Breaking News
Home / ਕੈਨੇਡਾ / ਕਾਫ਼ਲੇ ਵੱਲੋਂ ਨਾਟਕ ਦਿਵਸ ਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੀਟਿੰਗ

ਕਾਫ਼ਲੇ ਵੱਲੋਂ ਨਾਟਕ ਦਿਵਸ ਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੀਟਿੰਗ

ਬਰੈਂਪਟਨ : ਕੁਲਵਿੰਦਰ ਖਹਿਰਾ ਬ੍ਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਹੋਈ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਨਾਟਕ ਦਿਵਸ ਬਾਰੇ ਗੱਲ-ਬਾਤ ਹੋਈ ਓਥੇ ਮਾਰਚ ਮਹੀਨੇ ਦੇ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਅਤੇ ਪਾਸ਼ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਸਾਹਿਤਕ ਨਜ਼ਰੀਏ ਬਾਰੇ ਵਿਚਾਰ ਪੇਸ਼ ਕੀਤੇ ਗਏ। ਰਿੰਟੂ ਭਾਟੀਆ ਵੱਲੋਂ ਖ਼ੂਸਬੂਰਤ ਤਰੰਨਮ ਵਿੱਚ ਬਾਬਾ ਬੁੱਲੇ ਸ਼ਾਹ ਦੀ ਕਾਫੀ ਪੇਸ਼ ਕੀਤੇ ਜਾਣ ਤੋਂ ਬਾਅਦ ਬ੍ਰਜਿੰਦਰ ਗੁਲਾਟੀ ਜੀ ਵੱਲੋਂ ਨਾਟਕ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਪਰਚਾ ਪੜ੍ਹਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਜਿੱਥੇ ਦੁਨੀਆਂ ਭਰ ਦੇ ਨਾਟਕ ਦਾ ਇਤਿਹਾਸ ਪੇਸ਼ ਕੀਤਾ ਓਥੇ ਪੰਜਾਬੀ ਨਾਟਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸੰਸਾਰ ਪੱਧਰ ਦੇ ਪੰਜਾਬੀ ਨਾਟਕ ਦੀ ਤਸਵੀਰ ਪੇਸ਼ ਕੀਤੀ। ਲੰਮੇਂ ਸਮੇਂ ਤੋਂ ਨਾਟਕ ਨਾਲ਼ ਜੁੜੇ ਨਾਟਕਕਾਰ ਜਸਪਾਲ ਢਿੱਲੋਂ ਨੇ ਕੈਨੇਡਾ ਵਿੱਚ ਪੰਜਾਬੀ ਨਾਟਕ ਨੂੰ ਦਰ-ਪੇਸ਼ ਮਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਰਸ਼ਕ, ਨਿਰਦੇਸ਼ਕ ਅਤੇ ਲੇਖਕ ਦੀ ਆਪਣੀ ਸਾਂਝ ਹੁੰਦੀ ਹੈ ਅਤੇ ਇਸੇ ਸਾਂਝ ਸਦਕਾ ਹੀ ਕੋਈ ਨਾਟਕ ਸਫ਼ਲ ਨਾਟਕ ਬਣਦਾ ਹੈ। ਉਨ੍ਹਾਂ ਨੇ ਸ਼ਿਕਵਾ ਵੀ ਕੀਤਾ ਅਜੇ ਤੱਕ ਪੰਜਾਬੀ ਨਾਟਕ ਆਪਣੇ ਅਜਿਹੇ ਦਰਸ਼ਕ ਪੈਦਾ ਨਹੀਂ ਕਰ ਸਕਿਆ ਜੋ ਖੁਦ ਨਾਟਕ ਵੇਖਣ ਲਈ ਉਤਾਵਲੇ ਹੋਣ।
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਬਾਰੇ ਸਾਥੀ ਅਮ੍ਰਿਤ ਢਿੱਲੋਂ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਪਾਸ਼ ਬਾਰੇ ਬੋਲਦਿਆਂ ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਨਕਸਲੀ ਦੌਰ ਵਿੱਚ ਨੌਜਵਾਨ ਪੀੜ੍ਹੀ ਬਦਲਾਓ ਚਾਹੁੰਦੀ ਸੀ ਅਤੇ ਇਸ ਦੌਰ ਦੀ ਇਹ ਪ੍ਰਾਪਤੀ ਸੀ ਕਿ ਇਸ ਨਾਲ਼ ਜੁੜੇ ਲੇਖਕ ਸਿਰਫ ਲੇਖਕ ਹੀ ਨਹੀਂ ਸਨ ਸਗੋਂ ਐਕਟਿਵਿਸਟ ਵੀ ਸਨ ਅਤੇ ਲਹਿਰ ਵਿੱਚ ਪੂਰੇ ਸਰਗਰਮ ਸਨ। ਉਨ੍ਹਾਂ ਕਿਹਾ ਕਿ ਪਾਸ਼ ਦੀ ਕਿਤਾਬ ‘ਲੋਹ ਕਥਾ’ ਸਿਰਫ ਨਾਂ ਵਜੋਂ ਹੀ ‘ਲੋਹ ਕਥਾ’ ਨਹੀਂ ਸੀ ਸਗੋਂ ਪੜ੍ਹਨ ਵਾਲੇ ਨੂੰ ਵੀ ਲੋਹਾ ਬਣਾਉਣ ਦੀ ਸਮਰੱਥਾ ਵੀ ਰੱਖਦੀ ਸੀ। ਪ੍ਰੋ. ਕਾਹਲ਼ੋਂ ਦੇ ਕਹਿਣ ਮੁਤਾਬਕ ਜਿੱਥੇ ਪਾਸ਼ ਨੇ ਪੰਜਾਬੀ ਕਵਿਤਾ ਵਿੱਚ ਨਵੇਂ ਬਿੰਬ, ਨਵੀਆਂ ਤਸ਼ਬੀਹਾਂ ਅਤੇ ਨਵੀਂ ਵਿਚਾਰਧਾਰਾ ਲਿਆਂਦੀ ਓਥੇ ਉਸਦੀ ਆਪਣੀ ਜ਼ਿੰਦਗੀ ਵੀ ਉਸਦੀ ਸ਼ਾਇਰੀ ਵਰਗੀ ਸੀ।
ਤਰਕਸ਼ੀਲ ਸੋਸਾਇਟੀ ਨਾਲ਼ ਜੁੜੇ ਅਤੇ ਪੰਜਾਬ ਤੋਂ ਕੈਨੇਡਾ ਫੇਰੀ ‘ਤੇ ਆਏ ਸੁਰਜੀਤ ਦੌਧਰ ਨੇ ਅੱਗੇ ਗੱਲ ਤੋਰਦਿਆਂ ਕਿਹਾ ਕਿ ਮਾਰਚ ਦਾ ਮਹੀਨਾ ਖੱਬੇ-ਪੱਖੀ ਸੋਚ ਲਈ ਮਹੱਤਵ ਰੱਖਦਾ। ਉਨ੍ਹਾਂ ਕਿਹਾ ਕਿ ਪਾਸ਼ ਦੀ ਕਵਿਤਾ ਜਦੋਂ ਸਲੇਬਸ ਵਿੱਚ ਲੱਗੀ ਹੋਈ ਸੀ ਤਾਂ ਉਸ ਵੇਲ਼ੇ ਲੋਕ ਸਭਾ ਵਿੱਚ ਪੂਰਾ ਹੰਗਾਮਾ ਕੀਤਾ ਗਿਆ ਕਿ ਤੁਸੀਂ ਸਿਲੇਬਸ ਵਿੱਚ ਪਾਸ਼ ਦੀ ਕਵਿਤਾ ਕਿਉਂ ਪੜ੍ਹਾ ਰਹੇ ਓ? ਉਨ੍ਹਾਂ ਕਿਹਾ ਕਿ ਏਥੇ ਸਰਕਾਰ ਦਾ ਆਪਣਾ ਡਰ ਬੋਲ ਰਿਹਾ ਸੀ ਅਤੇ ਉਹ ਪਾਸ਼ ਦੀ ਕਵਿਤਾ ਨੂੰ ਸਿਲੇਬਸ ਵਿੱਚੋਂ ਕਢਵਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਵਾਦ-ਵਿਵਾਦ ਵਿੱਚੋਂ ਕੁਝ ਨਹੀਂ ਨਿਕਲ਼ਦਾ ਪਰ ਸੰਵਾਦ ਵਿੱਚੋਂ ਬਹੁਤ ਕੁਝ ਕੱਢਿਆ ਜਾ ਸਕਦਾ ਹੈ।
ਤਰਕਸ਼ੀਲ ਸੋਸਾਇਟੀ ਦੇ ਵਿਸ਼ੇਸ਼ ਸੱਦੇ ‘ਤੇ ਨਾਟਕ ਕਰਨ ਆਏ ਨਾਟਕਕਾਰ ਬਲਵਿੰਦਰ ਦਿਵਾਨਾ ਨੇ ਜਿੱਥੇ ਆਪਣੇ ਨਾਟਕ ਬਾਰੇ ਜਾਣਕਾਰੀ ਸਾਂਝੀ ਕੀਤੀ ਓਥੇ ਕਿਹਾ ਕਿ ਜਲ੍ਹਿਆਂ ਵਾਲ਼ਾ ਬਾਗ਼ ਵਿੱਚ ਤਾਂ ਇੱਕ ਖੂਹ ਸੀ ਜੋ ਲਾਸ਼ਾਂ ਨਾਲ਼ ਭਰ ਗਿਆ ਪਰ ਮੌਜੂਦਾ ਸਰਕਾਰ ਵੱਲੋਂ ਹਰ ਘਰ ਅੱਗੇ ਅਜਿਹੇ ਖੂਹ ਪੁੱਟ ਦਿੱਤੇ ਗਏ ਨੇ। ਨਾਮਧਾਰੀ ਸੰਪਰਦਾ ਦੇ ਮੁਖੀ ਠਾਕਰ ਦਲੀਪ ਸਿੰਘ ਨੇ ਜਿੱਥੇ ਡੇਰਾਵਾਦ ਦੇ ਵਿਵਾਦ ਦੀ ਗੱਲ ਕੀਤੀ ਓਥੇ ਗੁਰਦਵਾਰਿਆਂ ਵਿੱਚ ਭਾਰੂ ਹੁੰਦੇ ਜਾ ਰਹੇ ਡੇਰਾਵਾਦ ਬਾਰੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ‘ਤੇ ਰਾਜ ਹਮੇਸ਼ਾਂ ਉਹ ਲੋਕ ਹੀ ਕਰਦੇ ਰਹੇ ਨੇ ਜਿਨ੍ਹਾਂ ਨੇ ਦੇਸ਼ ਨਾਲ਼ ਗ਼ਦਾਰੀਆਂ ਕੀਤੀਆਂ। ਉਨ੍ਹਾਂ ਨੇ ਮਾਤ-ਭਾਸ਼ਾ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਾਤ-ਭਾਸ਼ਾ ਨੂੰ ਸਤਿਕਾਰ ਦੇਣਾ ਚਾਹੀਦਾ ਹੈ।
ਕਵਿਤਾ ਦੇ ਦੌਰ ਵਿੱਚ ਬਲਰਾਜ ਧਾਲੀਵਾਲ਼, ਪ੍ਰਤੀਕ, ਜਗੀਰ ਸਿੰਘ ਕਾਹਲੋਂ, ਸੁਰਿੰਦਰਜੀਤ ਕੌਰ, ਡਾ. ਕ੍ਰਿਸ਼ਨ ਚੰਦਰ, ਹਰਦਿਆਲ ਝੀਤਾ, ਅਤੇ ਜਸਵਿੰਦਰ ਸੰਧੂ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ। ਤਾਰਾ ਸਿੰਘ ਥਿੰਦ, ਜਸਵਿੰਦਰ ਸਿੰਘ, ਜੋਗੀ ਸੰਘੇੜਾ, ਗੁਰਦਿਆਲ ਬੱਲ, ਪਰਮਿੰਦਰ ਧਾਲੀਵਾਲ, ਬਲਜੀਤ ਧਾਲੀਵਾਲ, ਸੁਰਜੀਤ ਸਿੰਘ ਸਰਾਂ, ਬਲਦੇਵ ਦੂਹੜੇ, ਦਲੀਪ ਸਿੰਘ, ਅਤੇ ਗੁਰਬਚਨ ਸਿੰਘ ਵੀ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਦੀ ਪ੍ਰਬੰਧਕੀ ਕਾਰਵਾਈ ਬ੍ਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਗੁਰਜਿੰਦਰ ਸੰਘੇੜਾ, ਅਤੇ ਸੁਰਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਨੇ ਨਿਭਾਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …