Breaking News
Home / ਪੰਜਾਬ / ਅਕਾਲੀ ਦਲ ਨੇ ਸਾਖ ਬਚਾਉਣ ਲਈ ‘ਅਟੱਲ’ ਗੱਠਜੋੜ ਤੋੜਿਆ

ਅਕਾਲੀ ਦਲ ਨੇ ਸਾਖ ਬਚਾਉਣ ਲਈ ‘ਅਟੱਲ’ ਗੱਠਜੋੜ ਤੋੜਿਆ

ਕੋਰ ਕਮੇਟੀ ਦੀ ਮੀਟਿੰਗ ਪਿੱਛੋਂ ਸੁਖਬੀਰ ਵੱਲੋਂ ਐੱਨਡੀਏ ਛੱਡਣ ਦਾ ਐਲਾਨ
ਕਿਸਾਨਾਂ ਦੇ ਰੋਹ ਨੇ ਸੁਖਬੀਰ ਨੂੰ ਗਠਜੋੜ ‘ਚੋਂ ਬਾਹਰ ਆਉਣ ਲਈ ਕੀਤਾ ਮਜਬੂਰ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਬਿੱਲਾਂ ਨਾਲ ਅਕਾਲੀ-ਭਾਜਪਾ ਦੀ 24 ਸਾਲ ਪੁਰਾਣੀ ਸਾਂਝ ਆਖਰਕਾਰ ਟੁੱਟ ਹੀ ਗਈ। ਪੰਜਾਬ ਵਿਚ ਜਿਵੇਂ-ਜਿਵੇਂ ਕਿਸਾਨਾਂ ਦਾ ਖੇਤੀ ਬਿੱਲਾਂ ਖਿਲਾਫ ਵਿਰੋਧ ਵਧਿਆ ਤਾਂ ਅਕਾਲੀ ਦਲ ਨੂੰ ਆਪਣੀ ਰਣਨੀਤੀ ਬਦਲਣੀ ਪਈ। ਇਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਐਨ.ਡੀ.ਏ. ਸਰਕਾਰ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫਾ ਦੇ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ -ਭਾਜਪਾ ਦਾ ਗਠਜੋੜ 24 ਸਾਲ ਪਹਿਲਾਂ 1996 ਵਿਚ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਹੋਇਆ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿੱਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ‘ਚ ਕੀਤਾ ਗਿਆ। ਅਕਾਲੀ ਦਲ ਦੇ ਇਸ ਫੈਸਲੇ ਨਾਲ 1996 ਤੋਂ ਭਾਰਤੀ ਜਨਤਾ ਪਾਰਟੀ ਨਾਲ ਬਣੀ ਆ ਰਹੀ ਸਿਆਸੀ ਸਾਂਝ ਦਾ ਭੋਗ ਪੈ ਗਿਆ।ઠ
ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਚ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਇਸ ਮੀਟਿੰਗ ਦੌਰਾਨ ਇਹੀ ਸਹਿਮਤੀ ਬਣੀ ਕਿ ਖੇਤੀ ਬਿਲਾਂ ਕਾਰਨ ਦੇਸ਼ ਅੰਦਰ ਬਣੇ ਸਿਆਸੀ ਮਾਹੌਲ ਤੋਂ ਬਾਅਦ ਐੱਨਡੀਏ ਦਾ ਹਿੱਸਾ ਬਣੇ ਰਹਿਣ ਦਾ ਕੋਈ ਲਾਭ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਇਹ ਫੈਸਲਾ ਸੂਬੇ ਅੰਦਰ ਪੈਦਾ ਹੋਏ ਸਿਆਸੀ ਹਾਲਾਤ ਕਰਕੇ ਲਿਆ ਗਿਆ ਹੈ ਕਿਉਂਕਿ ਰਾਜਸੀ ਤੌਰ ‘ਤੇ ਭਾਜਪਾ ਜਾਂ ਐੱਨਡੀਏ ਦਾ ਹਿੱਸਾ ਬਣੇ ਰਹਿਣਾ ਅਕਾਲੀ ਦਲ ਲਈ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਵੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ।ઠ
ਕੋਰ ਕਮੇਟੀ ਦੀ ਮੀਟਿੰਗ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖੇਤੀ ਬਿਲਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਵੱਲੋਂ ਅਕਾਲੀ ਦਲ ਨੂੰ ਭਰੋਸੇ ਵਿਚ ਨਾ ਲਏ ਜਾਣ ਕਾਰਨ ਮੰਤਰੀ ਮੰਡਲ ਤੋਂ ਪਹਿਲਾਂ ਹੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਇਹੀ ਚਰਚਾ ਹੋਈ ਕਿ ਹੁਣ ਐੱਨਡੀਏ ਵਿਚ ਰਹਿਣ ਦੀ ਕੋਈ ਤੁਕ ਨਹੀਂ ਬਣਦੀ।
ਬਾਦਲ ਨੇ ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਨਾ ਦੇਣ ਦੇ ਮੁੱਦੇ ‘ਤੇ ਵੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਾਲੀਆ ਇਨ੍ਹਾਂ ਦੋ ਵੱਡੇ ਮੁੱਦਿਆਂ ਕਾਰਨ ਅਕਾਲੀ ਦਲ ਨੇ ਐੱਨਡੀਏ ਵਿਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ 1996 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ 13 ਦਿਨਾਂ ਦੀ ਸਰਕਾਰ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ।
ਉਦੋਂ ਤੋਂ ਲੈ ਕੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਰਿਸ਼ਤਿਆਂ ਨੂੰ ਵੱਡੇ ਬਾਦਲ ਵੱਲੋਂ ਨਹੁੰ-ਮਾਸ ਦਾ ਰਿਸ਼ਤਾ ਕਰਾਰ ਦਿੱਤਾ ਜਾਂਦਾ ਰਿਹਾ ਸੀ। ਭਾਰਤੀ ਜਨਤਾ ਪਾਰਟੀ ਦੀ ਵਾਗਡੋਰ ਨਰਿੰਦਰ ਮੋਦੀ ਤੇ ਇਧਰ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਰਿਸ਼ਤਿਆਂ ਵਿੱਚ ਤਰੇੜ ਆਉਣ ਲੱਗੀ ਸੀ।ઠ
ਸਿਆਸੀ ਸਾਥ ਦਾ ਸਫਰ
ਵਿਧਾਨ ਸਭਾ ਚੋਣਾਂ
2017 : ਅਕਾਲੀ ਦਲ (15) – ਭਾਜਪਾ (3)
2012 : ਅਕਾਲੀ ਦਲ (56) – ਭਾਜਪਾ (12)
2007 : ਅਕਾਲੀ ਦਲ (48) – ਭਾਜਪਾ (19)
2002 : ਅਕਾਲੀ ਦਲ (62) – ਭਾਜਪਾ (3)
1997 : ਅਕਾਲੀ ਦਲ (75) – ਭਾਜਪਾ (18)
2ਲੋਕ ਸਭਾ ਚੋਣਾਂ
2019 : ਅਕਾਲੀ ਦਲ (2 ਸੀਟਾਂ) – ਭਾਜਪਾ (2 ਸੀਟਾਂ)
2014 : ਅਕਾਲੀ ਦਲ (4) -ਭਾਜਪਾ (1 ਸੀਟ)
2009 : ਅਕਾਲੀ ਦਲ (4) -ਭਾਜਪਾ (1 ਸੀਟ)
2004 : ਅਕਾਲੀ ਦਲ (8) – ਭਾਜਪਾ (3 ਸੀਟਾਂ)
1999 : ਅਕਾਲੀ ਦਲ (2) – ਭਾਜਪਾ (1 ਸੀਟ)
1998 : ਅਕਾਲੀ ਦਲ (6) – ਭਾਜਪਾ (2 ਸੀਟਾਂ)

ਅਕਾਲੀ ਦਲ ਦੀ ਸਿਆਸੀ ਮਜਬੂਰੀ : ਕੈਪਟਨ ਅਮਰਿੰਦਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਐਨ.ਡੀ.ਏ. ਛੱਡਣ ਦੇ ਫੈਸਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਾਦਲਾਂ ਲਈ ਸਿਆਸੀ ਮਜਬੂਰੀ ਤੋਂ ਵਧ ਕੇ ਹੋਰ ਕੁਝ ਨਹੀਂ ਹੈ। ਅਕਾਲੀ ਦਲ ਕੋਲ ਖੇਤੀਬਾੜੀ ਬਿੱਲਾਂ ਉਤੇ ਭਾਜਪਾ ਵੱਲੋਂ ਦੋਸ਼ ਮੜ੍ਹੇ ਜਾਣ ਤੋਂ ਬਾਅਦ ਐਨ.ਡੀ.ਏ. ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਐਨ.ਡੀ.ਏ. ਨਾਲੋਂ ਤੋੜ-ਵਿਛੋੜਾ ਕਰਨ ਦਾ ਅਕਾਲੀ ਦਲ ਫੈਸਲਾ ਉਨ੍ਹਾਂ ਵੱਲੋਂ ਬੋਲੇ ਜਾਂਦੇ ਝੂਠ ਅਤੇ ਬੇਇਮਾਨੀ ਦੀ ਕਹਾਣੀ ਦਾ ਅੰਤ ਹੈ ਜਿਸ ਦਾ ਸਿੱਟਾ ਬਿੱਲਾਂ ਦੇ ਮੁੱਦੇ ਉਤੇ ਉਨ੍ਹਾਂ ਦੇ ਇਕੱਲੇ ਪੈ ਜਾਣ ਦੇ ਰੂਪ ਵਿੱਚ ਸਾਹਮਣੇ ਆਇਆ। ਉਨ੍ਹਾਂ ਅੱਗੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਹਾਲਤ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਬਣ ਗਈ ਸੀ ਕਿਉਂਕਿ ਉਸਨੇ ਮੁੱਢਲੇ ਦੌਰ ਵਿੱਚ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਉਤੇ ਸਟੈਂਡ ਨਹੀਂ ਸੀ ਲਿਆ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਕੀਤੇ ਵਿਆਪਕ ਰੋਹ ਕਾਰਨ ਉਸ ਨੇ ਅਚਾਨਕ ਹੀ ਇਸ ਮੁੱਦੇ ਉਤੇ ਯੂ ਟਰਨ ਲੈ ਲਿਆ।

ਨਹੁੰ ਨਾਲੋਂ ਵੱਖ ਹੋਇਆ ਮਾਸ … ਦਰਦ ਤਾਂ ਦੋਵਾਂ ਨੂੰ ਹੋਵੇਗਾ
ਚੰਡੀਗੜ੍ਹ : ਅੱਜ ਤੋਂ 22 ਸਾਲ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਵੱਖ-ਵੱਖ ਪਾਰਟੀਆਂ ਨਾਲ ਸਮਰਥਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਾਰੀਆਂ ਪਾਰਟੀਆਂ ਭਾਜਪਾ ਨੂੰ ਫਿਰਕੂ ਪਾਰਟੀ ਮੰਨਦੇ ਹੋਏ ਅਛੂਤ ਮੰਨਦੀ ਸੀ ਤੇ ਕੋਈ ਵੀ ਉਸ ਨਾਲ ਚੱਲਣਾ ਨਹੀਂ ਚਾਹੁੰਦਾ ਸੀ। ਅਜਿਹੇ ਮੌਕੇ ‘ਤੇ ਪ੍ਰਕਾਸ਼ ਸਿੰਘ ਬਾਦਲ, ਜੋ ਪੰਜਾਬ ਵਿਚ ਭਾਜਪਾ ਨਾਲ ਮਿਲ ਕੇ ਸਰਕਾਰ ਚਲੇ ਸਨ ਅੱਗੇ ਆਏ ਤੇ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਆਪਣੇ ਛੇ ਐਮ.ਪੀਜ਼ ਦਾ ਬਿਨਾ ਸ਼ਰਤ ਸਮਰਥਨ ਪੱਤਰ ਸੌਂਪ ਦਿੱਤਾ। ਵਾਜਪਾਈ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਏ, ਪਰ ਇਹ ਸਰਕਾਰ ਸਿਰਫ 13 ਦਿਨ ਹੀ ਚੱਲੀ। ਪਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਰਾਸ਼ਟਰੀ ਪੱਧਰ ‘ਤੇ ਜੋ ਰਿਸ਼ਤਾ ਬਣਿਆ, ਉਸ ਨੂੰ ਅਕਸਰ ਪ੍ਰਕਾਸ਼ ਸਿੰਘ ਬਾਦਲ ਨਹੁੰ-ਮਾਸ ਦਾ ਰਿਸ਼ਤਾ ਕਹਿੰਦੇ ਸਨ।
ਹੁਣ ਖੇਤੀ ਬਿੱਲਾਂ ਨੇ ਨਹੁੰ ਨੂੰ ਮਾਸ ਤੋਂ ਵੱਖ ਤਾਂ ਕਰ ਦਿੱਤਾ ਹੈ, ਪਰ ਕਿਤੇ ਨਾ ਕਿਤੇ ਇਸ ਦਾ ਦਰਦ ਨਹੁੰ ਨੂੰ ਵੀ ਹੋਵੇਗਾ ਤੇ ਮਾਸ ਨੂੰ ਤਾਂ ਹੋਣਾ ਹੀ ਹੈ। ਅਕਾਲੀ ਦਲ-ਭਾਜਪਾ ਦਾ ਰਿਸ਼ਤਾ ਸਿਆਸੀ ਨਹੀਂ ਸੀ। ਇਹ ਰਿਸ਼ਤਾ ਉਸ ਸਮੇਂ ਬਣਿਆ ਜਦੋਂ ਪੰਜਾਬ 15 ਸਾਲ ਦੇ ਕਾਲੇ ਦੌਰ ਤੋਂ ਬਾਹਰ ਆਇਆ। ਪੰਜਾਬ ਵਿਚ ਹਿੰਦੂ ਤੇ ਸਿੱਖਾਂ ਵਿਚਕਾਰ ਬਣਿਆ ਹੋਇਆ ਸਮਾਜਿਕ ਤਾਣਾ-ਬਾਣਾ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ। ਦੋਵਾਂ ਪਾਰਟੀਆਂ ਦੇ ਇਕਜੁੱਟ ਹੋਣ ਨਾਲ ਜਿੱਥੇ ਹਿੰਦੂਆਂ ਤੇ ਸਿੱਖਾਂ ਵਿਚਕਾਰ ਦੂਰੀਆਂ ਖਤਮ ਹੋਈਆਂ, ਉਥੇ ਹੀ ਪੰਜਾਬ ਵਿਚ ਇਕ ਵਾਰ ਫਿਰ ਭਾਈਚਾਰਕ ਮਾਹੌਲ ਬਣ ਗਿਆ। ਦੋਵਾਂ ਪਾਰਟੀਆਂ ਨੇ ਪਹਿਲਾਂ ਵੀ 1978 ਵਿਚ ਮਿਲ ਕੇ ਸਰਕਾਰ ਬਣਾਈ ਸੀ। ਉਸ ਵਿਚ ਵਾਮਪੰਥੀ ਵੀ ਸ਼ਾਮਲ ਸਨ, ਪਰ ਅਕਾਲੀਦਲ ਤੇ ਭਾਜਪਾ ਵਿਚਕਾਰ ਪਹਿਲੀ ਸਰਕਾਰ 1997 ਵਿਚ ਬਣੀ ਜਦੋਂ ਅਕਾਲੀ ਦਲ ਨੇ 75 ਸੀਟਾਂ ਤੇ ਭਾਜਪਾ ਨੇ 18 ਸੀਟਾਂ ਜਿੱਤ ਕੇ ਮਜ਼ਬੂਤ ਦਾਅਵਾ ਖੜ੍ਹਾ ਕੀਤਾ।

ਖਿਸਕਦੀ ਜ਼ਮੀਨ ਵੇਖ ਖੇਡਿਆ ਆਖਰੀ ਦਾਅ
ਕਿਸਾਨ ਹੀ ਹਨ ਅਕਾਲੀ ਦਲ ਦਾ ਵੋਟ ਬੈਂਕ
ਚੰਡੀਗੜ੍ਹ : 2015 ਦੇ ਜੁਲਾਈ ਮਹੀਨੇ ਤੇ 2020 ਦੇ ਸਤੰਬਰ ਮਹੀਨੇ ਵਿਚ ਇਕ ਚੀਜ਼ ਦੀ ਸਮਾਨਤਾ ਹੈ। ਉਦੋਂ ਬਠਿੰਡਾ ਵਿਚ ਸੱਤ ਦਿਨਾਂ ਤੱਕ ਕਿਸਾਨ ਟਰੈਕ ‘ਤੇ ਬੈਠੇ ਰਹੇ ਤੇ ਸੱਤਾਧਾਰੀ ਅਕਾਲੀ ਦਲ ਲਈ ਪਰੇਸ਼ਾਨੀ ਵਧਦੀ ਜਾ ਰਹੀ ਸੀ। ਉਨ੍ਹਾਂ ਦਿਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਉਨ੍ਹਾਂ ਦੀ ਸਾਖ ਪੂਰੀ ਤਰ੍ਹਾਂ ਧੁੰਦਲੀ ਹੋ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਪਾਰਟੀ 2017 ਦੀਆਂ ਚੋਣਾਂ ਵਿਚ ਆਪਣੇ ਇਤਿਹਾਸ ਦੀਆਂ ਸਭ ਤੋਂ ਘੱਟ 15 ਸੀਟਾਂ ‘ਤੇ ਸਿਮਟ ਗਈ। ਇਨ੍ਹਾਂ ਤਿੰਨਾਂ ਸਾਲਾਂ ਵਿਚ ਅਕਾਲੀ ਦਲ ਨੇ ਆਪਣੀ ਸਾਖ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਏ। ਅੱਜ ਪੰਜ ਸਾਲ ਬਾਅਦ ਇਕ ਵਾਰ ਮੁੜ ਕਿਸਾਨ ਰੇਲਵੇ ਟਰੈਕ ‘ਤੇ ਬੈਠੇ ਹਨ। ਇਸ ਵਾਰ ਉਨ੍ਹਾਂ ਦੀ ਮੰਗ ਨਵੇਂ ਖੇਤੀ ਬਿੱਲਾਂ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਹੈ। ਅਕਾਲੀ ਦਲ ਦੀ ਸਾਖ ਇਕ ਵਾਰ ਮੁੜ ਦਾਅ ‘ਤੇ ਲੱਗੀ ਹੈ ਕਿਉਂਕਿ ਜਿਸ ਕੇਂਦਰ ਸਰਕਾਰ ਨੇ ਇਨ੍ਹਾਂ ਨੂੰ ਪਾਸ ਕੀਤਾ ਹੈ, ਉਹ ਉਸ ਸਰਕਾਰ ਦਾ ਹਿੱਸਾ ਸਨ। ਤਿੰਨ ਮਹੀਨੇ ਤੱਕ ਜਿਵੇਂ-ਜਿਵੇਂ ਪਾਰਟੀ ਇਨ੍ਹਾਂ ਆਰਡੀਨੈਂਸਾਂ ਦੀ ਹਮਾਇਤ ਕਰਦੀ ਰਹੀ, ਪੰਜਾਬ ਵਿਚ ਉਨ੍ਹਾਂ ਖਿਲਾਫ ਵਿਰੋਧ ਪਨਪਤਾ ਰਿਹਾ। ਇਸ ਤੋਂ ਪਹਿਲਾਂ ਕਿ ਪਾਰਟੀ ਦੀ ਬਚੀ ਖੁਚੀ ਸਾਖ ਵੀ ਖਤਮ ਹੋ ਜਾਂਦੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਅਲਵਿਦਾ ਕਹਿ ਦਿੱਤਾ, ਪਰ ਪਾਰਟੀ ‘ਤੇ ਦਬਾਅ ਐਨਡੀਏ ਤੋਂ ਬਾਹਰ ਆਉਣ ਦਾ ਵੀ ਸੀ। ਕੋਰ ਕਮੇਟੀ ਦੀ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣੇ ਸਾਰੇ ਨਾਤੇ ਤੋੜ ਲਏ। ਢਾਈ ਦਹਾਕੇ ਪੁਰਾਣਾ ਰਿਸ਼ਤਾ ਟੁੱਟ ਗਿਆ। ਭਾਜਪਾ ਨਾਲੋਂ ਰਿਸ਼ਤਾ ਤੋੜਨਾ ਪਾਰਟੀ ਦਾ ਆਖਰੀ ਦਾਅ ਰਿਹਾ। ਅਸਲ ਵਿਚ ਅਕਾਲੀ ਦਲ ਸਭ ਤੋਂ ਵੱਡਾ ਵੋਟ ਬੈਂਕ ਕਿਸਾਨ ਹਨ। ਸੂਬੇ ਦੀ 65 ਫੀਸਦੀ ਆਬਾਦੀ ਵਾਲੀਆਂ ਜ਼ਿਆਦਾਤਰ ਦਿਹਾਤੀ ਸੀਟਾਂ ‘ਤੇ ਅਕਾਲੀ ਦਲ ਲੜਦਾ ਰਿਹਾ ਹੈ, ਪਰ ਇਨ੍ਹਾਂ ਬਿੱਲਾਂ ਨੇ ਪਾਰਟੀ ਦੀ ਸਾਰੀ ਸਾਖ ਨੂੰ ਬੱਟਾ ਲਾ ਦਿੱਤਾ। ਹੁਣ ਭਾਜਪਾ ਨਾਲੋਂ ਨਾਤਾ ਤੋੜ ਕੇ ਪਾਰਟੀ ਆਪਣੀ ਉਸ ਸਾਖ ਨੂੰ ਬਹਾਲ ਕਰਨ ਵਿਚ ਲੱਗੀ ਹੋਈ ਹੈ। ਇਸ ਲਈ ਹਰ ਸਟੇਜ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਭਾਜਪਾ ਖਿਲਾਫ ਜਿਸ ਢੰਗ ਨਾਲ ਬੋਲ ਰਹੇ ਹਨ, ਓਨਾ ਤਾਂ ਉਹ ਕਦੀ ਆਪਣੇ ਮੁੱਖ ਵਿਰੋਧੀ ਕਾਂਗਰਸ ਖਿਲਾਫ ਵੀ ਨਹੀਂ ਬੋਲੇ। ਸੁਖਬੀਰ ਜਾਣਦੇ ਹਨ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਪੰਜਾਬ ਵਿਚ ਅਕਾਲੀ ਦਲ ਦਾ ਸਿਆਸੀ ਨਾਮੋ ਨਿਸ਼ਾਨ ਮਿਟ ਜਾਵੇਗਾ। ਅਸਲ ਵਿਚ ਪਾਰਟੀ ਦੇ ਫਲਸਫੇ ਦਾ ਮੁੱਖ ਅਧਾਰ ਹੀ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨਾ, ਫੈਡਰਲ ਢਾਂਚੇ ਨੂੰ ਬਣਾ ਕੇ ਰੱਖਣਾ ਹੈ, ਪਰ ਐਨਡੀਏ ਸਰਕਾਰ ਨੇ ਸੀਏਏ ਦਾ ਮੁੱਦਾ ਹੋਵੇ, ਜੀਐਸਟੀ ਲਗਾ ਕੇ ਵਿੱਤੀ ਅਧਿਕਾਰ ਆਪਣੇ ਕੋਲ ਰੱਖਣ ਜਾਂ ਫਿਰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਮੁੱਦਾ ਪਾਰਟੀ ਨੇ ਸਾਰਿਆਂ ਵਿਚ ਭਾਜਪਾ ਦਾ ਸਾਥ ਦਿੱਤਾ। ਪਾਰਟੀ ਦੇ ਇਨ੍ਹਾਂ ਫੈਸਲਿਆਂ ਦਾ ਜ਼ਬਰਦਸਤ ਵਿਰੋਧ ਵੀ ਹੋਇਆ ਪਰ ਅਕਾਲੀ ਦਲ ਪਿੱਛੇ ਨਹੀਂ ਹਟਿਆ। ਪਰ ਹੁਣ ਜਦੋਂ ਖੇਤੀ ਬਿਲਾਂ ਕਾਰਨ ਕਿਸਾਨ ਵੋਟ ਬੈਂਕ ਵਿਚ ਜ਼ਬਰਦਸਤ ਹੋਇਆ ਤਾਂ ਪਾਰਟੀ ਆਗੂਆਂ ਕੋਲ ਇਸ ਨੂੰ ਲੈ ਕੇ ਸਰਕਾਰ ਤੇ ਐਨਡੀਏ ਨਾਲੋਂ ਨਾਤਾ ਤੋੜਨ ਤੋਂ ਇਲਾਵਾ ਕੋਈ ਬਦਲ ਨਹੀਂ ਰਹਿ ਗਿਆ ਤੇ ਆਪਣੀ ਖਿਸਕਦੀ ਜ਼ਮੀਨ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਆਖਰੀ ਦਾਅ ਖੇਡਣਾ ਪਿਆ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …