ਕਰੋਨਾਵਾਇਰਸ ਦੇ ਝਟਕੇ ਨੇ ਦੁਨੀਆਂ ਭਰ ਵਿਚ ਤਰਥੱਲੀ ਮਚਾ ਰੱਖੀ ਹੈ। ਪਹਿਲਾਂ ਹੀ ਆਰਥਿਕ ਮੰਦਵਾੜੇ ਵਰਗੇ ਹਾਲਾਤ ਨਾਲ ਜੂਝ ਰਹੇ ਦੇਸ਼ਾਂ ਅੰਦਰ ਬੇਰੁਜ਼ਗਾਰੀ ਵੱਡਾ ਮੁੱਦਾ ਬਣੀ ਹੋਈ ਹੈ। ਹੁਣ ਕਾਰੋਬਾਰ ਬੰਦ ਹੋਣ ਨਾਲ ਗ਼ਰੀਬ ਦਿਹਾੜੀਦਾਰ ਤਬਕੇ ਲਈ ਦੋ ਡੰਗ ਦੀ ਰੋਟੀ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਮਨੁੱਖਤਾ ਆਪਣੀ ਹੋਂਦ ਦੇ ਸੰਕਟ ਨਾਲ ਜੂਝ ਰਹੀ ਹੈ ਅਤੇ ਡਰ ਤੇ ਸਹਿਮ ਮੌਜੂਦਾ ਸਮਿਆਂ ਦਾ ਸੱਚ ਬਣ ਰਹੇ ਹਨ। ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਅੱਗੇ ਪਾ ਦਿੱਤੀਆਂ ਗਈਆਂ ਹਨ। ਯਕੀਨ ਨਾਲ ਕੋਈ ਵੀ ਇਹ ਨਹੀ ਕਹਿ ਸਕਦਾ ਕਿ ਮੌਜੂਦਾ ਮਹਾਮਾਰੀ ਦਾ ਦੌਰ ਕਿੰਨੇ ਦਿਨਾਂ ਜਾਂ ਮਹੀਨਿਆਂ ਤੱਕ ਜਾਰੀ ਰਹੇਗਾ।
ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨਾਲ ਦੁਨੀਆ ਦੇ ਕਈ ਵੱਡੇ ਦੇਸ਼ ਹੰਭਦੇ ਜਾਪ ਰਹੇ ਹਨ। ਇਸ ਬਿਮਾਰੀ ਨਾਲ ਗ੍ਰਸਤ ਸਾਢੇ ਅੱਠ ਲੱਖ ਲੋਕਾਂ ਦੇ ਕੇਸ ਸਾਹਮਣੇ ਆ ਚੁੱਕੇ ਹਨ। 43,000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਇਟਲੀ ਤੇ ਸਪੇਨ ਵਰਗੇ ਦੇਸ਼ਾਂ ਦੇ ਲੋਕ ਕਿਰਦੇ ਜਾ ਰਹੇ ਹਨ। ਭਾਰਤ ਵਿਚ ਵੀ ਲੱਖ ਯਤਨਾਂ ਦੇ ਬਾਵਜੂਦ ਜਿਥੇ ਬਿਮਾਰਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਹ ਸਥਿਤੀ ਵੱਡੀ ਚਿੰਤਾ ਪੈਦਾ ਕਰਨ ਵਾਲੀ ਹੈ। ਜਿਸ ਗੱਲ ਦਾ ਡਰ ਸੀ, ਉਹ ਹੀ ਹੋਣ ਲੱਗੀ ਹੈ। ਦੇਸ਼ ਅਨੇਕਾਂ ਫ਼ਿਰਕਿਆਂ ‘ਚ ਵੰਡਿਆ ਹੋਇਆ ਹੈ। ਇਸ ਬਿਮਾਰੀ ਨੂੰ ਘਟਾਉਣ ਦਾ ਇਕ ਮਹੱਤਵਪੂਰਨ ਢੰਗ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਵੱਡੇ ਸਮਾਗਮ ਜਾਂ ਬੈਠਕਾਂ ਨਾ ਕੀਤੀਆਂ ਜਾਣ ਕਿਉਂਕਿ ਇਹ ਬਿਮਾਰੀ ਲਾਗ ਦੀ ਬਿਮਾਰੀ ਹੈ।
ਵੱਡੇ ਇਕੱਠਾਂ ਵਿਚ ਇਸ ਦੇ ਫੈਲਣ ਦਾ ਖ਼ਤਰਾ ਬੇਹੱਦ ਵਧ ਜਾਂਦਾ ਹੈ, ਕਿਉਂਕਿ ਇਹ ਸਿਰਫ ਦੂਸਰੇ ਵਿਅਕਤੀ ਤੱਕ ਹੀ ਸੀਮਤ ਨਹੀਂ ਰਹਿੰਦੀ, ਸਗੋਂ ਤੇਜ਼ੀ ਨਾਲ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਵੀ ਇਸ ਦੀ ਲਪੇਟ ‘ਚ ਆਉਣ ਦਾ ਡਰ ਰਹਿੰਦਾ ਹੈ ਅਤੇ ਫਿਰ ਅੱਗੋਂ ਲਗਾਤਾਰ ਫੈਲਦੀ ਜਾਂਦੀ ਹੈ। ਇਸ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਅਤੇ ਸਥਾਨਕ ਸਰਕਾਰਾਂ ਵਲੋਂ ਕਿਸੇ ਵੀ ਤਰ੍ਹਾਂ ਦੇ ਵੱਡੇ ਇਕੱਠ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਸਥਾਨਕ ਪ੍ਰਸ਼ਾਸਨਾਂ ਨੂੰ ਇਸ ਪ੍ਰਤੀ ਪੂਰੀ ਤਰ੍ਹਾਂ ਚੌਕਸ ਵੀ ਕੀਤਾ ਜਾਂਦਾ ਰਹਿੰਦਾ ਹੈ। ਪਰ ਪਿਛਲੇ ਦਿਨੀਂ ਦਿੱਲੀ ਦੇ ਨਿਜ਼ਾਮੁਦੀਨ ਖੇਤਰ ਵਿਚ ਤਬਲੀਗੀ ਜਮਾਤ ਦੇ ਹੈੱਡਕੁਆਰਟਰ ‘ਚ ਇਸ ਬਿਮਾਰੀ ਦੇ ਫੈਲਣ ਦੀਆਂ ਖ਼ਬਰਾਂ ਨੇ ਦੇਸ਼ ਭਰ ਵਿਚ ਇਕ ਵਾਰ ਫਿਰ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਆਮ ਆਖਿਆ ਜਾਂਦਾ ਹੈ ਕਿ ਭਾਰਤ ਹੁਣ ਇਸ ਬਿਮਾਰੀ ਸਬੰਧੀ ਤੀਜੇ ਪੜਾਅ ‘ਤੇ ਪੁੱਜ ਗਿਆ ਹੈ, ਜਿਥੇ ਇਹ ਵਾਇਰਸ ਸਮਾਜ ‘ਚ ਫੈਲ ਸਕਦਾ ਹੈ। ਇਕ ਵਾਰ ਅਜਿਹਾ ਹੋਣ ‘ਤੇ ਇਸ ਦੇ ਸੰਤਾਪ ਨੂੰ ਝੱਲ ਸਕਣਾ ਦੇਸ਼ ਲਈ ਮੁਸ਼ਕਿਲ ਹੋਵੇਗਾ। ਤਬਲੀਗੀ ਜਮਾਤ ਦੇ ਇਕੱਠ ਵਿਚ ਸ਼ਾਮਿਲ ਹੋਣ ਵਾਲੇ 17 ਵਿਅਕਤੀ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਦੋ ਦਰਜਨ ਦੇ ਕਰੀਬ ਇਸ ਬਿਮਾਰੀ ਨਾਲ ਗ੍ਰਸਤ ਹੋ ਚੁੱਕੇ ਹਨ। ਇਸ ਜਮਾਤ ਦੇ ਸਮਾਗਮ ‘ਚ ਹਜ਼ਾਰਾਂ ਹੀ ਵਿਅਕਤੀ ਇਕੱਠੇ ਹੋਏ ਸਨ, ਜਿਨ੍ਹਾਂ ਵਿਚ 300 ਦੇ ਕਰੀਬ ਵਿਦੇਸ਼ੀ ਨਾਗਰਿਕ ਸਨ। ਇਨ੍ਹਾਂ ਵਿਅਕਤੀਆਂ ਦੇ ਵੱਖ-ਵੱਖ ਰਾਜਾਂ ‘ਚ ਚਲੇ ਜਾਣ ਨੇ ਸਰਕਾਰ ਦੀਆਂ ਚਿੰਤਾਵਾਂ ‘ਚ ਹੋਰ ਵੀ ਵਾਧਾ ਕਰ ਦਿੱਤਾ ਹੈ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇਥੇ ਇਕੱਠੇ ਹੋਏ ਲੋਕ ਸਮਾਗਮ ਸਮੇਂ ਇਕੱਠੇ ਹੀ ਖਾਣਾ ਖਾਂਦੇ ਸਨ। ਇਨ੍ਹਾਂ ‘ਚੋਂ ਹੁਣ 400 ਦੇ ਕਰੀਬ ਉਨ੍ਹਾਂ ਵਿਅਕਤੀਆਂ ਨੂੰ ਵੱਖ ਕਰ ਲਿਆ ਗਿਆ ਹੈ, ਜਿਨ੍ਹਾਂ ‘ਚ ਇਸ ਬਿਮਾਰੀ ਦੇ ਲੱਛਣ ਪੈਦਾ ਹੋਣ ਦੀ ਸ਼ੰਕਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਏਨੀ ਵੱਡੀ ਤਾਦਾਦ ‘ਚ ਇਕ ਇਮਾਰਤ ‘ਚ ਇਕੱਠਾ ਕਿਉਂ ਹੋਣ ਦਿੱਤਾ ਗਿਆ? ਹੁਣ ਤਾਮਿਲਨਾਡੂ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ‘ਚ ਇਸ ਸਮਾਗਮ ‘ਚ ਸ਼ਮੂਲੀਅਤ ਕਰ ਕੇ ਗਏ ਬਹੁਤੇ ਵਿਅਕਤੀ ਇਸ ਬਿਮਾਰੀ ਤੋਂ ਗ੍ਰਸਤ ਪਾਏ ਗਏ ਹਨ। ਦਿੱਲੀ ਪ੍ਰਸ਼ਾਸਨ ਵਲੋਂ 13 ਮਾਰਚ ਨੂੰ ਕਿਸੇ ਵੀ ਸੈਮੀਨਾਰ, ਕਾਨਫ਼ਰੰਸ ਜਾਂ ਸਮਾਗਮ ‘ਚ 200 ਬੰਦਿਆਂ ਦੇ ਇਕੱਠੇ ਹੋਣ ‘ਤੇ ਬੰਦਿਸ਼ ਲਗਾਉਣ ਦਾ ਐਲਾਨ ਕੀਤਾ ਗਿਆ ਸੀ। 3 ਦਿਨਾਂ ਬਾਅਦ ਕਿਸੇ ਵੀ ਧਾਰਮਿਕ, ਅਕਾਦਮਿਕ, ਸਿਆਸੀ, ਸਮਾਜਿਕ, ਸੱਭਿਆਚਾਰਕ ਜਾਂ ਨਿੱਜੀ ਇਕੱਠ ‘ਚ 50 ਬੰਦਿਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ 19 ਮਾਰਚ ਨੂੰ 20 ਬੰਦਿਆਂ ਅਤੇ 21 ਮਾਰਚ ਨੂੰ 4 ਜਾਂ ਇਸ ਤੋਂ ਵਧੇਰੇ ਬੰਦਿਆਂ ਦੇ ਇਕੱਠੇ ਹੋਣ ‘ਤੇ ਬੰਦਿਸ਼ ਲਗਾਉਣ ਦਾ ਐਲਾਨ ਕੀਤਾ ਗਿਆ ਸੀ।
ਅਜਿਹੀਆਂ ਹਦਾਇਤਾਂ ਅਤੇ ਚਿਰਾਂ ਤੋਂ ਇਸ ਸਬੰਧੀ ਪ੍ਰਗਟਾਈਆਂ ਚਿੰਤਾਵਾਂ ਦੇ ਬਾਵਜੂਦ ਇਕ ਥਾਂ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਏਨੇ ਬੰਦੇ ਕਿਵੇਂ ਇਕੱਠੇ ਹੋਏ? ਇਹ ਇਕ ਵੱਡਾ ਸਵਾਲ ਹੈ, ਜਿਸ ਦੇ ਹੁਣ ਭਿਆਨਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਕੇਂਦਰ ਸਰਕਾਰ ਦੇ ਬੁਲਾਰੇ ਨੇ ਇਹ ਵੀ ਕਿਹਾ ਹੈ ਕਿ ਇਹ ਸਮਾਂ ਦੋਸ਼ ਲਗਾਉਣ ਦਾ ਨਹੀਂ ਹੈ, ਸਗੋਂ ਸਾਵਧਾਨੀਆਂ ਨੂੰ ਹੋਰ ਵੀ ਵਧਾਉਣ ਦਾ ਹੈ, ਜਿਸ ਸਬੰਧੀ ਆਮ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ। ਜੇਕਰ ਸਮਾਜਿਕ ਦੂਰੀ ਰੱਖਣ ਦੇ ਨਿਯਮਾਂ ਦੀ ਸਮਾਜ ਵਲੋਂ ਪਾਲਣਾ ਕੀਤੀ ਜਾਂਦੀ ਹੈ ਤਾਂ ਇਸ ਬਿਮਾਰੀ ਦੇ ਘੱਟ ਫੈਲਣ ਦੇ ਆਸਾਰ ਬਣ ਸਕਦੇ ਹਨ, ਨਹੀਂ ਤਾਂ ਜੋ ਭਿਆਨਕ ਸਰੂਪ ਇਸ ਨੇ ਹੁਣ ਤੱਕ ਕੁਝ ਦੇਸ਼ਾਂ ਵਿਚ ਪ੍ਰਗਟ ਕਰ ਦਿੱਤਾ ਹੈ, ਉਸ ਦਾ ਭੂਤ ਹੋਰ ਵੀ ਥਾਵਾਂ ‘ਤੇ ਪਹੁੰਚ ਜਾਏਗਾ, ਜੋ ਮਨੁੱਖ ਲਈ ਹੋਰ ਵੀ ਵੱਡੀ ਤ੍ਰਾਸਦੀ ਪੈਦਾ ਕਰਨ ਦੇ ਸਮਰੱਥ ਹੋਵੇਗਾ।
ਮੌਜੂਦਾ ਵਿਕਾਸ ਦੇ ਦੌਰ ਵਿਚ ਅਸਥਾਈ ਰੁਜ਼ਗਾਰ, ਬੇਰੁਜ਼ਗਾਰੀ, ਜਬਰੀ ਪਰਵਾਸ, ਵਾਤਾਵਰਨਕ ਸੰਕਟ ਕਾਰਨ ਫੈਲ ਰਹੀਆਂ ਬਿਮਾਰੀਆਂ, ਮਹਿੰਗੇ ਇਲਾਜ, ਮਹਿੰਗੀ ਸਿੱਖਿਆ ਪ੍ਰਣਾਲੀ, ਟੁੱਟ ਰਹੀ ਭਾਈਚਾਰਕ ਸਾਂਝ ਅਤੇ ਹੋਰ ਕਾਰਨਾਂ ਕਰਕੇ ਇਕਲਾਪਾ ਕੱਟਦਾ ਮਨੁੱਖ ਮਾਨਸਿਕ ਦਬਾਅ ਝੱਲਣ ਲਈ ਮਜਬੂਰ ਹੈ। ਮੌਤ ਤੋਂ ਡਰੇ ਮਨੁੱਖ ਸੱਤਾਧਾਰੀਆਂ ਦੇ ਹਰ ਹੁਕਮ ਨੂੰ ਇਲਾਹੀ ਹੁਕਮ ਵਾਂਗ ਪ੍ਰਵਾਨ ਕਰਨ ਲਈ ਤਿਆਰ ਹਨ। ਹੇਠਲੇ ਤਬਕੇ ਦੀ ਮਜਬੂਰੀ ਉਨ੍ਹਾਂ ਨੂੰ ਸੜਕਾਂ ਉੱਤੇ ਆਉਣ ਲਈ ਮਜਬੂਰ ਕਰ ਰਹੀ ਹੈ। ਰੋਜ਼ੀ-ਰੋਟੀ ਲਈ ਪਰਵਾਸੀ ਬਣੇ ਲੱਖਾਂ ਲੋਕ ਇਸ ਸੰਕਟ ਦੇ ਮੌਕੇ ਆਪੋ-ਆਪਣੇ ਘਰਾਂ ਨੂੰ ਪਰਤਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰਦਿਆਂ ‘ਇਕ ਪਾਸੇ ਖੂਹ ਅਤੇ ਦੂਸਰੇ ਪਾਸੇ ਖਾਈ’ ਵਾਲੀ ਸਥਿਤੀ ਵਿਚ ਫਸੇ ਹੋਏ ਹਨ।
ਇਸ ਸੰਕਟ ਵਿਚ ਸਾਰੀਆਂ ਨੀਤੀਆਂ ਦੀ ਦਿਸ਼ਾ ਵਧ ਰਹੇ ਮਾਨਸਿਕ ਦਬਾਅ ਨੂੰ ਘਟਾ ਕੇ ਕੁਝ ਰਾਹਤ ਦੇਣ ਵੱਲ ਸੇਧਤ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਦੇ ਇਮਤਿਹਾਨਾਂ ਬਾਰੇ ਇਸ ਸੁਆਲ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਕਿ ਇਨ੍ਹਾਂ ਨੂੰ ਕਿੰਨੀ ਵਾਰ ਟਾਲਿਆ ਜਾ ਸਕਦਾ ਹੈ। ਇਸ ਬਾਰੇ ਰਵਾਇਤੀ ਧਾਰਨਾਵਾਂ ਤੋਂ ਹਟ ਕੇ ਸੋਚਣ ਦੀ ਵੀ ਲੋੜ ਹੈ। ਸਾਡਾ ਪ੍ਰੀਖਿਆ ਦਾ ਢਾਂਚਾ ਪਹਿਲਾਂ ਹੀ ਅਜਿਹਾ ਹੈ ਕਿ ਪ੍ਰੀਖਿਆਵਾਂ ਦੇ ਸਮੇਂ ਦੌਰਾਨ ਵਿਦਿਆਰਥੀ ਭਾਰੀ ਦਬਾਅ ਹੇਠ ਹੁੰਦੇ ਹਨ। ਕੀ ਇਸ ਵਰ੍ਹੇ ਸਭ ਨੂੰ ਬਿਨਾਂ ਪ੍ਰੀਖਿਆ ਅਗਲੀ ਕਲਾਸ ਵਿਚ ਦਾਖ਼ਲ ਕਰਕੇ ਨਵੇਂ ਸਾਲ ਦੀ ਪੜ੍ਹਾਈ ਸ਼ੁਰੂ ਨਹੀਂ ਕਰਵਾਈ ਜਾ ਸਕਦੀ? ਅਜਿਹਾ ਕਰਨ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ। ਹਾਲਾਤ ਸੁਧਰਨ ‘ਤੇ ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਕਾਲਜਾਂ ਵਿਚ ਦਾਖ਼ਲੇ ਲਈ ਟੈਸਟ ਕਰਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਕਰਜ਼ੇ ਦੀਆਂ ਕਿਸ਼ਤਾਂ ਅੱਗੇ ਪਾਉਣ, ਮਕਾਨਾਂ ਦੇ ਕਿਰਾਏ ਸਰਕਾਰ ਵੱਲੋਂ ਦੇਣ ਅਤੇ ਰਾਸ਼ਨ ਸਮੇਤ ਜੀਵਨ ਦੀਆਂ ਹੋਰ ਲੋੜਾਂ ਲਈ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਅੱਗੇ ਆਉਣ ਨਾਲ ਮਾਨਸਿਕ ਰਾਹਤ ਦੇਣ ਦਾ ਆਧਾਰ ਵਿਸ਼ਾਲ ਬਣ ਸਕਦਾ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …