20 ਜਨਵਰੀ 2025 ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਮੁੜ ਕੁਰਸੀ ਸੰਭਾਲ ਰਹੇ ਹਨ। ਕੁਰਸੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਹਿਣ ਦੀਆਂ ਗੈਰ-ਸੰਜੀਦਾ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕੈਨੇਡੀਅਨ ਵਪਾਰ ਉੱਤੇ 25% ਅਤੇ ਚੀਨੀ ਦਰਾਮਦਾਂ ਉੱਤੇ 100% ਟੈਰਿਫ ਲਗਾਉਣ, ਬ੍ਰਿਕਸ ਮੁਦਰਾ ਬਣਾਉਣ ਦੀ ਸੂਰਤ ਵਿੱਚ ਬ੍ਰਿਕਸ ਮੁਲਕਾਂ ਉੱਤੇ 100% ਟੈਰਿਫ ਤੇ ਆਰਥਿਕ ਰੋਕਾਂ ਲਾਉਣ ਦੀ ਧਮਕੀ ਦੇਣ, ਨਾਟੋ ਮੁਲਕਾਂ ਨੂੰ ਫੌਜੀ ਖਰਚ ਵਧਾਉਣ, ਪਨਾਮਾ ਨਹਿਰ ‘ਤੇ ਮੁੜ ਕਬਜ਼ਾ ਕਰਨ, ਗਰੀਨਲੈਂਡ ਟਾਪੂ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਅਤੇ ਗੈਰ-ਕਾਨੂੰਨੀ ਪਰਵਾਸੀਆਂ ਦੇ ਵੱਡੀ ਪੱਧਰ ‘ਤੇ ਦੇਸ਼-ਨਿਕਾਲੇ ਦੇ ਬਿਆਨਾਂ ਨਾਲ ਗਲੋਬਲ ਆਰਥਿਕਤਾ ਅਤੇ ਸਿਆਸਤ ਵਿੱਚ ਸਹਿਮ ਤੇ ਨਵੇਂ ਕਿਆਸ ਪੈਦਾ ਹੋ ਰਹੇ ਹਨ। ਟਰੰਪ ਦੇ ਇਨ੍ਹਾਂ ਬਿਆਨਾਂ ਪਿੱਛੇ ਅਮਰੀਕੀ ਸਾਮਰਾਜ ਦੀ ਨੀਤੀ ਅਤੇ ਇਸ ਦੇ ਵਿਸ਼ਵਵਿਆਪੀ ਪ੍ਰਭਾਵ ਬੁੱਝਣੇ ਜ਼ਰੂਰੀ ਹਨ। ਅਮਰੀਕਾ ਅੰਦਰ ਜੋਅ ਬਾਇਡਨ ਪ੍ਰਸ਼ਾਸਨ ਤੋਂ ਟਰੰਪ ਪ੍ਰਸ਼ਾਸਨ ਵੱਲ ਤਬਦੀਲੀ ਖਾਸ ਇਤਿਹਾਸਕ ਸਮੇਂ ਹੋ ਰਹੀ ਹੈ। ਇਹ ਉਹ ਅਹਿਮ ਦੌਰ ਹੈ ਜਦੋਂ ਸਾਮਰਾਜੀ ਅਮਰੀਕੀ ਮਹਾਂ ਸ਼ਕਤੀ ਸੰਸਾਰ ਮੰਚ ‘ਤੇ ਆਪਣੇ ਬਰਾਬਰ ਨਵੀਆਂ ਉੱਭਰ ਰਹੀਆਂ ਚੁਣੌਤੀਆਂ ਸੰਗ ਭਿੜਦੀ ਨਿਵਾਣ ਵੱਲ ਜਾ ਰਹੀ ਹੈ। ਅਮਰੀਕਾ ਸਿਰ ਵਿਦੇਸ਼ੀ ਕਰਜ਼ ਵਧ ਰਿਹਾ ਹੈ ਅਤੇ ਸਮਾਜ ਵਿੱਚ ਅਮੀਰੀ-ਗਰੀਬੀ ਦਾ ਪਾੜਾ ਡੂੰਘਾ ਹੋ ਰਿਹਾ ਹੈ। ਵਿਸ਼ਵ ਮੰਡੀ ਵਿੱਚ ਪੁਰਾਣੇ ਸ਼ਰੀਕ ਮੁੜ ਸਿਰ ਚੁੱਕ ਰਹੇ ਹਨ। ਆਰਥਿਕ ਮੰਦਹਾਲੀ ਨਾਲ ਜੂਝ ਰਹੇ ਅਮਰੀਕਾ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਆਰਥਿਕ ਤੇ ਫੌਜੀ ਤੌਰ ‘ਤੇ ਉਭਰ ਰਿਹਾ ਚੀਨੀ ਸਾਮਰਾਜ ਹੈ ਜਿਸ ਦਾ ਪ੍ਰਭਾਵ ਵਿਸ਼ਵ ਮੰਡੀ ਵਿੱਚ ਲਗਾਤਾਰ ਵਧ-ਫੁੱਲ ਰਿਹਾ ਹੈ। ਦੂਜੀ ਚੁਣੌਤੀ ਰੂਸੀ ਸਾਮਰਾਜ ਹੈ ਜੋ ਆਮ ਤੌਰ ‘ਤੇ ਵਿਸ਼ਵ ਹਥਿਆਰ ਮੰਡੀ, ਖਾਸ ਤੌਰ ‘ਤੇ ਜੰਗੀ ਪ੍ਰਭਾਵ ਵਾਲੇ ਮੱਧ-ਪੂਰਬੀ ਖਿੱਤੇ ਵਿੱਚ ਫੌਜੀ ਸਾਜ਼ੋ-ਸਮਾਨ ਦੀ ਮੰਡੀ ਵਾਸਤੇ ਅਮਰੀਕੀ ‘ਫੌਜੀ ਉਦਯੋਗਕ ਕੰਪਲੈਕਸ’ ਲਈ ਅਤੇ ਯੂਰੋਪੀਅਨ-ਏਸ਼ਿਆਈ ਖਿੱਤੇ ਦੀ ਊਰਜਾ ਮੰਡੀ ਲਈ ਚੁਣੌਤੀ ਬਣਿਆ ਹੋਇਆ ਹੈ।
‘ਅਮਰੀਕਾ ਫਸਟ’ ਅਤੇ ‘ਅਮਰੀਕਾ ਨੂੰ ਮੁੜ ਮਹਾਨ ਬਣਾਉਣ’ ਦੇ ਟਰੰਪ ਦੇ ਨਾਅਰਿਆਂ ਦਾ ਸੰਕੇਤ ਉਸ ਦੌਰ ਵੱਲ ਹੈ ਜਦੋਂ ਦੂਜੀ ਸੰਸਾਰ ਜੰਗ ਤੋਂ ਲੈ ਕੇ 1990 ਦੀਆਂ ਨਵ-ਉਦਾਰਵਾਦੀ ਨੀਤੀਆਂ ਤੱਕ ਅਮਰੀਕੀ ਆਰਥਿਕਤਾ ਦਾ ਸੁਨਹਿਰੀ ਕਾਲ ਰਿਹਾ। ਇਸ ਦੌਰ ਅੰਦਰ ਅਮਰੀਕੀ ਕਾਮਿਆਂ ਦੀ ਔਸਤ ਤਨਖਾਹ ਵਿੱਚ ਦੁੱਗਣਾ ਵਾਧਾ ਹੋਇਆ ਸੀ ਜਿਸ ਨਾਲ ਅਮਰੀਕੀ ਖੁਸ਼ਹਾਲ ਹੋਏ ਸਨ ਪਰ 1990ਵਿਆਂ ਤੋਂ ਬਾਅਦ ਖੁਸ਼ਹਾਲੀ ਦਾ ਇਹ ਦੌਰ ਗਿਰਾਵਟ ਵੱਲ ਜਾ ਰਿਹਾ ਹੈ। ਟਰੰਪ ਇਸ ਦਾ ਦੋਸ਼ ਭ੍ਰਿਸ਼ਟ ਸਿਆਸੀ ਪ੍ਰਬੰਧ ਸਿਰ ਮੜ੍ਹਦਿਆਂ ਲੋਕਾਂ ਦੇ ਨੀਵੇਂ ਹੋ ਰਹੇ ਜੀਵਨ ਪੱਧਰ, ਮਹਿੰਗਾਈ ਤੇ ਘਟ ਰਹੀਆਂ ਨੌਕਰੀਆਂ ਲਈ ਚੀਨ, ਮੈਕਸਿਕੋ, ਵੱਡੀਆਂ ਕਾਰਪੋਰੇਸ਼ਨਾਂ ਅਤੇ ਕੌਮਾਂਤਰੀ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਚੀਨ ਉੱਤੇ ਟੈਰਿਫ ਲਗਾਉਣ ਦੇ ਬਿਆਨ ਅਤੇ ਮੱਧ-ਪੂਰਬ ਵਿੱਚ ਉਸ ਨੂੰ ਘੇਰਨ ਦਾ ਅਰਥ ਹੈ- ਚੀਨੀ ਦਰਾਮਦਾਂ ‘ਤੇ ਟੈਕਸ ਨਾਲ ਵਿਸ਼ਵ ਵਪਾਰ ਦੇ ਤਾਣੇ-ਬਾਣੇ ਨੂੰ ਗੰਭੀਰ ਨੁਕਸਾਨ ਪਹੁੰਚਾ ਕੇ ਵਿਸ਼ਵ ਮੰਡੀ ਵਿੱਚ ਆਪਣੀ ਮੰਡੀ ਦਾ ਵਿਸਤਾਰ ਕਰਨਾ। ਇਸੇ ਤਰ੍ਹਾਂ ਮੈਕਸਿਕੋ ਦੇ ਪਰਵਾਸੀਆਂ ਅਤੇ ਕੈਨੇਡਾ ਉੱਤੇ ਟੈਰਿਫ ਨਾਲ ਉਹ ਉੱਤਰੀ ਅਮਰੀਕੀ (ਕੈਨੇਡਾ-ਅਮਰੀਕਾ-ਮੈਕਸਿਕੋ) ਵਪਾਰਕ ਸੰਧੀਆਂ ਵਿੱਚ ਤਿੱਖੀਆਂ ਤਬਦੀਲੀਆਂ ਦਾ ਚਾਹਵਾਨ ਹੈ। ਨੈਫਟਾ, ਐਪਕ, ਨਾਟੋ ਤੋਂ ਬਾਹਰ ਆਉਣ, ਪੈਰਿਸ ਵਾਤਾਵਰਨ ਸਮਝੌਤਾ ਅਤੇ ਸੰਯੁਕਤ ਰਾਸ਼ਟਰ ਬਾਰੇ ਟਿੱਪਣੀਆਂ ਕਰ ਕੇ ਉਹ ਨਵ-ਉਦਾਰਵਾਦੀ ਨੀਤੀਆਂ ਦੀ ਥਾਂ ਸੁਰੱਖਿਆਵਾਦੀ ਨੀਤੀਆਂ ਦੀ ਤਰਫਦਾਰੀ ਕਰ ਰਿਹਾ ਹੈ।
ਜਦੋਂ ਟਰੰਪ ‘ਅਮਰੀਕਾ ਫਸਟ’ ਆਖਦਾ ਹੈ ਤਾਂ ਸੰਭਾਵੀ ਤੌਰ ‘ਤੇ ਇਸ ਦਾ ਅਰਥ ਹੈ ਕਿ ਉਹ ਅਮਰੀਕੀ ਹਿੱਤਾਂ ਨੂੰ ਤਰਜੀਹ ਦੇ ਕੇ ਚੱਲੇਗਾ ਅਤੇ ਵਪਾਰ, ਤਕਨਾਲੋਜੀ ਤੇ ਸਪਲਾਈ ਚੇਨਾਂ ਵਿੱਚ ਅਮਰੀਕਾ ਦੀ ਸਰਦਾਰੀ ਨਾਲ ਆਰਥਿਕ ਅਤੇ ਭੂ-ਸਿਆਸੀ ਤਣਾਅ ਵਧਾ ਸਕਦਾ ਹੈ। ਚੀਨ ਨਾਲ ਵਪਾਰਕ ਜੰਗ ਦੌਰਾਨ ਤਾਇਵਾਨ ਝਗੜੇ ਦਾ ਹੋਰ ਵੱਡਾ ਕੇਂਦਰ ਬਣ ਸਕਦਾ ਹੈ ਅਤੇ ਉਹ ਇਰਾਨ ਖਿਲਾਫ ਵਧੇਰੇ ਟਕਰਾਅ ਵਾਲਾ ਰੁਖ਼ ਅਪਣਾ ਸਕਦਾ ਹੈ। ਇਸ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਤਾਇਵਾਨ, ਮੱਧ-ਪੂਰਬ, ਜਾਂ ਪੂਰਬੀ ਯੂਰੋਪ ਵਰਗੇ ਖਿੱਤਿਆਂ ਵਿੱਚ ਤਣਾਅ ਹੋਰ ਵਧ ਸਕਦਾ ਹੈ। ਨੇੜ ਭਵਿੱਖ ਵਿੱਚ ਵਿਸ਼ਵ ਭੂ-ਸਿਆਸਤ ਵਿੱਚ ਹਿੰਦ ਪ੍ਰਸ਼ਾਂਤ ਮਹਾਂਸਾਗਰ ਦਾ ਖਿੱਤਾ ਵਿਸ਼ਵ ਇਤਿਹਾਸ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਏਗਾ।
ਐਲਨ ਮਸਕ ਵਰਗੇ ਵੱਡੇ ਅਰਬਪਤੀ ਕਾਰੋਬਾਰੀਆਂ ਨੂੰ ਸੱਤਾ ਵਿੱਚ ਲਿਆਉਣਾ ਤੇ ਉਸ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ’ (ਡੀਓਜੀਈ) ਦੇ ਅਹੁਦੇ ‘ਤੇ ਨਿਯੁਕਤ ਕਰਨਾ ਵਿੱਤੀ ਸਰਮਾਏ ਦੀ ਚੌਧਰ ਨੂੰ ਹੋਰ ਮਜ਼ਬੂਤ ਕਰਨ ਵੱਲ ਕਦਮ ਹਨ। ਟਰੰਪ ਦੀਆਂ ਚੋਣਾਂ ਵਿੱਚ ਜਿਨ੍ਹਾਂ ਕਾਰਪੋਰੇਸ਼ਨਾਂ ਨੇ ਪੈਸਾ ਲਾਇਆ ਸੀ, ਵਿਆਜ ਸਮੇਤ ਉਗਰਾਹੀ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ; ਮਸਲਣ, ਐਲਨ ਮਸਕ ਦੀ ਕੰਪਨੀ ਸਪੇਸਐਕਸ ਅਤੇ ਟੈਸਲਾ ਦੇ ਸ਼ੇਅਰ ਟਰੰਪ ਦੀ ਜਿੱਤ ਤੋਂ ਤੁਰੰਤ ਬਾਅਦ ਅਸਮਾਨੀ ਚੜ੍ਹ ਰਹੇ ਹਨ। ਫੈਡਰਲ ਵਿਆਜ ਦਰਾਂ ਅਤੇ ਟੈਕਸਾਂ ਵਿੱਚ ਵਾਧੇ ਕਾਰਨ ਵੱਖ-ਵੱਖ ਮੁਲਕਾਂ ਦੀਆਂ ਮੁਦਰਾਵਾਂ ਅਮਰੀਕੀ ਡਾਲਰ ਦੇ ਮੁਕਾਬਲੇ ਲੁੜਕ ਰਹੀਆਂ ਹਨ। ਐਲਨ ਮਸਕ ਦੇ ਇਸ਼ਾਰਿਆਂ ‘ਤੇ ਕ੍ਰਿਪਟੋਕਰੰਸੀ ਨੂੰ ਹੱਲਾਸ਼ੇਰੀ ਦੇਣ ਦੇ ਯਤਨ ਤੇਜ਼ ਕੀਤੇ ਜਾ ਰਹੇ ਹਨ। ਫੌਜੀ ਉਦਯੋਗਕ ਕੰਪਲੈਕਸ ਦੀ ਮਜ਼ਬੂਤੀ ਲਈ ਹਥਿਆਰਾਂ ਦੀ ਪੈਦਾਵਾਰ ਵਧਾਉਣ ਅਤੇ ਫੌਜੀ ਖਰਚ ਵਧਾਉਣੇ ਸੰਸਾਰ ਦੀ ਮੁੜ ਵੰਡ ਦੇ ਸੰਘਰਸ਼ ਦਾ ਹਿੱਸਾ ਹੈ। ਇਉਂ ਕਾਰਪੋਰੇਟ ਪੂੰਜੀ ਨਾਲ ਮਿਲ ਕੇ ਸਾਮਰਾਜੀ ਫੌਜੀ ਰਾਜ ਦਾ ਦਬਦਬਾ ਬਣਾਇਆ ਜਾ ਰਿਹਾ ਹੈ। ਕੁੱਲ ਮਿਲਾ ਕੇ ਡੋਨਲਡ ਟਰੰਪ ਅਮੀਰ ਜਮਾਤ ਦਾ ਵਫ਼ਾਦਾਰ ਨੁਮਾਇੰਦਾ ਹੈ ਜੋ ਖ਼ੁਦ ਨੂੰ ਮਜ਼ਦੂਰ ਜਮਾਤ ਦੇ ਹਿੱਤਾਂ ਦੇ ਚੈਂਪੀਅਨ ਵਜੋਂ ਪੇਸ਼ ਕਰਨ ਵਿੱਚ ਸਫਲ ਰਿਹਾ ਹੈ।
ਟਰੰਪ ਦੇ ਬਿਆਨ, ਨੀਤੀਆਂ ਅਤੇ ਘੁਰਕੀਆਂ ਸੰਸਾਰ ਨੂੰ ਮਾੜੇ ਰੁਖ਼ ਪ੍ਰਭਾਵਿਤ ਕਰਨ ਵਾਲੇ ਹਨ। ਇਸ ਨਾਲ ਕੁਝ ਖੇਤਰਾਂ ਵਿੱਚ ਅਮਰੀਕੀ ਆਰਥਿਕਤਾ ਨੂੰ ਵਕਤੀ ਰਾਹਤ ਤਾਂ ਮਿਲ ਸਕਦੀ ਹੈ ਪਰ ਅੰਤਿਮ ਤੌਰ ‘ਤੇ ਇਸ ਦੀ ਕੀਮਤ ਸੰਸਾਰ ਭਰ ਦੇ ਲੋਕਾਂ ਨੂੰ ਚੁਕਾਉਣੀ ਪਵੇਗੀ। ਆਉਣ ਵਾਲਾ ਸਮਾਂ ਸਿਆਸੀ ਅਤੇ ਆਰਥਿਕ ਸੰਕਟਾਂ, ਸਰਹੱਦੀ ਵਿਵਾਦਾਂ, ਝਗੜਿਆਂ, ਕੱਟੜਪੰਥੀ ਕੌਮੀ ਜਨੂੰਨ ਅਤੇ ਇਸ ਖ਼ਿਲਾਫ਼ ਸੰਘਰਸ਼ਾਂ ਤੇ ਚੇਤਨਾ ਦਾ ਸਮਾਂ ਹੈ।
Check Also
ਜ਼ਹਿਰੀਲਾ ਹੋ ਰਿਹਾ ਪੰਜਾਬ ਦਾ ਪਾਣੀ
ਪਾਣੀ ਜੀਵਨ ਹੈ। ਸਵੱਛ ਪਾਣੀ ਜੀਵਨ ਦੀ ਧੜਕਣ ਹੈ। ਪਹਿਲੇ ਸਮਿਆਂ ਬਾਰੇ ਇਹ ਪ੍ਰਭਾਵ ਬਣਿਆ …