ਪਿਛਲੇ ਦਹਾਕਿਆਂ ਵਿਚ ਅਨੇਕਾਂ ਅਕਾਲੀ ਦਲ ਬਣੇ ਪਰ ਇਨ੍ਹਾਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਬ) ਹੀ ਅਜਿਹਾ ਅਕਾਲੀ ਦਲ ਸੀ, ਜਿਸ ਨੂੰ ਲੋਕਾਂ ਦਾ ਵਧੇਰੇ ਸਮਰਥਨ ਮਿਲਿਆ ਅਤੇ ਉਹ ਲੰਮੇ ਸਮੇਂ ਤੱਕ ਪੰਜਾਬ ਦੀ ਸਿਆਸਤ ਵਿਚ ਭਾਰੂ ਰਿਹਾ। ਇਸ ਹੈਸੀਅਤ ਨਾਲ ਇਹ ਆਪਣੇ-ਆਪ ਨੂੰ ਲਗਭਗ 105 ਸਾਲ ਪਹਿਲਾਂ ਬਣੇ ਅਕਾਲੀ ਦਲ ਦਾ ਪ੍ਰਤੀਨਿਧ ਅਖਵਾਉਂਦਾ ਰਿਹਾ ਹੈ। ਇਸ ਨੇ ਬੜਾ ਲੰਮਾ ਸਫ਼ਰ ਤੈਅ ਕੀਤਾ ਹੈ। ਸਮੇਂ-ਸਮੇਂ ਇਸ ਦੀ ਲੀਡਰਸਪਿ ਵਿਚ ਆਪਸੀ ਵਿਵਾਦ ਵੀ ਬਣੇ ਰਹੇ। ਆਪਸੀ ਨਾਰਾਜ਼ਗੀਆਂ ਵੀ ਹੋਈਆਂ ਅਤੇ ਪਾਰਟੀ ਵਿਚ ਕਈ ਧੜੇ ਵੀ ਬਣਦੇ ਰਹੇ, ਪਰ ਹਰ ਸਮੇਂ ਅਤੇ ਔਖੀਆਂ ਘੜੀਆਂ ਵਿਚ ਇਸ ਤੋਂ ਪੰਥ ਤੇ ਪੰਜਾਬ ਦੇ ਹਿਤਾਂ ਦੀ ਰਾਖੀ ਦੀ ਆਸ ਕੀਤੀ ਜਾਂਦੀ ਰਹੀ ਹੈ। ਚਾਹੇ ਸਿਆਸੀ ਤੌਰ ‘ਤੇ ਇਸ ਨੇ ਆਪਣਾ ਘੇਰਾ ਹੋਰ ਵਧਾ ਕੇ ਪਾਰਟੀ ਨੂੰ ਪੰਥਕ ਹਿਤਾਂ ਦੇ ਨਾਲ-ਨਾਲ ਸਾਂਝੀ ਪੰਜਾਬੀਅਤ ਦੀ ਪ੍ਰਤੀਨਿਧਤਾ ਕਰਨ ਵਾਲੀ ਜਥੇਬੰਦੀ ਹੋਣ ਦਾ ਵੀ ਐਲਾਨ ਕਰ ਦਿੱਤਾ ਸੀ। ਇਤਿਹਾਸਕ ਸ਼੍ਰੋਮਣੀ ਕਮੇਟੀ ਨਾਲ ਇਕ ਤਰ੍ਹਾਂ ਨਾਲ ਇਸ ਦਾ ਸੰਬੰਧ ਅਨਿੱਖੜਵਾਂ ਬਣਿਆ ਰਿਹਾ। ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਅਕਾਲੀ ਦਲ ਦੀ ਵਫ਼ਾਦਾਰੀ ਦਾ ਦਮ ਭਰਦੇ ਰਹੇ ਹਨ, ਉਹ ਇਸ ਦੇ ਪ੍ਰਤੀਨਿਧਾਂ ਵਜੋਂ ਹੀ ਚੁਣੇ ਜਾਂਦੇ ਰਹੇ ਹਨ। ਕਈ ਵਾਰ ਇਸ ਨੂੰ ਪੰਜਾਬ ‘ਤੇ ਪ੍ਰਸ਼ਾਸਨ ਕਰਨ ਦਾ ਮੌਕਾ ਮਿਲਿਆ।
ਪਿਛਲਾ ਲੰਮਾ ਸਮਾਂ ਇਸ ਨੇ ਕੌਮੀ ਅਤੇ ਸੂਬੇ ਦੀ ਸਿਆਸਤ ਵਿਚ ਭਾਜਪਾ ਨਾਲ ਸਾਂਝੇਦਾਰੀ ਵੀ ਬਣਾਈ ਰੱਖੀ। ਸ. ਪ੍ਰਕਾਸ਼ ਸਿੰਘ ਬਾਦਲ ਵੱਡੇ ਆਗੂ ਦੇ ਤੌਰ ‘ਤੇ ਉੱਭਰੇ। ਬਹੁਗਿਣਤੀ ਪੰਜਾਬੀਆਂ ਨੇ ਉਨ੍ਹਾਂ ਵਿਚ ਆਪਣਾ ਵਿਸ਼ਵਾਸ ਪ੍ਰਗਟਾਇਆ ਅਤੇ ਉਹ 5 ਵਾਰ ਮੁੱਖ ਮੰਤਰੀ ਵੀ ਬਣੇ। ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਪੰਜਾਬ ਦੇ ਵਿਕਾਸ ਲਈ ਅਨੇਕਾਂ ਕੰਮਾਂ ਨੂੰ ਨੇਪਰੇ ਚਾੜ੍ਹਿਆ। ਧਾਰਮਿਕ ਖੇਤਰ ਵਿਚ ਉਨ੍ਹਾਂ ਵਲੋਂ ਕਰਵਾਏ ਗਏ ਕਾਰਜਾਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਇਸ ਖੇਤਰ ਵਿਚ ਦੇਣ ਕਰਕੇ ਹੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਰਤਨ’ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਲੰਮੇ ਸਮੇਂ ਤੱਕ ਪ੍ਰਸ਼ਾਸਨ ਚਲਾਉਣ ਕਾਰਨ ਅਨੇਕਾਂ ਗ਼ਲਤੀਆਂ ਵੀ ਹੋ ਜਾਂਦੀਆਂ ਹਨ ਅਤੇ ਨਮੋਸ਼ੀ ਵੀ ਝੱਲਣੀ ਪੈਂਦੀ ਹੈ, ਪਰ ਸ. ਬਾਦਲ ਦੀ ਨਿਮਰਤਾ, ਸਮਰਪਣ ਅਤੇ ਆਪਣੇ ਲੋਕਾਂ ਨਾਲ ਜੁੜੇ ਰਹਿਣ ਦੀ ਇੱਛਾ ਨੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਿਆਸਤ ਤੇ ਧਾਰਮਿਕ ਖੇਤਰਾਂ ਵਿਚ ਪ੍ਰਸੰਗਿਕ ਬਣਾਈ ਰੱਖਿਆ। ਇਸ ਸਾਰੇ ਸਮੇਂ ਵਿਚ ਉਨ੍ਹਾਂ ਦੇ ਅਨੇਕਾਂ ਸਾਥੀ ਵੀ ਉਨ੍ਹਾਂ ਨਾਲ ਹਰ ਪੱਖੋਂ ਜੁੜੇ ਰਹੇ।
ਉਹ ਸਮੇਂ-ਸਮੇਂ ਪੈਦਾ ਹੋਣ ਵਾਲੇ ਵਿਵਾਦਾਂ ਨੂੰ ਸਮੇਟਣ ਦੇ ਸਮਰੱਥ ਸਨ, ਪਰ ਆਪਣੇ ਆਖ਼ਰੀ ਸਮੇਂ ਵਿਚ ਆਪਣੇ ਪੂਰੇ ਯਤਨਾਂ ਦੇ ਬਾਵਜੂਦ ਵੀ ਉਹ ਇਕ ਤਰ੍ਹਾਂ ਨਾਲ ਪ੍ਰਭਾਵਹੀਣ ਨਜ਼ਰ ਆਉਣ ਲੱਗ ਪਏ ਸਨ। ਬਿਨਾਂ ਸ਼ੱਕ ਆਪਣੀ ਸਿਆਸੀ ਵਿਰਾਸਤ ਦਾ ਉਹ ਸੁਖਬੀਰ ਸਿੰਘ ਬਾਦਲ ਨੂੰ ਜਾਨਸ਼ੀਨ ਬਣਾਉਣ ਦੇ ਚਾਹਵਾਨ ਰਹੇ। ਅਜਿਹੇ ਯਤਨ ਉਹ ਕਰਦੇ ਵੀ ਰਹੇ, ਪਰ ਉਨ੍ਹਾਂ ਵਲੋਂ ਉਠਾਏ ਗਏ ਕਈ ਕਦਮਾਂ ਨੇ ਜਿੱਥੇ ਉਨ੍ਹਾਂ ਦੇ ਸਿਆਸੀ ਪ੍ਰਭਾਵ ਨੂੰ ਘਟਾਇਆ, ਉੱਥੇ ਉਨ੍ਹਾਂ ਦੀ ਸਾਖ਼ ‘ਤੇ ਵੀ ਹਰਫ਼ ਆਉਣਾ ਸ਼ੁਰੂ ਹੋ ਗਿਆ ਅਤੇ ਅਜਿਹੇ ਵਿਵਾਦ ਉਨ੍ਹਾਂ ਲਈ ਵੱਡੇ ਖਸਾਰੇ ਵਾਲੇ ਸਾਬਿਤ ਹੋਏ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਪੈਦਾ ਹੋਈ ਸਮੁੱਚੀ ਸਥਿਤੀ ਨੂੰ ਭਾਂਪਦਿਆਂ ਮੌਜੂਦਾ ਲੀਡਰਸ਼ਿਪ ਨੂੰ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਨਵੀਂ ਯੋਜਨਾਬੰਦੀ ਕਰਨ ਦੀ ਲੋੜ ਸੀ, ਜਿਸ ਵਿਚ ਕਿ ਉਹ ਅਸਮਰੱਥ ਰਹੀ ਅਤੇ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਤੋਂ ਵੀ ਥਿੜਕ ਗਈ। ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਸਨ। ਉਨ੍ਹਾਂ ਤੋਂ ਇਹ ਉਮੀਦ ਰੱਖੀ ਜਾਂਦੀ ਸੀ ਕਿ ਉਹ ਵੱਡੀ ਹੱਦ ਤੱਕ ਵਰਕਰਾਂ ਦੇ ਤਿੜਕੇ ਵਿਸ਼ਵਾਸ ਨੂੰ ਮੁੜ ਕਾਇਮ ਕਰਨ ਵਿਚ ਸਹਾਈ ਹੋਣਗੇ, ਪਰ ਅਜਿਹਾ ਨਾ ਹੋ ਸਕਿਆ। ਇਸ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਦਾ ਪ੍ਰਧਾਨ ਬਣੇ ਰਹਿਣ ਦੀ ਅੜੀ ਨੇ ਪਾਰਟੀ ਦੇ ਸਮੁੱਚੇ ਢਾਂਚੇ ਨੂੰ ਹੀ ਹਿਲਾ ਕੇ ਰੱਖ ਦਿੱਤਾ। ਉਹ ਹਾਲਾਤ ਨੂੰ ਸਮਝਣ ਤੋਂ ਅਸਮਰੱਥ ਰਹੇ। ਅਖ਼ੀਰ ਜਿੱਥੇ ਉਨ੍ਹਾਂ ਦੇ ਬਹੁਤੇ ਸਾਥੀ ਨਿਰਾਸ਼ ਹੋ ਗਏ, ਉੱਥੇ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਵੀ ਇਕ ਤਰ੍ਹਾਂ ਨਾਲ ਢਹਿ-ਢੇਰੀ ਹੋ ਗਏ। ਇਸ ਸਮੇਂ ਉਨ੍ਹਾਂ ਤੋਂ ਜਿਸ ਤਰ੍ਹਾਂ ਦੇ ਸਮਰਪਣ ਅਤੇ ਤਿਆਗ ਦੀ ਆਸ ਰੱਖੀ ਜਾਂਦੀ ਸੀ, ਉਸ ‘ਤੇ ਉਹ ਪੂਰੇ ਨਾ ਉੱਤਰ ਸਕੇ, ਜਿਸ ਕਰਕੇ ਪਿਛਲੇ ਸਮੇਂ ਵਿਚ ਪੰਥਕ ਪਰੰਪਰਾਵਾਂ ਅਤੇ ਉੱਚ ਧਾਰਮਿਕ ਸੰਸਥਾਵਾਂ ਨੂੰ ਵੀ ਨੁਕਸਾਨ ਪੁੱਜਿਆ।
ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਲੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਜਿਸ ਢੰਗ-ਤਰੀਕੇ ਨਾਲ ਲਾਹਿਆ ਗਿਆ, ਉਸ ਨਾਲ ਜਥੇਦਾਰ ਸਾਹਿਬਾਨ ਦੇ ਅਹੁਦਿਆਂ ਦੀ ਸਾਖ਼ ਵੀ ਘਟੀ ਅਤੇ ਧਾਰਮਿਕ ਖੇਤਰ ਵਿਚ ਉੱਠਿਆ ਵਿਵਾਦ ਵੀ ਹੋਰ ਗਹਿਰਾ ਹੋ ਗਿਆ। ਅਜਿਹੇ ਹਾਲਾਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਸਾਖ਼ ਗੁਆ ਚੁੱਕੀ ਹੈ। ਨਿਰਾਸ਼ ਹੋ ਕੇ ਇਸ ਦੇ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਅਕਾਲੀ ਸਫ਼ਾਂ ਵਿਚ ਵੱਡੀ ਹੱਦ ਤੱਕ ਨਿਰਾਸ਼ਾ ਦੇ ਨਾਲ-ਨਾਲ ਅਜਿਹੀ ਬਗ਼ਾਵਤ ਵੀ ਉੱਠ ਖੜ੍ਹੀ ਹੋਈ ਹੈ, ਜਿਸ ਨੂੰ ਸੰਭਾਲ ਸਕਣਾ ਬੇਹੱਦ ਮੁਸ਼ਕਿਲ ਜਾਪਦਾ ਹੈ। ਅੱਜ ਗੰਭੀਰ ਹੋ ਕੇ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਸੰਕਟ ‘ਚੋਂ ਕਿਵੇਂ ਨਿਕਲਿਆ ਜਾ ਸਕੇ ਅਤੇ ਚਿਰਾਂ ਤੋਂ ਸਥਾਪਿਤ ਸ਼ਾਨਦਾਰ ਪਰੰਪਰਾਵਾਂ ਨੂੰ ਕਿਸ ਤਰ੍ਹਾਂ ਮੁੜ ਬਹਾਲ ਕੀਤਾ ਜਾ ਸਕੇ? ਇਸ ਲਈ ਅੱਜ ਦੀ ਲੀਡਰਸ਼ਿਪ ਤੋਂ ਲੋਕ ਤਿਆਗ ਦੀ ਭਾਵਨਾ ਦੀ ਉਮੀਦ ਕਰ ਰਹੇ ਹਨ।
Check Also
ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ
ਪੰਜਾਬ ਸਰਕਾਰ ਵਲੋਂ ਇਕ ਵਾਰ ਫਿਰ ਨਸ਼ਿਆਂ ਵਿਰੁੱਧ ਜੰਗ ਛੇੜ ਦਿੱਤੀ ਗਈ ਹੈ। ਕੁਝ ਦਿਨ …