ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਪਿੱਛੋਂ ਲੰਘੀ 5 ਅਗਸਤ ਤੋਂ ਕਥਿਤ ਤੌਰ ‘ਤੇ ਨਜ਼ਰਬੰਦ ਕਰਕੇ ਰੱਖੇ ਗਏ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਹੁਣ ਸਖਤ ਵਿਵਸਥਾ ਵਾਲੇ ਪੀਪਲਜ਼ ਸਕਿਉਰਿਟੀ ਐਕਟ (ਪੀਐਸਏ) ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ ਦੇ 81 ਸਾਲਾ ਆਗੂ ਵਿਰੁੱਧ ਉਕਤ ਕਾਨੂੰਨ ਐਤਵਾਰ ਨੂੰ ਲਾਗੂ ਕੀਤਾ ਗਿਆ। ਸੂਤਰਾਂ ਮੁਤਾਬਕ ਫਾਰੂਕ ਵਿਰੁੱਧ ਪੀਐਸਏ ਲਾਏ ਜਾਣ ਪਿੱਛੋਂ ਗੁਪਕਰ ਮਾਰਗ ਸਥਿਤ ਉਨ੍ਹਾਂ ਦੇ ਨਿਵਾਸ ਨੂੰ ਹੀ ਜੇਲ੍ਹ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੀਐਸਏ ਦੀ ਲੋਕ ਵਿਵਸਥਾ ਧਾਰਾ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਅਧੀਨ ਅਧਿਕਾਰੀਆਂ ਨੂੰ ਕਿਸੇ ਵੀ ਵਿਅਕਤੀ ਨੂੰ ਬਿਨਾ ਮੁਕੱਦਮੇ ਤੋਂ 6 ਮਹੀਨਿਆਂ ਤੱਕ ਹਿਰਾਸਤ ਵਿਚ ਰੱਖਣ ਦਾ ਅਧਿਕਾਰ ਪ੍ਰਾਪਤ ਹੈ। ਦੂਜੀ ਧਾਰਾ ਅਧੀਨ ਕਿਸੇ ਵੀ ਵਿਅਕਤੀ ਨੂੰ ਬਿਨਾ ਮੁਕੱਦਮਾ ਚਲਾਏ 2 ਸਾਲ ਤੱਕ ਦੀ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਫਾਰੂਕ ਇਸ ਸਮੇਂ ਸ੍ਰੀਨਗਰ ਤੋਂ ਲੋਕ ਸਭਾ ਦੇ ਮੈਂਬਰ ਹਨ। ਉਹ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿਣ ਵਾਲੇ ਸੂਬੇ ਦੇ ਪਹਿਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਪੀਐਸਏ ਅਧੀਨ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦੀ ਬੇਨਤੀ ਵਾਲੀ ਇਕ ਪਟੀਸ਼ਨ ‘ਤੇ ਸੁਪਰੀਮ ਕੋਰਟ ਵਲੋਂ ਕੇਂਦਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਕੋਲੋਂ ਜਵਾਬ ਮੰਗਣ ਤੋਂ ਇਕ ਦਿਨ ਪਹਿਲਾਂ ਹੀ ਪੀਐਸਏ ਅਧੀਨ ਹਿਰਾਸਤ ਵਿਚ ਲੈ ਲਿਆ ਗਿਆ।
ਉਕਤ ਪਟੀਸ਼ਨ ਐਮਡੀਐਮਕੇ ਦੇ ਨੇਤਾ ਵਾਇਕੋ ਨੇ ਦਾਇਰ ਕੀਤੀ ਸੀ। ਉਨ੍ਹਾਂ ਫਾਰੂਕ ਦੀ ਰਿਹਾਈ ਦੀ ਮੰਗ ਕੀਤੀ ਸੀ ਤਾਂ ਜੋ ਉਹ ਚੇਨਈ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਣ। ਵਾਇਕੋ ਅਤੇ ਫਾਰੂਕ ਪਿਛਲੇ ਲਗਭਗ 40 ਸਾਲਾਂ ਤੋਂ ਇਕ ਦੂਜੇ ਦੇ ਨੇੜਲੇ ਦੋਸਤ ਹਨ। ਪੀਐਸਏ ਇਸ ਸਮੇਂ ਸਿਰਫ ਜੰਮੂ ਕਸ਼ਮੀਰ ਵਿਚ ਹੀ ਲਾਗੂ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਨੈਸ਼ਨਲ ਸਕਿਉਰਿਟੀ ਐਕਟ (ਐਨਐਸਏ) ਲਾਗੂ ਹੈ। ਫਾਰੂਕ ਅਬਦੁੱਲਾ ਦੇ ਪੁੱਤਰ ਉਮਰ ਅਬਦੁੱਲਾ, ਇਕ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਕਈ ਹੋਰ ਨੇਤਾ 5 ਅਗਸਤ ਤੋਂ ਹੀ ਨਜ਼ਰਬੰਦ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …