂ ਦੀ ਸ਼ਮੂਲੀਅਤ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਤੱਥ ਭਾਰਤੀ ਸਮਾਜ ਦੇ ਨੈਤਿਕ ਪਤਨ ਵੱਲ ਇਸ਼ਾਰਾ ਕਰਦੇ ਹਨ। ਵਧੇਰੇ ਸ਼ਾਲੀਨਤਾ ਭਰਪੂਰ, ਧਾਰਮਿਕ ਨੈਤਿਕਤਾ ਦੇ ਨਿਯਮਾਂ ਦਾ ਅਨੁਸਾਰੀ ਮੰਨਿਆ ਜਾਣ ਵਾਲਾ ਭਾਰਤੀ ਸਮਾਜ ਜਿੰਨੀ ਤੇਜ਼ੀ ਨਾਲ ਨੈਤਿਕ ਪਤਨ ਵੱਲ ਵੱਧ ਰਿਹਾ ਹੈ, ਇਹ ਬੇਹੱਦ ਚਿੰਤਾ ਤੇ ਚਿੰਤਨ ਵਾਲਾ ਮਸਲਾ ਹੈ। ਸਵਾਲਾਂ ਦਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਭਾਰਤੀ ਸਮਾਜ ‘ਚ ਔਰਤਾਂ ਨਾਲ ਵੱਧ ਰਹੇ ਸਰੀਰਕ ਸ਼ੋਸ਼ਣ ਜਾਂ ਹੋਰ ਅੱਤਿਆਚਾਰਾਂ ਲਈ ਸਿਰਫ਼ ਢਿੱਲੀ ਕਾਨੂੰਨ ਪ੍ਰਣਾਲੀ ਹੀ ਦੋਸ਼ੀ ਹੈ? ਪਿਛਲੇ ਚਾਰ-ਪੰਜ ਸਾਲਾਂ ਤੋਂ ਭਾਰਤੀ ਨਿਆਂਪਾਲਿਕਾ ਨੇ ਔਰਤਾਂ ਨਾਲ ਵੱਧ ਰਹੇ ਅਪਰਾਧਾਂ ਦੀ ਗੰਭੀਰਤਾ ਨੂੰ ਸਮਝਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ‘ਚ ਤੇਜ਼ੀ ਲਿਆਂਦੀ ਹੈ। ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਸਜ਼ਾਵਾਂ ਤੇ ਪੀੜਤਾਂ ਨੂੰ ਨਿਆਂ ਨੂੰ ਇਕ ਟੀਚਾ ਮਿੱਥਿਆ ਜਾਣ ਲੱਗਾ ਹੈ। ਪਰ ਫ਼ਿਰ ਵੀ ਭਾਰਤੀ ਨਿਆਂਪਾਲਿਕਾ ਦੀ ਕਾਰਜਸ਼ੈਲੀ, ਵੱਧ ਰਹੇ ਅਪਰਾਧਾਂ ਦੀ ਨਿਸਬਤ ਨਿਆਂਕਾਰਾਂ ਦੀ ਘਾਟ ਆਦਿ ਕਾਰਨ ਵੱਡੀ ਗਿਣਤੀ ‘ਚ ਜਬਰ-ਜਨਾਹ ਦੇ ਮਾਮਲੇ ਸੁਣਵਾਈ ਅਧੀਨ ਹਨ। ਜਿਹੜੇ ਮਾਮਲੇ ਮੀਡੀਆ ‘ਚ ਆ ਜਾਂਦੇ ਹਨ, ਖ਼ਾਸ ਕਰਕੇ ਉਹ ਮਾਮਲੇ ਨਿਸ਼ਾਨੇ ‘ਤੇ ਹੋਣ ਕਾਰਨ ਅਦਾਲਤਾਂ ਉਨ੍ਹਾਂ ਦੇ ਛੇਤੀ ਫ਼ੈਸਲੇ ਸੁਣਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਪਰ ਇਸ ਦੇ ਬਾਵਜੂਦ ਇਕ ਗੰਭੀਰ ਤੇ ਖ਼ਤਰਨਾਕ ਸਮਾਜਿਕ ਸਮੱਸਿਆ ਨੂੰ ਸਿਰਫ਼ ਕਾਨੂੰਨੀ ਪਹਿਲੂ ਨਾਲ ਹੀ ਖ਼ਤਮ ਕਰਨ ਦੇ ਟੀਚੇ ਮਿੱਥਣਾ ਵੀ ਅਲਪ-ਦ੍ਰਿਸ਼ਟੀ ਵਾਲੀ ਸੋਚ ਦਾ ਨਤੀਜਾ ਆਖਿਆ ਜਾ ਸਕਦਾ ਹੈ।
ਅਸਲ ਵਿਚ ਭਾਰਤ ‘ਚ ਨੈਤਿਕ ਕਦਰਾਂ ਕੀਮਤਾਂ ਨੂੰ ਮਜਬੂਤ ਕਰਨ ਲਈ ਅਤੇ ਭਾਰਤੀ ਸਮਾਜ ਨੂੰ ਵਧੇਰੇ ਸੱਭਿਅਕ, ਸ਼ਾਲੀਨ ਅਤੇ ਧਾਰਮਿਕ ਨੈਤਿਕ ਮਰਿਯਾਦਾਵਾਂ ਦਾ ਪਾਬੰਦ ਬਣਾਉਣ ਲਈ ਬਹੁ-ਪਰਤੀ ਤੇ ਬਹੁ-ਪੱਖੀ ਯਤਨਾਂ ਦੀ ਲੋੜ ਹੈ। ਇਨ੍ਹਾਂ ਯਤਨਾਂ ਵਿਚ ਸਰਕਾਰ, ਪ੍ਰਸ਼ਾਸਨ, ਸਮਾਜ, ਧਾਰਮਿਕ ਸਰਬਰਾਹ, ਸਿਆਸਤਦਾਨ ਅਤੇ ਸਿੱਖਿਆ-ਤੰਤਰ ਦੀ ਭਰਵੀਂ ਸ਼ਮੂਲੀਅਤ ਬਣਾਉਣੀ ਲਾਜ਼ਮੀ ਹੈ। ਨਾਬਾਲਗ ਉਮਰ ਦੇ ਬੱਚਿਆਂ ਦੀ ਜਬਰ-ਜਨਾਹ ਦੇ ਮਾਮਲਿਆਂ ‘ਚ ਵੱਧ ਰਹੀ ਸ਼ਮੂਲੀਅਤ ਅਤੇ ਨੰਨ੍ਹੀ ਉਮਰ ਦੀਆਂ ਬਾਲੜੀਆਂ ਦਾ ਜਬਰ-ਜਨਾਹ ਦਾ ਸ਼ਿਕਾਰ ਹੋਣਾ ਇਹ ਦਰਸਾਉਂਦਾ ਹੈ ਕਿ ਭਾਰਤੀ ਸਮਾਜ ‘ਚ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਕਰਨ ਵਾਲੇ ਦੋ ਅਹਿਮ ਅੰਗ; ਮਾਪੇ ਅਤੇ ਅਧਿਆਪਕ ਆਪਣੀ ਜ਼ਿੰਮੇਵਾਰੀ ‘ਚ ਕੁਤਾਹੀ ਕਰ ਰਹੇ ਹਨ। ਬੱਚਿਆਂ ‘ਚ ਵੱਧ ਰਹੀ ਕਾਮ ਉਤੇਜਨਾ ਅਤੇ ਮਰਦ ਪ੍ਰਧਾਨ ਮਾਨਸਿਕਤਾ ਦੀਆਂ ਜੜ੍ਹਾਂ ਫ਼ੈਲਾਉਣ ‘ਚ ਭਾਰਤੀ ਸੱਭਿਆਚਾਰ ਦਾ ਬਦਲ ਰਿਹਾ ਮੁਹਾਂਦਰਾ ਵੀ ਦੋਸ਼ੀ ਹੈ। ਸੱਭਿਆਚਾਰ ਦੇ ਨਾਂਅ ‘ਤੇ ਗਾਇਕਾਂ, ਫ਼ਿਲਮਕਾਰਾਂ ਵਲੋਂ ਰਿਸ਼ਤੇ-ਨਾਤੇ, ਭਾਵਨਾਤਮਕ ਸਬੰਧਾਂ ਅਤੇ ਸਮਾਜ ਦੇ ਰੂਹਾਨੀ ਪੱਖਾਂ ਨੂੰ ਖ਼ਤਮ ਕਰਨ ‘ਚ ਵੱਡੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਭਾਰਤ ‘ਚ ਔਰਤਾਂ ਨਾਲ ਜਬਰ-ਜਨਾਹ ਦੇ ਮਾਮਲਿਆਂ ‘ਚੋਂ ਵੱਡੀ ਗਿਣਤੀ ‘ਚ ਦੋਸ਼ੀ ਗੁਆਂਢੀ ਜਾਂ ਨਜ਼ਦੀਕੀ ਹੁੰਦੇ ਹਨ। ਇਹ ਗੱਲ ਸਾਬਤ ਕਰਦੀ ਹੈ ਕਿ ਰਿਸ਼ਤੇ-ਨਾਤੇ ਅਤੇ ਭਾਵਨਾਤਮਕ ਸਬੰਧ ਉਭਰ ਰਹੀ ਭਾਰਤੀ ਮਾਨਸਿਕਤਾ ‘ਚੋਂ ਤੇਜ਼ੀ ਨਾਲ ਮਨਫ਼ੀ ਹੋ ਰਹੇ ਹਨ। ਸਰਕਾਰ ਨੂੰ ਆਪਣੇ ਪ੍ਰਸ਼ਾਸਨ ਨੂੰ ਵਧੇਰੇ ਚੁਸਤ-ਚੌਕਸ ਕਰਨਾ ਵੀ ਜ਼ਰੂਰੀ ਹੈ ਅਤੇ ‘ਕਮਿਊਨਿਟੀ-ਪੁਲਿਸਿੰਗ’ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਸਮਾਜ ਦੇ ਸਾਰੇ ਵਰਗਾਂ ਨੂੰ ਹੀ ਮਿਲ ਕੇ ਔਰਤਾਂ ਖਿਲਾਫ਼ ਵੱਧ ਰਹੇ ਜੁਰਮਾਂ ਨੂੰ ਠੱਲ੍ਹ ਪਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ।

Check Also

ਮੋਦੀ ਸਰਕਾਰ ਦਾ ਪੰਜਾਬ ਦੇ ਖੇਤੀ ਅੰਦੋਲਨ ਨੂੰ ਲੈ ਕੇ ਅੱਖੜ ਵਤੀਰਾ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਲਗਪਗ ਪਿਛਲੇ ਡੇਢ ਮਹੀਨੇ ਤੋਂ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਦੇ …