Breaking News
Home / ਸੰਪਾਦਕੀ / ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਪ੍ਰਧਾਨ ਚੁਣਿਆ ਗਿਆ ਹੈ। ਸ. ਧਾਮੀ ਸਿਦਕ ਵਾਲੇ ਅਤੇ ਸਮਰਪਿਤ ਵਿਅਕਤੀ ਹਨ। ਪਿਛਲੇ 3 ਸਾਲ ਤੋਂ ਉਹ ਇਸ ਅਹੁਦੇ ‘ਤੇ ਰਹਿੰਦਿਆਂ ਵੀ ਵੱਡੀ ਹੱਦ ਤੱਕ ਨਿਰਵਿਵਾਦ ਸ਼ਖ਼ਸੀਅਤ ਬਣੇ ਰਹੇ ਹਨ ਜਿਸ ਕਰਕੇ ਪੰਥਕ ਸਫ਼ਾਂ ਵਿਚ ਉਨ੍ਹਾਂ ਦੇ ਪ੍ਰਭਾਵ ਨੂੰ ਮੰਨਿਆ ਜਾਂਦਾ ਰਿਹਾ ਹੈ। ਚਾਹੇ ਚੌਥੀ ਵਾਰ ਉਨ੍ਹਾਂ ਦੀ ਇਸ ਚੋਣ ਨੂੰ ਇਸ ਲਈ ਵੀ ਆਖ਼ਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਇਸ ਸਦਨ ਦਾ ਕਾਰਜਕਾਲ ਕਾਫ਼ੀ ਸਮਾਂ ਪਹਿਲਾਂ ਖ਼ਤਮ ਹੋ ਚੁੱਕਾ ਹੈ। ਲਗਾਤਾਰ ਇਥੇ ਪੈਦਾ ਹੁੰਦੇ ਰਹੇ ਹਾਲਾਤ ਕਾਰਨ ਅਤੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਦੀਆਂ ਆਪੋ-ਆਪਣੀਆਂ ਤਰਜੀਹਾਂ ਕਾਰਨ ਇਹ ਚੋਣਾਂ ਨਹੀਂ ਸਨ ਕਰਵਾਈਆਂ ਜਾ ਸਕੀਆਂ। ਇਸ ਲਈ ਆਪਣਾ ਸਮਾਂ ਪੂਰਾ ਕਰ ਚੁੱਕੇ ਸਦਨ ਵਿਚੋਂ ਹੀ ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਹਰ ਸਾਲ ਨਵੇਂ ਅਹੁਦੇਦਾਰ ਚੁਣ ਕੇ ਕੰਮਕਾਰ ਚਲਾਇਆ ਜਾਂਦਾ ਰਿਹਾ ਹੈ।
ਪੰਥਕ ਸਫ਼ਾਂ ਵਿਚ ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਕਰਵਾਉਣ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ ਕਿਉਂਕਿ ਇਹ ਕਮੇਟੀ ਗੁਰਦੁਆਰਾ ਐਕਟ 1925 ਅਨੁਸਾਰ ਹੋਂਦ ਵਿਚ ਆਈ ਸੀ ਅਤੇ ਹਰ ਪੰਜ ਸਾਲ ਬਾਅਦ ਇਸ ਦੀਆਂ ਚੋਣਾਂ ਹੋਣੀਆਂ ਨਿਸਚਿਤ ਹਨ। ਹੁਣ ਪੰਥਕ ਸਫ਼ਾਂ ਵਿਚ ਲਗਾਤਾਰ ਚੋਣਾਂ ਸੰਬੰਧੀ ਮੰਗ ਉੱਠਣ ਤੋਂ ਬਾਅਦ ਗੁਰਦੁਆਰਾ ਚੋਣ ਕਮਿਸ਼ਨ ਸਰਗਰਮ ਹੋਇਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਵੋਟਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸਾਰੇ ਕੰਮ ਮੁਕੰਮਲ ਹੋਣ ਪਿੱਛੋਂ ਆਉਂਦੇ ਸਾਲ ਇਹ ਚੋਣਾਂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਦਹਾਕਿਆਂ ਤੋਂ ਇਸ ਕਮੇਟੀ ਦਾ ਕੰਮਕਾਜ ਸੰਭਾਲਿਆ ਜਾ ਰਿਹਾ ਹੈ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਲੰਮੇ ਸਮੇਂ ਤੱਕ ਇਸ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਤੋਂ ਪਹਿਲਾਂ ਵੀ ਬੜੀਆਂ ਉੱਘੀਆਂ ਪੰਥਕ ਸ਼ਖ਼ਸੀਅਤਾਂ ਇਸ ਅਹੁਦੇ ‘ਤੇ ਬਿਰਾਜਮਾਨ ਰਹੀਆਂ ਹਨ। ਸ਼੍ਰੋਮਣੀ ਕਮੇਟੀ ਤੋਂ ਇਤਿਹਾਸਕ ਗੁਰਦੁਆਰਿਆਂ ਦੇ ਚੰਗੇ ਪ੍ਰਬੰਧ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿਚ ਵੀ ਆਪਣੇ ਫ਼ਰਜ਼ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਰਹੀ ਹੈ। ਸਮੇਂ-ਸਮੇਂ ਕੌਮ ਸਾਹਮਣੇ ਅਨੇਕਾਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਰਹੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਕਰਨ ਦੀ ਸ਼੍ਰੋਮਣੀ ਕਮੇਟੀ ਤੋਂ ਆਸ ਰੱਖੀ ਜਾਂਦੀ ਰਹੀ ਹੈ। ਵਿੱਦਿਅਕ, ਧਾਰਮਿਕ ਅਤੇ ਹੋਰ ਸਮਾਜਿਕ ਕੰਮਾਂ ਵਿਚ ਇਹ ਆਪਣਾ ਕਿੰਨਾ ਕੁ ਯੋਗਦਾਨ ਪਾ ਸਕੀ ਹੈ, ਇਸ ਦੀ ਪੜਚੋਲ ਵੀ ਲਗਾਤਾਰ ਹੁੰਦੀ ਰਹਿੰਦੀ ਹੈ। ਅੱਜ ਵੀ ਜਿਸ ਤਰ੍ਹਾਂ ਅਨੇਕਾਂ ਪੱਖਾਂ ਤੋਂ ਕੌਮ ਨਿਘਾਰ ਵੱਲ ਜਾਂਦੀ ਦਿਖਾਈ ਦੇ ਰਹੀ ਹੈ, ਉਸ ਦੇ ਮੁੜ ਉਠਾਉਣ ਦੀ ਵੀ ਇਸ ਦੇ ਆਗੂਆਂ ਤੋਂ ਉਮੀਦ ਕੀਤੀ ਜਾਂਦੀ ਹੈ।
ਜੇਕਰ ਕੌਮ ਖਸਾਰੇ ਵਿਚ ਹੈ ਤਾਂ ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੀ ਅਕਸਰ ਆਲੋਚਨਾ ਵੀ ਹੁੰਦੀ ਰਹੀ ਹੈ। ਇਹੀ ਕਾਰਨ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਨਵੇਂ ਸਦਨ ਲਈ ਚੋਣਾਂ ਕਰਵਾਉਣ ਦੀ ਮੰਗ ਵਾਰ-ਵਾਰ ਉੱਭਰਦੀ ਰਹੀ ਹੈ। ਚਾਹੇ ਇਸ ਵਾਰ ਅਕਾਲੀ ਦਲ ਵਿਚ ਪਈ ਵੱਡੀ ਫੁੱਟ ਕਰਕੇ ਅਤੇ ਇਸ ਵਿਚੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਂਅ ‘ਤੇ ਵੱਡੀ ਗਿਣਤੀ ਵਿਚ ਆਗੂਆਂ ਦੇ ਵੱਖ ਹੋ ਜਾਣ ਕਰਕੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਮੁਕਾਬਲਾ ਕਾਫ਼ੀ ਸਖ਼ਤ ਹੋਣ ਦੇ ਆਸਾਰ ਸਨ ਪਰ ਸ. ਧਾਮੀ ਦੀ ਪ੍ਰਭਾਵਸ਼ਾਲੀ ਜਿੱਤ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਨਾਲ ਸੰਬੰਧਿਤ ਪਾਰਟੀ ਦੀ ਜ਼ਿੰਮੇਵਾਰੀ ਹੋਰ ਵੀ ਵਧਾ ਦਿੱਤੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪਹਿਲਾਂ ਵਾਂਗ ਹੀ ਸ. ਧਾਮੀ ਸਮਰਪਿਤ ਭਾਵਨਾ ਨਾਲ ਕਮੇਟੀ ਵਲੋਂ ਵਿੱਢੇ ਕੰਮਾਂ ਨੂੰ ਨਿਸਚਿਤ ਸਮੇਂ ਵਿਚ ਪੂਰਾ ਕਰਨ ਲਈ ਤਤਪਰ ਰਹਿਣਗੇ।
ਚਾਹੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਵੱਡੇ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਸਿਆਸੀ ਮੰਚ ‘ਤੇ ਵੀ ਇਸ ਦੀ ਸ਼ਕਤੀ ਬੇਹੱਦ ਘਟ ਚੁੱਕੀ ਹੈ ਪਰ ਅੱਜ ਵੀ ਵੱਡੀ ਗਿਣਤੀ ਵਿਚ ਲੋਕ ਇਸ ਦੇ ਮੁੜ ਉਭਾਰ ਦੀ ਉਮੀਦ ਰੱਖਦੇ ਹਨ। ਅਕਾਲੀ ਦਲ ਲੰਮੇ ਸਮੇਂ ਤੱਕ ਪੰਜਾਬ ਦਾ ਪ੍ਰਸ਼ਾਸਨ ਚਲਾਉਣ ਵਿਚ ਵੱਡਾ ਭਾਈਵਾਲ ਬਣਿਆ ਰਿਹਾ ਹੈ। ਅੱਜ ਇਸ ਵਿਚ ਏਨਾ ਨਿਘਾਰ ਕਿਉਂ ਆ ਗਿਆ ਹੈ, ਇਸ ਸੰਬੰਧੀ ਚਿੰਤਾਵਾਨ ਹੋਣ ਦੀ ਵੀ ਜ਼ਰੂਰਤ ਹੈ ਅਤੇ ਇਸ ਦੇ ਨਾਲ-ਨਾਲ ਗੰਭੀਰਤਾ ਨਾਲ ਇਸ ਸੰਬੰਧੀ ਚਿੰਤਨ ਕਰਨ ਦੀ ਵੀ ਲੋੜ ਹੈ। ਇਸ ਦੇ ਨਵੇਂ ਰੂਪ ਵਿਚ ਉਭਾਰ ਨਾਲ ਹੀ ਇਸ ਨੂੰ ਮੁੜ ਸਿੱਖ ਪੰਥ ਅਤੇ ਸਮੂਹ ਪੰਜਾਬੀਆਂ ਦਾ ਵੱਡਾ ਹੁੰਗਾਰਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ। ਆਉਣ ਵਾਲੇ ਸਮੇਂ ਵਿਚ ਇਸ ਦਾ ਪੁਨਰ ਨਿਰਮਾਣ ਹੀ ਇਸ ਦੇ ਮੁੜ ਉਭਰਨ ਵਿਚ ਸਹਾਈ ਹੋ ਸਕਦਾ ਹੈ। ਹਾਲੇ ਤੱਕ ਵੀ ਲੋਕ-ਮਨਾਂ ਵਿਚ ਇਸ ਸੰਬੰਧੀ ਉਮੀਦ ਬਣੀ ਹੋਈ ਹੈ ਜੋ ਇਸ ਦੀ ਪੁਨਰ-ਸੁਰਜੀਤੀ ਵਿਚ ਸਹਾਈ ਹੋ ਸਕਦੀ ਹੈ।

 

 

 

Check Also

ਭਾਰਤ-ਚੀਨ ਰੇੜਕਾ

ਚੀਨ ਅਤੇ ਭਾਰਤ ਵਿਚਾਲੇ ਸੰਵੇਦਨਸ਼ੀਲ ਸਰਹੱਦੀ ਮੁੱਦੇ ‘ਤੇ ਇਕ ਵਾਰ ਫਿਰ ਸਮਝੌਤਾ ਹੋਣਾ ਇਸ ਲਈ …