
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਰਹਿੰਦੇ 42 ਲੱਖ ਭਾਰਤੀ-ਅਮਰੀਕੀਆਂ ਵਿਚੋਂ ਲਗਪਗ 6 ਫੀਸਦੀ ਤੋਂ ਜ਼ਿਆਦਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਕੋਵਿਡ-19 ਮਹਾਮਾਰੀ ਕਾਰਨ ਇਸ ਭਾਈਚਾਰੇ ਵਿੱਚ ਗਰੀਬੀ ਵਧਣ ਦਾ ਹੋਰ ਵੀ ਖਦਸ਼ਾ ਹੈ। ਇਹ ਤੱਥ ਤਾਜ਼ਾ ਖੋਜ ਵਿਚ ਸਾਹਮਣੇ ਆਇਆ ਹੈ। ਜੌਨ ਹੌਪਕਿੰਸ ਵਿੱਚ ਸਥਿਤ ਪਾਲ ਨੀਟਜ਼ ਸਕੂਲ ਆਫ਼ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ ਦੇ ਦੇਵੇਸ਼ ਕਪੂਰ ਅਤੇ ਜਸ਼ਨ ਬਾਜਵਾਤ ਵੱਲੋਂ ਕੀਤੀ ਖੋਜ ਦੇ ਨਤੀਜੇ ‘ਭਾਰਤ-ਅਮਰੀਕੀ ਆਬਾਦੀ ਵਿੱਚ ਗਰੀਬੀ’ ਵਿਸ਼ੇ ਉਤੇ ਜਾਰੀ ਕੀਤੇ ਗਏ। ਕਪੂਰ ਨੇ ਕਿਹਾ ਕਿ ਬੰਗਾਲੀ ਅਤੇ ਪੰਜਾਬੀ ਬੋਲਣ ਵਾਲੇ ਭਾਰਤੀ ਅਮਰੀਕੀਆਂ ਵਿੱਚ ਗਰੀਬੀ ਵਧੇਰੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਇਕ ਤਿਹਾਈ ਕੋਲ ਕੰਮ ਨਹੀਂ ਤੇ ਤਕਰੀਬਨ 20 ਫੀਸਦੀ ਕੋਲ ਅਮਰੀਕਾ ਦੀ ਨਾਗਰਿਕਤਾ ਵੀ ਨਹੀਂ ਹੈ।