14.3 C
Toronto
Thursday, September 18, 2025
spot_img
Homeਭਾਰਤਭਾਰਤੀ ਕੰਪਨੀਆਂ ਬਾਰੇ ਵੇਰਵੇ ਦੇਣ ਲਈ ਸਹਿਮਤ ਹੋਇਆ ਸਵਿੱਜ਼ਰਲੈਂਡ

ਭਾਰਤੀ ਕੰਪਨੀਆਂ ਬਾਰੇ ਵੇਰਵੇ ਦੇਣ ਲਈ ਸਹਿਮਤ ਹੋਇਆ ਸਵਿੱਜ਼ਰਲੈਂਡ

ਕਾਲੇ ਧਨ ਕੁਬੇਰਾਂ ਲਈ ਸੁਰੱਖਿਅਤ ਪਨਾਹਗਾਹ ਸਮਝਿਆ ਜਾਂਦਾ ਹੈ ਸਵਿੱਜ਼ਰਲੈਂਡ
ਨਵੀਂ ਦਿੱਲੀ, ਬਰਨ/ਬਿਊਰੋ ਨਿਊਜ਼
ਕਾਲੇ ਧਨ ਕੁਬੇਰਾਂ ਲਈ ਸੁਰੱਖਿਅਤ ਪਨਾਹਗਾਹ ਸਮਝਿਆ ਜਾਂਦਾ ਸਵਿਜ਼ਰਲੈਂਡ ਦੋ ਭਾਰਤੀ ਕੰਪਨੀਆਂ ਤੇ ਤਿੰਨ ਵਿਅਕਤੀਆਂ ਬਾਰੇ ਵੇਰਵੇ ਦੇਣ ਲਈ ਸਹਿਮਤ ਹੋ ਗਿਆ ਹੈ ਜਿਨ੍ਹਾਂ ਖ਼ਿਲਾਫ਼ ਭਾਰਤ ਵਿਚ ਕਈ ਜਾਂਚਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੰਪਨੀ ਜਨਤਕ ਤੌਰ ‘ਤੇ ਸੂਚੀਬੱਧ ਕੰਪਨੀ ਹੈ ਤੇ ਵੱਖ ਵੱਖ ਖਿਲਾਫ਼ਵਰਜ਼ੀਆਂ ਕਰਕੇ ਸ਼ੇਅਰ ਬਜ਼ਾਰ ਦੇ ਰੈਗੂਲੇਟਰ ਸੇਬੀ ਵਲੋਂ ਇਸ ਦੀ ਖਿਚਾਈ ਕੀਤੀ ਗਈ ਹੈ ਜਦਕਿ ਦੂਜੀ ਕੰਪਨੀ ਦੇ ਤਾਮਿਲਨਾਡੂ ਵਿਚ ਸਿਆਸੀ ਸੰਪਰਕ ਦੱਸੇ ਜਾਂਦੇ ਹਨ। ਸਵਿਸ ਸਰਕਾਰ ਵਲੋਂ ਜਾਰੀ ਕੀਤੇ ਗਏ ਵੱਖੋ ਵੱਖਰੇ ਗਜ਼ਟ ਨੋਟੀਫਿਕੇਸ਼ਨਾਂ ਵਿਚ ਦੇਸ਼ ਦੇ ਸੰਘੀ ਟੈਕਸ ਵਿਭਾਗ ਨੇ ਜੀਓਡੈਸਿਕ ਲਿਮਟਿਡ ਅਤੇ ਆਦੀ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਬਾਰੇ ਕੀਤੀਆਂ ਬੇਨਤੀਆਂ ‘ਤੇ ਭਾਰਤ ਨੂੰ ਪ੍ਰਸ਼ਾਸਕੀ ਸਹਾਇਤਾ ਦੇਣ ਦੀ ਹਾਮੀ ਭਰ ਦਿੱਤੀ ਹੈ। ਜੀਓਡੈਸਿਕ ਲਿਮਟਿਡ ਨਾਲ ਜੁੜੇ ਤਿੰਨ ਵਿਅਕਤੀਆਂ- ਪੰਕਜ ਕੁਮਾਰ ਓਂਕਾਰ ਸ੍ਰੀਵਾਸਤਵ, ਪ੍ਰਸ਼ਾਂਤ ਸ਼ਰਦ ਮੁਲੇਕਰ ਅਤੇ ਕਿਰਨ ਕੁਲਕਰਨੀ ਬਾਰੇ ਵੀ ਜਾਣਕਾਰੀਆਂ ਸਾਂਝੀਆਂ ਕਰਨ ਦੀ ਸਹਿਮਤੀ ਪ੍ਰਗਟਾਈ ਹੈ। ਹਾਲਾਂਕਿ ਸਵਿਸ ਸਰਕਾਰ ਨੇ ਭਾਰਤੀ ਅਧਿਕਾਰੀਆਂ ਵਲੋਂ ਦੋਵੇਂ ਕੰਪਨੀਆਂ ਤੇ ਤਿੰਨ ਵਿਅਕਤੀਆਂ ਬਾਰੇ ਮੰਗੀ ਗਈ ਜਾਣਕਾਰੀਆਂ ਨਾਲ ਜੁੜੇ ਵੇਰਵੇ ਨਸ਼ਰ ਨਹੀਂ ਕੀਤੇ ਪਰ ਆਮ ਤੌਰ ‘ਤੇ ਪ੍ਰਸ਼ਾਸਕੀ ਮਦਦ ਤਹਿਤ ਵਿੱਤੀ ਤੇ ਟੈਕਸ ਗੜਬੜ ਨਾਲ ਸਬੰਧਤ ਬੈਂਕ ਖਾਤੇ ਦੇ ਵੇਰਵੇ ਤੇ ਹੋਰ ਵਿੱਤੀ ਅੰਕੜੇ ਮੰਗੇ ਜਾਂਦੇ ਹਨ।
ਸਬੰਧਤ ਕੰਪਨੀਆਂ ਤੇ ਵਿਅਕਤੀ ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਐਡਮਿਨਿਸਟ੍ਰੇਸ਼ਨ ਐਫਟੀਏ ਦੇ ਫ਼ੈਸਲੇ ਖਿਲਾਫ਼ ਅਪੀਲ ਕਰ ਸਕਦੇ ਹਨ। ਇਨ੍ਹਾਂ ਕੰਪਨੀਆਂ ਤੇ ਵਿਅਕਤੀਆਂ ਨਾਲ ਸੰਪਰਕ ਕਰਨ ਦੀਆਂ ਕੀਤੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ। ਉਂਜ, ਇਹ ਕੰਪਨੀਆਂ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕਰਦੀਆਂ ਰਹੀਆਂ ਹਨ। 1982 ਵਿਚ ਹੋਂਦ ਵਿਚ ਆਈ ਜੀਓਡੈਸਿਕ ਜੋ ਕਦੇ ਤੇਜੀ ਨਾਲ ਵਿਕਾਸ ਕਰਨ ਵਾਲੀ ਤੇ ਉਚ ਪਾਏ ਦੀ ਆਈਟੀ ਤਕਨਾਲੋਜੀ ਵਿਕਲਪ ਮੁਹੱਈਆ ਕਰਾਉਣ ਲਈ ਜਾਣੀ ਜਾਂਦੀ ਸੀ ਪਰ ਹੁਣ ਇਸ ਦੀ ਵੈੱਬਸਾਈਟ ਵੀ ਕੰਮ ਨਹੀਂ ਕਰ ਰਹੀ ਤੇ ਰਸਮੀ ਤੌਰ ‘ਤੇ ਸ਼ੇਅਰ ਬਾਜ਼ਾਰ ਵਿਚ ਇਸ ਦਾ ਕਾਰਵਿਹਾਰ ਮੁਅੱਤਲ ਕਰ ਦਿੱਤਾ ਗਿਆ ਹੈ। ਕੰਪਨੀ ਤੇ ਇਸ ਦੇ ਡਾਇਰੈਕਟਰਾਂ ਨੂੰ ਸੇਬੀ ਦੀ ਰੈਗੂਲੇਟਰੀ ਕਾਰਵਾਈ ਤੋਂ ਇਲਾਵਾ ਈਡੀ ਅਤੇ ਮੁੰਬਈ ਪੁਲੀਸ ਦੇ ਆਰਥਿਕ ਅਪਰਾਧ ਸ਼ਾਖਾ ਦੀਆਂ ਕਾਰਵਾਈਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਟਾਕ ਐਕਸਚੇਂਜ ਵਿਚ ਕੰਪਨੀ ਦੇ ਹਾਲੀਆ ਵੇਰਵਿਆਂ ਮੁਤਾਬਕ ਪੰਕਜ ਕੁਮਾਰ ਜੀਓਡੈਸਿਕ ਦਾ ਚੇਅਰਮੈਨ, ਕਿਰਨ ਕੁਲਕਰਨੀ ਪ੍ਰਬੰਧਕੀ ਨਿਰਦੇਸ਼ਕ ਅਤੇ ਪ੍ਰਸ਼ਾਂਤ ਮੁਲੇਕਰ ਕਾਰਜਕਾਰੀ ਡਾਇਰੈਕਟਰ ਹੈ। ਆਦੀ ਐਂਟਰਪ੍ਰਾਈਜ਼ਜ਼ ਪ੍ਰਾਈਵੇਟ ਲਿਮਟਿਡ ਨਵੰਬਰ 2014 ਵਿਚ ਚੇਨਈ ਵਿਚ ਹੋਂਦ ਵਿਚ ਆਈ ਸੀ ਤੇ ਇਸ ਨੇ ਰੀਅਲ ਅਸਟੇਟ ਤੇ ਹੋਰਨਾਂ ਕਾਰੋਬਾਰਾਂ ਵਿਚ ਕਾਫੀ ਚੜ੍ਹਾਈ ਕੀਤੀ ਸੀ ਪਰ ਜਲਦ ਹੀ ਇਸ ਦੇ ਕੁਝ ਦਾਗ਼ੀ ਸਿਆਸਤਦਾਨਾਂ ਨਾਲ ਸਬੰਧ ਹੋਣ ਤੇ ਕਾਲਾ ਧਨ ਸਫ਼ੇਦ ਬਣਾਉਣ ਦੇ ਕਾਰੋਬਾਰ ਨਾਲ ਜੁੜੇ ਹੋਣ ਦੇ ਖੁਲਾਸੇ ਹੋਏ। ਰਿਪੋਰਟਾਂ ਮੁਤਾਬਕ ਆਮਦਨ ਕਰ ਵਿਭਾਗ ਨੇ ਕੰਪਨੀ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਸਨ।

RELATED ARTICLES
POPULAR POSTS