Breaking News
Home / ਭਾਰਤ / ਕਮਲ ਨਾਥ ਖਿਲਾਫ ਕੇਸ ਸੱਜਣ ਕੁਮਾਰ ਨਾਲੋਂ ਵੀ ਵੱਧ ਮਜ਼ਬੂਤ : ਫੂਲਕਾ

ਕਮਲ ਨਾਥ ਖਿਲਾਫ ਕੇਸ ਸੱਜਣ ਕੁਮਾਰ ਨਾਲੋਂ ਵੀ ਵੱਧ ਮਜ਼ਬੂਤ : ਫੂਲਕਾ

ਦੋ ਚਸ਼ਮਦੀਦ ਕਮਲ ਨਾਥ ਖਿਲਾਫ਼ ਕੇਂਦਰੀ ਵਿਸ਼ੇਸ਼ ਜਾਂਚ ਟੀਮ ਨੂੰ ਲਿਖ ਕੇ ਬਿਆਨ ਦੇਣ ਲਈ ਹੋਏ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਵਿਰੋਧੀ ਕਤਲੇਆਮ ਪੀੜਤਾਂ ਦੇ ਇਨਸਾਫ ਦੀ ਲੜਾਈ ਲੜ ਰਹੇ ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਖਿਲਾਫ ਕੇਸ ਬਹੁਤ ਮਜ਼ਬੂਤ ਹੈ। ਸਿੱਖ ਵਿਰੋਧੀ ਕਤਲੇਆਮ ਦਾ ਕੇਸ ਲੜ ਰਹੇ ਵਕੀਲ ਐੱਚ ਐੱਸ ਫੂਲਕਾ ਨੇ ਦੱਸਿਆ ਕਿ ਕਾਂਗਰਸੀ ਆਗੂ ਕਮਲਨਾਥ ਖਿਲਾਫ਼ ਕੇਸ ਸੱਜਣ ਕੁਮਾਰ ਨਾਲੋਂ ਮਜ਼ਬੂਤ ਹੈ। ਇਸ ਦਾ ਕਾਰਨ ਇਹ ਹੈ ਕਿ ਸੱਜਣ ਕੁਮਾਰ ਤੇ ਹੋਰਨਾਂ ਨੇ ਨਵੰਬਰ 1 ਅਤੇ 2 ਨੂੰ ਦਿੱਲੀ ਵਿੱਚ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ ਸੀ ਜਦੋਂ ਇਕੋ ਪਰਿਵਾਰ ਦੇ ਪੰਜ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਜਦੋਂ ਕਿ ਕਮਲਨਾਥ ਨੇ 1 ਨਵੰਬਰ, 1984 ਵਿੱਚ ਗੁਰਦੁਆਰਾ ਰਕਾਬਗੰਜ ਵਿੱਚ ਆਪਣੀ ਮੌਜੂਦਗੀ ਮੰਨੀ ਹੈ। ਉਸ ਦਿਨ ਦੋ ਦਿੱਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ ਤੇ ਭੀੜ ਨੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਸੀ। ਫੂਲਕਾ ਨੇ ਦੱਸਿਆ ਕਿ ਇਸ ਮਾਮਲੇ ਦੇ ਦੋ ਚਸ਼ਮਦੀਦਾਂ ਨੇ ਕਮਲ ਨਾਥ ਖਿਲਾਫ਼ ਕੇਂਦਰੀ ਵਿਸ਼ੇਸ਼ ਜਾਂਚ ਟੀਮ ਨੂੰ ਲਿੱਖ ਕੇ ਬਿਆਨ ਲੈਣ ਦੀ ਇੱਛਾ ਜਤਾਈ ਹੈ। ਚਸ਼ਮਦੀਦਾਂ ਵਿੱਚ ਸੰਜੇ ਸੂਰੀ ਸ਼ਾਮਲ ਹਨ ਜੋ ਸਿੱਖਾਂ ਦੇ ਕਤਲੇਆਮ ਦੌਰਾਨ ‘ਇੰਡੀਅਨ ਐਕਸਪ੍ਰੈਸ’ ਵਿੱਚ ਪੱਤਰਕਾਰ ਸਨ। ਦੋ ਸਿੱਖਾਂ ਨੂੰ ਜਿਊਂਦੇ ਸਾੜੇ ਜਾਣ ਦੇ ਮਾਮਲੇ ਵਿੱਚ ਕਮਲਨਾਥ ਮੁਲਜ਼ਮ ਹਨ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਭੀੜ ਨੂੰ ਭੜਕਾਇਆ ਸੀ। ਜ਼ਿਕਰਯੋਗ ਹੈ ਕਿ ਨਾਨਾਵਤੀ ਕਮਿਸ਼ਨ ਜਿਸ ਨੇ 1984 ਕਤਲੇਆਮ ਦੇ ਤਿੰਨ ਮਾਮਲਿਆਂ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਹਨ ਨੇ ਗੁਰਦੁਆਰਾ ਰਕਾਬਗੰਜ ਮਾਮਲੇ ਵਿੱਚ ਕਮਲ ਨਾਥ ਨੂੰ ਸ਼ੱਕ ਦੇ ਅਧਾਰ ‘ਤੇ ਬਰੀ ਕਰ ਦਿੱਤਾ ਸੀ।
ਫੂਲਕਾ ਨੇ ਕਿਹਾ, ”ਨਾਨਾਵਤੀ ਕਮਿਸ਼ਨ ਨੇ ਕੇਸ ਮਜ਼ਬੂਤ ਹੋਣ ਦੇ ਬਾਵਜੂਦ ਸ਼ੱਕ ਦੇ ਅਧਾਰ ‘ਤੇ ਕਮਲ ਨਾਥ ਨੂੰ ਬਰੀ ਕੀਤਾ ਸੀ। ਪੁਲਿਸ ਰਿਕਾਰਡ ਵਿੱਚ ਦਰਜ ਹੈ ਕਿ ਘਟਨਾ ਵੇਲੇ ਕਮਲਨਾਥ ਗੁਰਦੁਆਰੇ ਵਿੱਚ ਮੌਜੂਦ ਸੀ।” ਵਕੀਲ ਕਾਮਨਾ ਵੋਹਰਾ ਨੇ ਕਿਹਾ ਕਿ ਕਮਲ ਨਾਥ ਖਿਲਾਫ਼ ਕੇਸ ਮਜ਼ਬੂਤ ਹੈ ਕਿਉਂਕਿ ਗਵਾਹ ਆਪਣੇ ਬਿਆਨ ਦਰਜ ਕਰਾਉਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਹਲਫਨਾਮੇ ਦਿੱਤੇ ਹਨ।

Check Also

ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

  28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …