16.2 C
Toronto
Sunday, October 5, 2025
spot_img
Homeਸੰਪਾਦਕੀਸ਼ਹੀਦ ਊਧਮ ਸਿੰਘ ਸੁਨਾਮ: ਸਾਮਰਾਜਵਾਦ ਨੂੰ ਲਲਕਾਰ

ਸ਼ਹੀਦ ਊਧਮ ਸਿੰਘ ਸੁਨਾਮ: ਸਾਮਰਾਜਵਾਦ ਨੂੰ ਲਲਕਾਰ

ਊਧਮ ਸਿੰਘ (ਪਹਿਲਾ ਨਾਂ ਸ਼ੇਰ ਸਿੰਘ) ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿੱਚ ਮਾਤਾ ਨਰੈਣੀ (ਹਰਨਾਮ ਕੌਰ) ਅਤੇ ਪਿਤਾ ਚੂਹੜ ਰਾਮ (ਟਹਿਲ ਸਿੰਘ) ਦੇ ਘਰ ਹੋਇਆ। ਪਿਤਾ ਸਬਜ਼ੀਆਂ ਦੀ ਖੇਤੀ, ਫਿਰ ਨਹਿਰੀ ਮਹਿਕਮੇ ਦੀ ਨੌਕਰੀ, ਰੇਲਵੇ ਫਾਟਕ ਦੀ ਨੌਕਰੀ ਕਰਦੇ ਸਨ ਪਰ ਪਿੱਛੋਂ ਇਹ ਨੌਕਰੀ ਛੱਡ ਕੇ ਅੰਮ੍ਰਿਤਸਰ ਕੰਮ ਦੀ ਭਾਲ ਲਈ ਚਲੇ ਗਏ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮਾਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। 24 ਅਕਤੂਬਰ 1907 ਤੋਂ ਊਧਮ ਸਿੰਘ ਤੇ ਵੱਡਾ ਭਰਾ ਸਾਧੂ ਸਿੰਘ ਸਿੱਖ ਸੈਂਟਰਲ ਯਤੀਮ ਘਰ ਅੰਮ੍ਰਿਤਸਰ ਦਾਖਲ ਹੋ ਗਏ। ਉੱਥੇ ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਤੋਂ ਇਲਾਵਾ ਤਰਖਾਣਾ, ਰੰਗ ਰੋਗਨ ਆਦਿ ਕੰਮ ਵੀ ਸਿਖਾਏ ਜਾਂਦੇ ਸਨ। ਊਧਮ ਸਿੰਘ ਤਾਕਤਵਰ, ਮਿਹਨਤੀ ਤੇ ਸਿਰੜੀ ਹੋਣ ਕਰ ਕੇ ਆਪਣੇ ਗਰੁੱਪ ਦਾ ਮੋਹਰੀ ਬਣ ਗਿਆ। ਉਸ ਨੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਦਾ ਭਰਪੂਰ ਗਿਆਨ ਪ੍ਰਾਪਤ ਕੀਤਾ। ਫਿਰ ਉਹ ਦੇਸ਼ ਭਗਤ ਪੰਡਤ ਹਰੀ ਚੰਦ ਦੀਆਂ ਸਭਾਵਾਂ ‘ਚ ਜਾਣ ਲੱਗਿਆ। 1917 ‘ਚ ਵੱਡੇ ਭਰਾ ਦੀ ਨਮੂਨੀਏ ਨਾਲ ਹੋਈ ਮੌਤ ਨੇ ਵੱਡਾ ਸਦਮਾ ਪਹੁੰਚਾਇਆ।
1918 ‘ਚ ਊਧਮ ਸਿੰਘ ਪੂਰਬੀ ਅਫਰੀਕਾ ਦੇ ਸ਼ਹਿਰ ਮੋਬਾਸਾ ਪੁੱਜਾ। ਨੈਰੋਬੀ ‘ਚ ਇੱਕ ਜਰਮਨ ਕੰਪਨੀ ‘ਚ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜੂਨ 1919 ਨੂੰ ਭਾਰਤ ਵਾਪਸ ਆਇਆ। 13 ਅਪਰੈਲ 1919 ਦੇ ਜੱਲਿਆਂ ਵਾਲੇ ਬਾਗ ਦੇ ਕਤਲੇਆਮ ਅਤੇ ਅੰਮ੍ਰਿਤਸਰ, ਲਾਹੌਰ, ਗੁਜਰਾਂਵਾਲਾ, ਲਾਇਲਪੁਰ ਤੇ ਗੁਜਰਾਤ ਦੇ ਸ਼ਹਿਰਾਂ ਤੇ ਪਿੰਡਾਂ ‘ਚ ਮਾਰਸ਼ਲ ਲਾਅ ਦੌਰਾਨ ਚਲਾਏ ਦਮਨ ਚੱਕਰ ਬਾਰੇ ਸੁਣ ਕੇ ਉਸ ਦਾ ਹਿਰਦਾ ਵਲੂੰਧਰਿਆ ਗਿਆ।
ਊਧਮ ਸਿੰਘ ਦਸੰਬਰ 1919 ‘ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਅੰਮ੍ਰਿਤਸਰ ਸੈਸ਼ਨ ‘ਚ ਬਤੌਰ ਵਲੰਟੀਅਰ ਸ਼ਾਮਲ ਹੋਇਆ ਅਤੇ ਇਸ ਸਿੱਟੇ ‘ਤੇ ਪੁੱਜਿਆ ਕਿ ਕਾਂਗਰਸ ਅੰਗਰੇਜ਼ਾਂ ਲਈ ਕੋਈ ਚੁਣੌਤੀ ਨਹੀਂ। ਉਹ ਗਦਰ ਸਾਹਿਤ ਦੀ ਪ੍ਰਾਪਤੀ ਅਤੇ ਮਾਸਟਰ ਮੋਤਾ ਸਿੰਘ ਨੂੰ ਮਿਲਣ ਪਤਾਰਾ (ਜ਼ਿਲ੍ਹਾ ਜਲੰਧਰ) ਗਿਆ, ਲੇਕਿਨ ਫੜੋ-ਫੜੀ ਦਾ ਦੌਰ ਹੋਣ ਕਰ ਕੇ ਕੋਈ ਭੇਤ ਨਾ ਲੱਗ ਸਕਿਆ। ਕੁਝ ਮਹੀਨਿਆਂ ਬਾਅਦ ੳਹ ਮੁੜ ਪੂਰਬੀ ਅਫਰੀਕਾ ਗਿਆ, ਜਿੱਥੇ 2 ਸਾਲ ਯੁਗਾਂਡਾ ਰੇਲਵੇ ਵਰਕਸ਼ਾਪ ‘ਚ ਮਕੈਨਿਕ ਵਜੋਂ ਨੌਕਰੀ ਕੀਤੀ। ਮੁੜ ਭਾਰਤ ਪਰਤ ਆਇਆ। ਜਲਦੀ ਹੀ 1922 ‘ਚ ਪ੍ਰੀਤਮ ਸਿੰਘ ਨਾਲ ਲੰਡਨ, ਫਿਰ ਮੈਕਸਿਕੋ ਗਿਆ। 2 ਸਾਲ ਕੈਲੀਫੋਰਨੀਆ (ਅਮਰੀਕਾ) ਕੰਮ ਕੀਤਾ, ਕੁਝ ਮਹੀਨੇ ਡੈਟਰੌਇਟ, ਸ਼ਿਕਾਗੋ ਤੇ ਨਿਊ ਯਾਰਕ ਵੀ। ਕੈਲੀਫੋਰਨੀਆ ‘ਚ ਉਹ ਗਦਰ ਪਾਰਟੀ ਦਾ ਮੈਂਬਰ ਬਣ ਗਿਆ ਅਤੇ ਸਰਗਰਮੀਆਂ ‘ਚ ਹਿੱਸਾ ਲੈਣ ਲੱਗਾ। 1923 ‘ਚ ਸੈਫ ਉਦ-ਦੀਨ ਕਿਚਲੂ ਰਾਹੀਂ ਉਹਦੀ ਮਿਲਣੀ ਕਾਬਲ ਵਿੱਚ ਮਾਸਟਰ ਮੋਤਾ ਸਿੰਘ ਨਾਲ ਹੋਈ। ਵਾਪਸ ਸੁਨਾਮ ਆ ਕੇ ਆਪਣੇ ਮਿੱਤਰਾਂ ਤੇ ਸਕੇ-ਸੰਬਧੀਆਂ ਨਾਲ ਮਿਲਣੀਆਂ ਕੀਤੀਆਂ। ਅੰਮ੍ਰਿਤਸਰ ਇੱਕ ਦੁਕਾਨ ਲਈ ਜੋ ਕਾਫੀ ਦੇਰ ਇਨਕਲਾਬੀਆਂ ਦਾ ਤਾਲਮੇਲ ਕੇਂਦਰ ਬਣੀ ਰਹੀ। 30 ਅਗਸਤ 1927 ਨੂੰ ਉਹ ਅੰਗਰੇਜ਼ੀ ਭੇਸ ਵਿੱਚ ਅਸਲੇ ਸਮੇਤ ਕਟੜਾ ਸ਼ੇਰ ਸਿੰਘ (ਅੰਮ੍ਰਿਤਸਰ) ਤੋਂ ਫੜਿਆ ਗਿਆ ਅਤੇ 1928 ‘ਚ ਉਹਨੂੰ 5 ਸਾਲ ਕੈਦ ਹੋਈ। 23 ਮਾਰਚ 1931 ਨੂੰ ਭਗਤ ਸਿੰਘ ਅਤੇ ਸਾਥੀਆਂ ਦੀ ਫਾਂਸੀ ‘ਤੇ ਉਹ ਬਹੁਤ ਰੋਇਆ। 23 ਅਕਤੂਬਰ 1931 ਨੂੰ ਰਿਹਾਈ ਪਿੱਛੋਂ ਉਹ ਸਿੱਧਾ ਹੁਸੈਨੀਵਾਲੇ ਤੇ ਫਿਰ ਸੁਨਾਮ ਪੁੱਜਿਆ। ਜੂਨ 1932 ‘ਚ ਉਹ ਸਾਧੂ ‘ਬਾਵੇ’ ਦੇ ਭੇਸ ‘ਚ ਜੰਮੂ ਤੋਂ ਸ੍ਰੀਨਗਰ ਪੈਦਲ ਗਿਆ। 20 ਮਾਰਚ 1933 ਨੂੰ ਉਹਨੇ ਲਾਹੌਰ ਤੋਂ ਊਧਮ ਸਿੰਘ ਦੇ ਨਾਮ ‘ਤੇ ਨਵਾਂ ਪਾਸਪੋਰਟ ਹਾਸਲ ਕਰ ਲਿਆ। 1934 ‘ਚ ਉਹ ਇੰਗਲੈਂਡ ਪੁੱਜਾ। 12 ਮਾਰਚ 1940 ਨੂੰ ਊਧਮ ਸਿੰਘ ਨੇ ਆਪਣੇ ਨਜ਼ਦੀਕੀ ਦੋਸਤਾਂ ਨੂੰ ਰਸਮੀ ਵਿਦਾਇਗੀ ਦਿੱਤੀ ਅਤੇ 13 ਮਾਰਚ ਸ਼ਾਮ ਨੂੰ ਨਵਾਂ ਸੂਟ ਪਹਿਨ, ਹੈਟ ਲੈ, ਉਵਰਕੋਟ ਦੀ ਅੰਦਰਲੀ ਜੇਬ ‘ਚ ਕਾਰਤੂਸਾਂ ਨਾਲ ਭਰਿਆ ਪਿਸਤੌਲ ਲੈ ਕੇ ਮੀਟਿੰਗ ਤੋਂ ਪਹਿਲਾਂ ਕੈਕਸਟਨ ਹਾਲ (ਲੰਡਨ) ਪੁੱਜਾ। ਸੀਟਾਂ ਦੀ ਘਾਟ ਕਾਰਨ ਉਹ ਖੜ੍ਹੇ ਲੋਕਾਂ ‘ਚ ਸੱਜੇ ਪਾਸੇ ਪਹਿਲੀ ਕਤਾਰ ਦੇ ਨੇੜੇ ਖੜ੍ਹਾ ਹੋਇਆ। ਸਰ ਮਾਈਕਲ ਓਡਵਾਇਰ ਨੇ 1913-16 ‘ਚ ਭਾਰਤ ‘ਚ ਆਪਣੇ ਰੋਲ ਬਾਰੇ ਭਾਸ਼ਣ ਕੀਤਾ। ਮੀਟਿੰਗ ਮੁੱਕਦੇ ਸਾਰ ਊਧਮ ਸਿੰਘ ਨੇ 6 ਗੋਲੀਆਂ ਚਲਾਈਆਂ ਅਤੇ ਓਡਵਾਇਰ ਮੌਕੇ ‘ਤੇ ਹੀ ਮਾਰਿਆ ਗਿਆ। ਬੀਬੀਸੀ ਨੇ ਰਾਤ ਨੂੰ 9 ਵਜੇ ਪਹਿਲੀ ਸੰਖੇਪ ਖਬਰ ਦਿੱਤੀ। 9:15 ‘ਤੇ ਜਰਮਨ ਰੇਡੀਓ ਨੇ ਵੱਡੀ ਖਬਰ ਨਸ਼ਰ ਕੀਤੀ। 13 ਮਾਰਚ ਦੀ ਰਾਤ ਨੂੰ 10:30 ਵਜੇ ੳਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ। ਸਾਮਰਾਜੀ ਪ੍ਰਬੰਧ ਨੇ ਉਸ ਨੂੰ ਫਾਂਸੀ ਦੇਣਾ ਪਹਿਲਾਂ ਹੀ ਤੈਅ ਕਰ ਲਿਆ ਸੀ। ਜਿਊਰੀ ਨੇ ਫਾਂਸੀ ਦਾ ਹੁਕਮ ਸੁਣਾ ਦਿੱਤਾ। ਆਖ਼ਿਰ 31 ਜੁਲਾਈ 1940 ਨੂੰ ਸਵੇਰੇ 9 ਵਜੇ ਪੈਨਟਨਵਿਲੇ ਜੇਲ੍ਹ ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ। ਗਦਰੀ ਊਧਮ ਸਿੰਘ ਸਾਮਰਾਜੀ ਲੁੱਟ, ਜ਼ੁਲਮ ਤੇ ਸਰਕਾਰੀ ਦਹਿਸ਼ਤਗਰਦੀ ਵਿਰੁੱਧ ਜੂਝਣ ਦਾ ਪੈਗ਼ਾਮ ਦਿੰਦਾ ਰਹੇਗਾ।
ਇਸ ਦੌਰਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਭਵਾਨੀਗੜ੍ਹ-ਸੁਨਾਮ ਰੋਡ ਦਾ ਨਾਮ ਸ਼ਹੀਦ ਊਧਮ ਸਿੰਘ ਮਾਰਗ ਰੱਖਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਕੋਈ ਅਹਿਸਾਨ ਨਹੀਂ ਹੈ, ਬਲਕਿ ਇਹ ਸਾਡਾ ਫਰਜ਼ ਹੈ ਅਤੇ ਇਸੇ ਫਰਜ਼ ਨੂੰ ਅੱਜ ਅਸੀਂ ਨਿਭਾਅ ਰਹੇ ਹਾਂ। ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸੁਨਾਮ ਪਹੁੰਚ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ ‘ਤੇ ਚਰਚਾ ਵੀ ਕੀਤੀ। ਸੀਐਮ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਤਪੱਸਿਆ ਅਤੇ ਉਨ੍ਹਾਂ ਦਾ ਬਲੀਦਾਨ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ। ਇਸ ਮੌਕੇ ਨਾਇਬ ਸਿੰਘ ਸੈਣੀ ਨੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਇਕ ਪੌਦਾ ਵੀ ਲਗਾਇਆ। ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਹਾਜ਼ਰ ਰਹੇ।
-ਜਸਦੇਵ ਸਿੰਘ ਲਲਤੋਂ

RELATED ARTICLES
POPULAR POSTS