0.2 C
Toronto
Wednesday, December 3, 2025
spot_img
Homeਦੁਨੀਆਨਵੇਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ

ਨਵੇਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਲਈ 4 ਸਾਲ ਦਾ ਕਾਰਜਕਾਲ ਬਹੁਤ ਹੀ ਚੁਣੌਤੀਆਂ ਭਰਪੂਰ ਹੋਵੇਗਾ। ਉਸ ਨੂੰ ਕੌਮਾਂਤਰੀ ਪੱਧਰ ਦੇ ਨਾਲ ਨਾਲ ਕੌਮੀ ਪੱਧਰ ਉਪਰ ਵੀ ਬਹੁਤ ਸਾਰੀਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪਵੇਗਾ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕੀ ਸਮਾਜ ਵਿਚ ਖਿਲਾਰੇ ਕੰਡਿਆਂ ਨੂੰ ਚੁੱਗਣਾ ਪਵੇਗਾ। ਸਭ ਤੋਂ ਵੱਡੀ ਕੌਮੀ ਸਮੱਸਿਆ ਅਮਰੀਕੀਆਂ ਵਿਚ ‘ਗੋਰਿਆਂ ਦੀ ਸੁਪਰਮੇਸੀ’ ਨੂੰ ਲੈ ਕੇ ਹੋਈ ਵੰਡ ਦੀ ਹੈ। ਅੱਜ ਅਮਰੀਕਾ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਨਜਰ ਆ ਰਿਹਾ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ‘ਗੋਰਿਆਂ ਦੀ ਸੁਪਰਮੇਸੀ’ ਨੂੰ ਨਿਰੰਤਰ ਸ਼ਹਿ ਦਿੱਤੀ ਜਿਸ ਦਾ ਸਿੱਟਾ ਇਹ ਹੋਇਆ ਕਿ ਅਫਰੀਕੀ ਮੂਲ ਦੇ ਕਾਲੇ , ਏਸ਼ੀਆ ਦੇ ਕਣਕ ਵਿੰਨੇ ਤੇ ਹੋਰ ਨਸਲਾਂ ਦੇ ਲੋਕ ਆਪਣੇ ਆਪ ਨੂੰ ਅਲੱਗ ਥਲੱਗ ਹੋਇਆ ਮਹਿਸੂਸ ਕਰ ਰਹੇ ਹਨ। ਜੋ ਬਿਡੇਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਅਮਰੀਕੀਆਂ ਵਿਚ ਪਈ ਇਸ ਵੰਡ ਨੂੰ ਮੁੱਖ ਤੌਰ ‘ਤੇ ਉਭਾਰਿਆ ਤੇ ਇਸ ਦਾ ਵਿਰੋਧ ਕਰਦਿਆਂ ਡੋਨਲਡ ਟਰੰਪ ਦਾ ਇਕਜੁੱਟ ਹੋ ਕੇ ਮੁਕਾਬਲਾ ਕਰਨ ਤੇ ਉਸ ਨੂੰ ਗੱਦੀ ਤੋਂ ਲਾਹੁਣ ਦਾ ਸੱਦਾ ਦਿੱਤਾ ਸੀ। ਇਸ ਲਈ ਕਾਲੇ ਲੋਕਾਂ ਤੋਂ ਇਲਾਵਾ ਗੋਰਿਆਂ ਨੇ ਵੀ ਟਰੰਪ ਦੀਆਂ ਸਮਾਜ ਵਿਚ ਫੁੱਟ ਪਾਊ ਨੀਤੀਆਂ ਦੇ ਵਿਰੋਧ ‘ਚ ਵੱਡੀ ਤਾਦਾਦ ਵਿਚ ਬਿਡੇਨ ਦੇ ਹੱਕ ਵਿਚ ਵੋਟਾਂ ਪਾਈਆਂ। ਪਰ ਇਸ ਦੇ ਬਾਵਜੂਦ 47% ਤੋਂ ਵਧ ਅਮਰੀਕੀ ਜੋ ਟਰੰਪ ਦੇ ਹੱਕ ਵਿਚ ਭੁਗਤੇ ਹਨ, ਅੱਜ ਵੀ ਟਰੰਪ ਦੇ ਨਾਲ ਖੜ੍ਹੇ ਹਨ। ਉਨ੍ਹਾਂ ਵਿਚੋਂ ਜਿਆਦਾਤਰ ਦਾ ‘ਗੋਰਿਆਂ ਦੀ ਸੁਪਰਮੇਸੀ’ ਵਿਚ ਵਿਸ਼ਵਾਸ਼ ਹੈ। ਇਨ੍ਹਾਂ ਲੋਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨਾ ਬਿਡੇਨ ਲਈ ਇਕ ਮੁਸ਼ਕਲਾਂ ਭਰਿਆ ਕੰਮ ਹੈ। ਅਹੁੱਦਾ ਛੱਡਣ ਤੋਂ ਬਾਅਦ ਟਰੰਪ ਨੇ ਬਿਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਨਾ ਹੋ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਅਮੈਰੀਕਾ/ਅਮਰੀਕਨ ਫਸਟ ਦੀ ਨੀਤੀ ਤਹਿਤ ‘ਗੋਰਿਆਂ ਦੀ ਸੁਪਰਮੇਸੀ’ ਵਾਲੀ ਪਹੁੰਚ ਵਿਚ ਤਬਦੀਲੀ ਕਰਨ ਵਾਲੇ ਨਹੀਂ ਹਨ। ਬੇਸ਼ੱਕ ਉਹ ਅਹੁੱਦਾ ਛੱਡਣ ਲਈ ਮਜਬੂਰ ਹੋਏ ਹਨ ਪਰ ਸੋਚ ਛੱਡਣ ਲਈ ਉਨ੍ਹਾਂ ਨੂੰ ਕੋਈ ਵੀ ਮਜਬੂਰ ਨਹੀਂ ਕਰ ਸਕਦਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਸਮੇ ਸਮੇ ‘ਤੇ ਆਪਣੇ ਸਮਰਥਕਾਂ ਨੂੰ ਉਕਸਾਉਂਦੇ ਰਹਿਣਗੇ ਜਿਸ ਨਾਲ ਸਮਾਜਿਕ ਤਨਾਅ ਬਣੇ ਰਹਿਣ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਸਮਾਜਿਕ ਵੰਡ ਤੇ ਤਣਾਅ ਨਾਲ ਬਿਡੇਨ ਕਿਸ ਤਰ੍ਹਾਂ ਨਜਿੱਠਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ। ਹਾਲਾਂਕਿ ਬਿਡੇਨ ਨੇ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਪ੍ਰਸ਼ਾਸਨ ਵਿਚ ਹਰ ਨਸਲ ਦੇ ਲੋਕਾਂ ਨੂੰ ਸ਼ਾਮਿਲ ਕਰਕੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਲਈ ਸਭ ਬਰਾਬਰ ਹਨ। ਕੋਈ ਸੁਪਰ ਨਹੀਂ ਹੈ ਤੇ ਨਾ ਹੀ ਕੋਈ ਲੋਅਰ ਹੈ। 20 ਦੇ ਕਰੀਬ ਭਾਰਤੀ ਮੂਲ ਦੇ ਅਮਰੀਕੀਆਂ ਦੀਆਂ ਵੀ ਬਿਡੇਨ ਨੇ ਆਪਣੇ ਪ੍ਰਸ਼ਾਸ਼ਨ ਵਿਚ ਉੱਚ ਅਹੁੱਦਿਆਂ ਉਪਰ ਨਿਯੁਕਤੀਆਂ ਕੀਤੀਆਂ ਹਨ।

RELATED ARTICLES
POPULAR POSTS