4.3 C
Toronto
Friday, November 7, 2025
spot_img
Homeਸੰਪਾਦਕੀਸ਼ਾਂਤੀ ਹਮੇਸ਼ਾ ਸਵਾਗਤਯੋਗ

ਸ਼ਾਂਤੀ ਹਮੇਸ਼ਾ ਸਵਾਗਤਯੋਗ

ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ ਬੰਧਕਾਂ ਅਤੇ ਫ਼ਲਸਤੀਨੀ ਕੈਦੀਆਂ ਦਾ ਵਟਾਂਦਰਾ ਹੋਇਆ ਹੈ। ਅਮਰੀਕਾ, ਬਰਤਾਨੀਆ, ਇਜ਼ਰਾਈਲ, ਮਿਸਰ, ਲਿਬਨਾਨ, ਯਮਨ, ਇਰਾਨ, ਕਤਰ, ਸੀਰੀਆ ਅਤੇ ਹੋਰ ਕੁਝ ਦੇਸ਼ ਵੀ ਇਸ ਵਿਚ ਸ਼ਾਮਲ ਹੋ ਗਏ ਸਨ ਜਿਨ੍ਹਾਂ ਬਾਰੇ ਸ਼ਾਇਦ ਮੈਂ ਭੁੱਲ ਗਿਆ ਹਾਂ।
ਸ਼ਾਂਤੀ ਹਮੇਸ਼ਾ ਸਵਾਗਤਯੋਗ ਹੁੰਦੀ ਹੈ ਪਰ ਵਡੇਰਾ ਸਵਾਲ ਇਹ ਹੈ ਕਿ ਕੀ ਇਹ ਲੰਮਾ ਸਮਾਂ ਬਣੀ ਰਹੇਗੀ? ਇਜ਼ਰਾਈਲ ਜਿਸ ਨੂੰ ਅਮਰੀਕਾ ਵਲੋਂ ਮਦਦ ਦਿੱਤੀ ਜਾਂਦੀ ਹੈ, ਨੇ ਸਾਫ਼ ਤੌਰ ‘ਤੇ ਟਕਰਾਅ ਵਿਚ ਆਪਣਾ ਦਬਦਬਾ ਦਰਸਾ ਦਿੱਤਾ ਹੈ। ਇਸ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਇਜ਼ਰਾਈਲ ਵਿਚ ਕੱਟੜਪੰਥੀ ਵਿਚਾਰਧਾਰਾ ਫ਼ਲਸਤੀਨੀ ਰਾਜ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੀ ਅਤੇ ਇਹ ਨੀਤੀ ਹੁਣ ਭਾਰੂ ਪੈ ਰਹੀ ਹੈ। ਗਾਜ਼ਾ ਵਿਚ ਕੀਤੀ ਗਈ ਕਾਰਪੈੱਟ ਬੰਬਾਰੀ, ਪੱਛਮੀ ਕੰਢੇ ‘ਤੇ ਵਸਣ ਵਾਲਿਆਂ ਨੂੰ ਦਿੱਤੀ ਜਾਂਦੀ ਇਮਦਾਦ ਅਤੇ ਹਰ ਤਰ੍ਹਾਂ ਦੇ ਵਿਰੋਧ ਪ੍ਰਤੀ ਵਰਤੀ ਜਾ ਰਹੀ ਸਖ਼ਤੀ ਤੋਂ ਇਹ ਦੇਖਿਆ ਜਾ ਸਕਦਾ ਹੈ। ਕੀ ਇਸ ਨਾਲ ਫ਼ਲਸਤੀਨੀ ਰਾਜ ਅਤੇ ਦੋ ਮੁਲਕੀ ਫਾਰਮੂਲੇ ਦੀ ਮੰਗ ਦਾ ਅੰਤ ਹੋ ਜਾਵੇਗਾ… ਸ਼ਾਇਦ ਨਹੀਂ।
ਆਖਰਕਾਰ ਇਹ ਤਿੰਨ ਪ੍ਰਾਚੀਨ ਭਾਈਚਾਰਿਆਂ ਅਤੇ ਧਰਮਾਂ ਦਰਮਿਆਨ ਇਕ ਫਿਰਕੂ ਟਕਰਾਅ ਹੈ। ਯੋਰੋਸ਼ਲਮ ਜਿੱਥੋਂ ਈਸਾਈ, ਇਸਲਾਮ ਅਤੇ ਯਹੂਦੀ ਧਰਮਾਂ ਦਾ ਜਨਮ ਹੋਇਆ ਸੀ, ਨੂੰ ਲੈ ਕੇ ਸਦੀਆਂ ਤੋਂ ਲੜਾਈਆਂ ਹੁੰਦੀਆਂ ਰਹੀਆਂ ਹਨ ਤੇ ਇਹ ਕਹਿਣਾ ਕਿ ਇਹ ਸਭ ਕੁਝ ਹੁਣ ਖਤਮ ਹੋ ਗਿਆ ਹੈ, ਮਾਮਲੇ ਨੂੰ ਥੋੜ੍ਹਾ ਜ਼ਿਆਦਾ ਹੀ ਸਧਾਰਨ ਬਣਾਉਣ ਵਰਗਾ ਹੋ ਜਾਂਦਾ ਹੈ। ਮੱਧ ਪੂਰਬ ਵਿਚ ਤੇਲ ਦੇ ਭੰਡਾਰਾਂ ਉਪਰ ਕੰਟਰੋਲ ਦੀ ਲਲਕ ਮਹਾਸ਼ਕਤੀਆਂ ਦੇ ਇਸ ਵਿਚ ਸ਼ਾਮਲ ਹੋਣ ਦਾ ਵੱਡਾ ਕਾਰਨ ਸੀ। ਹਮਾਸ ਦੇ ਹਥਿਆਰ ਸੌਂਪਣ ਅਤੇ ਯੂਕੇ ਸਮੇਤ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਲੋਂ ਫ਼ਲਸਤੀਨ ਰਾਜ ਨੂੰ ਮਾਨਤਾ ਦੇਣ ਦੇ ਮੱਦੇਨਜ਼ਰ ਫ਼ਲਸਤੀਨ ਸਮੱਸਿਆ ਦੇ ਹੱਲ ਦੀਆਂ ਮੰਗਾਂ ਬਾਬਤ ਬਹੁਤ ਸਾਰਾ ਕੰਮ ਪਿਆ ਹੈ।
ਕੀ ਇਸ ਟਕਰਾਅ ਵਿਚ ਸਾਡੀ ਸਥਿਤੀ ਕਰਕੇ ਸ਼ਾਇਦ ਮੱਧ ਪੂਰਬ ਦੇ ਦੇਸ਼ਾਂ ਨਾਲ ਸਬੰਧਾਂ ਵਿਚ ਨਰਮੀ ਆਈ ਹੈ, ਜਿਨ੍ਹਾਂ ਨਾਲ ਅਤੀਤ ਵਿਚ ਸਾਡੇ ਨਿੱਘੇ ਸਬੰਧ ਰਹੇ ਸਨ? ਪਾਕਿਤਸਾਨ ਅਤੇ ਸਾਊਦੀ ਅਰਬ ਵਿਚਕਾਰ ਹਾਲੀਆ ਰੱਖਿਆ ਸਮਝੌਤਾ ਇਸ ਗੱਲ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ ਅਮਰੀਕਾ ਅਤੇ ਪਾਕਿਸਤਾਨ ਵਿਚ ਹਾਲ ਹੀ ਵਿਚ ਦੇਖਣ ਨੂੰ ਮਿਲੀ ਕਰੀਬੀ ਸਾਂਝ ਸਾਡੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਮਰੀਕਾ ਨੂੰ ਇਰਾਨ, ਅਫ਼ਗਾਨਿਸਤਾਨ ਅਤੇ ਚੀਨ ਦੇ ਨਾਲ ਲਗਦੇ ਇਕ ਰਣਨੀਤਕ ਭਿਆਲ ਦੀ ਲੋੜ ਹੈ…ਪਾਕਿਸਤਾਨ ਦੀਆਂ ਸਰਹੱਦਾਂ ਇਨ੍ਹਾਂ ਤਿੰਨਾਂ ਨਾਲ ਮਿਲਦੀਆਂ ਹਨ। ਇਹੀ ਨਹੀਂ ਸਗੋਂ ਇਹ ਖੁਫ਼ੀਆ ਸੂਚਨਾ ਅਤੇ ਸਾਜ਼ੋ ਸਾਮਾਨ ਵੀ ਮੁਹੱਈਆ ਕਰਾਉਣ ਵਿਚ ਸਮੱਰਥ ਹੈ।
ਹਰੇਕ ਧਿਰ ਨਾਲ ਮਿਲ ਕੇ ਖੇਡਣ ਦੀ ਪਾਕਿਸਤਾਨ ਦੀ ਇੱਛਾ ਦੇ ਅਫ਼ਗਾਨਿਸਤਾਨ ਨਾਲ ਲੱਗਦੀ ਇਸ ਦੀ ਉੱਤਰੀ ਸਰਹੱਦ ਉਪਰ ਝੜਪਾਂ ਤੇ ਜਾਨੀ ਨੁਕਸਾਨ ਦੇ ਰੂਪ ਵਿਚ ਸਿੱਟੇ ਵੀ ਸਾਹਮਣੇ ਆ ਰਹੇ ਹਨ। ਚੀਨ ਅਤੇ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਉਹ ਕਿਵੇਂ ਸੰਤੁਲਿਤ ਕਰਨਗੇ, ਇਹ ਕੂਟਨੀਤਕ ਤੌਰ ‘ਤੇ ‘ਰੀਮੈਨ ਹਾਇਪੋਥੀਸਿਸ’ ਨੂੰ ਹੱਲ ਕਰਨ ਦੇ ਸਮਾਨ ਹੋਵੇਗਾ।
ਸਾਡੀ ਸੁਰੱਖਿਆ ਲਈ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਪਾਕਿਸਤਾਨ ਨੂੰ ਰਿਝਾਉਣ ਲਈ ਅਮਰੀਕਾ ਅਤੇ ਚੀਨ ਉਸ ਦੀ ਕਸ਼ਮੀਰ ਦੀ ਖਾਹਿਸ਼ ਨੂੰ ਪੂਰਾ ਕਰਨਗੇ? ਕੀ ਖੇਤਰ ਵਿਚ ਸੰਘਰਸ਼ ਵੱਡੀਆਂ ਸ਼ਕਤੀਆਂ ਨੂੰ ਰਾਸ ਆਵੇਗਾ? ਕਈ ਦਹਾਕਿਆਂ ਤੋਂ ਸਾਡੇ ਕੋਲ ਇਕ ਅਜਿਹੀ ਸਰਗਰਮ ਅਸਲ ਕੰਟਰੋਲ ਰੇਖਾ ਰਹੀ ਹੈ ਜਿਸ ਉਪਰ ਮੁਕੰਮਲ ਯੁੱਧ ਤੋਂ ਲੈ ਕੇ ਭਾਰੀ ਬੰਬਾਰੀ ਅਤੇ ਸੀਮਤ ਝੜਪਾਂ ਤੱਕ ਵੱਖੋ-ਵੱਖਰੇ ਪੱਧਰ ਦੇ ਸੰਘਰਸ਼ ਹੁੰਦੇ ਰਹੇ ਹਨ। ਹਾਲੀਆ ਸੰਘਰਸ਼ ਵਿਚ ਦੋਵਾਂ ਪਾਸਿਆਂ ਤੋਂ ਪਹਿਲਾਂ ਨਾਲੋਂ ਇਕ-ਦੂਜੇ ਦਾ ਜ਼ਿਆਦਾ ਨੁਕਸਾਨ ਕਰਨ ਦੀ ਸਮਰੱਥਾ ਦਾ ਮੁਜ਼ਾਹਰਾ ਕੀਤਾ ਗਿਆ ਹੈ। ਡਰੋਨ ਅਤੇ ਸੈਟੇਲਾਈਟਾਂ ਦੀ ਮਦਦ ਨਾਲ ਆਧੁਨਿਕ ਹਵਾਈ ਸ਼ਕਤੀ ਦੀ ਵਰਤੋਂ ਸਪੱਸ਼ਟ ਰੂਪ ਵਿਚ ਰੇਂਜ ਅਤੇ ਕਾਬਲੀਅਤ, ਦੋਵਾਂ ਪੱਖਾਂ ਤੋਂ ਵਾਧੇ ਨੂੰ ਦਰਸਾਉਂਦੀ ਹੈ। ਕੀ ਅਸੀਂ ਉਹ ਸਮਰੱਥਾ ਦਰਸਾਉਣ ਵਿਚ ਕਾਮਯਾਬ ਰਹੇ ਹਾਂ ਜੋ ਦੁਸ਼ਮਣ ਨੂੰ ਮਾਤ ਦੇ ਸਕੇ?
ਪਿਛਲੀ ਝੜਪ ਤੋਂ ਬਾਅਦ ਬਿਆਨਬਾਜ਼ੀ ਵਿਚ ਤੇਜ਼ੀ ਆ ਗਈ ਹੈ ਅਤੇ ਯੁੱਧ ਦੇ ਨਗਾਰੇ ਸੁਣਾਈ ਦੇ ਰਹੇ ਹਨ। ਸਭ ਤੋਂ ਪਹਿਲਾਂ, ਇਸ ਝੜਪ ਦੇ ਸਿੱਟੇ ਦੀ ਧਾਰਨਾ ਦੋਵਾਂ ਪੱਖਾਂ ਵਿਚ ਬਹੁਤ ਵੱਖੋ-ਵੱਖਰੀ ਹੈ। ਦੂਜੀ ਗੱਲ ਇਹ ਹੈ ਕਿ ਧਮਕੀਆਂ ਤੇ ਜਵਾਬੀ ਧਮਕੀਆਂ ਅੱਜ ਕੱਲ੍ਹ ਦਾ ਦਸਤੂਰ ਬਣ ਗਿਆ ਹੈ- ਨਾ ਕੇਵਲ ਸਿਆਸਤਦਾਨ ਸਗੋਂ ਰੱਖਿਆ ਅਧਿਕਾਰੀ ਵੀ ਇਸ ਖੇਡ ਦਾ ਹਿੱਸਾ ਬਣ ਗਏ ਹਨ। ਹਥਿਆਰਬੰਦ ਬਲ ਹੁਣ ਮੂਕ ਹਿੱਸੇਦਾਰ ਨਹੀਂ ਰਹਿ ਗਏ; ਹੁਣ ਉਹ ਵੰਗਾਰਾਂ ਤੇ ਧਮਕੀਆਂ ਦਿੰਦੇ ਹਨ।
ਹਰ ਰੋਜ਼ ਕਿਸੇ ਜਰਨੈਲ ਜਾਂ ਫੀਲਡ ਮਾਰਸ਼ਲ ਦੀ ਤਰੱਕੀ ਹੁੰਦੀ ਹੈ। ਅਸੀਂ ਕਹਿੰਦੇ ਹਾਂ ਕਿ ਅਪਰੇਸ਼ਨ ਸਿੰਧੂਰ ਜਾਰੀ ਹੈ, ਉਹ ਉਸੇ ਭਾਸ਼ਾ ਵਿਚ ਜਵਾਬ ਦਿੰਦੇ ਹਨ। ਇਕ ਦੂਜੇ ਦੇ ਇਤਿਹਾਸ ਅਤੇ ਭੂਗੋਲ ਨੂੰ ਦਫ਼ਨਾਉਣ ਦੀਆਂ ਧਮਕੀਆਂ ਇਕ ਨਵੀਂ ਗੱਲ ਹੈ। ਫਿਰ ਦੁਨੀਆ ਭਰ ਦੀਆਂ ਰਾਜਧਾਨੀਆਂ ਵਿਚ ਦੋਵਾਂ ਧਿਰਾਂ ਵਲੋਂ ਲਾਬਿੰਗ ਕੀਤੀ ਜਾਂਦੀ ਹੈ, ਹੋਰ ਜ ਿਹਥਿਆਰ, ਹੋਰ ਸੰਧੀਆਂ … ਅਸੀਂ ਵਾਸ਼ਿੰਗਟਨ, ਪੇਈਚਿੰਗ, ਮਾਸਕੋ, ਲੰਡਨ ਆਦਿ ਵਿਚ ਬੈਠੇ ਲੋਕਾਂ ਵੱਲ ਦੇਖਦੇ ਹਾਂ। ਲਾਬਿੰਗ ਲਈ ਅਸੀਂ ਜਿੰਨੇ ਜ਼ਿਆਦਾ ਹੱਥ ਪੈਰ ਮਾਰ ਰਹੇ ਹਾਂ, ਸਾਡੇ ਇਸ ਵਡੇਰੀ ਖੇਡ ਵਿਚ ਧਸਦੇ ਚਲੇ ਜਾਣ ਅਤੇ ਸਾਨੂੰ ਪਿਆਦੇ ਦੀ ਤਰ੍ਹਾਂ ਵਰਤੇ ਜਾਣ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ। ਰੂਸ-ਯੂਕਰੇਨ ਸੰਘਰਸ਼ ਅਜੇ ਚੱਲ ਰਿਹਾ ਹੈ; ਨਾਟੋ ਅਤੇ ਅਮਰੀਕਾ ਇਸ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਚੀਨ ਅਕਸਰ ਸ਼ਾਇਦ ਕਦੇ ਜ਼ਿਆਦਾ ਚੁੱਪ-ਚਾਪ ਅਤੇ ਕਦੇ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਜਦਕਿ ਸਾਡੇ ਉਪਰ ਮਹਿਜ਼ ਰੂਸੀ ਤੇਲ ਖਰੀਦਣ ਕਰਕੇ ਹੀ ਦੰਡਕਾਰੀ ਟੈਰਿਫ਼ ਲਾਇਆ ਜਾਂਦਾ ਹੈ; ਇਹ ਉਹੀ ਤੇਲ ਤੇ ਗੈਸ ਹੈ ਜੋ ਨਾਟੋ ਦੇਸ਼ ਖੁਦ ਖਰੀਦਦੇ ਹਨ। ਤਾਂ ਫਿਰ ਅਸੀਂ ਕਿਹੜਾ ਪੈਂਤੜਾ ਲਈਏ? ਆਓ, ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿੱਧਰ ਜਾ ਰਹੇ ਹਾਂ।
– ਗੁਰਬਚਨ ਜਗਤ

RELATED ARTICLES
POPULAR POSTS