ਅਮਰੀਕੀ ਸਦਰ ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਦੋ ਟੁੱਕ ਸ਼ਬਦਾਂ ‘ਚ ਕੀਤੀ ਨਾਂਹ
ਬਿਆਰਿਜ਼, ਲੰਡਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਜ਼ਰੀ ਵਿੱਚ ਬਿਆਰਿਜ਼ ਵਿਖੇ ਕਸ਼ਮੀਰ ਮਸਲੇ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਤੋਂ ਦੋ ਟੁੱਕ ਸ਼ਬਦਾਂ ਵਿੱਚ ਨਾਂਹ ਕਰ ਦਿੱਤੀ। ਮੋਦੀ ਨੇ ਸਪਸ਼ਟ ਕਰ ਦਿੱਤਾ ਕਿ ਦੋਵੇਂ ਗੁਆਂਢੀ ਸਾਰੇ ਮੁੱਦਿਆਂ ਨੂੰ ਵਿਚਾਰ ਚਰਚਾ ਜ਼ਰੀਏ ਸੁਲਝਾਉਣ ਦੇ ਸਮਰੱਥ ਹਨ ਤੇ ‘ਦੋਵੇਂ ਕਿਸੇ ਤੀਜੇ ਮੁਲਕ ਨੂੰ ਇਸ ਲਈ ਖੇਚਲ ਨਹੀਂ ਦੇਣਗੇ।’ ਮੋਦੀ ਨੇ ਇਹ ਟਿੱਪਣੀਆਂ ਅੱਜ ਇਥੇ ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਮੁਲਾਕਾਤ ਦੌਰਾਨ ਪੱਤਰਕਾਰਾਂ ਅੱਗੇ ਕੀਤੀਆਂ। ਦੱਸਣਾ ਬਣਦਾ ਹੈ ਕਿ ਟਰੰਪ ਕਸ਼ਮੀਰ ਮਸਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਲਸ ਦੀ ਭੂਮਿਕਾ ਨਿਭਾਉਣ ਦੀ ਕਈ ਵਾਰ ਪੇਸ਼ਕਸ਼ ਕਰ ਚੁੱਕੇ ਹਨ।
ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਅਮਰੀਕੀ ਸਦਰ ਨਾਲ 40 ਮਿੰਟਾਂ ਦੀ ਮੁਲਾਕਾਤ ਉਪਰੰਤ ਮੋਦੀ ਨੇ ਕਿਹਾ, ‘ਭਾਰਤ ਤੇ ਪਾਕਿਸਤਾਨ ਦਰਮਿਆਨ ਕਈ ਦੁਵੱਲੇ ਮਸਲੇ ਹਨ, ਅਤੇ ਅਸੀਂ ਕਿਸੇ ਤੀਜੇ ਮੁਲਕ ਨੂੰ ਇਸ ਲਈ ਖੇਚਲ ਨਹੀਂ ਦੇਣਾ ਚਾਹੁੰਦੇ। ਅਸੀਂ ਇਨ੍ਹਾਂ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਹੱਲ ਕਰ ਸਕਦੇ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ 1947 ਤੋਂ ਪਹਿਲਾਂ ਇਕੱਠੇ ਸਨ ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਦੋਵੇਂ ਗੁਆਂਢੀ ਆਪਣੀਆਂ ਮੁਸ਼ਕਲਾਂ ਨੂੰ ਵਿਚਾਰ ਚਰਚਾ ਜ਼ਰੀਏ ਸੁਲਝਾਅ ਸਕਦੇ ਹਨ।’ ਉਨ੍ਹਾਂ ਕਿਹਾ, ‘ਚੋਣਾਂ ਮਗਰੋਂ ਜਦੋਂ ਮੈਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਫੋਨ ਕੀਤਾ, ਮੈਂ ਉਨ੍ਹਾਂ ਨੂੰ ਇਹੀ ਕਿਹਾ ਸੀ ਕਿ ਪਾਕਿਸਤਾਨ ਨੂੰ ਗਰੀਬੀ, ਅਨਪੜ੍ਹਤਾ ਤੇ ਮਾਨਸਿਕ ਵਿਕਾਰਾਂ ਦੀ ਲੜਾਈ ਲੜਨੀ ਹੋਵੇਗੀ ਅਤੇ ਭਾਰਤ ਨੂੰ ਵੀ ਇਨ੍ਹਾਂ ਸਾਰੀਆਂ ਅਲਾਮਤਾਂ ਨਾਲ ਸਿੱਝਣਾ ਹੋਵੇਗਾ। ਮੈਂ ਉਨ੍ਹਾਂ ਨੂੰ ਕਿਹਾ ਸੀ ਸਾਨੂੰ ਆਪਣੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਉਧਰ ਅਮਰੀਕੀ ਸਦਰ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਅਤੇ ਮੋਦੀ ਨੇ ਕਸ਼ਮੀਰ ਮਸਲੇ ‘ਤੇ ਗੱਲਬਾਤ ਕੀਤੀ ਸੀ ਤੇ ਉਨ੍ਹਾਂ (ਟਰੰਪ) ਨੂੰ ਲਗਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਇਸ ਮਸਲੇ ਨੂੰ ਸੁਲਝਾਅ ਸਕਦੇ ਹਨ। ਟਰੰਪ ਨੇ ਕਿਹਾ, ‘ਅਸੀਂ ਕਸ਼ਮੀਰ ਮਸਲੇ ‘ਤੇ ਚਰਚਾ ਕੀਤੀ ਸੀ, ਪ੍ਰਧਾਨ ਮੰਤਰੀ (ਮੋਦੀ) ਨਿਸ਼ਚਿਤ ਰੂਪ ‘ਚ ਇਹ ਮੰਨਦੇ ਹਨ ਕਿ ਸਭ ਕੁਝ (ਕਸ਼ਮੀਰ ‘ਚ ਹਾਲਾਤ) ਉਨ੍ਹਾਂ ਦੇ ਕੰਟਰੋਲ ਵਿੱਚ ਹੈ। ਉਹ ਪਾਕਿਸਤਾਨ ਨਾਲ ਗੱਲ ਕਰਨਗੇ ਤੇ ਮੈਨੂੰ ਯਕੀਨ ਹੈ ਕਿ ਉਹ ਕੁਝ ਅਜਿਹਾ ਹੱਲ ਕੱਢਣ ਵਿੱਚ ਸਫ਼ਲ ਰਹਿਣਗੇ, ਜੋ ਸਾਰਿਆਂ ਲਈ ਬਹੁਤ ਚੰਗਾ ਹੋਵੇਗਾ।’ ਟਰੰਪ ਨੇ ਕਿਹਾ, ‘ਮੇਰੇ ਦੋਵਾਂ ਭੱਦਰਪੁਰਸ਼ਾਂ (ਮੋਦੀ ਤੇ ਖ਼ਾਨ) ਨਾਲ ਚੰਗੇ ਸਬੰਧ ਹਨ ਤੇ ਮੈਨੂੰ ਲਗਦਾ ਹੈ ਕਿ ਉਹ ਖ਼ੁਦ ਮਸਲੇ ਨੂੰ ਹੱਲ ਕਰ ਸਕਦੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਅਸੀਂ ਖਾਣੇ ਮੌਕੇ ਇਕੱਠੇ ਸੀ ਅਤੇ ਅਸੀਂ ਵਪਾਰ, ਫ਼ੌਜ ਤੇ ਹੋਰ ਕਈ ਮੁੱਦਿਆਂ ‘ਤੇ ਗੰਭੀਰ ਚਰਚਾ ਕੀਤੀ। ਮੈਨੂੰ ਭਾਰਤ ਬਾਰੇ ਕਈ ਗੱਲਾਂ ਦਾ ਗਿਆਨ ਹੋਇਆ। ਦੋਵਾਂ ਆਗੂਆਂ ਦਰਮਿਆਨ ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਜੰਮੂ ਕਸ਼ਮੀਰ ‘ਚੋਂ ਧਾਰਾ 370 ਮਨਸੂਖ਼ ਕਰਨ ਮਗਰੋਂ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਣ ਕਰਕੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਲਖ਼ੀ ਸਿਖਰ ‘ਤੇ ਹੈ।
ਅੰਗਰੇਜ਼ੀ ‘ਚ ਗੱਲ ਕਰਨ ਤੋਂ ਝਿਜਕਦੇ ਹਨ ਮੋਦੀ : ਟਰੰਪ
ਬਿਆਰਿਜ਼: ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਸਮੀ ਗੱਲਬਾਤ ਦੌਰਾਨ ਡੋਨਾਲਡ ਟਰੰਪ ਨੇ ਮਜ਼ਾਹੀਆ ਲਹਿਜੇ ਵਿੱਚ ਕਿਹਾ ਕਿ ਮੋਦੀ ਬਹੁਤ ਚੰਗੀ ਅੰਗਰੇਜ਼ੀ ਬੋਲ ਲੈਂਦੇ ਹਨ, ਪਰ ਉਹ ਅੰਗਰੇਜ਼ੀ ਵਿੱਚ ਗੱਲ ਕਰਨ ਤੋਂ ਝਿਜਕਦੇ ਹਨ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੋਦੀ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਉਹ ਦੋਵਾਂ ਆਗੂਆਂ ਨੂੰ ਇਕੱਲਿਆਂ ‘ਚ ਗੱਲ ਕਰਨ ਦੇਣ ਤਾਂ ਟਰੰਪ ਨੇ ਮਜ਼ਾਕ ਵਿੱਚ ਕਿਹਾ, ‘ਅਸਲ ਵਿੱਚ ਉਹ (ਮੋਦੀ) ਚੰਗੀ ਅੰਗਰੇਜ਼ੀ ਬੋਲ ਲੈਂਦੇ ਹਨ, ਪਰ ਉਹ ਗੱਲਬਾਤ ਕਰਨ ਤੋਂ ਝਿਜਕਦੇ ਹਨ।’ ਇੰਨਾ ਕਹਿਣ ਦੀ ਦੇਰ ਸੀ ਕਿ ਕਮਰੇ ‘ਚ ਹਾਸਾ ਪੈ ਗਿਆ ਤੇ ਦੋਵਾਂ ਆਗੂਆਂ ਨੇ ਕੁਝ ਪਲਾਂ ਲਈ ਇਕ ਦੂਜੇ ਦਾ ਹੱਥ ਫੜੀ ਰੱਖਿਆ।
ਕਸ਼ਮੀਰ ਮਸਲੇ ‘ਤੇ ਸਾਲਸ ਦੀ ਲੋੜ ਨਹੀਂ: ਮੈਕਰੌਂ
ਚੈਂਟਿਲੀ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਕਸ਼ਮੀਰ ਮਸਲਾ ਦੁਵੱਲੀ ਗੱਲਬਾਤ ਰਾਹੀਂ ਸੁਲਝਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ਮਾਮਲੇ ਵਿਚ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ ਵੱਖ ਮੁੱਦਿਆਂ ‘ਤੇ ਦੁਵੱਲੀ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੈਰਿਸ ਤੋਂ 50 ਕਿਲੋਮੀਟਰ ਦੂਰ ਚੈਂਟਿਲੀ ਵਿਖੇ 90 ਮਿੰਟ ਲੰਮੀ ਮੀਟਿੰਗ ਦੌਰਾਨ ਵੱਖ ਵੱਖ ਦੁਵੱਲੇ ਸਬੰਧਾਂ ਬਾਰੇ ਵਿਚਾਰ ਚਰਚਾ ਕੀਤੀ। ਦੋਵਾਂ ਮੁਲਕਾਂ ਵਿਚਾਲੇ ਚਾਰ ਸਮਝੌਤੇ ਸਹੀਬੱਧ ਕੀਤੇ ਗਏ। ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਮੈਕਰੌਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਸਬੰਧੀ ਲਏ ਫ਼ੈਸਲੇ ਬਾਰੇ ਦੱਸਿਆ ਹੈ ਤੇ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ।
ਏਅਰ ਇੰਡੀਆ ਹਾਦਸੇ ਦੇ ਪੀੜਤਾਂ ਦੀ ਯਾਦਗਾਰ ਦਾ ਉਦਘਾਟਨ : ਨਰਿੰਦਰ ਮੋਦੀ ਨੇ ਫਰਾਂਸ ਦੀ ਮੌਂਟ ਬਲੈਂਕ ਪਰਬਤ ਲੜੀ ਵਿਚ ਏਅਰ ਇੰਡੀਆ ਦੇ ਦੋ ਜਹਾਜ਼ ਹਾਦਸਿਆਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਬਣਾਏ ਗਏ ਸਮਾਰਕ ਦਾ ਉਦਘਾਟਨ ਕੀਤਾ। ਇਨ੍ਹਾਂ ਹਾਦਸਿਆਂ ਵਿਚ ਭਾਰਤ ਦੇ ਪਰਮਾਣੂ ਪ੍ਰੋਗਰਾਮ ਦੇ ਬਾਨੀ ਮੰਨੇ ਜਾਂਦੇ ਹੋਮੀ ਭਾਬਾ ਸਮੇਤ ਕਈ ਭਾਰਤੀਆਂ ਦੀ ਮੌਤ ਹੋ ਗਈ ਸੀ। ਇਹ ਹਾਦਸੇ 1950 ਤੇ 1966 ਵਿਚ ਹੋਏ ਸੀ। ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸਮਾਰਕ ਦਾ ਉਦਘਾਟਨ ਕਰਨ ਮਗਰੋਂ ਇੱਥੇ ਯੂਨੈਸਕੋ ਹੈੱਡਕੁਆਰਟਰ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ।
Check Also
ਯੂਕਰੇਨੀ ਹਮਲੇ ’ਚ ਰੂਸ ਦੇ ਨਿਊਕਲੀਅਰ ਚੀਫ਼ ਦੀ ਹੋਈ ਮੌਤ
ਇਲੈਕਟਿ੍ਰਕ ਸਕੂਟਰ ’ਚ ਟੀਐਨਟੀ ਲਗਾ ਕੇ ਕੀਤੀ ਗਈ ਹੱਤਿਆ ਮਾਸਕੋ/ਬਿਊਰੋ ਨਿਊਜ਼ : ਰੂਸ ਦੇ ਨਿਊਕਲੀਅਰ …