Breaking News
Home / ਸੰਪਾਦਕੀ / ਪੰਜਾਬ ਦੇ ਖੇਤੀ ਸੰਕਟ ਦਾ ਹੱਲ ਕੀ ਹੋਵੇ?

ਪੰਜਾਬ ਦੇ ਖੇਤੀ ਸੰਕਟ ਦਾ ਹੱਲ ਕੀ ਹੋਵੇ?

ਪੰਜਾਬ ਦੇ ਕਿਸਾਨੀ ਮੋਰਚੇ ਨੇ ਵਿਸ਼ਵ ਭਰ ਦਾ ਧਿਆਨ ਪੰਜਾਬ ਦੇ ਖੇਤੀ ਸੰਕਟ ‘ਤੇ ਕੇਂਦਰਤ ਕਰ ਦਿੱਤਾ ਹੈ। ਪੰਜਾਬ ਵਿਚ ਪ੍ਰਤੀ ਖੇਤੀ ਜੋਤ ਜ਼ਮੀਨ ਦੀ ਮਲਕੀਅਤ ਘਟ ਗਈ ਹੈ। ਔਸਤ ਲਗਪਗ ਢਾਈ ਏਕੜ ਰਹਿ ਗਈ ਹੈ। ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇੰਨੇ ਛੋਟੇ ਫਾਰਮ ਲਾਭਦਾਇਕ ਨਹੀਂ ਰਹੇ। ਇਸ ਲਈ ਛੋਟੇ-ਛੋਟੇ ਫਾਰਮ ਇਕੱਠੇ ਕਰਕੇ ਵੱਡੇ ਫਾਰਮ ਬਣਾਉਣ ਦੀ ਲੋੜ ਹੈ। ਕਿਸਾਨਾਂ ਵਿਚ ਤਾਂ ਇਹ ਸਮਰੱਥਾ ਨਹੀਂ ਕਿ ਉਹ ਛੋਟੇ-ਛੋਟੇ ਫਾਰਮ ਖ਼ਰੀਦ ਕੇ ਇਕੱਠੇ ਕਰਕੇ ਵੱਡੇ ਫਾਰਮ ਬਣਾ ਸਕਣ। ਇਸ ਲਈ ਸਰਕਾਰ ਵਲੋਂ ਅਜਿਹਾ ਕਰਨ ਲਈ ਇਕੋ ਇਕ ਹੱਲ ਕਾਰਪੋਰੇਟ ਖੇਤੀ ਸਮਝਿਆ ਜਾ ਰਿਹਾ ਹੈ। ਜਿਹੜੇ ਮੁੜ ਇਸ ਨੂੰ ਲਾਭਦਾਇਕ ਧੰਦਾ ਬਣਾਉਣ। ਪ੍ਰੰਤੂ ਇਹ ਦਲੀਲ ਦੋ ਤਰ੍ਹਾਂ ਨਾਲ ਗ਼ਲਤ ਸਾਬਤ ਹੁੰਦੀ ਹੈ। ਪਹਿਲੀ ਕਿ ਛੋਟੇ ਫਾਰਮਾਂ ਦੀ ਸਮੱਸਿਆ ਦਾ ਇਕੋ ਇਕ ਹੱਲ ਕਾਰਪੋਰੇਟ ਖੇਤੀ ਨਹੀਂ ਸਗੋਂ ਕੋਪਰੇਟਿਵ ਖੇਤੀ ਜਾਂ ਸਾਂਝੀ ਖੇਤੀ ਨਾਲ ਵੀ ਕੀਤਾ ਜਾ ਸਕਦਾ ਹੈ। ਦੂਜੀ ਗੱਲ ਇਹ ਹੈ ਕਿ ਕਾਰਪੋਰੇਟ ਖੇਤੀ ਨਾਲ ਦੋ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ।
ਪਹਿਲੀ ਕਿ ਕਾਰਪੋਰੇਟ ਖੇਤੀ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਉਨ੍ਹਾਂ ਨੂੰ ਖੇਤ ਮਜ਼ਦੂਰ ਬਣਾ ਦੇਵੇਗੀ, ਜਿਸ ਨਾਲ ਸਾਡਾ ਰਵਾਇਤੀ ਜੀਵਨ ਢੰਗ ਬਿਲਕੁਲ ਬਦਲ ਜਾਏਗਾ। ਦੂਜੀ ਕਾਰਪੋਰੇਟ ਖੇਤੀ ਵਿਚ ਵੱਡੇ ਪੱਧਰ ਦਾ ਮਸ਼ੀਨੀਕਰਨ ਕਰਕੇ 90 ਫੀਸਦੀ ਤੋਂ ਵੱਧ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖੇਤੀ ਤੋਂ ਵਿਹਲਾ ਕਰ ਦੇਵੇਗਾ। ਪੰਜਾਬ ਵਿਚ ਖੇਤੀ ਸਭ ਤੋਂ ਵੱਡਾ ਰੁਜ਼ਗਾਰ ਦਾ ਸਾਧਨ ਵੀ ਹੈ, ਇਸ ਲਈ ਕਾਰਪੋਰੇਟ ਖੇਤੀ ਪੰਜਾਬ ਵਿਚ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਪੈਦਾ ਕਰ ਦੇਵੇਗੀ। ਸਾਂਝੀ ਖੇਤੀ ਨਾਲ ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਸਾਂਝੀ ਖੇਤੀ ਭਾਈਚਾਰਕ ਸਾਂਝ ਵਧਾਏਗੀ ਅਤੇ ਸਾਡਾ ਰਵਾਇਤੀ ਜੀਵਨ ਢੰਗ ਹੋਰ ਮਜ਼ਬੂਤ ਹੋਏਗਾ। ਸਾਂਝੀ ਖੇਤੀ ਰੁਜ਼ਗਾਰ ਦੇ ਮੌਕੇ ਘਟਾਉਣ ਦੀ ਥਾਂ ‘ਤੇ ਕਿਰਤ ਸਭਿਆਚਾਰ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੌਜਵਾਨਾਂ ਨੂੰ ਵੀ ਕਿਰਤ ਨਾਲ ਜੋੜੇਗੀ ਜੋ ਹੁਣ ਕਿਰਤ ਤੋਂ ਟੁੱਟ ਚੁੱਕੇ ਹਨ। ਅਜਿਹਾ ਹੋਣ ਨਾਲ ਸਮੁੱਚੇ ਤੌਰ ‘ਤੇ ਰੁਜ਼ਗਾਰ ਅਤੇ ਰੁਜ਼ਗਾਰ ਦੇ ਮੌਕੇ ਵੱਧ ਸਕਦੇ ਹਨ।
ਕਿਰਤ ਨਾਲੋਂ ਟੁੱਟਣ ਕਰਕੇ ਸਾਡੇ ਨੌਜਵਾਨਾਂ ਵਿਚ ਆਈਆਂ ਨਾਂਹ-ਪੱਖੀ ਰੁਚੀਆਂ ਨੂੰ ਹਾਂ-ਪੱਖੀ ਅਤੇ ਉਸਾਰੂ ਰੁਚੀਆਂ ਵਿਚ ਬਦਲਿਆ ਜਾ ਸਕਦਾ ਹੈ। ਨੌਜਵਾਨਾਂ ਵਿਚ ਕਿਰਤ ਨਾਲੋਂ ਟੁੱਟਣ ਕਰਕੇ ਆਈ ਨਿਰਾਸ਼ਾ ਵੀ ਪੰਜਾਬ ਵਿਚੋਂ ਵੱਧ ਰਹੇ ਪ੍ਰਵਾਸ ਦੇ ਰੁਝਾਨ ਦਾ ਇਕ ਕਾਰਨ ਹੈ। ਪ੍ਰਵਾਸ, ਜੋ ਹੁਣ ਉਜਾੜੇ ਦਾ ਰੂਪ ਧਾਰਨ ਕਰ ਚੁੱਕਾ ਹੈ, ਪੰਜਾਬ ਲਈ ਘਾਤਕ ਸਾਬਤ ਹੋ ਰਿਹਾ ਹੈ। ਅਜੋਕਾ ਪ੍ਰਵਾਸ ਪੰਜਾਬ ਦੀ ਮਨੁੱਖੀ ਸ਼ਕਤੀ, ਬੌਧਿਕ ਸ਼ਕਤੀ ਅਤੇ ਆਰਥਿਕ ਸ਼ਕਤੀ, ਤਿੰਨਾਂ ਨੂੰ ਹੀ ਪੰਜਾਬ ਤੋਂ ਬਾਹਰ ਧੱਕ ਰਿਹਾ ਹੈ। ਜੇ ਅਸੀਂ ਪੰਜਾਬ ਵਿਚ ਹੀ ਚੰਗਾ ਅਤੇ ਅਰਥ ਭਰਪੂਰ ਜੀਵਨ ਮੁਹੱਈਆ ਕਰਵਾ ਦੇਈਏ ਤਾਂ ਕਾਫੀ ਹੱਦ ਤੱਕ ਪੰਜਾਬ ਦੇ ਹੋ ਰਹੇ ਉਜਾੜੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਸਾਨੂੰ ਸਾਂਝੀ ਖੇਤੀ ਦੇ ਸਿਰਫ ਆਰਥਿਕ ਹੀ ਨਹੀਂ, ਸਗੋਂ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਲਾਭ ਵੀ ਮਿਲ ਸਕਦੇ ਹਨ। ਆਰਥਿਕ ਲਾਭ ਮੁੱਖ ਤੌਰ ‘ਤੇ ਖ਼ਰਚੇ ਘਟਾਉਣ ਨਾਲ ਅਤੇ ਆਮਦਨ ਵਧਾਉਣ ਨਾਲ ਅਤੇ ਮੰਡੀ ਦੀਆਂ ਸ਼ਕਤੀਆਂ ਉਤੇ ਨਿਰਭਰ ਹੋਣ ਦੀ ਬਜਾਏ ਮੰਡੀ ਨੂੰ ਕੰਟਰੋਲ ਕਰਨ ਦੀ ਸ਼ਕਤੀ ਹਾਸਲ ਕਰਨ ਨਾਲ ਮਿਲ ਸਕਦੇ ਹਨ। ਦੋ ਏਕੜ ਜਾਂ ਇਸ ਤੋਂ ਵੀ ਘੱਟ ਜ਼ਮੀਨ ਵਾਲਿਆਂ ਨੂੰ ਟਰੈਕਟਰ ਤੇ ਹੋਰ ਖੇਤੀ ਨਾਲ ਸਬੰਧਤ ਮਸ਼ੀਨਰੀ ਖ਼ਰੀਦਣੀ ਪੈ ਰਹੀ ਹੈ, ਜੋ ਕਿ ਕਾਫੀ ਮਹਿੰਗੀ ਹੈ। ਜੇ ਅਸੀਂ ਇਹ ਨਿਰਧਾਰਤ ਕਰ ਲਈਏ ਕਿ ਟਰੈਕਟਰ, ਕੰਬਾਈਨ ਜਾਂ ਖੇਤੀ ਨਾਲ ਸਬੰਧਤ ਮਸ਼ੀਨਰੀ ਕਿੰਨੇ ਕੁ ਏਕੜਾਂ ਵਾਸਤੇ ਹੋਣੀ ਚਾਹੀਦੀ ਹੈ ਤਾਂ ਓਨੇ ਕਿਸਾਨ ਇਕੱਠੇ ਹੋ ਕੇ ਉਹ ਖ਼ਰੀਦ ਸਕਦੇ ਹਨ ਜਾਂ ਸਾਂਝੇ ਤੌਰ ‘ਤੇ ਵਰਤ ਸਕਦੇ ਹਨ।
ਉਦਾਹਰਣ ਵਜੋਂ ਜੇ 10 ਏਕੜ ਪਿੱਛੇ ਇਕ ਟਰੈਕਟਰ ਚਾਹੀਦਾ ਹੈ ਤਾਂ 2 ਏਕੜਾਂ ਵਾਲੇ 5 ਕਿਸਾਨ ਮਿਲ ਕੇ ਟਰੈਕਟਰ ਖਰੀਦ ਸਕਦੇ ਹਨ ਅਤੇ ਸਾਂਝੇ ਤੌਰ ‘ਤੇ ਵਰਤ ਸਕਦੇ ਹਨ। ਇਸ ਤਰ੍ਹਾਂ ਕਿਸਾਨਾਂ ਦੇ ਖ਼ਰਚ ਵਿਚ ਕਾਫੀ ਬਚਤ ਹੋ ਸਕਦੀ ਹੈ। ਸਾਂਝ ਨਾਲ ਆਪਣੀ ਫਸਲ ਮੰਡੀ ਤੱਕ ਪਹੁੰਚਾਣ ਅਤੇ ਵੇਚਣ ਵਿਚ ਵੀ ਸਹਾਇਤਾ ਮਿਲ ਸਕਦੀ ਹੈ। ਸਾਂਝ ਨਾਲ ਫਸਲਾਂ ਦੀ ਵੰਡ ਇਸ ਢੰਗ ਨਾਲ ਹੋ ਸਕਦੀ ਹੈ ਕਿ ਇਕਦਮ ਮੰਡੀ ਵਿਚ ਜ਼ਿਆਦਾ ਫ਼ਸਲ ਨਾ ਸੁੱਟੀ ਜਾਏ ਜਿਸ ਨਾਲ ਕੀਮਤ ਬਹੁਤ ਡਿੱਗ ਪੈਂਦੀ ਹੈ। ਅਸੀਂ ਦੇਖਿਆ ਹੈ ਕਿ ਗੋਭੀ ਦੀ ਕੀਮਤ ਇੰਨੀ ਡਿੱਗ ਜਾਂਦੀ ਹੈ ਕਿ ਕਿ ਕਿਸਾਨ ਉਸ ਨੂੰ ਮੰਡੀ ਵਿਚ ਲਿਜਾਣ ਦੀ ਥਾਂ ‘ਤੇ ਵਾਹੁਣ ਲਈ ਮਜ਼ਬੂਰ ਹੋ ਜਾਂਦੇ ਹਨ। ਕਿਉਂਕਿ ਫਸਲ ਦਾ ਮੁੱਲ ਮੰਡੀ ਲਿਜਾਣ ਦਾ ਖ਼ਰਚਾ ਵੀ ਪੂਰਾ ਨਹੀਂ ਕਰਦਾ। ਸਾਂਝੀ ਖੇਤੀ ਨਾਲ ਜੁੜਿਆ ਇਕ ਹੋਰ ਖੇਤੀ ਦਾ ਢੰਗ ਹੈ ਜੈਵਿਕ ਖੇਤੀ। ਇਹ ਵੀ ਕਾਰਪੋਰੇਟ ਖੇਤੀ ਦਾ ਬਦਲ ਹੋ ਸਕਦਾ ਹੈ। ਇਸ ਨਾਲ ਸਾਡੀ ਪਰਿਵਾਰਕ ਸਾਂਝ ਵਧੇਗੀ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਹੋਣਗੇ। ਨਾ ਤਾਂ ਰਸਾਇਣਕ ਖਾਦਾਂ ਦੀ ਲੋੜ ਅਤੇ ਨਾ ਹੀ ਕੀੜੇਮਾਰ ਦਵਾਈਆਂ ਦੀ ਲੋੜ ਰਹੇਗੀ। ਅੱਜ ਸੰਸਾਰ ਭਰ ਵਿਚ ਲੋਕ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਸਿਹਤ ਉਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਚੇਤੰਨ ਹੋ ਰਹੇ ਹਨ ਅਤੇ ਜੈਵਿਕ ਖੇਤੀ ਨਾਲ ਪੈਦਾ ਕੀਤੀਆਂ ਫਸਲਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਬਹੁਤ ਸਾਰੇ ਸਿਹਤ ਬਾਰੇ ਚੇਤੰਨ ਲੋਕ ਇਨ੍ਹਾਂ ਦੀ ਚੰਗੀ ਕੀਮਤ ਦੇਣ ਨੂੰ ਤਿਆਰ ਹਨ।
ਕੁਝ ਲੋਕ ਇਹ ਕਹਿ ਰਹੇ ਹਨ ਕਿ ਜੇ ਪੰਜਾਬ ਵਿਚ ਵੱਡੇ ਪੱਧਰ ‘ਤੇ ਜੈਵਿਕ ਖੇਤੀ ਸ਼ੁਰੂ ਹੋ ਗਈ ਤਾਂ ਇਸ ਲਈ ਮੰਡੀ ਕਿੱਥੋਂ ਆਏਗੀ? ਇਸ ਸਮੱਸਿਆ ਦਾ ਹੱਲ ਵੀ ਸਾਂਝੇ ਤੌਰ ‘ਤੇ ਲੱਭਿਆ ਜਾ ਸਕਦਾ ਹੈ। ਅਸੀਂ ਦੇਖਿਆ ਹੈ ਕਿ ਗੁਰਦੁਆਰਾ ਸਾਹਿਬਾਨ ਵਿਚ ਸਿਰਫ ਦੇਸੀ ਘਿਉ ਦੀ ਹੀ ਵਰਤੋਂ ਹੁੰਦੀ ਹੈ। ਜੇ ਅਸੀਂ ਇਹ ਫੈਸਲਾ ਕਰ ਲਈਏ ਕਿ ਸਾਡੇ ਲੰਗਰਾਂ ਵਿਚ ਸਿਰਫ ਜੈਵਿਕ ਖੇਤੀ ਦੁਆਰਾ ਉਪਜਾਈ ਰਸਦ ਹੀ ਵਰਤੀ ਜਾਏਗੀ ਤਾਂ ਜੈਵਿਕ ਖੇਤੀ ਲਈ ਮੰਡੀ ਦੀ ਸਮੱਸਿਆ ਦਾ ਵੀ ਹੱਲ ਹੋ ਸਕਦਾ ਹੈ। ਹਰ ਰੋਜ਼ ਹਰਿਮੰਦਰ ਸਾਹਿਬ ਵਿਚ ਇਕ ਲੱਖ ਤੋਂ ਦੀ ਵੱਧ ਸੰਗਤ ਲੰਗਰ ਛਕਦੀ ਹੈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਰੇ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਵਿਚ ਸਿਰਫ ਜੈਵਿਕ ਖੇਤੀ ਨਾਲ ਉਗਾਈਆਂ ਰਸਦਾਂ ਹੀ ਵਰਤੀਆਂ ਜਾਣ ਤਾਂ ਕਿੰਨੀ ਕੁ ਵੱਡੀ ਮੰਡੀ ਮਿਲ ਸਕਦੀ ਹੈ। ਆਮ ਲੋਕਾਂ ਦਾ ਵੱਡਾ ਹਿੱਸਾ ਵੀ ਆਪਣੀ ਬਿਹਤਰ ਸਿਹਤ ਲਈ ਜ਼ਹਿਰਾਂ ਤੇ ਖਾਦਾਂ ਰਹਿਤ ਖੁਰਾਕੀ ਵਸਤਾਂ ਚਾਹੁੰਦਾ ਹੈ। ਜ਼ਾਹਿਰ ਹੈ ਕਿ ਮੰਗ ਇੰਨੀ ਵੱਧ ਜਾਏਗੀ ਕਿ ਉਸ ਨੂੰ ਪੂਰਾ ਕਰਨਾ ਹੀ ਇਕ ਵੱਡੀ ਚੁਣੌਤੀ ਬਣ ਜਾਏਗੀ।
ਜਿੱਥੇ ਕਾਰਪੋਰੇਟ ਖੇਤੀ ਸਾਨੂੰ ਆਪਣੇ ਸਭਿਆਚਾਰਕ ਜੀਵਨ ਢੰਗ ਅਤੇ ਕਦਰਾਂ ਕੀਮਤਾਂ ਤੋਂ ਦੂਰ ਕਰਦੀ ਹੈ, ਸਾਡੀ ਭਾਈਚਾਰਕ ਸਾਂਝ ਘਟਾਉਂਦੀ ਹੈ ਅਤੇ ਸਾਡੇ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਕਮਜ਼ੋਰ ਕਰਦੀ ਹੈ, ਉੱਥੇ ਸਾਂਝੀ ਖੇਤੀ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ। ਸਾਡੀ ਭਾਈਚਾਰਕ ਸਾਂਝ ਵਧਾਉਂਦੀ ਹੈ। ਸਾਡੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ। ਸਾਡੀਆਂ ਕਦਰਾਂ ਕੀਮਤਾਂ ਨੂੰ ਨਰੋਆ ਬਣਾਉਂਦੀ ਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …