Breaking News
Home / ਸੰਪਾਦਕੀ / ਭਾਰਤ ‘ਚ ਕਰੋਨਾ ਤੋਂ ਰਾਹਤ ਦੀਆਂ ਸੰਭਾਵਨਾਵਾਂ ਵਧੀਆਂ

ਭਾਰਤ ‘ਚ ਕਰੋਨਾ ਤੋਂ ਰਾਹਤ ਦੀਆਂ ਸੰਭਾਵਨਾਵਾਂ ਵਧੀਆਂ

ਕੋਰੋਨਾ ਮਹਾਂਮਾਰੀ ਤੋਂ ਪੀੜਤ ਭਾਰਤ ਲਈ ਇਹ ਇਕ ਚੰਗੀ ਖ਼ਬਰ ਹੈ ਕਿ ਪੰਜਾਬ ਸਣੇ ਚਾਰ ਰਾਜਾਂ ਵਿਚ ਕੋਵਿਡ-19 ਦੀ ਵੈਕਸੀਨ ਦੇ ਟੀਕਾਕਰਨ ਦਾ ਅਭਿਆਸ ਇਸੇ ਸਾਲ ਦੇ ਅੰਤ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਪ੍ਰਕਿਰਿਆ ਵਿਚ ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਆਸਾਮ ਸ਼ਾਮਿਲ ਹੈ। ਬਹੁਤ ਸੁਭਾਵਿਕ ਹੈ ਕਿ ਜੇਕਰ ਇਹ ਪ੍ਰਕਿਰਿਆ ਸਫ਼ਲ ਹੋ ਜਾਂਦੀ ਹੈ ਤਾਂ ਇਹ ਦੇਸ਼ ਦੇ ਹਿਤ ਵਿਚ ਇਕ ਵੱਡੀ ਪ੍ਰਾਪਤੀ ਹੋਵੇਗੀ। ਸਭ ਤੋਂ ਪਹਿਲਾਂ ਚੀਨ ਨੇ ਆਪਣੇ ਪੱਧਰ ‘ਤੇ ਕੋਰੋਨਾ ਵੈਕਸੀਨ ਦੀ ਕਾਢ ਕੱਢੀ ਅਤੇ ਇਸ ਰਾਹੀਂ ਮਹਾਂਮਾਰੀ ‘ਤੇ ਕਾਬੂ ਪਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰੂਸ ਦੀ ਸਰਕਾਰ ਨੇ ਵੀ ਸਪੂਤਨਿਕ ਵੈਕਸੀਨ ਦਾ ਸਫ਼ਲ ਟੀਕਾਕਰਨ ਕੀਤਾ। ਭਾਰਤ ਇਕ ਅਜਿਹਾ ਦੇਸ਼ ਹੈ, ਜੋ ਆਪਣੇ ਜਲਵਾਯੂ, ਮੌਸਮ ਅਤੇ ਮਨੁੱਖੀ ਸਰੀਰ ਦੇ ਵੱਖ-ਵੱਖ ਗੁਣਾਂ ਕਾਰਨ ਪੱਛਮੀ ਅਤੇ ਯੂਰਪੀ ਦੇਸ਼ਾਂ ਨਾਲੋਂ ਵੱਖਰਾ ਹੈ। ਇਸੇ ਕਾਰਨ ਇਕ ਪਾਸੇ ਜਿਥੇ ਅਮਰੀਕੀ ਅਤੇ ਜਰਮਨ ਕੰਪਨੀ ਫਾਈਜ਼ਰ ਦਾ ਟੀਕਾਕਰਨ ਬਰਤਾਨੀਆ, ਅਮਰੀਕਾ, ਕੈਨੇਡਾ, ਇਜ਼ਰਾਈਲ, ਆਸਟ੍ਰੇਲੀਆ ਅਤੇ ਪਨਾਮਾ ਆਦਿ ਦੇਸ਼ਾਂ ਵਿਚ ਸ਼ੁਰੂ ਹੋ ਗਿਆ ਹੈ, ਉਥੇ ਭਾਰਤ ਵਿਚ ਵੀ ਲੋਕ ਇਸ ਵੈਕਸੀਨ ਨੂੰ ਲੈ ਕੇ ਬੇਹੱਦ ਉਤਸੁਕ ਅਤੇ ਆਸਵਾਨ ਹਨ। ਹਾਲਾਂਕਿ ਫਾਈਜ਼ਰ ਨੂੰ ਵਿਗਿਆਨੀ ਵਰਗ ਭਾਰਤ ਲਈ ਕੋਈ ਬਹੁਤਾ ਉਚਿਤ ਅਤੇ ਅਨੁਕੂਲ ਕਰਾਰ ਨਹੀਂ ਦੇ ਰਿਹਾ ਸੀ, ਕਿਉਂਕਿ ਇਸ ਵੈਕਸੀਨ ਲਈ ਸਿਫ਼ਰ ਤੋਂ ਵੀ ਬਹੁਤ ਘੱਟ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ।
ਮਾਰਚ 2020 ਵਿਚ ਕੋਰੋਨਾ ਵਾਇਰਸ ਨੂੰ ਵਿਸ਼ਵ ਭਰ ‘ਚ ਇਕ ਮਹਾਂਮਾਰੀ ਐਲਾਨਿਆ ਗਿਆ ਸੀ। ਜਨਵਰੀ ਮਹੀਨੇ ਤੱਕ ਤਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਭਾਵੇਂ ਹਜ਼ਾਰਾਂ ਵਿਚ ਸੀ, ਪਰ ਦਸੰਬਰ ਮਹੀਨਾ ਚੜ੍ਹਦਿਆਂ ਤੱਕ 6,46,03,428 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਗਈ ਸੀ ਜਦ ਕਿ ਕੋਰੋਨਾ ਕਾਰਨ 1, 5,00,614 ਮਰੀਜ਼ਾਂ ਦੀ ਮੌਤ ਸਬੰਧੀ ਅੰਕੜੇ ਵਿਸ਼ਵ ਸਿਹਤ ਸੰਗਠਨ ਕੋਲ ਦਰਜ ਕਰਵਾਏ ਗਏ ਹਨ। ਕੋਵਿਡ-19 ਦੇ ਲੱਛਣਾਂ ਵਿਚ ਬੁਖਾਰ, ਖੰਘ, ਜ਼ੁਕਾਮ, ਸਾਹ ਉੱਖੜਨਾ ਜਾਂ ਸਾਹ ਲੈਣ ਵਿਚ ਤਕਲੀਫ ਅਤੇ ਥਕਾਨ ਆਦਿ ਮੁੱਖ ਹਨ, ਪਰ ਜ਼ਿਆਦਾਤਰ ਲੋਕਾਂ ਵਿਚ ਛੋਟੇ-ਮੋਟੇ ਲੱਛਣ ਹੀ ਨਜ਼ਰ ਆਏ ਅਤੇ ਉਹ ਬਿਨਾਂ ਹਸਪਤਾਲ ਦਾਖਲ ਹੋਇਆਂ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਪਰ 20 ਫ਼ੀਸਦੀ ਦੇ ਕਰੀਬ ਕੋਰੋਨਾ ਦੀ ਲਪੇਟ ਵਿਚ ਆਏ ਲੋਕ ਜਿਨ੍ਹਾਂ ਨੂੰ ਇਸ ਵਾਇਰਸ ਨੇ ਗੰਭੀਰ ਰੂਪ ਵਿਚ ਬਿਮਾਰ ਕਰ ਦਿੱਤਾ, ਨੂੰ ਸਾਹ ਲੈਣ ਵਿਚ ਤਕਲੀਫ ਹੋਈ, ਕੁਝ ਮਰੀਜ਼ਾਂ ਨੂੰ ਤਾਂ ਇਸ ਵਾਇਰਸ ਨੇ ਨਿਮੂਨੀਆਂ, ਕਿਡਨੀ ਫੇਲੀਅਰ ਅਤੇ ਮੌਤ ਦੇ ਮੂੰਹ ਵਿਚ ਹੀ ਧਕੇਲ ਦਿੱਤਾ। ਇਸੇ ਲਈ ਹੀ ਵਾਰ-ਵਾਰ ਸਰੀਰਕ ਦੂਰੀ ਬਣਾਈ ਰੱਖਣ, ਮਾਸਕ ਜਾਂ ਕੱਪੜੇ ਨਾਲ ਮੂੰਹ ਤੇ ਨੱਕ ਢੱਕ ਕੇ ਰੱਖਣ, ਹੱਥਾਂ ਦੀ ਸਫਾਈ ਰੱਖਣ ਅਤੇ ਸ਼ੱਕ ਦੂਰ ਕਰਨ ਲਈ ਬਿਨਾਂ ਕਿਸੇ ਡਰ ਤੋਂ ਕੋਰੋਨਾ ਦਾ ਟੈਸਟ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਹੁਣ ਨਵੇਂ ਸਾਲ ਦੀ ਆਮਦ ਮੌਕੇ ਸਭ ਦੀ ਨਜ਼ਰ ਕੋਰੋਨਾ ਵੈਕਸੀਨ ‘ਤੇ ਹੈ। ਮਾਹਿਰਾਂ ਵਲੋਂ ਸਿਖਲਾਈ ਮੌਕੇ ਦਿੱਤੀ ਜਾਣਕਾਰੀ ‘ਚ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਸਮਰੱਥ ਹੋਵੇਗਾ। ਵਿਸ਼ਵ ਭਰ ਦੇ ਵਿਗਿਆਨੀ ਕੋਵਿਡ-19 ਦੀ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ‘ਚ ਜੁਟੇ ਹੋਏ ਹਨ। ਲੋਕਾਂ ਵਿਚ ਇਸ ਨਵੀਂ ਵੈਕਸੀਨ ਨੂੰ ਲੈ ਕੇ ਡਰ ਤੇ ਸਹਿਮ ਦਾ ਪੈਦਾ ਹੋਣਾ ਵੀ ਸੁਭਾਵਿਕ ਹੀ ਹੈ, ਪਰ ਜੇ ਮਾਹਿਰਾਂ ਦੀ ਸੁਣੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਲੰਡਨ ਦੇ ਇਕ ਵੈਕਸੀਨ ਸੈਂਟਰ ਵਲੋਂ ਵਿਕਸਤ ਕੀਤੇ ਟਰੈਕਰ ਮੁਤਾਬਕ 4 ਦਸੰਬਰ ਤੱਕ ਵਿਸ਼ਵ ਦੀਆਂ ਕੁੱਲ 274 ਕੋਰੋਨਾ ਵੈਕਸੀਨ ਵੱਖ-ਵੱਖ ਵਿਕਾਸ ਪੜਾਵਾਂ ਅਧੀਨ ਪ੍ਰਕਿਰਿਆ ਵਿਚ ਹਨ ਅਤੇ ਫੇਸ-3 ਟਰਾਇਲ ਮੁਕੰਮਲ ਕਰਨ ਤੋਂ ਬਾਅਦ ਲਾਇਸੈਂਸ ਹਾਸਲ ਕਰਨ ਵਾਲੀ ਅਜੇ ਸਿਰਫ 1 ਵੈਕਸੀਨ ਹੀ ਹੈ।
ਜੇ ਭਾਰਤ ਦੀ ਗੱਲ ਕਰੀਏ ਤਾਂ 9 ਕੰਪਨੀਆਂ ਕੋਵਿਡ-19 ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਸ਼ਾਮਿਲ ਹਨ ਜਿਨ੍ਹਾਂ ਵਿਚ 3 ਵੈਕਸੀਨ ਪ੍ਰੀ-ਕਲੀਨੀਕਲ ਤੇ 6 ਕਲੀਨੀਕਲ ਅਜ਼ਮਾਇਸ਼ ਅਧੀਨ ਹਨ। ਪਰ ਮਾਹਿਰਾਂ ਵਲੋਂ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਸਾਰੀਆਂ ਅਜ਼ਮਾਇਸ਼ਾਂ, ਸ਼ਰਤਾਂ ਅਤੇ ਕਸੋਟੀਆਂ ‘ਤੇ ਖਰੀਆਂ ਉਤਰਨ ਅਤੇ ਲਾਇਸੈਂਸ ਹਾਸਲ ਕਰਨ ਵਾਲੀਆਂ ਕੰਪਨੀਆਂ ਦੇ ਹੀ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ ਜਾਣਗੇ, ਕੋਵਿਡ-19 ਦਾ ਟੀਕਾ ਪਹਿਲਾਂ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ, 50 ਸਾਲ ਤੋਂ ਹੇਠਾਂ ਪਰ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀਆਂ ਅਤੇ ਫਿਰ ਅੰਤ ਵਿਚ ਰਹਿੰਦੀ ਆਬਾਦੀ ਨੂੰ ਲਗਾਇਆ ਜਾਵੇਗਾ। ਕੋ-ਵਿਨ ਸਿਸਟਮ ਆਪਣੇ ਡਿਜ਼ੀਟਲ ਪਲੇਟਫਾਰਮ ਰਾਹੀਂ ਟੀਕਾ ਲਗਵਾਉਣ ਦੇ ਇੱਛਕ ਲਾਭਪਾਤਰੀਆਂ ਦੀ ਪਹਿਲਾਂ ਰਜਿਸਟ੍ਰੇਸ਼ਨ ਕਰੇਗਾ। ਮੌਕੇ ‘ਤੇ ਰਜਿਸਟ੍ਰੇਸ਼ਨ ਕਰ ਕੇ ਟੀਕਾ ਲਗਾਉਣ ਦਾ ਕੋਈ ਪ੍ਰਬੰਧ ਨਹੀ ਹੋਵੇਗਾ, ਰਜਿਸਟ੍ਰੇਸ਼ਨ ਕਰਵਾਉਣ ਲਈ ਲਾਭਪਾਤਰੀ ਆਪਣਾ ਪਹਿਚਾਣ ਪੱਤਰ ਜਿਵੇਂ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਬੈਂਕ ਪਾਸਬੁੱਕ, ਮਨਰੇਗਾ ਕਾਰਡ ਆਦਿ ਦੀ ਵਰਤੋਂ ਕਰ ਸਕਦਾ ਹੈ। ਭਾਰਤ ਦੇ ਸਿਹਤ ਮੰਤਰਾਲੇ ਵਲੋਂ ਕਿਹਾ ਜਾ ਰਿਹਾ ਹੈ ਕਿ ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਲੈਣੀ ਪਵੇਗੀ ਤੇ ਦੂਜੀ ਖੁਰਾਕ ਲੈਣ ਤੋਂ 2 ਹਫ਼ਤਿਆਂ ਬਾਅਦ ਸਰੀਰ ਵਿਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਵੇਗਾ। ਉਮੀਦ ਲਗਾਈ ਜਾ ਰਹੀ ਹੈ ਕੇ ਆਉਣ ਵਾਲੇ ਕੁਝ ਦਿਨਾਂ ਵਿਚ ਕੋਰੋਨਾ ਟੀਕੇ ਦੀ ਸਪਲਾਈ ਚਾਲੂ ਹੋ ਜਾਵੇਗੀ ਪਰ ਸ਼ਰਾਰਤੀ ਅਨਸਰਾਂ ਵਲੋਂ ਝੂਠੀਆਂ ਅਫਵਾਹਾਂ ਅਤੇ ਕੂੜ-ਪ੍ਰਚਾਰ ਕਰਨਾ ਸ਼ੁਰੂ ਵੀ ਕਰ ਦਿੱਤਾ ਗਿਆ ਹੈ, ਇਸ ਲਈ ਲੋੜ ਹੈ ਇਨ੍ਹਾਂ ਗ਼ਲਤ ਧਾਰਨਾਵਾਂ ਤੋਂ ਸੁਚੇਤ ਹੋਣ ਦੀ ਅਤੇ ਜਿੰਨੀ ਦੇਰ ਤੱਕ ਕੋਵਿਡ-19 ਦੀ ਵੈਕਸੀਨ ਅਤੇ ਟੀਕਾਕਰਨ ਦੇ ਮੁਕੰਮਲ ਪ੍ਰਬੰਧ ਨਹੀਂ ਹੋ ਜਾਂਦੇ, ਓਨੀ ਦੇਰ ਤੱਕ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਸਾਵਧਾਨੀਆਂ ‘ਤੇ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਸ ਛੂਤ ਦੀ ਬਿਮਾਰੀ ਤੋਂ ਬਚਿਆ ਜਾ ਸਕੇ ਤੇ ਆਪਣਿਆਂ ਨੂੰ ਬਚਾਇਆ ਜਾ ਸਕੇ। ਸੁਣੀਆਂ-ਸੁਣਾਈਆਂ ਗੱਲਾਂ ਅਤੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓਜ਼ ਤੇ ਸੁਨੇਹਿਆਂ ‘ਤੇ ਵਿਸ਼ਵਾਸ ਨਾ ਕਰਦੇ ਹੋਏ ਸਰਕਾਰੀ ਵੈੱਬਸਾਈਟ, ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਜਾਂ ਸਿਹਤ ਮੰਤਰਾਲਾ ਵਲੋਂ ਜਾਰੀ ਹੈਲਪਲਾਈਨ ਨੰਬਰ ‘ਤੇ ਹੀ ਸੰਪਰਕ ਕਰਨਾ ਚਾਹੀਦਾ ਹੈ।
ਭਾਰਤ ਵਿਚ ਕੋਰੋਨਾ ਸਬੰਧੀ ਚੱਲ ਰਹੇ ਕਰੀਬ 5-6 ਵੈਕਸੀਨਾਂ ‘ਤੇ ਪ੍ਰਯੋਗ ਤੀਜੇ ਅਤੇ ਨਿਰਣਾਇਕ ਪੜਾਅ ਵਿਚ ਪਹੁੰਚ ਚੁੱਕੇ ਹਨ ਪਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਵਿਕਸਿਤ ‘ਕੋਵਿਡਸ਼ੀਲਡ’ ‘ਤੇ ਸਰਕਾਰ ਦੀ ਜ਼ਿਆਦਾ ਨਿਰਭਰਤਾ ਜਾਪਦੀ ਹੈ। ਸੀਰਮ ਇੰਸਟੀਚਿਊਟ ‘ਤੇ ਇਸ ਲਈ ਜ਼ਿਆਦਾ ਭਰੋਸਾ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਦੇ ਭੰਡਾਰ ਵਿਚ 30 ਕਰੋੜ ਲੋਕਾਂ ਲਈ 60 ਕਰੋੜ ਖੁਰਾਕਾਂ ਮੌਜੂਦ ਹਨ। ਅਜਿਹੇ ਵਿਚ ਹੁਣ ਜਦੋਂ ਭਾਰਤ ਵਿਚ ਟੀਕਾਕਰਨ ਅਭਿਆਸ ਸ਼ੁਰੂ ਹੁੰਦਾ ਹੈ ਤਾਂ ਇਹ ਦੇਸ਼ ਲਈ ਚੰਗਾ ਸੰਕੇਤ ਹੋ ਸਕਦਾ ਹੈ।
ਕੋਰੋਨਾ ਦੇ ਟੀਕਾਕਰਨ ਲਈ ਉਂਜ ਤਾਂ ਪੂਰੇ ਦੇਸ਼ ਵਿਚ ਆਲਮੀ ਵਿਵਸਥਾ ਦੇ ਅਨੁਸਾਰ ਪ੍ਰਬੰਧ ਕੀਤੇ ਗਏ ਹਨ ਪਰ ਸੀਰਮ ਇੰਸਟੀਚਿਊਟ ਅਨੁਸਾਰ ਲੋੜ ਪੈਣ ‘ਤੇ ਲਗਪਗ ਇਕ ਅਰਬ ਟੀਕਿਆਂ ਦੀ ਬਰਾਮਦ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਅਗਲੇ ਹਫ਼ਤੇ ਦਾ ਟੀਕਾਕਰਨ ਅਭਿਆਸ ਸਫਲ ਹੋ ਜਾਂਦਾ ਹੈ ਤਾਂ ਦੇਸ਼ ਦੇ ਹੋਰਾਂ ਭਾਗਾਂ ਵਿਚ ਬਾਕਾਇਦਾ ਟੀਕਾਕਰਨ ਸ਼ੁਰੂ ਹੋ ਸਕਦਾ ਹੈ। ਸੀਰਮ ਕੰਪਨੀ ਅਤੇ ਸਰਕਾਰੀ ਪ੍ਰਸ਼ਾਸਨਿਕ ਵਿਵਸਥਾ ਦੇ ਐਲਾਨਾਂ ਅਨੁਸਾਰ ਟੀਕਾ ਲਗਾਉਣ ਲਈ ਸਬੰਧਿਤ ਵੱਖ-ਵੱਖ ਵਰਗਾਂ ਅਤੇ ਧਿਰਾਂ ਦੀ ਚੋਣ ਵੀ ਕਰ ਲਈ ਗਈ ਹੈ। ਟੀਕਾਕਰਨ ਤੋਂ ਪਹਿਲਾਂ ਤੇ ਬਾਅਦ ਦੀਆਂ ਕਿਰਿਆਵਾਂ ਵੀ ਨਿਰਧਾਰਤ ਕਰ ਲਈਆਂ ਗਈਆਂ ਹਨ। ਦੇਸ਼ ਦਾ ਵਿਗਿਆਨ ਵਿਭਾਗ ਆਸ ਪ੍ਰਗਟ ਕਰ ਚੁੱਕਾ ਹੈ ਕਿ ਅਗਲੇ ਸਾਲ ਫਰਵਰੀ ਤੱਕ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਉਤਾਰ ਦਿਖਾਈ ਦੇਣ ਲੱਗਾ ਹੈ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …