Breaking News
Home / ਸੰਪਾਦਕੀ / ਭਾਰਤ ਦੀ ਰਾਜਨੀਤੀ ਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’

ਭਾਰਤ ਦੀ ਰਾਜਨੀਤੀ ਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’

ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਖ਼ੂਬ ਚਰਚਾ ਹੋ ਰਹੀ ਹੈ। ਇਹ ਯਾਤਰਾ ਰਾਹੁਲ ਨੇ ਪਿਛਲੇ 7 ਸਤੰਬਰ ਨੂੰ ਕੰਨਿਆ ਕੁਮਾਰੀ (ਤਾਮਿਲਨਾਡੂ) ਤੋਂ ਸ਼ੁਰੂ ਕੀਤੀ ਸੀ, ਜੋ ਹੁਣ ਪੰਜਾਬ ਵਿਚ ਪਹੁੰਚ ਚੁੱਕੀ ਹੈ। ਇਸ ਦੇ ਹੁਣ ਤਕ ਦੇ ਅਮਲ ਤੋਂ ਇਹ ਪ੍ਰਭਾਵ ਜ਼ਰੂਰ ਮਿਲਦਾ ਹੈ ਕਿ ਇਸ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਵਲੋਂ ਬੜੀ ਵੱਡੀ ਅਤੇ ਵਿਸਥਾਰਤ ਯੋਜਨਾਬੰਦੀ ਕੀਤੀ ਗਈ ਸੀ, ਜਿਨ੍ਹਾਂ ਪੜਾਵਾਂ ‘ਚੋਂ ਇਸ ਨੇ ਗੁਜ਼ਰਨਾ ਸੀ, ਉਥੋਂ ਦੀਆਂ ਕਾਂਗਰਸੀ ਇਕਾਈਆਂ ਨੂੰ ਵੀ ਇਸ ਸੰਬੰਧੀ ਪੂਰੀਆਂ ਤਿਆਰੀਆਂ ਕਰਨ ਲਈ ਕਿਹਾ ਗਿਆ ਸੀ। ਇਹ ਵੀ ਯਤਨ ਕੀਤਾ ਗਿਆ ਸੀ ਕਿ ਇਸ ਸਮੇਂ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਇਸ ਯਾਤਰਾ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਰਹੇ। ਇਸ ਸਮੇਂ ਵਿਚ ਰਾਹੁਲ ਨੇ ਬਹੁਤ ਸਾਰੀਆਂ ਰੈਲੀਆਂ ਅਤੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਅਤੇ ਅਨੇਕਾਂ ਵਾਰ ਮੀਡੀਆ ਨੂੰ ਆਪਣੇ ਬਿਆਨ ਵੀ ਦਿੱਤੇ।
ਇਨ੍ਹਾਂ ਵਿਚ ਮੁੱਖ ਤੌਰ ‘ਤੇ ਉਸ ਨੇ ਇਸ ਗੱਲ ‘ਤੇ ਧਿਆਨ ਕੇਂਦਰਿਤ ਕਰੀ ਰੱਖਿਆ ਕਿ ਕਾਂਗਰਸ ਦੇਸ਼ ਭਰ ਵਿਚ ਸਾਰੇ ਧਰਮਾਂ, ਜਾਤਾਂ, ਬਿਰਾਦਰੀਆਂ, ਅਤੇ ਵੱਖ-ਵੱਖ ਵਿਸ਼ਵਾਸਾਂ ਵਾਲੇ ਲੋਕਾਂ ਨੂੰ ਪਿਆਰ ਅਤੇ ਮਿਲਵਰਤਣ ਨਾਲ ਜੋੜ ਕੇ ਦੇਸ਼ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਹੀ ਹੈ। ਇਸ ਦੇ ਨਾਲ-ਨਾਲ ਰਾਹੁਲ ਨੇ ਲਗਾਤਾਰ ਦੇਸ਼ ਵਿਚ ਗੁਰਬਤ, ਬੇਰੁਜ਼ਗਾਰੀ, ਕਿਸਾਨੀ ਮਸਲਿਆਂ, ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਕੁਝ ਕਾਰਪੋਰੇਟਰਾਂ ਨੂੰ ਦੇਸ਼ ਦੇ ਸਾਰੇ ਸਾਧਨ ਦੇਣ ਦਾ ਜ਼ਿਕਰ ਵੀ ਵਾਰ-ਵਾਰ ਕੀਤਾ ਹੈ ਅਤੇ ਆਪਣੀ ਇਸ ਯਾਤਰਾ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਾਲੀ ਦੱਸਿਆ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣੇ ਖੇਤੀ ਕਾਨੂੰਨਾਂ ਨੂੰ ਤਾਂ ਨਕਾਰਿਆ ਹੈ ਪਰ ਫ਼ਸਲਾਂ ਦੇ ਭਾਅ ਮਿਥਣ ਲਈ ਕਾਂਗਰਸ ਸਰਕਾਰ ਸਮੇਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਬਾਰੇ ਟਾਲਾ ਵੱਟਿਆ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਕਾਂਗਰਸ ਕਿਸਾਨ ਅਤੇ ਛੋਟੇ ਵਪਾਰੀ ਨੂੰ ਬਚਾਉਣਾ ਚਾਹੁੰਦੀ ਹੈ। ਦੱਖਣ ਤੋਂ ਸਤੰਬਰ ਵਿਚ ਸ਼ੁਰੂ ਕੀਤੀ ਗਈ ਉਸ ਦੀ ਇਹ ਯਾਤਰਾ ਤਾਮਿਲਨਾਡੂ, ਕੇਰਲ, ਕਰਨਾਟਕਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਆਦਿ ਵੱਖ-ਵੱਖ ਸੂਬਿਆਂ ਤੋਂ ਹੁੰਦੀ ਹੋਈ 108 ਦਿਨਾਂ ਵਿਚ ਦਿੱਲੀ ਪਹੁੰਚੀ ਸੀ। ਇਸ ਸਮੇਂ ਵਿਚ ਉਸ ਨੇ ਵੱਖ-ਵੱਖ ਪੜਾਵਾਂ ਵਿਚ ਪੈਦਲ ਤੁਰ ਕੇ 2800 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ।
ਪੰਜਾਬ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਉਸਦਾ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣਾ ਸ਼ੁਭ ਅਤੇ ਚੰਗਾ ਕਰਮ ਮੰਨਿਆ ਜਾਏਗਾ ਪਰ ਕੀ ਇਹ ਯਾਤਰਾ ਕਾਂਗਰਸ ਪਾਰਟੀ ਦੀ ਚਾਦਰ ‘ਤੇ ਇੰਦਰਾ ਗਾਂਧੀ ਦੇ ਵੇਲੇ ਦਰਬਾਰ ਸਾਹਿਬ ‘ਤੇ ਕੀਤੇ ਗਏ ਫ਼ੌਜੀ ਹਮਲੇ ਅਤੇ ਦੇਸ਼ ਭਰ ਵਿਚ ਨਵੰਬਰ 1984 ਵਿਚ ਕਰਵਾਏ ਗਏ ਸਿੱਖ ਕਤਲੇਆਮ ਦੇ ਦਾਗ਼ਾਂ ਨੂੰ ਭੁਲਾ ਸਕੇਗੀ? ’84 ਤੋਂ ਬਾਅਦ ਲੰਮਾ ਸਮਾਂ ਜ਼ਰੂਰ ਬੀਤ ਗਿਆ ਹੈ ਪਰ ਇੰਦਰਾ ਗਾਂਧੀ ਵਲੋਂ ਕੀਤੇ ਕਾਰੇ ਅਤੇ ਉਸ ਤੋਂ ਬਾਅਦ ਯੋਜਨਾਬੱਧ ਢੰਗ ਨਾਲ ਕਰਵਾਏ ਗਏ ਸਿੱਖ ਕਤਲੇਆਮ ਦੇ ਆਪਣੀ ਚਾਦਰ ‘ਤੇ ਲੱਗੇ ਦਾਗ਼ਾਂ ਨੂੰ ਕਾਂਗਰਸ ਆਉਂਦੇ ਲੰਮੇ ਸਮੇਂ ਤੱਕ ਨਹੀਂ ਧੋ ਸਕੇਗੀ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਕੇਂਦਰ ਵਿਚ 54 ਸਾਲ ਤੋਂ ਵੀ ਵਧੇਰੇ ਸਮਾਂ ਰਾਜ ਕੀਤਾ ਹੈ। ਇਸਦੇ 6 ਪ੍ਰਧਾਨ ਮੰਤਰੀ ਬਣੇ ਇਹ ਸਿਲਸਿਲਾ 1947 ਤੋਂ 1964 ਤੱਕ ਪੰਡਤ ਜਵਾਹਰ ਲਾਲ ਨਹਿਰੂ ਤੋਂ ਸ਼ੁਰੂ ਹੋ ਕੇ 2004 ਤੋਂ 2014 ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੱਕ ਚਲਿਆ। ਜੇਕਰ ਜ਼ਿੰਮੇਵਾਰੀਆਂ ਨਾ ਹੋਣ ਤਾਂ ਬਿਆਨ ਦੇਣੇ ਅਤੇ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨ। ਕੀ ਰਾਹੁਲ ਗਾਂਧੀ ਤੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਅੱਜ ਜੇ ਉਹ ਪੂੰਜੀਪਤੀਆਂ ਅਤੇ ਸਰਮਾਏਦਾਰਾਂ ਪੱਖੀ ਨੀਤੀਆਂ ਦੀ ਗੱਲ ਕਰਦੇ ਹਨ ਤਾਂ ਕੀ ਇਹ ਸਿਲਸਿਲਾ ਆਜ਼ਾਦੀ ਤੋਂ ਵੀ ਪਹਿਲਾਂ ਮਹਾਤਮਾ ਗਾਂਧੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਕੇ ਹੁਣ ਤੱਕ ਨਿਰੰਤਰ ਨਹੀਂ ਚਲਦਾ ਰਿਹਾ? ਚਾਹੇ ਇੰਦਰਾ ਗਾਂਧੀ ਨੇ ਗ਼ਰੀਬੀ ਹਟਾਓ ਦਾ ਨਾਅਰਾ ਦੇ ਕੇ ਵੋਟਾਂ ਬਟੋਰਨ ਦਾ ਸਫ਼ਲ ਯਤਨ ਕੀਤਾ ਪਰ 5 ਦਹਾਕਿਆਂ ਤੋਂ ਵਧੇਰੇ ਕੇਂਦਰ ਵਿਚ ਰਾਜ ਕਰਦੀ ਰਹੀ ਇਸ ਪਾਰਟੀ ਦੇ ਸਮੇਂ ਵਿਚ ਕੀ ਗ਼ਰੀਬੀ ਹਟਾ ਦਿੱਤੀ ਗਈ ਸੀ? ਲੰਮੇ ਸਮੇਂ ਤੱਕ ਰਾਜ ਕਰਦੀ ਰਹੀ ਕਾਂਗਰਸ ਬੇਰੁਜ਼ਗਾਰੀ ਅਤੇ ਮਹਿੰਗਾਈ ਦੂਰ ਕਰਨ ਵਿਚ ਕਿੰਨੀ ਕੁ ਕਾਮਯਾਬ ਹੋ ਸਕੀ ਸੀ? ਅੱਜ ਰਾਹੁਲ ਕਿਸਾਨਾਂ ਦੀ ਗੱਲ ਕਰਦਾ ਹੈ, ਦਹਾਕਿਆਂ ਬੱਧੀ ਕਾਂਗਰਸੀਆਂ ਦੇ ਪ੍ਰਸ਼ਾਸਨ ਸਮੇਂ ਕਿਸਾਨਾਂ ਦੀ ਹਾਲਤ ਕਿੰਨੀ ਕੁ ਸੁਧਰੀ ਸੀ? ਕੇਂਦਰ ਵਿਚ ਕਾਂਗਰਸੀ ਸਰਕਾਰਾਂ ਦੇ ਕਾਰਜਕਾਲ ਵਿਚ ਵੀ ਉਚ ਪੱਧਰ ‘ਤੇ ਭ੍ਰਿਸ਼ਟਾਚਾਰ ਹੁੰਦਾ ਰਿਹਾ ਹੈ, ਜਿਸ ਦੇ ਲਗਾਤਾਰ ਸਕੈਂਡਲ ਸਾਹਮਣੇ ਆਉਂਦੇ ਰਹੇ ਹਨ।
ਪਰ ਇਸ ਦੇ ਬਾਵਜੂਦ ਰਾਹੁਲ ਦੀ ਇਸ ਭਾਵਨਾ ਦੀ ਕਦਰ ਕਰਨੀ ਬਣਦੀ ਹੈ ਕਿ ਅੱਜ ਦੇਸ਼ਵਾਸੀਆਂ ਨੂੰ ਜਾਤਾਂ, ਬਿਰਾਦਰੀਆਂ ਅਤੇ ਧਰਮਾਂ ਤੋਂ ਉੱਪਰ ਉਠ ਕੇ ਮਿਲਵਰਤਣ ਅਤੇ ਭਾਈਚਾਰਕ ਸਾਂਝ ਨਾਲ ਅੱਗੇ ਵਧਣਾ ਚਾਹੀਦਾ ਹੈ। ਦੇਸ਼ ਦਾ ਵਿਕਾਸ ਵੀ ਅਜਿਹੀ ਭਾਵਨਾ ਦੇ ਉਜਾਗਰ ਹੋਣ ਨਾਲ ਹੀ ਹੋ ਸਕੇਗਾ। ਜਿਹੜੀ ਵੀ ਸਿਆਸੀ ਪਾਰਟੀ ਧਰਮਾਂ, ਜਾਤਾਂ ਅਤੇ ਬਿਰਾਦਰੀਆਂ ਦੇ ਨਾਂਅ ‘ਤੇ ਸਮਾਜ ਵਿਚ ਵੰਡੀਆਂ ਪਾਉਣ ਦੀ ਭਾਗੀ ਬਣਦੀ ਰਹੀ ਹੈ, ਅਸੀਂ ਹਮੇਸ਼ਾ ਉਸ ਦੇ ਸਖ਼ਤ ਆਲੋਚਕ ਰਹੇ ਹਾਂ। ਕਦੇ ਵੀ ਕੋਈ ਵੀ ਸੌੜੀ ਸੋਚ ਪਿਆਰ ਅਤੇ ਸਦਭਾਵਨਾ ਤੋਂ ਉੱਪਰ ਨਹੀਂ ਹੋ ਸਕਦੀ। ਅੱਜ ਦੇਸ਼ ਮਹਾਤਮਾ ਬੁੱਧ, ਅਸ਼ੋਕ ਅਤੇ ਅਕਬਰ ਦੀ ਸੋਚ ਨਾਲ ਹੀ ਅੱਗੇ ਵਧ ਸਕਦਾ ਹੈ। ਇਥੇ ਕਿਸੇ ਤਰ੍ਹਾਂ ਦੀ ਔਰੰਗਜ਼ੇਬੀ ਸੋਚ ਨੂੰ ਥਾਂ ਨਹੀਂ ਮਿਲਣੀ ਚਾਹੀਦੀ।
ਅਸੀਂ ਉਮੀਦ ਕਰਦੇ ਹਾਂ ਕਿ ਰਾਹੁਲ ਦੀ ਇਹ ‘ਭਾਰਤ ਜੋੜੋ ਯਾਤਰਾ’ ਕਾਂਗਰਸ ਵਿਚ ਇਕ ਨਵਾਂ ਅਤੇ ਨਰੋਆ ਉਤਸ਼ਾਹ ਭਰਨ ਵਿਚ ਆਪਣਾ ਯੋਗਦਾਨ ਪਾ ਸਕੇਗੀ ਅਤੇ ਆਉਂਦੇ ਸਮੇਂ ਵਿਚ ਦੇਸ਼ ਦੀ ਇਹ ਸਭ ਤੋਂ ਪੁਰਾਣੀ ਕੌਮੀ ਪਾਰਟੀ ਨਵੇਂ ਉਤਸ਼ਾਹ ਨਾਲ ਆਪਣੀ ਸਰਗਰਮੀ ਦਿਖਾਉਣ ਦੇ ਵੀ ਸਮਰੱਥ ਹੋ ਸਕੇਗੀ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …