Breaking News
Home / ਦੁਨੀਆ / ਭਾਰਤ-ਅਮਰੀਕਾ ਸਬੰਧ 2022 ‘ਚ ਹੋਰ ਮਜ਼ਬੂਤ ਹੋਏ : ਵ੍ਹਾਈਟ ਹਾਊਸ

ਭਾਰਤ-ਅਮਰੀਕਾ ਸਬੰਧ 2022 ‘ਚ ਹੋਰ ਮਜ਼ਬੂਤ ਹੋਏ : ਵ੍ਹਾਈਟ ਹਾਊਸ

ਜੀ-20 ਸੰਮੇਲਨ ‘ਚ ਨਿਭਾਈ ਭੂਮਿਕਾ ਲਈ ਮੋਦੀ ਦੀ ਕੀਤੀ ਸ਼ਲਾਘਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ ‘ਚ 2022 ਵੱਡਾ ਸਾਲ ਰਿਹਾ ਹੈ ਅਤੇ ਆਉਂਦਾ ਵਰ੍ਹਾ 2023 ਹੋਰ ਵੀ ਵੱਡਾ ਰਹੇਗਾ। ਪ੍ਰਧਾਨ ਉਪ ਕੌਮੀ ਸੁਰੱਖਿਆ ਸਲਾਹਕਾਰ ਜੌਨ ਫਾਈਨਰ ਨੇ ਜੀ-20 ਸਿਖਰ ਸੰਮੇਲਨ ਦੌਰਾਨ ਇਕ ਸਾਂਝੇ ਬਿਆਨ ‘ਤੇ ਆਮ ਸਹਿਮਤੀ ਬਣਾਉਣ ‘ਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ।
ਵਾਸ਼ਿੰਗਟਨ ‘ਚ ਭਾਰਤੀ-ਅਮਰੀਕੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਫਾਈਨਰ ਨੇ ਕਿਹਾ, ”ਅਮਰੀਕਾ ਅਤੇ ਉਸ ਦੇ ਰਾਸ਼ਟਰਪਤੀ ਜੋਅ ਬਾਇਡਨ ਜਦੋਂ ਦੁਨੀਆ ਭਰ ‘ਚ ਅਜਿਹੇ ਭਾਈਵਾਲਾਂ ਦੀ ਤਲਾਸ਼ ਕਰਦੇ ਹਨ ਜੋ ਹਕੀਕਤ ‘ਚ ਜ਼ਿੰਮੇਵਾਰੀਆਂ ਦਾ ਭਾਰ ਉਠਾਉਣ ‘ਚ ਸਹਾਇਤਾ ਕਰ ਸਕਦੇ ਹਨ, ਜੋ ਅਸਲ ‘ਚ ਆਲਮੀ ਏਜੰਡੇ ਨੂੰ ਅੱਗੇ ਵਧਾਉਣ ‘ਚ ਸਹਾਇਕ ਹੋ ਸਕਦੇ ਹਨ ਤਾਂ ਭਾਰਤ ਅਤੇ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਚੀ ‘ਚ ਕਾਫੀ ਉਪਰ ਮਿਲਦੇ ਹਨ।”
ਇਸ ਦੌਰਾਨ ਅਮਰੀਕਾ ‘ਚ ਭਾਰਤ ਦੇ ਸਫੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਇਡਨ ਭਾਰਤ-ਅਮਰੀਕਾ ਸਬੰਧਾਂ ਨੂੰ ਰਫ਼ਤਾਰ ਦੇ ਰਹੇ ਹਨ ਜਿਨ੍ਹਾਂ ਵਿਚਕਾਰ 15 ਤੋਂ ਜ਼ਿਆਦਾ ਵਾਰ ਮੁਲਾਕਾਤ ਹੋ ਚੁੱਕੀ ਹੈ। ਭਾਰਤੀ ਦੂਤਘਰ ਵੱਲੋਂ ਕਰਵਾਏ ਗਏ ਪ੍ਰੋਗਰਾਮ ‘ਚ ਭਾਰਤੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪ੍ਰੋਗਰਾਮ ‘ਚ ਦੀਵਾਲੀ ਤੋਂ ਲੈ ਕੇ ਹਨੁਕਾ ਤੱਕ, ਈਦ ਤੋਂ ਲੈ ਕੇ ਬੋਧੀ ਦਿਵਸ ਅਤੇ ਗੁਰਪੁਰਬ ਤੋਂ ਲੈ ਕੇ ਕ੍ਰਿਸਮਸ ਤੱਕ ਵੱਖ-ਵੱਖ ਧਰਮਾਂ ਦੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਗਏ। ਇਸ ਮੌਕੇ ਬਾਇਡਨ ਸਰਕਾਰ ‘ਚ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਨੀਰਾ ਟੰਡਨ ਅਤੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਸਮੇਤ ਹੋਰ ਸਿਖਰਲੇ ਅਧਿਕਾਰੀਆਂ ਨੇ ਭਾਰਤ ਦੇ ‘ਅਨੇਕਤਾ ‘ਚ ਏਕਤਾ’ ਦੇ ਸੁਨੇਹੇ ਦਾ ਜ਼ਿਕਰ ਵੀ ਕੀਤਾ।

 

Check Also

ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ

ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …