Breaking News
Home / ਸੰਪਾਦਕੀ / ਧਰਮ ਪ੍ਰਤੀ ਗੁਰਮਤਿ ਦਾ ਦ੍ਰਿਸ਼ਟੀਕੋਣ

ਧਰਮ ਪ੍ਰਤੀ ਗੁਰਮਤਿ ਦਾ ਦ੍ਰਿਸ਼ਟੀਕੋਣ

ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ
ਤਲਵਿੰਦਰ ਸਿੰਘ ਬੁੱਟਰ
98780-70008
ਧਰਮ ਜਾਂ ਮਜ਼੍ਹਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰ੍ਹਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰ੍ਹਾਂ ਧਰਮ, ਮਜ਼੍ਹਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣੇ ਅੰਤਹਕਰਣ ਦਾ ਮਜ਼੍ਹਬ (ਧਾਰਮਿਕ ਭਰੋਸਾ), ਪਿਆਰ ਦੀ ਟੇਕ ਬਣਦਾ ਹੈ। ਇਹ ਟੇਕ ਬਣਾਇਆਂ ਨਹੀਂ ਸਗੋਂ ਆਪ ਮੁਹਾਰੀ ਬਣਦੀ ਹੈ। ਹਿੰਦੂ, ਇਸਾਈ, ਮੁਸਲਮਾਨ ਤੇ ਸਿੱਖ ਆਦਿ ਤਾਂ ਸਿਰਫ਼ ਕਥਨੀ ਮਾਤਰ ਹਨ।
ਧਰਮ ਕੋਈ ਬਾਹਰੋਂ ਪੜ੍ਹ-ਪੜ੍ਹਾ ਕੇ ਸਾਡੇ ਅੰਦਰ ਵਾੜੀ ਕਿਸੇ ਵਿਦਿਆ ਦਾ ਗਿਆਨ ਨਹੀਂ ਹੁੰਦਾ, ਸਗੋਂ ਇਹ ਤਾਂ ਸੁੱਤੇ ਸਿੱਧ ਆਤਮਾ ਤੋਂ ਸਰੀਰ ਤੱਕ ਉਤਰਨ ਵਾਲੇ ਰੱਬੀ ਇਲਹਾਮ ਦਾ ਨਾਂਅ ਹੈ। ਜਿਸ ਦੀ ਆਤਮਾ ਤੋਂ ਧਰਮ ਉਤਰੇ ਉਹ ਕਦੇ ਬੇਦੀਨਾ ਨਹੀਂ ਹੋ ਸਕਦਾ । ਉਸ ਦਾ ਧਰਮ ਅਟੱਲ ਰਹਿੰਦਾ ਹੈ, ਜਿਸ ਨੂੰ ਕੋਈ ਡੁਲਾ ਨਹੀਂ ਸਕਦਾ। ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੰਨ੍ਹੇ-ਮੁੰਨੇ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੇ ਮੁਗ਼ਲ ਹਾਕਮਾਂ ਦੇ ਹਰ ਲਾਲਚ ਅਤੇ ਹਰ ਡਰ ਨੂੰ ਨਿਰਭੈਅ ਹੋ ਕੇ ਠੁਕਰਾਇਆ ਅਤੇ ਅਦੁੱਤੀ ਸ਼ਹਾਦਤਾਂ ਦੇ ਕੇ ਦੁਨੀਆ ਨੂੰ ਧਰਮ ਦੀ ਅਡੋਲਤਾ ਦੀ ਮਿਸਾਲ ਕਾਇਮ ਕਰਕੇ ਦਿਖਾਈ। ਸਰਹਿੰਦ ਦੇ ਹਾਕਮ ਨਵਾਬ ਵਜ਼ੀਰ ਖਾਨ ਦੇ ਦਰਬਾਰ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਦੀਨ ਤੋਂ ਡੁਲਾਉਣ ਲਈ ਰਾਜ-ਭਾਗ, ਮਾਲ-ਦੌਲਤ ਅਤੇ ਹੂਰਾਂ ਦੇ ਡੋਲੇ ਦੇਣ ਦੇ ਲਾਲਚ ਦਿੱਤੇ ਤਾਂ ਸਾਹਿਬਜ਼ਾਦਿਆਂ ਨੇ ਇਹ ਸਭ ਕੂੜਾਵੀਆਂ ਤੇ ਨਾਸ਼ਵਾਨ ਚੀਜ਼ਾਂ ਨੂੰ ਪੈਰ ਦੀ ਨੋਕ ਨਾਲ ਠੁਕਰਾ ਦਿੱਤਾ ਸੀ।
ਉਸਤਾਦ ਹਕੀਮ ਅੱਲ੍ਹਾ ਯਾਰ ਖਾਂ ਯੋਗੀ ‘ਛੋਟੇ ਸਾਹਿਬਜ਼ਾਦਿਆਂ’ ਦੀ ਦਲੇਰੀ ਤੇ ਬੇਬਾਕੀ ਨੂੰ ਸ਼ਬਦਾਂ ਵਿਚ ਇਉਂ ਬਿਆਨ ਕਰਦਾ ਹੈ:
ਸਤਿਗੁਰ ਕੇ ਲਾਡਲੋਂ ਨੇ ਦੀਆ ਰੋਅਬ ਸੇ ਜਵਾਬ…ਆਤੀ ਨਹੀਂ ਸ਼ਰਮ ਜ਼ਰ੍ਹਾ ਤੁਝ ਕੋ ਐ ਨਵਾਬ!
ਦੁਨੀਆ ਕੇ ਪੀਛੇ ਕਰਤਾ ਹੈ ਕਿਉਂ ਦੀਨ ਕੋ ਖਰਾਬ
ਕਿਸ ਕਾ ਲਿਖਾ ਹੈ ਜ਼ੁਲਮ ਦਿਖਾ ਤੂੰ ਹਮੇਂ ਕਿਤਾਬ
ਤਾਲੀਮ ਜ਼ੋਰ ਕੀ ਕਹੀਂ ਕੁਰਾਨ ਮੇਂ ਨਹੀਂ
ਖੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ।
ਲਾਲਚਾਂ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰਾਵਾ ਦੇ ਕੇ ਵੀ ਮੁਸਲਮਾਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਾਹਿਬਜ਼ਾਦਿਆਂ ਦਾ ਸਵਾਲ ਸੀ ਕਿ, ”ਕੀ ਮੁਸਲਮਾਨ ਬਣ ਜਾਣ ਨਾਲ ਕਦੇ ਮੌਤ ਨਹੀਂ ਆਵੇਗੀ?” ਦੀਨ, ਈਮਾਨ ਅਤੇ ਧਰਮ ‘ਤੇ ਅਡਿੱਗ ਭਰੋਸੇ ਦੀ, ਦੁਨੀਆ ਵਿਚ ਇਸ ਤੋਂ ਵੱਡੀ ਤੇ ਅਦੁੱਤੀ ਮਿਸਾਲ ਕਿਸੇ ਇਤਿਹਾਸ ਵਿਚ ਨਹੀਂ ਲੱਭਦੀ।
ਧਰਮ ਤਾਂ ਇਕ ਤਰ੍ਹਾਂ ਦਾ ਆਤਮ ਸਮਰਪਣ ਹੈ ਤੇ ਜਿਸ ਤਰ੍ਹਾਂ ਆਤਮ ਸਮਰਪਣ ਜਬਰੀ ਜਾਂ ਉਪਦੇਸ਼ ਦੇ ਕੇ ਨਹੀਂ ਕਰਵਾਇਆ ਜਾ ਸਕਦਾ, ਉਸੇ ਤਰ੍ਹਾਂ ਧਰਮ ਵੀ ਕਿਸੇ ਪੋਥੀਆਂ ਤੋਂ ਪੜ੍ਹ-ਪੜ੍ਹ ਕੇ ਸੁਣਾਏ ਉਪਦੇਸ਼ਾਂ ਦੁਆਰਾ ਨਹੀਂ ਧਾਰਨ ਕਰਵਾਇਆ ਜਾ ਸਕਦਾ। ਇਹ ਸਮਰਪਣ ਬਿਨਾਂ ਸ਼ਰਤ ਅਤੇ ਜ਼ਮੀਰ ਦੀ ਆਜ਼ਾਦੀ ਤੋਂ ਸੇਧ ਲੈਂਦਾ ਹੈ।
ਕਿਸੇ ਵੀ ਧਰਮ ਦਾ ਅਕੀਦਾ ਕਿਸੇ ਨੂੰ ਲਾਲਚ ਦੇ ਕੇ ਜਾਂ ਜ਼ੋਰ-ਜ਼ਬਰਦਸਤੀ ਨਾਲ ਧਰਮੀ ਬਣਾਉਣ ਦੀ ਤਾਈਦ ਨਹੀਂ ਕਰਦਾ। ਨਾ ਹੀ ਲਾਲਚਵੱਸ, ਮਜਬੂਰੀਵੱਸ ਜਾਂ ਜਬਰ ਤੋਂ ਡਰ ਕੇ ਕਿਸੇ ਧਰਮ ਵਿਚ ਚਲੇ ਜਾਣਾ ਸੱਚੇ ਧਰਮੀ ਹੋਣ ਦੀ ਨਿਸ਼ਾਨੀ ਹੈ। ਧਰਮ ਤਾਂ ਇਕ ਅਜਿਹਾ ਬੀਜ਼ ਹੈ, ਜਿਹੜਾ ਸਾਡੇ ਅੰਦਰੋਂ ਸਹਿਜ-ਸੁਭਾਅ ਪੁੰਗਰਦਾ ਹੈ ਅਤੇ ਜਿਵੇਂ ਕੋਈ ਚੀਜ਼ ਫ਼ੁੱਟ ਕੇ ਅੰਦਰੋਂ ਸਹਿਜ ਸੁਭਾਅ ਨਾ ਨਿਕਲੇ, ਉਹ ਧੱਕੇ ਨਾਲ ਤੇ ਬਿਨ੍ਹਾਂ ਮਰਜ਼ੀ ਤੋਂ ਅੰਦਰ ਸੁੱਟੀ ਇਕ ਪਲਾਤੀ ਜਿਹੀ ਹੁੰਦੀ ਹੈ। ਉਸ ਦੀਆਂ ਜੜ੍ਹਾਂ ਨਹੀਂ ਹੁੰਦੀਆਂ। ਇਸ ਓਪਰੀ ਚੀਜ਼ ਦੇ ਨਾਲ ਸਾਡਾ ਅੰਦਰ ਦਾ ਸੁਭਾਅ ਨਹੀਂ ਭਿੱਜ ਸਕਦਾ।
ਸਿੱਖਾਂ ਦਾ ਵਿਰਸਾ ਹੀ ਧਾਰਮਿਕ ਆਜ਼ਾਦੀ ਹੈ। ਆਪਣੇ ਧਰਮ ਤੇ ਜ਼ਮੀਰ ਦੀ ਆਜ਼ਾਦੀ ਲਈ ਆਪਣੇ ਸਿਰੜ ‘ਤੇ ਅੜੇ ਰਹਿਣਾ ਹੀ ਗੁਰਮਤਿ ਦਾ ਫ਼ਲਸਫ਼ਾ ਹੈ। ਭਗਤ ਨਾਮਦੇਵ ਜੀ ਨੂੰ ਜਦ ਸੁਲਤਾਨ ਮੁਹੰਮਦ ਤੁਗ਼ਲਕ ਤਸੀਹੇ ਦੇ ਕੇ ਇਸਲਾਮ ਕਬੂਲਣ ‘ਤੇ ਜ਼ੋਰ ਦੇ ਰਿਹਾ ਸੀ ਤਾਂ ਭਗਤ ਨਾਮਦੇਵ ਦੀ ਮਾਂ ਜਾਨ ਦੀ ਸਲਾਮਤੀ ਲਈ ਆਪਣੇ ਪੁੱਤਰ ਨੂੰ ਕਹਿਣ ਲੱਗੀ ਕਿ, ”ਤੂੰ ਹਿੰਦੂਆਂ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਨ ਲੱਗ ਜਾਂਦਾ?” ਪੁੱਤਰ ਨੂੰ ਦੀਨ ਤੋਂ ਡੋਲਣ ਲਈ ਆਖਣ ਵਾਲੀ ਮਾਂ ਨੂੰ ਹੀ ਪਛਾਨਣ ਤੋਂ ਨਾਂਹ ਕਰਦਿਆਂ ਭਗਤ ਨਾਮਦੇਵ ਆਖਣ ਲੱਗੇ, ”ਨਾ ਮੈਂ ਤੇਰਾ ਪੁੱਤਰ ਹਾਂ ਤੇ ਨਾ ਤੂੰ ਮੇਰੀ ਮਾਂ ਹੈਂ। ਜੇਕਰ ਮੇਰਾ ਸਰੀਰ ਵੀ ਨਾਸ਼ ਹੋ ਜਾਵੇ ਤਾਂ ਵੀ ਮੈਂ ਹਰੀ ਪ੍ਰਭੂ ਦੇ ਗੁਣ ਗਾਉਣ ਤੋਂ ਨਹੀਂ ਹਟਾਂਗਾ।”
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਜ਼ਮੀਰ ਦੀ ਆਜ਼ਾਦੀ ਲਈ ਸਿੱਖ ਸਿਧਾਂਤ ਦਾ ਸਭ ਤੋਂ ਵੱਡਾ ਚਾਨਣ-ਮੁਨਾਰਾ ਹੈ। ਗੁਰੂ ਸਾਹਿਬ ਕੋਲ ਜਿਸ ਵੇਲੇ ਕਸ਼ਮੀਰੀ ਪੰਡਤ ਇਹ ਫ਼ਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਨ੍ਹਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ, ਬੇਸ਼ੱਕ ਅਸੀਂ ਤੁਹਾਡੇ ਤਿਲਕ ਜੰਝੂ ਦੇ ਵਿਸ਼ਵਾਸ ਨਾਲ ਸਹਿਮਤ ਨਹੀਂ ਹਾਂ, ਪਰ ਅਸੀਂ ਤੁਹਾਡੇ ਵਿਸ਼ਵਾਸਾਂ ਦੀ ਰੱਖਿਆ ਜ਼ਰੂਰ ਕਰਾਂਗੇ। ਗੁਰੂ ਸਾਹਿਬ ਨੇ ਫ਼ਰਮਾਇਆ,”ਔਰੰਗਜ਼ੇਬ ਨੂੰ ਕਹਿ ਆਓ, ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨੀ ਸ਼ਰ੍ਹਾ ‘ਚ ਆ ਜਾਵਾਂਗੇ।” ਜਿਸ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਹਨ ਉਸੇ ਧਰਮ ਦੇ ਨੌਵੇਂ ਗੁਰੂ ਇਸੇ ਜੰਝੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ, ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ। ਗੁਰਮਤਿ ਵਿਚ ਕਿਸੇ ਨੂੰ ਜ਼ਬਰੀ ਆਪਣੇ ਮਜ਼੍ਹਬ ਵਿਚ ਲਿਆਉਣ ਦਾ ਕੋਈ ਸੰਕਲਪ ਨਹੀਂ ਹੈ। ਸਗੋਂ ਹਰੇਕ ਮਨੁੱਖ ਨੂੰ ਆਪੋ ਆਪਣੇ ਭਰੋਸੇ ਅਤੇ ਦੀਨ ਵਿਚ ਰਹਿ ਕੇ ਚੰਗੇ ਇਨਸਾਨ ਬਣਨ ਅਤੇ ਸ਼ੁਭ ਕਰਮ ਕਰਨ ਦੀ ਹੀ ਸਿੱਖਿਆ ਮਿਲਦੀ ਹੈ। ਜਗਤ ਉਧਾਰਨ ਹਿੱਤ ਤੀਜੀ ਉਦਾਸੀ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ‘ਮੱਕੇ ਦੀ ਯਾਤਰਾ’ ‘ਤੇ ਗਏ ਤਾਂ ਉਥੇ ਕਾਜ਼ੀ ਤੇ ਮੁੱਲਾਂ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਆਪਣੀਆਂ ਧਾਰਮਿਕ ਪੁਸਤਕਾਂ ਫਰੋਲ ਕੇ ਮਜ਼੍ਹਬ ਦੀ ਗੱਲ ਪੁੱਛਣ ਲੱਗੇ ਕਿ, ”ਹਿੰਦੂ ਮਤ ਵੱਡਾ ਹੈ ਜਾਂ ਮੁਸਲਮਾਨ?”, ਗੁਰੂ ਜੀ ਆਖਣ ਲੱਗੇ, ”ਕੇਵਲ ਸ਼ੁੱਭ ਕਰਮ ਕਰਨ ਵਾਲਾ ਮਨੁੱਖ ਵੱਡਾ ਹੈ। ਜੇਕਰ ਨੇਕ ਅਮਲ ਨਹੀਂ ਕਰਦੇ ਤਾਂ ਭਾਵੇਂ ਉਹ ਹਿੰਦੂ ਹੋਵੇ ਭਾਵੇਂ ਮੁਸਲਮਾਨ, ਦੋਵੇਂ ਹੀ ਅਗਲੀ ਦਰਗਾਹ ‘ਚ ਖੁਆਰ ਹੋਣਗੇ।” ਭਾਈ ਗੁਰਦਾਸ ਜੀ ਇਸ ਵਾਰਤਾਲਾਪ ਦਾ ਜ਼ਿਕਰ ਇਉਂ ਕਰਦੇ ਹਨ :
”ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।”
ਗੁਰਮਤਿ ਵਿਚ ਧਰਮ ਦੀ ਜੋ ਵਿਆਪਕ ਅਤੇ ਸਰਵੋਤਮ ਵਿਆਖਿਆ ਹੈ, ਉਹ ਹੋਰ ਕਿਸੇ ਮਜ਼੍ਹਬ ਜਾਂ ਫ਼ਲਸਫ਼ੇ ਨੇ ਨਹੀਂ ਕੀਤੀ। ਸੁਖਮਨੀ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਗੁਰਵਾਕ ”ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” ਅਨੁਸਾਰ ਆਪਣੇ ਮੂਲ ਨਾਲ ਹਮੇਸ਼ਾ ਜੁੜੇ ਰਹਿਣਾ, ਸਰਬ ਵਿਆਪਕਤਾ ਦੀ ਚੇਤਨਾ ਵਿਚ ਭਿੱਜੇ ਰਹਿ ਕੇ ਸ਼ੁਭ ਕਰਮ ਕਰਨੇ ਹੀ ਸਭ ਤੋਂ ਸ਼੍ਰੇਸ਼ਟ ਧਰਮ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਹਿੰਦੂ ਨੂੰ ”ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ॥” ਆਖ ਕੇ ਅਜਿਹਾ ਸੱਚਾ ਹਿੰਦੂ ਬਣਨ ਲਈ ਆਖਿਆ ਸੀ ਜਿਸ ਦੇ ਗਲ ਵਿਚ ਪਾਇਆ ਜਨੇਊ ਦਇਆ ਦੀ ਕਪਾਹ ਦਾ ਬਣਿਆ, ਸੰਤੋਖ ਦੇ ਸੂਤ ਦਾ, ਜਤ ਦੀਆਂ ਗੰਢਾਂ ਅਤੇ ਉੱਚੇ ਆਚਰਣ ਰੂਪੀ ਵੱਟ ਨਾਲ ਤਿਆਰ ਕੀਤਾ ਹੋਵੇ। ਉਥੇ ”ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥” ਆਖ ਕੇ ਮੁਸਲਮਾਨ ਨੂੰ ਵੀ ਇਕ ਪਰਵਦਿਗਾਰ ਦੀ ਚੇਤਨਾ ਵਿਚ ਰਹਿ ਕੇ ਕਾਇਨਾਤ ਨਾਲ ਪਿਆਰ ਅਤੇ ਸ਼ੁਭ ਕਰਮ ਕਰਨ ਦੀ ਹੀ ਨਸੀਹਤ ਦਿੱਤੀ ਹੈ। ਗੁਰਮਤਿ ਵਿਚ ਸਭ ਤੋਂ ਉੱਤਮ ਸੱਚੇ ਆਚਰਣ ਨੂੰ ਹੀ ਮੰਨਿਆ ਗਿਆ ਹੈ। ”ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥”
ਫੇਰ ਭਾਵੇਂ ਅੱਜ ਆਰਥਿਕ ਲਾਭਾਂ ਦਾ ਲਾਲਚ ਦੇ ਕੇ ਕਿਸੇ ਦੂਜੇ ਮਜ਼੍ਹਬ ਦੇ ਲੋਕਾਂ ਨੂੰ ਆਪਣੇ ਧਰਮ ਵਿਚ ਲਿਆਉਣ ਦੀ ਮੁਹਿੰਮ ਹੋਵੇ, ਜਾਂ ਫਿਰ ਕਿਸੇ ਸਮੇਂ ਦੀਆਂ ਹਕੂਮਤਾਂ ਦੇ ਜਬਰ ਕਾਰਨ ਵੇਲੇ ਦੇ ਹੁਕਮਰਾਨਾਂ ਦੇ ਧਰਮ ਵਿਚ ਚਲੇ ਗਏ ਲੋਕਾਂ ਨੂੰ ‘ਘਰ ਵਾਪਸੀ’ ਦੇ ਨਾਂਅ ‘ਤੇ ਮੁੜ ਪਿਤਰੀ ਧਰਮ ਵਿਚ ਪਰਤਣ ਦੀਆਂ ਦਲੀਲਾਂ-ਅਪੀਲਾਂ, ਇਨ੍ਹਾਂ ਦਾ ਧਰਮ ਦੀ ਪਾਕ ਪਵਿੱਤਰ ਭਾਵਨਾ ਨਾਲ ਕੋਈ ਸਬੰਧ ਨਹੀਂ ਹੈ। ਧਰਮ ਪਰਿਵਰਤਨ ਦੇ ਸੰਦਰਭ ‘ਚ ਪ੍ਰੋ. ਪੂਰਨ ਸਿੰਘ ਦੇ ਇਹ ਸ਼ਬਦ ਬਹੁਤ ਡੂੰਘੇ ਦਾਰਸ਼ਨਿਕ ਅਰਥ ਰੱਖਦੇ ਹਨ, ”ਕੋਈ ਵੀ ਸੱਚਾ ਧਾਰਮਿਕ ਮਨੁੱਖ ਲੋਕਾਂ ਦੇ ਧਰਮ ਬਦਲਣ ਦੀ ਦਲੇਰੀ ਨਹੀਂ ਕਰ ਸਕਦਾ। ਮਨੁੱਖ ਜੰਗਲੀ ਜਾਨਵਰਾਂ ਵਾਂਗ ਬਾਕੀ ਦੂਜਿਆਂ ‘ਤੇ ਆਪਣਾ ਮਜ਼੍ਹਬ ਥੋਪਣਾ ਚਾਹੁੰਦਾ ਹੈ ਪਰ ਆਪਣੇ ‘ਤੇ ਨਹੀਂ।” ਨਿਰਸੰਦੇਹ ਇਹ ਕਾਰਵਾਈਆਂ ਸੱਚੇ ਧਰਮ ਦੀਆਂ ਨਹੀਂ, ਸਗੋਂ ਇਹ ਧਰਮ ਦੀ ਆੜ ਹੇਠ ਮਾਨਸਿਕ ਗ਼ੁਲਾਮਾਂ ਦਾ ਇਕ ਵੱਡਾ ਸਾਮਰਾਜ ਖੜ੍ਹਾ ਕਰਨ ਦੀ ਜਗੀਰੂ ਅਤੇ ਸ੍ਰੇਸ਼ਟਵਾਦੀ ਸੋਚ ਵਿਚੋਂ ਨਿਕਲੀ ਅਣਮਨੁੱਖੀ ਮੁਹਿੰਮ ਆਖੀ ਜਾ ਸਕਦੀ ਹੈ। ਜੇਕਰ ਸਾਰੇ ਧਰਮਾਂ ਦੇ ਪੈਰੋਕਾਰਾਂ ਦੇ ਅਮਲਾਂ ਦਾ ਆਦਰਸ਼ ਮਨੁੱਖ ਨੂੰ ਚੰਗਾ ਮਨੁੱਖ ਬਣਾਉਣਾ ਹੀ ਬਣ ਜਾਵੇ ਤਾਂ ਫਿਰ ਇਹੋ-ਜਿਹੇ ਆਡੰਬਰ ਕਰਨ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਹਰੇਕ ਧਰਮ ਦੀ ਸਿੱਖਿਆ ਇਹ ਹੋਣੀ ਚਾਹੀਦੀ ਹੈ ਕਿ ਹਰ ਕੋਈ ਦੂਜੇ ‘ਤੇ ਧਰਮ ਥੋਪਣ ਦੀ ਥਾਂ ਖੁਦ ਸੱਚਾ ਧਰਮੀ ਬਣੇ, ਮਾਨਵਤਾ ਅਤੇ ਸਾਰੇ ਮਜ਼੍ਹਬਾਂ ਨੂੰ ਇਕੋ ਅੱਖ ਨਾਲ ਦੇਖੇ ਅਤੇ ਹਰੇਕ ਨੂੰ ਆਪਣੇ ਮਨ ਦੀ ਇੱਛਾ ਮੁਤਾਬਕ ਧਰਮ ਨਿਭਾਉਣ ਦੀ ਆਜ਼ਾਦੀ ਹੋਵੇ। ਇਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ‘ਧਰਮ ਦੀ ਖ਼ਾਤਰ ਦਿੱਤੀ ਮਹਾਨ ਸ਼ਹਾਦਤ’ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਦੀਨ ਦੀ ਖ਼ਾਤਰ ਬੇਮਿਸਾਲ ਕੁਰਬਾਨੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਜਿਥੇ-ਜਿਥੇ ਕਿਸੇ ਦਾ ਭਰੋਸਾ ਜਾਂ ਈਮਾਨ ਟਿਕਿਆ, ਉਸ ਨੂੰ ਬਣਿਆ ਰਹਿਣ ਦੇਣਾ ਚਾਹੀਦਾ ਹੈ। ਸਾਰੇ ਮਤਾਂ, ਧਰਮਾਂ ਦੇ ਪ੍ਰਚਾਰਕਾਂ ਦਾ ਉਦੇਸ਼ ਗਿਣਤੀਆਂ ਵਧਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਧਰਮ ਵਿਚ ਲਿਆਉਣ ਦੀ ਥਾਂ ਸਮਾਜ ਅੰਦਰ ਇਨਸਾਨੀਅਤ, ਸਦਭਾਵਨਾ ਅਤੇ ਪ੍ਰੇਮ-ਭਾਵਨਾ ਦੀ ਖੁਸ਼ਬੋਈ ਫੈਲਾਉਣਾ ਹੋਣਾ ਚਾਹੀਦਾ ਹੈ।
ੲੲੲ

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …