Breaking News
Home / ਦੁਨੀਆ / ਅਮਰੀਕਾ ‘ਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5 ਹਜ਼ਾਰ ਤੋਂ ਪਾਰ

ਅਮਰੀਕਾ ‘ਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5 ਹਜ਼ਾਰ ਤੋਂ ਪਾਰ

ਮਹਾਂਮਾਰੀ ਨੇ ਲਈਆਂ 9/11 ਦੇ ਅੱਤਵਾਦੀ ਹਮਲਿਆਂ ਨਾਲੋਂ ਵੀ ਵੱਧ ਜਾਨਾਂ, ਅਮਰੀਕਾ ‘ਚ ਕਰੋਨਾ ਪੀੜਤਾਂ ਦੀ ਗਿਣਤੀ ਸਵਾ 2 ਲੱਖ ਤੋਂ ਟੱਪੀ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਖਬਰ ਲਿਖੇ ਜਾਣ ਤੱਕ 5,780 ਤੋਂ ਪਾਰ ਕਰ ਚੁੱਕੀ ਸੀ। ਇਹ ਗਿਣਤੀ ਦੇਸ਼ ਵਿੱਚ 11 ਸਤੰਬਰ ਨੂੰ ਹੋਏ ਅਤਿਵਾਦੀ ਹਮਲਿਆਂ ਵਿੱਚ ਹਲਾਕ ਹੋਏ ਲੋਕਾਂ ਦੀ ਗਿਣਤੀ ਨਾਲੋਂ ਵੀ ਵੱਧ ਹੈ। ਇਸ ਦੌਰਾਨ ਸਿਹਤ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਮਹਾਮਾਰੀ ਨਾਲ ਇਕ ਲੱਖ ਤੋਂ ਦੋ ਲੱਖ ਅਮਰੀਕੀ ਲੋਕਾਂ ਦੀ ਮੌਤ ਹੋ ਸਕਦੀ ਹੈ। ਉਧਰ ਬ੍ਰਿਟੇਨ ‘ਚ ਇੱਕ ਦਿਨ ‘ਚ ਹੀ 563 ਮੌਤਾਂ ਹੋ ਗਈਆਂ ਹਨ। ਯੂਕੇ ‘ਚ ਕਰੋਨਾ ਨਾਲ ਮਰਨ ਵਾਲੀਆਂ ਦੀ ਗਿਣਤੀ ਵੱਧ ਕੇ 3000 ਦੇ ਲਾਗੇ ਹੋ ਗਈ ਹੈ। ਜੋਹਨਜ਼ਹੌਪਕਿਨਜ਼ ਯੂਨੀਵਰਸਿਟੀ ਕਰੋਨਾਵਾਇਰਸ ਖੋਜ ਕੇਂਦਰ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਕਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 57,80 ਤੋਂ ਪਾਰ ਪਹੁੰਚ ਗਈ ਹੈ ਅਤੇ ਸਵਾ 2 ਲੱਖ ਤੋਂ ਬਿਮਾਰੀ ਤੋਂ ਪੀੜਤ ਹਨ । 11 ਸਤੰਬਰ 2001 ਨੂੰ ਅਮਰੀਕਾ ਵਿੱਚ ਅਲਕਾਇਦਾ ਅਤਿਵਾਦੀਆਂ ਦੇ ਹਮਲਿਆਂ ਵਿੱਚ ਕਰੀਬ 3000 ਲੋਕ ਮਾਰੇ ਗਏ ਸਨ। ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਚੀਨ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਨਾਲੋਂ ਵੀ ਵੱਧ ਹੋ ਗਈ ਹੈ। ਚੀਨ ਵਿੱਚ ਕਰੋਨਾਵਾਇਰਸ ਦਾ ਮਾਮਲਾ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ ਅਤੇ ਉੱਥੇ 3310 ਲੋਕਾਂ ਦੀ ਮੌਤ ਹੋਈ ਹੈ। ਦੁਨੀਆਂ ਭਰ ਵਿੱਚ ਕਰੋਨਾਵਾਇਰਸ ਦੇ ਕਰੀਬ 10 ਲੱਖ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀਆਂ ਹਨ। ਜੋਹਨਜ਼ ਹੌਪਕਿਨਸ ਦੇ ਅੰਕੜਿਆਂ ਅਨੁਸਾਰ 40 ਫ਼ੀਸਦੀ ਤੋਂ ਵੱਧ ਮੌਤਾਂ ਨਿਊਯਾਰਕ ‘ਚ ਹੋਈਆਂ ਹਨ। 82,294 ਕੇਸਾਂ ਨਾਲ ਚੀਨ ਹੁਣ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਪੰਜਵੇਂ ਨੰਬਰ ‘ਤੇ ਹੈ। ਪਹਿਲੇ ਨੰਬਰ ‘ਤੇ ਅਮਰੀਕਾ, ਦੂਜੇ ‘ਤੇ ਇਟਲੀ ਅਤੇ ਤੀਜੇ ਨੰਬਰ ‘ਤੇ ਸਪੇਨ ਅਤੇ ਚੌਥੇ ਸਥਾਨ ‘ਤੇ ਜਰਮਨੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਸਭ ਤੋਂ ਮੁਸ਼ਕਿਲ ਦੋ ਹਫ਼ਤਿਆਂ ਵੱਲ ਵਧ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਮੁਸ਼ਕਿਲ ਦਿਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ। ਵ੍ਹਾਈਟ ਹਾਊਸ ਟਾਸਕ ਫੋਰਸ ਦੀ ਇਕ ਮੈਂਬਰ ਦੇਬੋਰਾ ਬਰਕਸ ਨੇ ਕਿਹਾ ਕਿ ਅਮਰੀਕਾ ‘ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇਕ ਤੋਂ ਦੋ ਲੱਖ ਵਿਚਾਲੇ ਹੋ ਸਕਦੀ ਹੈ।
ਦੁਨੀਆ ਭਰ ‘ਚ ਖੜ੍ਹਾ ਹੋ ਸਕਦਾ ਹੈ ਖੁਰਾਕੀ ਵਸਤਾਂ ਦਾ ਸੰਕਟ
ਲੌਕਡਾਊਨ ਦੇ ਚਲਦਿਆਂ ਖੁਰਾਕੀ ਵਸਤਾਂ ਦੀ ਸਪਲਾਈ ਨਾ ਰੁਕੇ
ਪੈਰਿਸ : ਤਿੰਨ ਆਲਮੀ ਸੰਸਥਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵੱਖ-ਵੱਖ ਮੁਲਕਾਂ ਦੀਆਂ ਅਥਾਰਿਟੀਆਂ ਕਰੋਨਾਵਾਇਰਸ ਦੇ ਸੰਕਟ ਨੂੰ ਕਾਬੂ ਕਰਨ ‘ਚ ਨਾਕਾਮ ਰਹੀਆਂ ਤਾਂ ਦੁਨੀਆਂ ਭਰ ਵਿੱਚ ਖੁਰਾਕੀ ਵਸਤਾਂ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੇ ਕੌਮਾਂਤਰੀ ਕਾਰੋਬਾਰ ਤੇ ਖੁਰਾਕੀ ਵਸਤਾਂ ਦੀ ਸਪਲਾਈ ਘਟਣ ਕਾਰਨ ਆਪਣੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਹਿ ਦਿੱਤਾ ਹੈ। ਲੋਕਾਂ ਵੱਲੋਂ ਦਹਿਸ਼ਤ ਦੇ ਮਾਰੇ ਧੜਾਧੜ ਕੀਤੀ ਗਈ ਖਰੀਦੋ ਫਰੋਖ਼ਤ ਕਾਰਨ ਵੀ ਸੰਕਟ ਖੜ੍ਹਾ ਹੋਇਆ ਹੈ ਤੇ ਬਹੁਤੀਆਂ ਸੁਪਰ ਮਾਰਕੀਟਾਂ ਖਾਲੀ ਪਈਆਂ ਹਨ। ਸੰਯੁਕਤ ਰਾਸ਼ਟਰ ਦੀ ਖੁਰਾਕ ਤੇ ਖੇਤੀਬਾੜੀ ਸੰਸਥਾ (ਐੱਫਏਕਿਊ) ਤੇ ਮੁਖੀ ਕਿਊ ਡੌਂਗਿਊ, ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਟੈਡਰੌਸ ਅਧੈਨੋਮ ਗ਼ੇਬ੍ਰੀਯੇਸਸ ਅਤੇ ਵਿਸ਼ਵ ਕਾਰੋਬਾਰ ਸੰਸਥਾ (ਡਬਲਿਊਟੀਓ) ਦੇ ਡਾਇਰੈਕਟਰ ਰੌਬਰਟੋ ਅਜ਼ੈਵੇਡੋ ਵੱਲੋਂ ਜਾਰੀ ਸਾਂਝੀ ਰਿਪੋਰਟ ਅਨੁਸਾਰ ਬਰਾਮਦ ਸਬੰਧੀ ਲੱਗੀਆਂ ਪਾਬੰਦੀਆਂ ਕਾਰਨ ਦੁਨੀਆ ਭਰ ਦੀਆਂ ਮੰਡੀਆਂ ‘ਚ ਖੁਰਾਕੀ ਵਸਤਾਂ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਕੋਵਿਡ-19 ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੌਰਾਨ ਖੁਰਾਕੀ ਵਸਤਾਂ ਦੀ ਕਮੀ ਦੂਰ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਆਪਣੇ ਨਾਗਰਿਕਾਂ ਦੀ ਸਿਹਤ ਤੇ ਭਲਾਈ ਦੇ ਮੱਦੇਨਜ਼ਰ ਹਰ ਮੁਲਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਾਰੋਬਾਰ ਨਾਲ ਸਬੰਧਤ ਕੰਮਾਂ ‘ਚ ਅੜਿੱਕਾ ਨਾ ਪਵੇ ਤੇ ਖੁਰਾਕੀ ਵਸਤਾਂ ਦੀ ਸਪਲਾਈ ਨਾ ਟੁੱਟੇ।
ਵਿਸ਼ਵ ਭਰ ‘ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ ਤੋਂ ਪਾਰ
ਪੈਰਿਸ: ਦੁਨੀਆ ਭਰ ਵਿੱਚ ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 50 ਨੂੰ ਪਾਰ ਕਰ ਪਹੁੰਚ ਗਿਆ ਹੈ। ਏਐੱਫਪੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦਸੰਬਰ ਮਹੀਨੇ ਚੀਨ ‘ਚ ਇਸ ਮਹਾਮਾਰੀ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਦੁਨੀਆਂ ਭਰ ਦੇ 195 ਮੁਲਕਾਂ ‘ਚ ਇਸ ਬਿਮਾਰੀ ਨਾਲ ਸਬੰਧਤ 10 ਲੱਖ ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਕਰੋਨਾ ਤੋਂ ਪੀੜਤ 2 ਲੱਖ ਤੋਂ ਵਧ ਵਿਅਕਤੀ ਸਿਹਤਯਾਬ ਵੀ ਹੋਏ ਹਨ। ਅੰਕੜੇ ਵਿਸ਼ਵ ਸਿਹਤ ਸੰਸਥਾ ਦੀਆਂ ਕੌਮੀ ਅਥਾਰਿਟੀਆਂ ਵੱਲੋਂ ਦਿੱਤੀਆਂ ਸੂਚਨਾਵਾਂ ਦੇ ਆਧਾਰ ‘ਤੇ ਹਨ।
ਨਿਊਯਾਰਕ ‘ਚ ਕਰੋਨਾ ਨੇ ਇਕ ਪੰਜਾਬੀ ਦੀ ਵੀ ਲਈ ਜਾਨ
ਮੁਕੇਰੀਆਂ/ਨਿਊਯਾਰਕ : ਕਰੋਨਾਵਾਇਰਸ ਨੇ ਪੰਜਾਬ ਦੇ ਮੁਕੇਰੀਆਂ ਖੇਤਰ ਦੇ ਲਾਗਲੇ ਪਿੰਡ ਮਨਸੂਰਪੁਰ ਦੇ ਅਮਰੀਕਾ ਦੇ ਨਿਊਯਾਰਕ ਵਿੱਚ ਰਹਿ ਰਹੇ ਵਿਅਕਤੀ ਦੀ ਜਾਨ ਲੈ ਲਈ। ਉਹ ਲਗਪਗ 25 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਅਤੇ ਦੋ ਸਾਲ ਪਹਿਲਾਂ ਹੀ ਉਸ ਦਾ ਪਰਿਵਾਰ ਪਿੰਡ ਪਰਤਿਆ ਸੀ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਮੁਲਤਾਨੀ ਪੁੱਤਰ ਮਹਾਂਵੀਰ ਸਿੰਘ ਵਾਸੀ ਮਨਸੂਰਪੁਰ ਪਿਛਲੇ ਲਗਪਗ 25 ਸਾਲ ਤੋਂ ਨਿਊਯਾਰਕ ਇਲਾਕੇ ਵਿੱਚ ਰਹਿ ਰਿਹਾ ਸੀ। ਕੰਮਕਾਜ ਦੌਰਾਨ ਪਰਮਜੀਤ ਸਿੰਘ ਕੋਵਿਡ-19 ਦਾ ਸ਼ਿਕਾਰ ਹੋ ਗਿਆ ਅਤੇ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਉਹ ਉੱਥੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਸ ਦੀ ਹਾਲਤ ਵੱਚ ਕੋਈ ਸੁਧਾਰ ਨਾ ਹੋ ਸਕਿਆ ਅਤੇ ਲੰਘੇ ਦਿਨੀਂ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ, ਜੋ ਕਿ ਦੋ ਸਾਲ ਪਹਿਲਾਂ ਪੰਜਾਬ ਪਰਤ ਆਏ ਸਨ। ਪਰਮਜੀਤ ਸਿੰਘ ਮੁਲਤਾਨੀ ਦੀ ਮੌਤ ਦੀ ਖ਼ਬਰ ਪੁੱਜਦਿਆਂ ਹੀ ਪਿੰਡ ਮਨਸੂਰਪੁਰ ਵਾਸੀਆਂ ਸਮੇਤ ਹਲਕੇ ਦੇ ਲੋਕਾਂ ‘ਚ ਸੋਗ ਦੀ ਲਹਿਰ ਦੌੜ ਗਈ।
ਕੋਰੋਨਾ ਕਾਰਨ ਅਮਰੀਕਾ ‘ਚ 6 ਹਫ਼ਤੇ ਦੇ ਨਵਜੰਮੇ ਬੱਚੇ ਦੀ ਮੌਤ
ਪੂਰੀ ਦੁਨੀਆ ‘ਚ ਜਾਰੀ ਕੋਰੋਨਾ ਵਾਇਰਸ ਦੇ ਕਹਿਰ ਵਿਚਕਾਰ ਸਿਰਫ਼ 6 ਹਫ਼ਤੇ ਦੇ ਇੱਕ ਨਵਜੰਮੇ ਬੱਚੇ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕੀ ਸੂਬੇ ਕਨੈਕਟੀਕਟ ਦੇ ਰਾਜਪਾਲ ਨੇ ਕਿਹਾ ਕਿ ਇਹ ਕੋਰੋਨਾ ਵਾਇਰਸ ਨਾਲ ਹੋਈ ਸਭ ਤੋਂ ਘੱਟ ਉਮਰ ਦੀ ਮੌਤ ਵਿੱਚੋਂ ਇੱਕ ਹੈ। ਨਵਜੰਮੇ ਬੱਚੇ ਨੂੰ ਪਿਛਲੇ ਹਫ਼ਤੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬੀਤੀ ਰਾਤ ਹੋਏ ਟੈਸਟ ‘ਚ ਇਹ ਸਪੱਸ਼ਟ ਹੋ ਗਿਆ ਕਿ ਬੱਚਾ ਕੋਰੋਨਾ ਵਾਇਰਸ ਪਾਜੀਟਿਵ ਸੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …