ਕਾਫਲੇ ਵੱਲੋਂ ਪ੍ਰੋ. ਜਗਮੋਹਨ ਸਿੰਘ ਨਾਲ਼ ਜਮਹੂਰੀ ਹੱਕਾਂ ਬਾਰੇ ਕੀਤੀ ਗਈ ਗੱਲਬਾਤ
ਟੋਰਾਂਟੋ/ਕੁਲਵਿੰਦਰ ਖਹਿਰਾ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ 27 ਫਰਵਰੀ ਨੂੰ ઑਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ, ਉਨਟਾਰੀਓ਼, ઑਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ਼ ਅਤੇ ઑਕੈਨੇਡੀਅਨ ਪੰਜਾਬੀ ਸਾਹਿਤ ਸਭਾ਼ ਦੇ ਸਹਿਯੋਗ ਨਾਲ਼ ਪ੍ਰੋਫ਼ੈਸਰ ਜਗਮੋਹਨ ਸਿੰਘ ਨਾਲ਼ ਭਾਰਤ ਅੰਦਰ ਹੋ ਰਹੇ ਜਮਹੂਰੀ ਹੱਕਾਂ ਦੇ ਘਾਣ ਬਾਰੇ ਗੱਲਬਾਤ ਕੀਤੀ ਗਈ ਜਿਸ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਭਾਰਤ ਤੋਂ ਲੋਕ ਸ਼ਾਮਿਲ ਹੋਏ।
ਗੱਲਬਾਤ ਸ਼ੁਰੂ ਕਰਦਿਆਂ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਵਿਵਾਦਗ੍ਰਸਤ ਕਨੂੰਨਾਂ ਦਾ ਬਣਨਾ ਆਪਣੇ ਆਪ ਵਿੱਚ ਹੀ ਜਮਹੂਰੀ ਹੱਕਾਂ ‘ਤੇ ਇੱਕ ਵੱਡਾ ਹਮਲਾ ਹੈ ਕਿਉਂਕਿ 2018 ‘ਚ ਹੋਏ ਸੰਯੁਕਤ ਰਾਸ਼ਟਰ ਦੇ ਇੱਕ ਅੰਤਰਰਾਸ਼ਟਰੀ ਸਮਝੌਤੇ, Declaration of Rights of Peasants and other People Working in Rural Areas, ‘ਤੇ ਭਾਰਤ ਸਰਕਾਰ ਨੇ ਵੀ ਦਸਤਖ਼ਤ ਕੀਤੇ ਹੋਏ ਨੇ ਜਿਸ ਵਿੱਚ ਇਹ ਐਲਾਨਿਆ ਗਿਆ ਸੀ ਕਿ ਕਿਸੇ ਵੀ ਦਿਹਾਤੀ ਇਲਾਕੇ ਬਾਰੇ ਕੋਈ ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਲਈ ਓਥੋਂ ਦੇ ਲੋਕਾਂ ਨਾਲ਼ ਸਲਾਹ ਕਰਨੀ ਜ਼ਰੂਰੀ ਹੋਵੇਗੀ, ਪਰ ਇਹ ਕਾਨੂੰਨ ਬਣਾਉਣ ਲੱਗਿਆਂ ਅਜਿਹਾ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਸ਼ਨਾਂ ਨੂੰ ਮਾਲ ਕੰਟਰੋਲ ਕਰਨ ਦੀ ਖੁੱਲ੍ਹ ਦਿੰਦੇ ਨੇ ਜਿਸ ਕਾਰਨ ਪੈਦਾ ਹੋਣ ਵਾਲ਼ੇ ਖ਼ਤਰੇ ਦੀ ਦੂਸਰੀ ਮਿਸਾਲ ਹੈ ਕਿ ਪਿਛਲੇ ਸਾਲਾਂ ਦੌਰਾਨ ਪਹਿਲਾਂ ਭਾਰਤ ਵੱਲੋਂ 27.5 ਹਜ਼ਾਰ ਕਰੋੜ ਦਾ ਅਨਾਜ ਬਾਹਰਲੇ ਦੇਸ਼ਾਂ ਨੂੰ ਭੇਜਿਆ ਗਿਆ ਤੇ ਫਿਰ ਭਾਰਤ ਵਾਸੀਆਂ ਨੂੰ 100 ਰੁਪਏ ਕਿੱਲੋ ਗੰਢੇ ਅਤੇ 80 ਰੁਪਏ ਕਿੱਲੋ ਆਲੂ ਵੇਚੇ ਗਏ।
ਭਾਰਤ ਅੰਦਰ ਜਮਹੂਰੀ ਅਧਿਕਾਰ ਸੰਗਠਨ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਭੀਮਾ ਕੋਰੇਗਾਓਂ ਦੇ ਕੇਸ ਵਿੱਚ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਅਤੇ ਹੁਣ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਪੱਖ ਦੀ ਗੱਲ ਕਰਨ ਵਾਲ਼ੇ ਪੱਤਰਕਾਰਾਂ ਨਾਲ਼ ਉਹੀ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੇਲ੍ਹਾਂ ‘ਚ ਪਾਉਣ ਲਈ UAPA (Unlawful Activities Prevention Act) ਨੂੰ ਬਦਲਿਆ ਜਾ ਰਿਹਾ ਹੈ ਤੇ ਇਸ ਆਧਾਰ ‘ਤੇ ਵੀ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਕਿ ”ਸਾਨੂੰ ਸ਼ੱਕ ਹੈ ਕਿ ਤੁਸੀਂ ਕੋਈ ਹਿੰਸਕ ਵਾਰਦਾਤ ਕਰਨ ਬਾਰੇ ਸੋਚ ਸਕਦੇ ਸੀ।”
ਐਮਐਸਪੀ ਹਟਾਉਣ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਚੁੰਗੀ ਹਟਾਈ ਗਈ ਸੀ ਕਿਉਂਕਿ ਚੁੰਗੀ ਸਿਸਟਮ ਰਾਹੀਂ ਪਤਾ ਲੱਗਦਾ ਸੀ ਕਿ ਕਿਸ ਵਪਾਰੀ ਨੇ ਕਿੰਨਾ ਮਾਲ ਮੰਗਵਾਇਆ ਅਤੇ ਕਿੰਨਾ ਮੁਨਾਫ਼ਾ ਕਮਾਇਆ ਹੈ ਜਿਸ ਕਰਕੇ ਉਹ ਟੈਕਸ ਚੋਰੀ ਨਹੀਂ ਸੀ ਕਰ ਸਕਦਾ, ਇਸੇ ਤਰ੍ਹਾਂ ਹੀ ਐਮਐਸਪੀ ਹਟਾਉਣ ਨਾਲ਼ ਸਰਕਾਰ ਕੋਲ਼ ਪਰਾਈਵੇਟ ਅਦਾਰਿਆਂ ਵੱਲੋਂ ਖਰੀਦੇ ਗਏ ਮਾਲ ਦਾ ਕੋਈ ਰਿਕਾਰਡ ਨਹੀਂ ਹੋਵੇਗਾ ਤੇ ਉਨ੍ਹਾਂ ਲਈ ਟੈਕਸ ਚੋਰੀ ਦਾ ਕੰਮ ਸੌਖਾ ਹੋ ਜਾਵੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਦੀ ਰੋਕਾਂ ਲਾ ਕੇ ਤੇ ਹੁਣ ਕਰੋਨਾ ਦਾ ਡਰ ਪਾ ਕੇ ਲੋਕਾਂ ਨੂੰ ਦਿੱਲੀ ਤੱਕ ਪਹੁੰਚਣ ਤੋਂ ਰੋਕ ਰਹੀ ਹੈ ਅਤੇ ਦੂਸਰੇ ਪਾਸੇ ਪੜ੍ਹੇ ਲਿਖੇ ਲੋਕਾਂ ਨੂੰ ਇਸ ਅੰਦੋਲਨ ਦੀ ਹਮਾਇਤ ਵਿੱਚ ਜੁੜਨ ਤੋਂ ਰੋਕਣ ਲਈ ਯੂਨੀਵਰਸਿਟੀਆਂ ਵੀ ਨਹੀਂ ਖੋਲ੍ਹੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਜਦੋਂ ਵਿਦਿਆਰਥੀ ਕਾਲਜਾਂ ਯੂਨੀਵਰਸਿਟੀਆਂ ‘ਚ ਇਕੱਠੇ ਹੋਣਗੇ ਤਾਂ ਨਿਰਸੰਦੇਹ ਉਹ ਇਸ ਅੰਦੋਲਨ ਦੀ ਹਮਾਇਤ ਵਿੱਚ ਨਿੱਤਰਨਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਭਾਵੇਂ ਜਿੱਤੇ ਭਾਵੇਂ ਹਾਰੇ ਪਰ ਇਹ ਸਾਡੀਆਂ ਸੱਭਿਅਚਾਰਕ ਕਦਰਾਂ-ਕੀਮਤਾਂ, ਸਾਡੇ ਸਮਾਜੀ ਸਰੋਕਾਰਾਂ ਅਤੇ ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਵੱਡੀ ਤਬਦੀਲੀ ਜ਼ਰੂਰ ਲਿਆਵੇਗਾ।
ਡਾਕਟਰ ਸਵੈਮਾਨ ਸਿੰਘ ਦੇ ਪਿਤਾ, ਜਸਵਿੰਦਰ ਸਿੰਘ ਪੱਖੋਕੇ ਨੇ ਕਿਹਾ ਕਿ ਇਸ ਅੰਦੋਲਨ ਤੋਂ ਪਹਿਲਾਂ ਭਾਰਤ ਸਰਕਾਰ ਦੇ ਹਿੰਦੂਤਵ ਦਾ ਰੱਥ ਬੇਰੋਕ ਸਰਪੱਟ ਦੌੜੀ ਜਾ ਰਿਹਾ ਸੀ ਪਰ ਅੰਦੋਲਨਕਾਰੀਆਂ ਨੇ ਉਸ ਰੱਥ ਦੇ ਘੋੜਿਆਂ ਦੀਆਂ ਲਗਾਮਾਂ ਫੜ ਕੇ ਉਨ੍ਹਾਂ ਨੂੰ ਪਿਛਾਂਹ ਵੱਲ ਮੋੜ ਦਿੱਤਾ ਹੈ।
ਉਪਰੋਕਤ ਗੱਲਬਾਤ ਨੂੰ ਤਰਤੀਬ ਦੇਣ ਲਈ ਬਲਦੇਵ ਰਹਿਪਾ, ਸੁਰਿੰਦਰ ਧੰਜਲ, ਵਰੁਨ ਖੰਨਾ, ਵਿਕਰਮ ਸਿੰਘ, ਪਰਮਿੰਦਰ ਸਵੈਚ, ਜਸਵੀਰ ਮੰਗੂਵਾਲ਼, ਬਲਵਿੰਦਰ ਸਿੰਘ ਬਰਨਾਲ਼ਾ, ਡਾ ਬਲਜਿੰਦਰ ਸੇਖੋ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਜਰਨੈਲ ਸਿੰਘ ਕਹਾਣੀ ਕਾਰ, ਜਸਵਿੰਦਰ ਸੰਧੂ, ਦਰਸ਼ਨ ਗਿੱਲ, ਗੁਰਮੀਤ ਸਿੰਘ, ਡਾ. ਅਮਰਜੀਤ ਸਿੰਘ ਅਤੇ ਕੁਲਵਿੰਦਰ ਖਹਿਰਾ ਵੱਲੋਂ ਸਵਾਲ ਕੀਤੇ ਗਏ। ਸਟੇਜ ਦੀ ਕਾਰਵਾਈ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਅਤੇ ਪਰਮਜੀਤ ਦਿਓਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਜ਼ੂਮ ਵਿੱਚ ਕੋਈ 50 ਦੇ ਕਰੀਬ ਮਹਿਮਾਨਾਂ ਨੇ ਭਾਗ ਲਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …