ਕਿਹਾ – 2024 ਵਿਚ ਫਿਰ ਪਰਤਾਂਗਾ, ਭਾਰਤ ਨੂੰ ਦੱਸਿਆ ਗੰਦਾ
ਨਿਊਯਾਰਕ/ਬਿਊਰੋ ਨਿਊਜ਼ : ਵਾੲ੍ਹੀਟ ਹਾਊਸ ਛੱਡਣ ਤੋਂ 40 ਦਿਨਾਂ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸਾਹਮਣੇ ਆਏ ਹਨ, ਪਰ ਹਾਰ ਦਾ ਗੁੱਸਾ ਅਜੇ ਵੀ ਬਰਕਰਾਰ ਹੈ। ਇਸ ਲਈ ਉਨ੍ਹਾਂ ਆਪਣੇ ਭਾਸ਼ਣ ਵਿਚ ਰਾਸ਼ਟਰਪਤੀ ਜੋ ਬਿਡੇਨ ਤੋਂ ਲੈ ਕੇ ਭਾਰਤ, ਚੀਨ ਅਤੇ ਰੂਸ ‘ਤੇ ਵੀ ਭੜਾਸ ਕੱਢੀ। ਫਲੋਰੀਡਾ ਦੇ ਓਰਲੈਂਡੋ ਵਿਚ ਹੋਏ ਕੰਸਰਵੇਟਿਵ ਪੋਲੀਟੀਕਲ ਐਕਸ਼ਨ ਕਮੇਟੀ (ਸੀਪੀਏਸੀ) ਦੇ ਸਲਾਨਾ ਪ੍ਰੋਗਰਾਮ ਵਿਚ ਟਰੰਪ ਨੇ ਜਲਵਾਯੂ ਪਰਿਵਰਤਨ ਦਾ ਮੁੱਦਾ ਉਠਾਇਆ। ਉਨ੍ਹਾਂ ਪੈਰਿਸ ਸਮਝੌਤੇ ਨੂੰ ਭੇਦਭਾਵ ਪੂਰਨ ਦੱਸਿਆ ਅਤੇ ਉਸ ਨਾਲ ਮੁੜ ਤੋਂ ਜੁੜਨ ਨੂੰ ਲੈ ਕੇ ਬਿਡੇਨ ਦੀ ਆਲੋਚਨਾ ਕੀਤੀ। ਭਾਰਤ ਨੂੰ ਗੰਦਾ ਦੱਸਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਪਹਿਲਾਂ ਤੋਂ ਸਾਫ ਹੈ, ਪਰ ਚੀਨ, ਰੂਸ ਅਤੇ ਭਾਰਤ ਸਾਫ ਨਹੀਂ ਹਨ ਤਾਂ ਇਸ ਨਾਲ ਜੁੜਨ ਦਾ ਕੀ ਫਾਇਦਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਨਿਯਮਾਂ ਦਾ ਪਾਲਣ ਕਰ ਰਹੇ ਹਾਂ, ਹਰ ਚੀਜ਼ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਚੀਨ, ਰੂਸ ਅਤੇ ਭਾਰਤ ਅਜਿਹਾ ਨਹੀਂ ਕਰ ਰਹੇ ਸਨ ਅਤੇ ਉਹ ਧੂੰਆਂ ਫੈਲਾ ਰਹੇ ਸਨ। ਟਰੰਪ ਨੇ ਕਿਹਾ ਕਿ ਚੀਨ ਨੇ 10 ਸਾਲਾਂ ਵਿਚ ਕੋਈ ਕਦਮ ਨਹੀਂ ਉਠਾਇਆ, ਰੂਸ ਪੁਰਾਣੇ ਮਾਪਦੰਡ ‘ਤੇ ਚੱਲਦਾ ਹੈ, ਜੋ ਸਾਫ ਮਾਪਦੰਡ ਨਹੀਂ ਹੈ, ਪਰ ਅਸੀਂ ਸ਼ੁਰੂ ਤੋਂ ਹੀ ਇਸਦੀ ਚਪੇਟ ਵਿਚ ਆ ਗਏ ਅਤੇ ਸਾਨੂੰ ਹਜ਼ਾਰਾਂ-ਲੱਖਾਂ ਨੌਕਰੀਆਂ ਗੁਆਉਣੀਆਂ ਪਈਆਂ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਚੀਨ ਦੇ ਖਿਲਾਫ ਖੜ੍ਹੇ ਹੋਣ ਵਿਚ ਵਿਸ਼ਵਾਸ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਆਊਟ ਸੋਰਸਿੰਗ ਨੂੰ ਬੰਦ ਕਰਨਾ ਹੋਵੇਗਾ, ਸਾਡੀਆਂ ਫੈਕਟਰੀਆਂ ਅਤੇ ਸਪਲਾਈ ਚੇਨ ਨੂੰ ਪਹਿਲਾਂ ਵਾਲੇ ਪੱਧਰ ‘ਤੇ ਲਿਆਉਣਾ ਹੋਵੇਗਾ ਅਤੇ ਤੈਅ ਕਰਨਾ ਹੋਵੇਗਾ ਕਿ ਭਵਿੱਖ ਦੀ ਦੁਨੀਆ ‘ਤੇ ਅਮਰੀਕਾ ਰਾਜ ਕਰੇਗਾ, ਨਾ ਕਿ ਚੀਨ।
ਟਰੰਪ ਨੇ ਭਾਸ਼ਣ ਦੀ ਸ਼ੁਰੂਆਤ ਵਿਚ ਪੁੱਛਿਆ ਕਿ ਕੀ ਤੁਸੀਂ ਮੈਨੂੰ ਮਿਸ ਕੀਤਾ? ਇਸ ‘ਤੇ ਭੀੜ ਨੇ ਹਾਮੀ ਵੀ ਭਰੀ। ਫਿਰ ਕਿਹਾ ਕਿ ਬਿਡੇਨ ਪ੍ਰਸ਼ਾਸਨ ਨੇ ਸਾਬਤ ਕਰ ਦਿੱਤਾ ਕਿ ਉਹ ਨੌਕਰੀ ਵਿਰੋਧੀ, ਪਰਿਵਾਰ ਵਿਰੋਧੀ, ਸੀਮਾ ਵਿਰੋਧੀ, ਊਰਜਾ ਵਿਰੋਧੀ ਅਤੇ ਵਿਗਿਆਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਇਕ ਮਹੀਨੇ ਵਿਚ ਹੀ ਅਸੀਂ ‘ਅਮਰੀਕਾ ਫਸਟ’ ਤੋਂ ‘ਅਮਰੀਕਾ ਲਾਸਟ’ ਉਤੇ ਆ ਗਏ ਹਾਂ।
2024 ਦੀ ਰਾਸ਼ਟਰਪਤੀ ਚੋਣ ਜਿੱਤ ਸਕਦੀ ਹੈ ਹੈਰਿਸ
ਲੰਡਨ : ਅਮਰੀਕਾ ‘ਚ ਅਗਲੀ ਰਾਸ਼ਟਰਪਤੀ ਚੋਣ ਸਾਲ 2024 ‘ਚ ਹੋਣੀ ਹੈ ਪ੍ਰੰਤੂ ਅਗਲੇ ਰਾਸ਼ਟਰਪਤੀ ਨੂੰ ਲੈ ਕੇ ਹੁਣ ਤੋਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਕ ਕੰਪਨੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਗਲੀ ਰਾਸ਼ਟਰਪਤੀ ਚੋਣ ਜਿੱਤ ਸਕਦੀ ਹੈ। ਉਨ੍ਹਾਂ ਦੀ ਜਿੱਤ ਦੀ ਸੰਭਾਵਨਾ 22 ਫ਼ੀਸਦੀ ਹੈ। ਇਸ ਮਾਮਲੇ ਵਿਚ ਉਹ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਪਿਛਲੇ ਸਾਲ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ‘ਚ ਟਰੰਪ ਨੂੰ ਜੋ ਬਿਡੇਨ ਹੱਥੋਂ ਹਾਰ ਮਿਲੀ ਸੀ ਜਦਕਿ 56 ਸਾਲਾਂ ਦੀ ਹੈਰਿਸ ਉਪ ਰਾਸ਼ਟਰਪਤੀ ਚੁਣੀ ਗਈ ਸੀ। ਉਹ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …