Breaking News
Home / ਸੰਪਾਦਕੀ / ਜ਼ਿੰਦਗੀ ਪ੍ਰਤੀ ਏਨੀ ਉਦਾਸੀਨਤਾ ਕਿਉਂ?

ਜ਼ਿੰਦਗੀ ਪ੍ਰਤੀ ਏਨੀ ਉਦਾਸੀਨਤਾ ਕਿਉਂ?

ਮਾਇਕ ਤੋਟਾਂ ਦੀ ਮਾਰੀ ਮਨੁੱਖਤਾ ਵਿਚ ਮਾਨਸਿਕ ਅਸੰਤੋਸ਼ ਅਤੇ ਜ਼ਿੰਦਗੀ ਪ੍ਰਤੀ ਮਾਯੂਸੀ ਇੰਨੀ ਪ੍ਰਬਲ ਹੁੰਦੀ ਜਾ ਰਹੀ ਹੈ ਕਿ ਆਤਮ-ਹੱਤਿਆਵਾਂ ਕਰਕੇ ਜੀਵਨ ਨੂੰ ਸਮਾਪਤ ਕਰਨ ਦਾ ਗਰਾਫ਼ ਦਿਨੋਂ ਦਿਨ ਵੱਧ ਰਿਹਾ ਹੈ। ਹਾਲਾਂਕਿ ਪੂਰੀ ਦੁਨੀਆ ਵਿਚ ਇਹ ਵਰਤਾਰਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ, ਪਰ ਜ਼ਿੰਦਗੀ ਪ੍ਰਤੀ ਬੇਵਫ਼ਾਈ ਦਾ ਜਿਹੜਾ ਆਲਮ ਇਸ ਵੇਲੇ ਪੰਜਾਬ ‘ਚ ਮੌਤ ਦਾ ਤਾਂਡਵ ਮਚਾ ਰਿਹਾ ਹੈ, ਉਹ ਸੱਚਮੁੱਚ ਮਨੁੱਖੀ ਸੰਵੇਦਨਾਵਾਂ ਨੂੰ ਬੁਰੀ ਤਰ੍ਹਾਂ ਹਲੂਣ ਦੇਣ ਵਾਲਾ ਹੈ, ਕਿਉਂਕਿ ਪੰਜਾਬ ਦਾ ਫ਼ਲਸਫ਼ਾ ਹਮੇਸ਼ਾ ਮੁਸੀਬਤਾਂ ਨਾਲ ਜੂਝਣ ਦੀ ਪ੍ਰੇਰਨਾ ਦਾ ਸਰੋਤ ਰਿਹਾ ਹੈ। ਉਸੇ ਧਰਤੀ ਤੋਂ ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਭੱਜ ਕੇ ਆਤਮਘਾਤੀ ਬਣਨ ਦਾ ਵੱਧ ਰਿਹਾ ਰੁਝਾਨ ਪੰਜਾਬ ਦੀ ਵਿਰਾਸਤ ਤੇ ਪੰਜਾਬ ਦੀ ਵਿਚਾਰਧਾਰਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਪਿਛਲੇ ਦਿਨੀਂ ਪੰਜਾਬ ਦੇ ਇਕ ਕਿਸਾਨ ਵਲੋਂ ਆਪਣੇ ਪੰਜ ਸਾਲਾ ਪੁੱਤਰ ਨੂੰ ਆਪਣੀ ਛਾਤੀ ਨਾਲ ਬੰਨ੍ਹ ਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਮਰਨ ਤੋਂ ਪਹਿਲਾਂ ਕਿਸਾਨ ਨੇ ਇਕ ਚਿੱਠੀ ਵਿਚ ਇਹ ਲਿਖ ਛੱਡਿਆ ਕਿ, ਮੇਰੇ ਸਿਰ ‘ਤੇ 10 ਲੱਖ ਰੁਪਏ ਦਾ ਕਰਜ਼ਾ ਹੈ ਜੋ ਮੈਂ ਉਤਾਰ ਨਹੀਂ ਸਕਦਾ ਅਤੇ ਇਹ ਕਰਜ਼ਾ ਆਪਣੇ ਪੁੱਤਰ ‘ਤੇ ਛੱਡ ਕੇ ਨਹੀਂ ਜਾਣਾ ਚਾਹੁੰਦਾ, ਇਸ ਕਰਕੇ ਉਸ ਨੂੰ ਲੈ ਕੇ ਖੁਦਕੁਸ਼ੀ ਕਰ ਰਿਹਾ ਹਾਂ। ਇਸੇ ਤਰ੍ਹਾਂ ਕਪੂਰਥਲਾ ਵਿਚ ਆਪਣੇ ਪਰਿਵਾਰ ਦੀ ਗਰੀਬੀ ਤੋਂ ਸਤਾਏ ਇਕ ਨੌਜਵਾਨਾਂ ਨੇ ਆਪਣੇ ਚਾਰ ਭੈਣ-ਭਰਾਵਾਂ ਨੂੰ ਖਾਣੇ ਵਿਚ ਜ਼ਹਿਰ ਖੁਆ ਕੇ ਮਾਰਨ ਤੋਂ ਬਾਅਦ ਖੁਦ ਵੀ ਆਤਮ-ਹੱਤਿਆ ਕਰ ਲਈ।  ਨਿਰਸੰਦੇਹ ਇਹ ਦੁਖਦ ਘਟਨਾਵਾਂ ਸਾਡੇ ਸਮਿਆਂ ਦੇ ਆਰਥਿਕ, ਰਾਜਨੀਤਕ ਤੇ ਸਮਾਜਿਕ ਸੰਕਟ ਦੀ ਸਭ ਤੋਂ ਸਿਖਰਲੀ ਦੁਖਦਾਇਕ ਸੱਚਾਈ ਨੂੰ ਬਿਆਨ ਕਰਦੀਆਂ ਹਨ। ਉਂਜ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਪੰਜਾਬ ਵਿਚ ਦੋ-ਚਾਰ ਕਿਸਾਨਾਂ ਵਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ-ਹੱਤਿਆ ਨਾ ਕੀਤੀ ਗਈ ਹੋਵੇ। ਖੇਤੀ ਸੰਕਟ ਕਾਰਨ ਭਾਰਤ ‘ਚ ਹੋਣ ਵਾਲੀਆਂ ਕੁੱਲ ਆਤਮ-ਹੱਤਿਆਵਾਂ ਵਿਚੋਂ ਮਹਾਰਾਸ਼ਟਰ ਤੋਂ ਬਾਅਦ ਦੂਜੇ ਨੰਬਰ ‘ਤੇ ਪੰਜਾਬ ਦਾ ਨਾਂਅ ਆਉਂਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕੁਝ ਸਮਾਂ ਉਡੀਕ ਕਰ ਲੈਣ, ਉਹ ਕਿਸਾਨਾਂ ਦਾ ਪਿਛਲਾ ਸਾਰਾ ਕਰਜ਼ਾ ਵੀ ਮੁਆਫ਼ ਕਰ ਦੇਣਗੇ ਅਤੇ ਅੱਗੇ ਤੋਂ ਅਜਿਹਾ ਪ੍ਰਬੰਧ ਕਰਨਗੇ, ਜਿਸ ਨਾਲ ਕਿਸੇ ਕਿਸਾਨ ਨੂੰ ਵੀ ਆਤਮ-ਹੱਤਿਆ ਨਹੀਂ ਕਰਨੀ ਪਵੇਗੀ। ਬੇਸ਼ੱਕ ਅੰਸ਼ਕ ਰੂਪ ਵਿਚ ਕੈਪਟਨ ਸਰਕਾਰ ਨੇ ਕਿਸਾਨੀ ਕਰਜ਼ਿਆਂ ‘ਤੇ ਬਾ-ਸ਼ਰਤ ਲੀਕ ਮਾਰਨ ਦਾ ਰਾਹ ਖੋਲ੍ਹਿਆ ਹੈ ਪਰ ਇਸ ਦੇ ਬਾਵਜੂਦ ਕੈਪਟਨ ਸਰਕਾਰ ਦੇ 100 ਦਿਨਾਂ ਕਾਰਜਕਾਲ ਦੌਰਾਨ ਵੀ ਪੰਜਾਬ ‘ਚ ਕਿਸਾਨੀ ਖੁਦਕੁਸ਼ੀਆਂ ਦਾ ਵਰਤਾਰਾ ਜਿਉਂ ਦਾ ਤਿਉਂ ਜਾਰੀ ਹੈ।  ਪੰਜਾਬ ਦੀ ਕਿਸੇ ਦਿਨ ਦੀ ਅਖ਼ਬਾਰ ਪੜ੍ਹ ਲਵੋ, ਕਿਤੇ ਕਰਜ਼ਾਈ ਕਿਸਾਨ ਵਲੋਂ ਆਤਮ-ਹੱਤਿਆ, ਕਿਤੇ ਇਸ਼ਕ ਮਿਜਾਜ਼ੀ ‘ਚ ਨਿਰਾਸ਼ਾ ਮਿਲਣ ਤੋਂ ਕਿਸੇ ਗੱਭਰੂ ਜਾਂ ਮੁਟਿਆਰ ਵਲੋਂ ਆਤਮ-ਹੱਤਿਆ, ਕਿਤੇ ਕਿਸੇ ਲਾਚਾਰ ਵਿਅਕਤੀ ਵਲੋਂ ਵਿਤਕਰੇ-ਭਰਪੂਰ ਰਾਜ ਪ੍ਰਬੰਧ ਕੋਲੋਂ ਇਨਸਾਫ਼ ਨਾ ਮਿਲਣ ਤੋਂ ਤੰਗ ਆ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ। ਬੇਸ਼ੱਕ ਇਹ ਸਾਰੀਆਂ ਘਟਨਾਵਾਂ ਅਤੇ ਇਨ੍ਹਾਂ ਨਾਲ ਜੁੜੇ ਵਰਤਾਰੇ ਸਾਡੇ ਪੰਜਾਬ ਦੇ ਰਾਜ ਪ੍ਰਬੰਧਾਂ ਅਤੇ ਨਿਆਂ-ਵਿਵਸਥਾ ਦੇ ਫ਼ਰਜ਼ਾਂ ਅਤੇ ਇਖਲਾਕ ‘ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ, ਪਰ ਇਸ ਦੇ ਨਾਲ ਇਕ ਹੋਰ ਅਤਿ-ਸੰਵੇਦਨਸ਼ੀਲ ਪਹਿਲੂ ਸਾਹਮਣੇ ਆਉਂਦਾ ਹੈ, ਉਹ ਹੈ ਜੀਵਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਜਾਂ ਭੌਂਤਿਕ ਤੋਟਾਂ ਦੇ ਮਾਰੇ ਮਨੁੱਖ ਵਿਚ ਜ਼ਿੰਦਗੀ ਪ੍ਰਤੀ ਵੱਧ ਰਹੀ ਉਦਾਸੀਨਤਾ। ਧਾਰਮਿਕ ਫ਼ਲਸਫ਼ੇ ਮਨੁੱਖੀ ਜੀਵਨ ਨੂੰ ਕੁਦਰਤ ਵਲੋਂ ਸਾਜੀ ਇਸ ਸ੍ਰਿਸ਼ਟੀ ਦੀ ਸਭ ਤੋਂ ਉੱਤਮ ਕ੍ਰਿਤ ਮੰਨਦੇ ਹਨ। ਸਾਡੇ ਧਾਰਮਿਕ ਅਕੀਦਿਆਂ ਅਨੁਸਾਰ ਸ੍ਰਿਸ਼ਟੀ ‘ਤੇ 84 ਲੱਖ ਜੂਨਾਂ ਹਨ ਅਤੇ ਇਨ੍ਹਾਂ ਸਾਰੀਆਂ ਜੂਨਾਂ ਨੂੰ ਭੋਗਣ ਤੋਂ ਬਾਅਦ ਮਨੁੱਖਾ ਦੇਹੀ ਮਿਲਦੀ ਹੈ। ਬਾਬਾ ਨਾਨਕ ਦੀ ਫ਼ਿਲਾਸਫ਼ੀ ਵਾਰ-ਵਾਰ ਮਨੁੱਖਾ ਜੀਵਨ ਨੂੰ ਹੀਰੇ-ਮੋਤੀਆਂ ਤੋਂ ਵੀ ਅਨਮੋਲ ਦੱਸਦਿਆਂ ਮਨੁੱਖ ਨੂੰ ਇਸ ਦੇਹੀ ਦੀ ਕਦਰ ਕਰਨ ਦੀ ਨਸੀਹਤ ਦਿੰਦੀ ਹੈ। ਦੁਨੀਆ ਦੇ ਅਮੀਰ ਤੇ ਮੌਲਿਕ ਫ਼ਲਸਫ਼ੇ ਮਨੁੱਖ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਸਾਹਸ ਭਰਿਆ ਟਾਕਰਾ ਕਰਨ ਦੀ ਹੀ ਨੇਕ ਸਲਾਹ ਦਿੰਦੇ ਹਨ। ਪਰ ਅੱਜ ਜ਼ਿੰਦਗੀ ਦੀਆਂ ਲੋੜਾਂ, ਸਮੱਸਿਆਵਾਂ ਅੱਗੇ ਮਨੁੱਖ ਨੇ ਇਸ ਅਨਮੋਲ ਮਨੁੱਖਾ ਜੀਵਨ ਨੂੰ ਬੌਣਾ ਜਿਹਾ ਅਤੇ ਸਭ ਤੋਂ ਸਸਤਾ ਬਣਾ ਕੇ ਰੱਖ ਦਿੱਤਾ ਹੈ। ਇਕ ਅਨੁਮਾਨ ਅਨੁਸਾਰ ਹਰ ਸਾਲ ਦੁਨੀਆ ਭਰ ਵਿਚ ਘੱਟੋ-ਘੱਟ 10 ਲੱਖ ਲੋਕ ਆਤਮ-ਹੱਤਿਆ ਕਰਦੇ ਹਨ, ਜਿਸ ਦਾ ਦਸਵਾਂ ਹਿੱਸਾ ਸਿਰਫ਼ ਭਾਰਤੀ ਲੋਕ ਹਨ। ਭਾਰਤ ਵਿਚ ਹਰ ਇਕ ਘੰਟੇ ਵਿਚ 15 ਲੋਕ ਆਤਮ-ਹੱਤਿਆ ਕਰ ਰਹੇ ਹਨ।  ਅਜੋਕੇ ਵਿਕਾਸ ਦਾ ਸਰਮਾਏਦਾਰੀ ਆਧਾਰਿਤ ਨਮੂਨੇ ਨੇ ਮਨੁੱਖ ਦੇ ਅੰਦਰ ਇਹ ਗੱਲ ਪੱਕੀ ਤਰ੍ਹਾਂ ਵਸਾ ਦਿੱਤੀ ਹੈ ਕਿ ਭੌਂਤਿਕ ਸੁੱਖ ਹੀ ਉਸ ਦੀ ਜ਼ਿੰਦਗੀ ਦਾ ਅਸਲ ਸੁੱਖ ਹਨ। ਇਹ ਵਿਵਸਥਾ ਮਨੁੱਖ ਨੂੰ ਕਿਸੇ ਵੀ ਚੀਜ਼ ਦਾ ਅਨੰਦ ਮਾਨਣ ਤੋਂ ਪਹਿਲਾਂ ਉਸ ਦਾ ਮਾਲਕ ਬਣਨ ਲਈ ਉਤੇਜਿਤ ਕਰਦੀ ਹੈ। ਇਸ ਕਾਰਨ ਹਰ ਮਨੁੱਖ ਵਿਚ ਵੱਧ ਤੋਂ ਵੱਧ ਪਦਾਰਥਾਂ ਦਾ ਮਾਲਕ ਬਣਨ ਦੀ ਹੋੜ ਲੱਗੀ ਹੋਈ ਹੈ। ਇਹ ਵਿਵਸਥਾ ਮਨੁੱਖ ਦੇ ਅੰਦਰੋਂ ਸਬਰ, ਸੰਤੋਖ, ਬੁਰਾਈ ਦੇ ਖਿਲਾਫ਼ ਮੁਕਾਬਲਾ ਕਰਨ ਦੀ ਪ੍ਰਵਿਰਤੀ ਖ਼ਤਮ ਕਰ ਰਹੀ ਹੈ, ਫ਼ਲਸਰੂਪ ਮਨੁੱਖੀ ਅਸੰਤੋਸ਼ ਖ਼ਤਰਨਾਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।  ਅਸੀਂ ਆਪਣੇ ਫ਼ਲਸਫ਼ੇ ਵੱਲ ਹੀ ਧਿਆਨ ਮਾਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ਼ ਲੜਾਈ ਲੜਦਿਆਂ ਆਪਣੇ ਮਾਤਾ-ਪਿਤਾ, ਚਾਰੇ ਪੁੱਤਰ ਅਤੇ ਪਤਨੀਆਂ ਦੀ ਸ਼ਹੀਦੀ ਦੇਣ ਤੋਂ ਬਾਅਦ ਵੀ ਕੁਦਰਤ ਦੇ ਭਾਣੇ ‘ਚ ਪ੍ਰਸੰਨਤਾ ਜ਼ਾਹਰ ਕੀਤੀ ਸੀ। ਫ਼ਿਰ ਕਿਉਂ ਅੱਜ ਉਸ ਪੰਜਾਬ ਦੇ ਵਾਰਸ ਸਮਾਜਿਕ ਨਾ-ਬਰਾਬਰੀ, ਨਿਜ਼ਾਮੀ ਬੇਇਨਸਾਫ਼ੀ ਅਤੇ ਆਰਥਿਕ ਸਮੱਸਿਆਵਾਂ ਦਾ ਬਹਾਦਰੀ ਨਾਲ ਟਾਕਰਾ ਕਰਨ ਦੀ ਥਾਂ ਆਤਮ-ਘਾਤੀ ਰਸਤੇ ‘ਤੇ ਤੁਰੇ ਹੋਏ ਹਨ? ਬਾਬੇ ਨਾਨਕ ਦਾ ਫ਼ਲਸਫ਼ਾ ਮਨੁੱਖ ਨੂੰ ਜਿਊਂਦਿਆਂ ਮਰਨ ਦੀ ਜਾਚ ਸਿਖਾਉਂਦਾ ਹੈ। ਤ੍ਰਿਸ਼ਨਾਵਾਂ ਨੂੰ ਕਾਬੂ ਕਰਕੇ ਜ਼ਿੰਦਗੀ ਨੂੰ ਜਿਊਣਾ ਹੀ ਅਸਲ ਮਰਨਾ ਹੈ ਅਤੇ ਇਸੇ ਮੌਤ ਵਿਚੋਂ ਜ਼ਿੰਦਗੀ ਦਾ ਸਹਿਜ ਤੇ ਅਨੰਦ ਨਿਕਲਦਾ ਹੈ। ਕਿਸੇ ਦਾਰਸ਼ਨਿਕ ਨੇ ਸਹੀ ਕਿਹਾ ਹੈ ਕਿ, ‘ਤ੍ਰਿਸ਼ਨਾਵਾਂ ਲਈ ਜੀਊਣ ਵਾਲਾ ਮਨੁੱਖ ਬਾਦਸ਼ਾਹੀ ਦੇ ਤਖ਼ਤ ‘ਤੇ ਬੈਠਾ ਵੀ ਭਿਖਾਰੀ ਹੈ ਅਤੇ ਜ਼ਿੰਦਗੀ ਦੀਆਂ ਲੋੜਾਂ ਮੁਤਾਬਕ ਜੀਵਨ ਬਸਰ ਕਰਨ ਵਾਲਾ ਕੁੱਲੀ ਵਿਚ ਬੈਠਾ ਫ਼ਕੀਰ ਵੀ ਬਾਦਸ਼ਾਹ ਹੈ।” ਬਸ ਇਸੇ ਭੇਦ ਨੂੰ ਸਮਝਣ ਦੀ ਲੋੜ ਹੈ। ਜ਼ਿੰਦਗੀ ਦੀਆਂ ਅਸਫ਼ਲਤਾਵਾਂ ਨੂੰ ਦੇਖ ਕੇ ਸਿਵਿਆਂ ਦੇ ਰਾਹ ਪੈਣਾ ਮਨੁੱਖ ਦਾ ਜੀਵਨ ਸਿਧਾਂਤ ਨਹੀਂ ਹੈ, ਸਗੋਂ ਜ਼ਿੰਦਗੀ ਜੀਊਣ ਲਈ ਸਮੱਸਿਆਵਾਂ ਦਾ ਬਹਾਦਰੀ ਨਾਲ ਟਾਕਰਾ ਕਰਨਾ ਅਸਲ ਜੀਵਨ ਸਿਧਾਂਤ ਹੈ। ਬਦਤਰ ਰਾਜ-ਪ੍ਰਬੰਧ ਅਤੇ ਕੰਗਾਲ ਹੋ ਰਹੀ ਆਰਥਿਕ ਵਿਵਸਥਾ ਤੋਂ ਤੰਗ ਆ ਕੇ ਫ਼ਾਹੇ ਲੈਣ ਅਤੇ ਸਪਰੇਆਂ ਪੀਣ ਵਾਲੇ ਪੰਜਾਬੀਆਂ ਨੂੰ ਇਸ ਤੋਂ ਪਹਿਲਾਂ ਇਕ ਵਾਰ ਆਪਣੇ ਇਤਿਹਾਸ, ਵਿਰਾਸਤ ਅਤੇ ਫ਼ਲਸਫ਼ੇ ਵੱਲ ਜ਼ਰਾ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …