ਪਿਛਲੇ ਸਮਿਆਂ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਬਹੁਤ ਸਾਰੇ ਲੋਕਾਂ ਵਿਚੋਂ 104 ਭਾਰਤੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚ ਗਏ। ਉਨ੍ਹਾਂ ਨੂੰ ਇਕ ਅਮਰੀਕੀ ਫ਼ੌਜੀ ਜਹਾਜ਼ ਵਿਚ ਭਰ ਕੇ ਭੇਜਿਆ ਗਿਆ। ਪੰਜਾਬ ਤੋਂ ਇਲਾਵਾ ਇਨ੍ਹਾਂ ਵਿਚ ਹਰਿਆਣਾ, ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਲੋਕ ਵੀ ਸ਼ਾਮਿਲ ਹਨ। ਸੂਚਨਾਵਾਂ ਅਨੁਸਾਰ ਅਜਿਹੇ ਹਜ਼ਾਰਾਂ ਹੀ ਭਾਰਤੀ ਅਮਰੀਕਾ ਵਿਚ ਹਨ ਜਿਨ੍ਹਾਂ ਨੂੰ ਆਉਂਦੇ ਸਮੇਂ ਵਿਚ ਜ਼ਬਰਦਸਤੀ ਭਾਰਤ ਭੇਜਿਆ ਜਾ ਸਕਦਾ ਹੈ।
ਅਮਰੀਕਾ ਇਕ ਸ਼ਕਤੀਸ਼ਾਲੀ ਅਤੇ ਵਿਕਾਸ ਕਰ ਚੁੱਕਾ ਦੇਸ਼ ਹੈ। ਉੱਥੇ ਹਰ ਤਰ੍ਹਾਂ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਇਸ ਲਈ ਦੁਨੀਆ ਭਰ ਦੇ ਪਿਛੜੇ ਅਤੇ ਗ਼ਰੀਬ ਦੇਸ਼ਾਂ ਦੇ ਲੋਕ ਕਿਸੇ ਨਾ ਕਿਸੇ ਬਹਾਨੇ ਉਥੇ ਜਾਣ ਦੀ ਤਾਂਘ ਰੱਖਦੇ ਹਨ। ਜੇਕਰ ਕਾਨੂੰਨੀ ਤੌਰ ‘ਤੇ ਦਾਖ਼ਲਾ ਨਹੀਂ ਮਿਲਦਾ ਤਾਂ ਉਹ ਉਥੇ ਵੜਨ ਲਈ ਅਨੇਕਾਂ ਤਰ੍ਹਾਂ ਦੇ ਗ਼ੈਰ-ਕਾਨੂੰਨੀ ਢੰਗ-ਤਰੀਕੇ ਅਪਣਾਉਂਦੇ ਰਹਿੰਦੇ ਹਨ। ਅਮਰੀਕਾ ਦਾ ਗੁਆਂਢੀ ਦੇਸ਼ ਮੈਕਸੀਕੋ ਜਿਸ ਦੀ ਆਰਥਿਕ ਹਾਲਤ ਮਜ਼ਬੂਤ ਨਹੀਂ, ਉਥੋਂ ਦੇ ਲੋਕ ਵੀ ਕਿਸੇ ਨਾ ਕਿਸੇ ਤਰ੍ਹਾਂ ਸਰਹੱਦਾਂ ਪਾਰ ਕਰ ਕੇ ਅਮਰੀਕਾ ਜਾ ਵੜਦੇ ਹਨ। ਬਹੁਤੇ ਹੋਰ ਦੇਸ਼ਾਂ ਦੇ ਲੋਕ ਵੀ ਇਨ੍ਹਾਂ ਰਸਤਿਆਂ ਰਾਹੀਂ ਉੱਥੇ ਘੁਸਣ ਦੀ ਤਾਕ ਵਿਚ ਰਹਿੰਦੇ ਹਨ। ਅਮਰੀਕੀ ਸਰਕਾਰਾਂ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਅਕਸਰ ਉਨ੍ਹਾਂ ਦੇ ਆਪਣੇ ਦੇਸ਼ਾਂ ਵਿਚ ਭੇਜਦੀਆਂ ਰਹਿੰਦੀਆਂ ਹਨ। ਹੁਣ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪਾਸੇ ਵਧੇਰੇ ਸਖ਼ਤ ਕਦਮ ਉਠਾਉਣ ਦਾ ਐਲਾਨ ਕੀਤਾ ਹੈ। ਆਉਂਦਿਆਂ ਹੀ ਉਸ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਸਖ਼ਤੀ ਨਾਲ ਭੇਜਣ ਲਈ ਕਦਮ ਉਠਾਏ ਹਨ। ਇਨ੍ਹਾਂ ਵਿਚ ਹਾਂਡੂਰਾਸ, ਗੁਆਟੇਮਾਲਾ, ਸਲਵਾਡੋਰ ਅਤੇ ਪੇਰੂ ਆਦਿ ਦੇਸ਼ਾਂ ਦੇ ਗੈਰ-ਕਾਨੂੰਨੀ ਪ੍ਰਵਾਸੀ ਸ਼ਾਮਿਲ ਹਨ। ਇਸੇ ਤਰ੍ਹਾਂ ਹਜ਼ਾਰਾਂ ਭਾਰਤੀ ਵੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਹਨ। ਇਸ ਸੰਬੰਧੀ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਪਿਛਲੇ ਦਿਨੀਂ ਆਪਣੇ ਅਮਰੀਕੀ ਦੌਰੇ ਦੌਰਾਨ ਉੱਥੋਂ ਦੇ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਯਕੀਨ ਦਿਵਾਇਆ ਸੀ ਕਿ ਜਿਹੜੇ ਵੀ ਭਾਰਤੀ ਨਾਗਰਿਕ ਉੱਥੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ, ਭਾਰਤ ਉਨ੍ਹਾਂ ਨੂੰ ਵਾਪਸ ਲੈਣ ਲਈ ਪਾਬੰਦ ਹੈ। ਇਸ ਸੰਬੰਧੀ ਵਿਦੇਸ਼ ਮੰਤਰਾਲੇ ਨੇ ਵੀ ਕਈ ਬਿਆਨ ਦਿੱਤੇ ਸਨ ਪਰ ਡੋਨਾਲਡ ਟਰੰਪ ਦਾ ਕੰਮ ਕਰਨ ਦਾ ਆਪਣਾ ਹੀ ਨਿਰਾਲਾ ਢੰਗ-ਤਰੀਕਾ ਹੈ।
ਦੂਸਰੇ ਦੇਸ਼ਾਂ ਨਾਲ ਉੱਠੇ ਮਸਲਿਆਂ ਨੂੰ ਵਾਰਤਾ ਰਾਹੀਂ ਗੱਲਬਾਤ ਕਰ ਕੇ ਸੁਲਝਾਉਣ ਦੀ ਥਾਂ ਉਹ ਇਕ-ਪਾਸੜ ਤੌਰ ‘ਤੇ ਹਦਾਇਤਾਂ ਦੇਣ ਦਾ ਆਦੀ ਹੈ। ਆਪਣੇ ਆਪ ਹੀ ਉਸ ਨੇ ਆਪਣੇ ਗੁਆਂਢੀਆਂ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ਕੀਤੀਆਂ ਜਾਂਦੀਆਂ ਵਸਤੂਆਂ ‘ਤੇ ਵੱਡੇ ਕਰ ਲਗਾਉਣ ਦੇ ਹੁਕਮ ਚਾੜ੍ਹ ਦਿੱਤੇ ਸਨ। ਚੀਨ ਵਰਗੇ ਦੇਸ਼ ਨਾਲ ਵੀ ਉਸ ਨੇ ਅਜਿਹਾ ਹੀ ਵਰਤਾਅ ਕੀਤਾ। ਆਉਂਦੇ ਦਿਨਾਂ ਵਿਚ ਹੋਰ ਕਈ ਦੇਸ਼ਾਂ ‘ਤੇ ਵੀ ਉਹ ਅਜਿਹੇ ਕਰ ਲਾ ਸਕਦਾ ਹੈ। ਉਸ ਦੀ ਸੂਚੀ ਵਿਚ ਭਾਰਤ ਵੀ ਸ਼ਾਮਿਲ ਹੈ। ਉਹ ਇਹੀ ਢੰਗ-ਤਰੀਕਾ ਗ਼ੈਰ-ਕਾਨੂੰਨੀ ਪ੍ਰਵਾਸੀਆਂ ਪ੍ਰਤੀ ਵੀ ਅਪਣਾ ਰਿਹਾ ਹੈ। ਉਸ ਨੇ ਅਮਰੀਕਾ ਵਿਚ ਕੋਲੰਬੀਆ ਦੇ ਗ਼ੈਰ-ਕਾਨੂੰਨੀ ਨਾਗਰਿਕਾਂ ਨੂੰ ਸਖ਼ਤੀ ਨਾਲ ਜਹਾਜ਼ਾਂ ਵਿਚ ਭਰ ਕੇ ਭੇਜਣਾ ਸ਼ੁਰੂ ਕਰ ਦਿੱਤਾ ਸੀ, ਜਿਸ ‘ਤੇ ਕੋਲੰਬੀਆ ਸਰਕਾਰ ਵਲੋਂ ਇਤਰਾਜ਼ ਉਠਾਏ ਜਾਣ ‘ਤੇ ਉਸ ਨੇ ਉਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸਨ। ਇਸ ਕਰਕੇ ਕੋਲੰਬੀਆ ਨੂੰ ਪਿੱਛੇ ਹੱਟਣਾ ਪਿਆ।
ਇਸ ਮਸਲੇ ‘ਤੇ ਭਾਰਤ ਨਾਲ ਵੀ ਉਸ ਨੇ ਅਜਿਹਾ ਹੀ ਵਰਤਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਦੇ ਭਰੋਸਿਆਂ ਦੇ ਬਾਵਜੂਦ ਉਸ ਨੇ ਪਹਿਲੀ ਖੇਪ ਵਿਚ ਜ਼ਬਰਦਸਤੀ 104 ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਅਜਿਹਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਯਾਤਰਾ ਆਉਂਦੇ ਦਿਨਾਂ ਵਿਚ ਹੋਣ ਦੇ ਚਰਚੇ ਹਨ। ਇਸ ਦੇ ਬਾਵਜੂਦ ਟਰੰਪ ਵਲੋਂ ਕੀਤਾ ਗਿਆ ਅਜਿਹਾ ਵਿਵਹਾਰ ਦੋਹਾਂ ਦੇਸ਼ਾਂ ਦੇ ਗੂੜ੍ਹੇ ਹੁੰਦੇ ਸੰਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਰਤ ਨੂੰ ਇਸ ਪੱਖ ਤੋਂ ਵੀ ਵਿਚਾਰ ਕਰਨ ਦੀ ਲੋੜ ਹੈ, ਕਿ ਵੱਡੀ ਗਿਣਤੀ ਵਿਚ ਭਾਰਤੀ ਅਜਿਹਾ ਗ਼ੈਰ-ਕਾਨੂੰਨੀ ਪ੍ਰਵਾਸ ਕਿਉਂ ਤੇ ਕਿਵੇਂ ਕਰਦੇ ਹਨ? ਸਰਕਾਰ ਨੂੰ ਉਨ੍ਹਾਂ ਟਰੈਵਲ ਏਜੰਟਾਂ ‘ਤੇ ਵੀ ਸਕਿੰਜਾ ਕੱਸਣ ਦੀ ਜ਼ਰੂਰਤ ਹੈ, ਜੋ ਅਜਿਹਾ ਕਰਨ ਲਈ ਲੋਕਾਂ ਨੂੰ ਉਕਸਾਉਂਦੇ ਹਨ ਅਤੇ ਆਪਣੀਆਂ ਫੀਸਾਂ ਲੈਣ ਲਈ ਲੋਕਾਂ ਨੂੰ ਅੰਨ੍ਹੇ ਖੂਹਾਂ ਵਿਚ ਧੱਕਣ ਦਾ ਕੰਮ ਕਰਦੇ ਹਨ। ਇਸੇ ਲਈ ਹੀ ਅੱਜ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਦੇ ਬੁਰੀ ਤਰ੍ਹਾਂ ਭਟਕਣ ਦੀਆਂ ਦੁਖਦਾਈ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਭਾਰਤ ਜਿਹੜਾ ਨੇੜ ਭਵਿੱਖ ਵਿਚ ਦੁਨੀਆ ਦੀ ਵੱਡੀ ਸ਼ਕਤੀ ਬਣਨ ਦਾ ਦਾਅਵਾ ਕਰ ਰਿਹਾ ਹੈ, ਨੂੰ ਵੀ ਵੱਡੀ ਗਿਣਤੀ ਵਿਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਦੀ ਸਾਰ ਲੈਣ ਦੀ ਜ਼ਰੂਰਤ ਹੋਵੇਗੀ ਤਾਂ ਜੋ ਉਹ ਹਰ ਢੰਗ-ਤਰੀਕੇ ਨਾਲ ਇੱਥੋਂ ਨਿਕਲ ਕੇ ਵਿਦੇਸ਼ਾਂ ਵਿਚ ਭਟਕਣ ਲਈ ਮਜਬੂਰ ਨਾ ਹੋਣ।
Check Also
ਪੰਜਾਬ ਦੇ ਅਮਨ ਕਾਨੂੰਨ ਲਈ ਨਵੀਆਂ ਚੁਣੌਤੀਆਂ
ਕੁਝ ਦਹਾਕੇ ਪਹਿਲਾਂ ਪੰਜਾਬ ਬੇਹੱਦ ਮੁਸ਼ਕਿਲ ਦੌਰ ‘ਚੋਂ ਗੁਜ਼ਰਿਆ ਸੀ। ਇਸ ਦਾ ਪਿੰਡਾਂ ਲਹੂ-ਲੁਹਾਨ ਹੋਇਆ …