ਬਾਈਡਨ ਪਿੱਛੇ ਹਟੇ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਰਨਗੇ ਸਮਰਥਨ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਗਲੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜਨਗੇ। ਚੋਣਾਂ ਤੋਂ 4 ਮਹੀਨੇ ਪਹਿਲਾਂ ਉਨ੍ਹਾਂ ਨੇ ਚਿੱਠੀ ਲਿਖ ਕੇ ਇਸ ਸਬੰਧੀ ਐਲਾਨ ਕਰ ਦਿੱਤਾ ਹੈ। ਬਾਈਡਨ ਨੇ ਕਿਹਾ ਕਿ ਮੈਂ ਦੇਸ਼ ਅਤੇ ਪਾਰਟੀ ਹਿੱਤ ਦੇ ਲਈ ਚੋਣਾਂ ਤੋਂ ਬਾਹਰ ਹੋ ਰਿਹਾ ਹਾਂ। ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦੇ ਨਾਲ ਹੀ ਡੈਮੋਕਰੇਟਿਕ ਪਾਰਟੀ ਦੀ ਪ੍ਰੈਜੀਡੈਂਸ਼ੀਅਲ ਉਮੀਦਵਾਰ ਦੇ ਤੌਰ ‘ਤੇ ਭਾਰਤਵੰਸ਼ੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਅੱਗੇ ਵਧਾਇਆ ਹੈ। ਧਿਆਨ ਰਹੇ ਕਿ ਅਮਰੀਕਾ ਵਿਚ ਲੰਘੀ 28 ਜੂਨ ਨੂੰ ਹੋਈ ਪ੍ਰੈਜੀਡੈਂਸ਼ੀਅਲ ਡਿਬੇਟ ਤੋਂ ਬਾਅਦ ਬਾਈਡਨ ਦੀ ਡੈਮੋਕਰੇਟਿਕ ਪਾਰਟੀ ਦੇ ਆਗੂ ਇਹ ਮੰਗ ਕਰ ਰਹੇ ਸਨ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡ ਦੇਣ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਪਾਰਟੀ ਦੀ ਸਭ ਤੋਂ ਸੀਨੀਅਰ ਆਗੂ ਨੈਨਸੀ ਪੇਲੋਸੀ ਵੀ ਉਨ੍ਹਾਂ ਨੂੰ ਪ੍ਰੈਜੀਡੈਂਸ਼ੀਅਲ ਦੌੜ ਵਿਚੋਂ ਬਾਹਰ ਹੋਣ ਨੂੰ ਕਹਿ ਚੁੱਕੀ ਸੀ। ਉਧਰ ਦੂਜੇ ਪਾਸੇ ਡੋਨਾਲਡ ਟਰੰਪ ਨੇ ਕਿਹਾ ਕਿ ਬਾਈਡਨ ਕਦੀ ਵੀ ਰਾਸ਼ਟਰਪਤੀ ਅਹੁਦੇ ਦੇ ਲਾਇਕ ਹੀ ਨਹੀਂ ਸਨ। ਟਰੰਪ ਨੇ ਜੋਅ ਬਾਈਡਨ ਨੂੰ ਧੋਖੇਬਾਜ਼ ਵੀ ਦੱਸਿਆ।
ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਮਿਲਿਆ ਬਹੁਮਤ
1976 ਪਾਰਟੀ ਡੈਲੀਗੇਟਸ ਆਏ ਸਮਰਥਨ ‘ਚ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਈਡਨ ਦੇ ਪਿੱਛੇ ਹਟਣ ਤੋਂ ਬਾਅਦ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਡੈਮੋਕਰੇਟਿਕ ਪਾਰਟੀ ਵਲੋਂ ਨੌਮੀਨੇਸ਼ਨ ਦੇ ਲਈ ਬਹੁਮਤ ਹਾਸਲ ਕਰ ਲਿਆ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਲਈ 4 ਹਜ਼ਾਰ ਵਿਚੋਂ ਹੁਣ ਤੱਕ 1976 ਡੈਲੀਗੇਟਸ ਦਾ ਸਮਰਥਨ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ 1 ਤੋਂ 7 ਅਗਸਤ ਦੇ ਵਿਚਾਲੇ ਡੈਮੋਕਰੇਟਿਸ ਨੌਮੀਨੇਸ਼ਨ ਦੇ ਲਈ ਪਹਿਲੇ ਰਾਊਂਡ ਦੀ ਵੋਟਿੰਗ ਕਰਨਗੇ। ਕਮਲਾ ਹੈਰਿਸ ਨੇ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਾ ਨੂੰ ਸੰਬੋਧਨ ਵੀ ਕੀਤਾ। ਕਮਲਾ ਹੈਰਿਸ ਨੇ ਰਾਸ਼ਟਰਪਤੀ ਜੋਅ ਬਾਈਡਨ ਦੇ ਕੰਮ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜੋਅ ਬਾਈਡਨ ਨੇ ਚਾਰ ਸਾਲਾਂ ਵਿਚ ਏਨਾ ਕੰਮ ਕੀਤਾ ਹੈ, ਜਿੰਨਾ ਕਈ ਰਾਸ਼ਟਰਪਤੀ ਆਪਣੇ ਦੋ ਕਾਰਜਕਾਲ ਦੌਰਾਨ ਵੀ ਪੂਰਾ ਨਹੀਂ ਕਰ ਸਕੇ।
ਕਮਲਾ ਹੈਰਿਸ ਲਈ ਪ੍ਰਚਾਰ ਕਰਨਗੇ ਜੋਅ ਬਾਇਡਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਨਵੰਬਰ ਵਿੱਚ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਦੀ ਦੌੜ ‘ਚੋਂ ਪਿੱਛੇ ਹਟਣ ਦੇ ਆਪਣੇ ਫੈਸਲੇ ਨੂੰ ‘ਸਹੀ ਕਦਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਲਾਗ ਕਾਰਨ ਉਹ ਅਜੇ ਲੋਕਾਂ ਵਿੱਚ ਨਹੀਂ ਜਾ ਸਕੇ ਰਹੇ ਹਨ ਪਰ ਉਹ ਜਲਦੀ ਹੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ।
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਵਲੋਂ ਉਮੀਦਵਾਰ ਬਣਨ ਲਈ ਕਮਲਾ ਹੈਰਿਸ ਨੂੰ ਲੋੜੀਂਦਾ ਸਮਰਥਨ ਹੋਇਆ ਹਾਸਲ
ਇਕ ਦਿਨ ਵਿੱਚ ਰਿਕਾਰਡ 10 ਕਰੋੜ ਡਾਲਰ ਦਾ ਫੰਡ ਇਕੱਤਰ ਕੀਤਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਸਤੇ ਡੈਲੀਗੇਟਾਂ ਦਾ ਲੋੜੀਂਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਅਮਰੀਕਾ ਦੇ ਮੀਡੀਆ ਅਦਾਰਿਆਂ ਦੀਆਂ ਖ਼ਬਰਾਂ ਮੁਤਾਬਕ ਉਪ ਰਾਸ਼ਟਰਪਤੀ ਨੂੰ ਸੰਭਾਵੀ ਵਿਰੋਧੀਆਂ, ਕਾਨੂੰਨਸਾਜ਼ਾਂ, ਗਵਰਨਰਾਂ ਅਤੇ ਪ੍ਰਭਾਵਸ਼ਾਲੀ ਸਮੂਹਾਂ ਵੱਲੋਂ ਸਮਰਥਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਹੈਰਿਸ ਦੀ ਚੋਣ ਮੁਹਿੰਮ ਲਈ ਐਤਵਾਰ ਬਾਅਦ ਦੁਪਹਿਰ ਤੋਂ ਸੋਮਵਾਰ ਸ਼ਾਮ ਤੱਕ ਰਿਕਾਰਡ 10 ਕਰੋੜ ਡਾਲਰ ਦੇ ਫੰਡ ਇਕੱਤਰ ਕਰ ਲਏ ਗਏ। ਇਸ ਮੁਹਿੰਮ ਲਈ 11 ਲੱਖ ਵਿਅਕਤੀਆਂ ਨੇ ਫੰਡ ਦਿੱਤਾ। ਕਮਲਾ ਹੈਰਿਸ ਦੀ ਪਹਿਲੇ ਦਿਨ ਦੀ ਮੁਹਿੰਮ ਬਾਰੇ ਜਾਣਕਾਰੀ ਮੁਤਾਬਕ ਭਾਰਤੀ ਤੇ ਅਫਰੀਕੀ ਮੂਲ ਦੀ ਹੈਰਿਸ ਨੂੰ 1976 ਤੋਂ ਵੱਧ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੋ ਗਿਆ ਹੈ ਜੋ ਕਿ ਡੈਮੋਕਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਵਾਸਤੇ ਲੋੜੀਂਦਾ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …