ਅਟਲ ਬਿਹਾਰੀ ਵਾਜਪਈ, ਸੋਨੀਆ ਗਾਂਧੀ ਸਮੇਤ ਕਈ ਦਿੱਗਜ਼ ਆਗੂ ਇਥੋਂ ਕਰਵਾ ਚੁੱਕੇ ਹਨ ਇਲਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਸ) ਦੇ ਆਨਲਾਈਨ ਸਿਸਟਮ ’ਤੇ ਵੱਡਾ ਸਾਈਬਰ ਅਟੈਕ ਹੋਣ ਦੀ ਖਬਰ ਸਾਹਮਣੇ ਆਈ ਹੈ। ਏਮਸ ਦੇ ਸਿਸਟਮ ਤੋਂ ਲਗਭਗ 4 ਕਰੋੜ ਮਰੀਜ਼ਾਂ ਦਾ ਡਾਟਾ ਚੋਰੀ ਹੋਇਆ ਹੈ। ਇਹ ਦੇਸ਼ ਦੇ ਮੈਡੀਕਲ ਸੈਕਟਰ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਕਿੰਗ ਹੈ। 8 ਸਾਲ ਪਹਿਲਾਂ ਏਮਸ ਦੇ ਡਾਟੇ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਕੀਤਾ ਗਿਆ ਸੀ। ਉਸ ਤੋਂ ਬਾਅਦ ਇਥੇ ਸਾਬਕਾ ਪ੍ਰਧਾਨ ਅਟਲ ਬਿਹਾਰੀ ਵਾਜਪਾਈ, ਡਾ. ਮਨਮੋਹਨ ਸਿੰਘ, ਕਾਂਗਰਸੀ ਆਗੂ ਸੋਨੀਆ ਗਾਂਧੀ ਸਮੇਤ ਕਈ ਦਿੱਗਜ਼ ਆਗੂਆਂ ਦਾ ਇਲਾਜ਼ ਹੋ ਚੁੱਕਿਆ ਹੈ। ਇਨ੍ਹਾਂ ਸਾਰੇ ਆਗੂਆਂ ਦਾ ਪਰਸਨਲ ਡਾਟਾ ਵੀ ਏਮਸ ਦੇ ਸਰਵਰ ਤੋਂ ਹੈਕ ਹੋ ਚੁੱਕਿਆ ਹੈ, ਜਿਸ ਦੀ ਜਾਂਚ ਵਿਚ ਦਿੱਲੀ ਪੁਲਿਸ ਸਮੇਤ ਦੇਸ਼ ਦੀਆਂ ਪ੍ਰਮੁੱਖ ਜਾਂਚ ਏਜੰਸੀਆਂ ਲੱਗੀਆਂ ਹੋਈਆਂ ਹਨ। ਉਧਰ ਏਮਸ ਦੇ ਦੋ ਸਿਸਟਮ ਐਨਾਲਿਸਟਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡਾਟੇ ਨੂੰ ਹੈਕ ਕਰਨ ’ਚ ਇੰਟਰਨੈਸ਼ਨਲ ਸਾਈਬਰ ਕ੍ਰਾਈਮ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਇਹ ਸਾਈਬਰ ਟੈਰਰ ਨਾਲ ਜੁੜਿਆ ਹੋਇਆ ਮਾਮਲਾ ਹੈ। ਇਸ ਮਾਮਲੇ ਨਾਲ ਸਬੰਧੀ ਲੰਘੇ ਵੀਰਵਾਰ ਨੂੰ ਐਫਆਈਆਰ ਦਰਜ ਕਰਵਾਈ ਗਈ। ਦਿੱਲੀ ਏਮਸ ਦਾ ਸਰਵਰ ਵੀ ਡਾਊਨ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਹਸਪਤਾਲ ’ਚ ਮਰੀਜ਼ਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ’ਚ ਕਈ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।