Breaking News
Home / ਸੰਪਾਦਕੀ / ਭਾਰਤ ਦੇ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਦੇ ਅਰਥ

ਭਾਰਤ ਦੇ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਦੇ ਅਰਥ

ਨਵੰਬਰ ਦੇ ਮਹੀਨੇ ਵਿਚ 5 ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਹੋਈਆਂ ਚੋਣਾਂ ਨੂੰ ਇਸ ਲਈ ‘ਸੈਮੀਫਾਈਨਲ’ ਕਿਹਾ ਜਾਂਦਾ ਰਿਹਾ ਸੀ, ਕਿਉਂਕਿ ਆਉਂਦੇ ਵਰ੍ਹੇ ਗਰਮੀਆਂ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਆਪਣੀਆਂ ਦੋ ਪਾਰੀਆਂ ਖ਼ਤਮ ਕਰਨ ਵਾਲੀ ਹੈ। ਇਨ੍ਹਾਂ ਸਾਢੇ ਨੌ ਸਾਲਾਂ ਵਿਚ ਪਾਰਟੀ ਦੀ ਚੜ੍ਹਾਈ ਰਹੀ। ਲੋਕ ਸਭਾ ਵਿਚ ਬਹੁਮਤ ਹੋਣ ਕਾਰਨ ਅਤੇ ਰਾਜ ਸਭਾ ਵਿਚ ਗਿਣਤੀਆਂ-ਮਿਣਤੀਆਂ ਕਰ ਕੇ ਇਹ ਪਾਰਟੀ ਸੰਸਦ ਵਿਚੋਂ ਬਹੁਤ ਸਾਰੇ ਅਜਿਹੇ ਬਿੱਲ ਪਾਸ ਕਰਵਾਉਣ ਵਿਚ ਕਾਮਯਾਬ ਰਹੀ, ਜੋ ਚਿਰਾਂ ਤੋਂ ਇਸ ਪਾਰਟੀ ਦਾ ਸਿਧਾਂਤਕ ਏਜੰਡਾ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਿਛਲੇ ਸਮੇਂ ਵਿਚ ਦੇਸ਼ ਦੇ ਅਜਿਹੇ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ, ਜਿਨ੍ਹਾਂ ਦੇ ਕੱਦ ਦਾ ਦੂਸਰੀਆਂ ਪਾਰਟੀਆਂ ਕੋਲ ਕੋਈ ਆਗੂ ਨਹੀਂ ਸੀ। ਪ੍ਰਧਾਨ ਮੰਤਰੀ ਵਲੋਂ ਸਮੇਂ-ਸਮੇਂ ਐਲਾਨੀਆਂ ਤੇ ਲਾਗੂ ਕੀਤੀਆਂ ਬਹੁਤ ਸਾਰੀਆਂ ਯੋਜਨਾਵਾਂ ਦੀ ਵੱਡੀ ਪੱਧਰ ‘ਤੇ ਪ੍ਰਸੰਸਾ ਵੀ ਹੋਈ ਅਤੇ ਕੁਝ ਕੁ ਦੀ ਵਿਰੋਧੀ ਦਲਾਂ ਵਲੋਂ ਸਖ਼ਤ ਆਲੋਚਨਾ ਵੀ ਕੀਤੀ ਜਾਂਦੀ ਰਹੀ। ਉਨ੍ਹਾਂ ਵਲੋਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਪ੍ਰਧਾਨ ਮੰਤਰੀ ਆਪਣੀ ਕਾਰਜਸ਼ੈਲੀ ਕਰਕੇ ਅਜਿਹੇ ਵਿਵਾਦਪੂਰਨ ਮਸਲਿਆਂ ਨੂੰ ਵੀ ਹੱਥ ਪਾ ਲੈਂਦੇ ਹਨ, ਜਿਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸੇ ਹੀ ਤਰ੍ਹਾਂ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਨੇ ਸਮੇਂ-ਸਮੇਂ ਅਨੇਕਾਂ ਹੀ ਵਿਵਾਦਾਂ ਨੂੰ ਵੀ ਜਨਮ ਦਿੱਤਾ। ਉਨ੍ਹਾਂ ‘ਤੇ ਫਿਰਕੂ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਅਤੇ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਵੀ ਲਗਦਾ ਰਿਹਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਮੋਦੀ ਮਜ਼ਬੂਤ ਸਥਿਤੀ ਵਿਚ ਰਹੇ ਹਨ। ਇਸ ਦੇ ਨਾਲ ਹੀ ਕੌਮਾਂਤਰੀ ਮੰਚ ‘ਤੇ ਵੀ ਉਹ ਬੇਹੱਦ ਉੱਭਰਵੇਂ ਚਰਚਿਤ ਵਿਅਕਤੀ ਬਣੇ ਰਹੇ। ਉਨ੍ਹਾਂ ਦੇ ਪ੍ਰਭਾਵ ਨੂੰ ਵੀ ਦੁਨੀਆ ਭਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਕਬੂਲਿਆ ਜਾਂਦਾ ਰਿਹਾ।
ਭਾਰਤੀ ਜਨਤਾ ਪਾਰਟੀ ਵੀ ਰਾਸ਼ਟਰੀ ਸੋਇੰਮ ਸੇਵਕ ਸੰਘ ਤੋਂ ਥਾਪੜਾ ਲੈ ਕੇ ਮਜ਼ਬੂਤ ਹੁੰਦੀ ਗਈ। ਉਹ ਬਹੁਗਿਣਤੀ ਧਾਰਮਿਕ ਫਿਰਕਿਆਂ ਨੂੰ ਭਾਵਨਾਤਾਮਿਕ ਤੌਰ ‘ਤੇ ਆਪਣੇ ਨਾਲ ਜੋੜੀ ਰੱਖਣ ਵਿਚ ਸਫਲ ਰਹੀ।
ਅਜਿਹੀ ਸਥਿਤੀ ਨੂੰ ਦੇਖਦਿਆਂ ਹੀ ਕਾਂਗਰਸ ਅਤੇ ਦੇਸ਼ ਦੀਆਂ ਹੋਰ ਵੱਡੀਆਂ-ਛੋਟੀਆਂ 28 ਪਾਰਟੀਆਂ ਨੇ ਗੱਠਜੋੜ ਕਰ ਕੇ ਚੋਣਾਂ ਵਿਚ ਭਾਜਪਾ ਦਾ ਮੁਕਾਬਲਾ ਕਰਨ ਦੀ ਤਿਆਰੀ ਕੱਸ ਲਈ। ਚਾਹੇ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਐਨਕਲੂਸਿਵ ਅਲਾਇੰਸ) ਨਾਂਅ ਦਾ ਇਹ ਗੱਠਜੋੜ ਹੁਣ ਤੱਕ ਬਹੁਤਾ ਮਜ਼ਬੂਤ ਹੋ ਕੇ ਨਹੀਂ ਉੱਭਰਿਆ ਪਰ ਇਸ ਦੇ ਭਾਜਪਾ ਵਿਰੁੱਧ ਇਕੱਠੇ ਹੋ ਕੇ ਚੋਣਾਂ ਲੜਨ ਦੇ ਯਤਨ ਜਾਰੀ ਹਨ। ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ਤੱਕ ਇਹ ਗੱਠਜੋੜ ਕਿਸ ਕਦਰ ਆਪਣਾ ਪ੍ਰਭਾਵ ਕਾਇਮ ਕਰ ਸਕਦਾ ਹੈ, ਇਹ ਤਾਂ ਹਾਲੇ ਵੇਖਣ ਵਾਲੀ ਗੱਲ ਹੋਵੇਗੀ, ਪਰ ਨਵੰਬਰ ਵਿਚ ਹੋਈਆਂ 5 ਰਾਜਾਂ ਦੀਆਂ ਚੋਣਾਂ ਵਿਚ ਇਸ ਨੇ ਆਪਣਾ ਕੋਈ ਪ੍ਰਭਾਵ ਹੀ ਨਹੀਂ ਬਣਾਇਆ, ਸਗੋਂ ਇਸ ਵਿਚ ਵਖਰੇਵੇਂ ਵਧੇਰੇ ਪੈਦਾ ਹੁੰਦੇ ਰਹੇ ਹਨ। ਗੱਠਜੋੜ ਦੀਆਂ ਬਹੁਤ ਸਾਰੀਆਂ ਛੋਟੀਆਂ ਪਾਰਟੀਆਂ ਨੇ ਵੀ ਇਨ੍ਹਾਂ ਚੋਣਾਂ ਵਿਚ ਆਪੋ-ਆਪਣੇ ਉਮੀਦਵਾਰ ਖੜ੍ਹੇ ਕਰਨ ਤੋਂ ਗੁਰੇਜ਼ ਨਹੀਂ ਕੀਤਾ।
ਚਾਹੇ 3 ਦਸੰਬਰ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਬਹੁਤ ਸਾਰੇ ਸਰਵੇਖਣ ਸਾਹਮਣੇ ਆਏ ਸਨ ਅਤੇ ਹਰ ਪੱਧਰ ‘ਤੇ ਇਨ੍ਹਾਂ ਨਤੀਜਿਆਂ ਬਾਰੇ ਵਿਸਥਾਰਿਤ ਚਰਚਾ ਵੀ ਹੁੰਦੀ ਰਹੀ ਸੀ ਪਰ ਸਾਹਮਣੇ ਆਏ ਇਨ੍ਹਾਂ ਨਤੀਜਿਆਂ ਨੇ ਇਕ ਵਾਰ ਫਿਰ ਜਿੱਥੇ ਭਾਜਪਾ ਦੇ ਵੱਡੇ ਉਭਾਰ ਨੂੰ ਦਰਸਾਇਆ ਹੈ, ਉਥੇ ਨਰਿੰਦਰ ਮੋਦੀ ਦੇ ਕੱਦ-ਬੁੱਤ ਨੂੰ ਹੋਰ ਵੀ ਵਧਾ ਦਿੱਤਾ ਹੈ। 3 ਦਸੰਬਰ ਨੂੰ ਚਾਰ ਰਾਜਾਂ ਦੇ ਨਤੀਜੇ ਸਾਹਮਣੇ ਆਏ, ਮਿਜ਼ੋਰਮ ਦੀਆਂ ਚੋਣਾਂ ਦੀ ਗਿਣਤੀ 4 ਦਸੰਬਰ ਨੂੰ ਹੋਈ ਹੈ। ਇਨ੍ਹਾਂ ਚਾਰਾਂ ਰਾਜਾਂ ਵਿਚੋਂ 3 ਰਾਜਾਂ ਵਿਚ ਜਿਥੇ ਭਾਜਪਾ ਦੀ ਜਿੱਤ ਨੇ ਪਾਰਟੀ ਅੰਦਰ ਇਕ ਵੱਡਾ ਉਤਸ਼ਾਹ ਤੇ ਖ਼ੁਸ਼ੀ ਪੈਦਾ ਕੀਤੀ ਹੈ, ਉਥੇ ਕਾਂਗਰਸ ਨੂੰ ਇਨ੍ਹਾਂ ਤੋਂ ਵੱਡੀ ਨਿਰਾਸ਼ਾ ਹੋਈ ਹੈ।
ਤੇਲੰਗਾਨਾ ਵਿਚ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ ਪਿਛਲੇ 10 ਸਾਲ ਤੋਂ ਪ੍ਰਸ਼ਾਸਨ ਚਲਾਉਂਦੀ ਰਹੀ ਹੈ। ਚੰਦਰਸ਼ੇਖਰ ਰਾਓ ਨੂੰ ਆਂਧਰਾ ਪ੍ਰਦੇਸ਼ ਤੋਂ ਵੱਖ ਕਰ ਕੇ ਨਵਾਂ ਰਾਜ ਤੇਲੰਗਾਨਾ ਬਣਾਉਣ ਦਾ ਸਿਹਰਾ ਦਿੱਤਾ ਜਾਂਦਾ ਰਿਹਾ ਹੈ। ਇਸ ਰਾਜ ਵਿਚ ਕਾਂਗਰਸ ਨੇ ਜਿੱਤ ਪ੍ਰਾਪਤ ਕਰ ਕੇ ਆਪਣੀ ਸਾਖ਼ ਬਣਾਉਣ ਦਾ ਯਤਨ ਜ਼ਰੂਰ ਕੀਤਾ ਹੈ, ਕਿਉਂਕਿ ਮਿਜ਼ੋਰਮ ਵਿਚ ਪ੍ਰਾਂਤਕ ਪਾਰਟੀਆਂ ਦਾ ਹੀ ਬੋਲਬਾਲਾ ਰਿਹਾ ਹੈ ਉਥੇ ਭਾਜਪਾ ਤੇ ਕਾਂਗਰਸ ਦਾ ਕੋਈ ਬਹੁਤਾ ਆਧਾਰ ਦਿਖਾਈ ਨਹੀਂ ਦਿੱਤਾ।
ਰਾਜਸਥਾਨ ਦਾ ਪਿਛਲੇ 25 ਸਾਲ ਤੋਂ ਚੋਣ ਇਤਿਹਾਸ ਇਹੀ ਰਿਹਾ ਹੈ ਕਿ ਭਾਜਪਾ ਤੇ ਕਾਂਗਰਸ ਦਾ ਇਥੇ ਵਾਰੋ-ਵਾਰੀ ਰਾਜ ਆਉਂਦਾ ਰਿਹਾ ਹੈ। ਇਸ ਹਿਸਾਬ ਨਾਲ ਚਾਹੇ ਇਸ ਦਫ਼ਾ ਵਾਰੀ ਭਾਜਪਾ ਦੀ ਹੀ ਸੀ ਪਰ ਅਸ਼ੋਕ ਗਹਿਲੋਤ ਨੇ ਚੋਣ ਬੜੀ ਹਿੰਮਤ ਤੇ ਮਿਹਨਤ ਨਾਲ ਲੜੀ ਪਰ ਪਾਰਟੀ ਦਾ ਅੰਦਰੂਨੀ ਕਲੇਸ਼ ਵੀ ਉਸ ਦੀ ਹਾਰ ਦਾ ਇਕ ਵੱਡਾ ਕਾਰਨ ਬਣਿਆ। ਮੱਧ ਪ੍ਰਦੇਸ਼ ਵਿਚ ਭਾਜਪਾ ਵਲੋਂ ਤੀਸਰੀ ਵਾਰ ਸਰਕਾਰ ਬਣਾਉਣ ਨੂੰ ਜਿਥੇ ਜ਼ਰੂਰ ਪਾਰਟੀ ਦੀ ਇਕ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ, ਉਥੇ ਛੱਤੀਸਗੜ੍ਹ ਜਿਥੇ ਪਿਛਲੇ 5 ਸਾਲ ਤੋਂ ਕਾਂਗਰਸ ਦੀ ਹਕੂਮਤ ਸੀ ‘ਤੇ ਭਾਜਪਾ ਵਲੋਂ ਜਿੱਤ ਪ੍ਰਾਪਤ ਕਰਨਾ ਵੀ ਇਕ ਵੱਡਾ ਅਤੇ ਸਫਲ ਕਦਮ ਕਿਹਾ ਜਾ ਸਕਦਾ ਹੈ। ਰਾਜਾਂ ਦੀਆਂ ਇਨ੍ਹਾਂ ਚੋਣਾਂ ਦਾ ਆਉਂਦੇ ਮਹੀਨਿਆਂ ਵਿਚ ਲੋਕ ਸਭਾ ਦੀਆਂ ਚੋਣਾਂ ‘ਤੇ ਪੈਣ ਵਾਲੇ ਅਸਰ ਦਾ ਇਸ ਸਮੇਂ ਸਹੀ ਅੰਦਾਜ਼ਾ ਲਗਾ ਸਕਣਾ ਤਾਂ ਮੁਸ਼ਕਿਲ ਹੈ ਪਰ ਇਨ੍ਹਾਂ ਨਤੀਜਿਆਂ ਤੋਂ ਜਿਥੇ ਭਾਜਪਾ ਵਿਚ ਇਕ ਵੱਡਾ ਵਿਸ਼ਵਾਸ ਵਧਿਆ ਹੈ ਅਤੇ ਮੋਦੀ ਦੀ ਲੀਡਰਸ਼ਿਪ ਹੋਰ ਮਜ਼ਬੂਤ ਹੋਈ ਹੈ ਉਥੇ ਨਿਰਾਸ਼ ਹੋਈ ਕਾਂਗਰਸ ਨੂੰ ਵੀ ਨਵੇਂ ਸਿਰੇ ਤੋਂ ਸਮੁੱਚੇ ਸਿਆਸੀ ਹਾਲਾਤ ਜਾ ਜਾਇਜ਼ਾ ਲੈ ਕੇ ਨਵੀਂ ਨੀਤੀ ਘੜਨ ਦੀ ਜ਼ਰੂਰਤ ਹੋਵੇਗੀ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …