ਜੁਲਾਈ ਮਹੀਨਾ ਅਤੇ ਚੜ੍ਹਦਾ ਸਾਉਣ ਭਾਰਤ ਵਿੱਚ ਵਣ ਮਹਾਂ ਉਤਸਵ ਨੂੰ ਸਮਰਪਿਤ ਹੁੰਦਾ ਹੈ। ਰੁੱਖਾਂ ਦੀ ਅਹਿਮੀਅਤ ਨੂੰ ਦੇਖਦਿਆਂ ਮੁਲਕ ਦੇ ਪਹਿਲੇ ਖੇਤੀਬਾੜੀ ਮੰਤਰੀ ਡਾ. ਕੇ.ਐੱਮ. ਮੁਨਸ਼ੀ ਨੇ 1950 ਵਿੱਚ ਇਹ ਉਤਸਵ ਦਿੱਲੀ ਤੋਂ ਸ਼ੁਰੂ ਕੀਤਾ ਸੀ। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 20 ਜੁਲਾਈ ਨੂੰ ਪੁਰਾਣਾ ਕਿਲਾ ਦਿਲੀ ਵਿੱਚ ਪੌਦਾ ਲਗਾ ਕੇ ਉਤਸਵ ਦਾ ਅਗਾਜ਼ ਕੀਤਾ। ਇਸ ਮੁਹਿੰਮ ਪਿੱਛੇ ਦਿੱਲੀ ਦੇ ਤਤਕਾਲੀ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਬਹੁਤ ਵੱਡੀ ਘਾਲਣਾ ਸੀ।
ਕਹਿੰਦੇ ਨੇ ਕਿ ਜੇ ਸਾਉਣ ਦੇ ਪਹਿਲੇ ਦਿਨ ਮੀਂਹ ਨਾ ਪਵੇ ਤਾਂ ਸਾਰਾ ਮਹੀਨਾ ਹੀ ਸੁੱਕਾ ਰਹਿੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸਾਉਣ ਵਿੱਚ ਹਰ ਰੋਜ਼ ਸੌ ਮੀਂਹ ਨਾ ਪਵੇ ਤਾਂ ਸਾਉਣ ਕਾਹਦਾ! ਪਿਛਲੇ ਕਈ ਦਹਾਕਿਆਂ ਤੋਂ ਆਲਮੀ ਪੱਧਰ ‘ਤੇ ਵਾਤਾਵਰਨ ਅਤੇ ਜਲਵਾਯੂ ਵਿੱਚ ਦੇਖਣ ਨੂੰ ਮਿਲ ਰਹੀਆਂ ਤਬਦੀਲੀਆਂ ਬਹੁਤ ਮਾਰੂ ਸਿੱਧ ਹੋ ਰਹੀਆਂ ਹਨ। ਠੰਢ ਦਾ ਮੌਸਮ ਦਸੰਬਰ ਲੰਘਿਆਂ ਸ਼ੁਰੂ ਹੋਣ ਲੱਗ ਪਿਆ ਅਤੇ ਸਾਉਣ ਮਹੀਨੇ ਸੁੱਕੇ ਬੀਤਣ ਲੱਗ ਪਏ ਹਨ। ਤਪਸ਼ ਵਿੱਚ ਵਾਧਾ, ਗਲੇਸ਼ੀਅਰਾਂ ਦਾ ਪਿਘਲਣਾ, ਤਟਾਂ ਦਾ ਅਕਸਰ ਤੂਫਾਨਾਂ ਨਾਲ ਘਿਰਨਾ ਅਤੇ ਭੂਚਾਲਾਂ ਦੀ ਦਸਤਕ ਨੇ ਸਾਡੇ ਖੌਫ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਭਾਵੇਂ ਮਾਹਿਰਾਂ ਨੇ ਆਪੋ-ਆਪਣੇ ਸਿੱਟੇ ਕੱਢੇ ਹਨ ਪਰ ਇੱਕ ਗੱਲ ਸਾਂਝੀ ਅਤੇ ਸਵੀਕਾਰੀ ਜਾਂਦੀ ਹੈ ਕਿ ਮਨੁੱਖ ਨੇ ਆਪਣੀ ਆਰਥਿਕ ਭੁੱਖ ਖ਼ਾਤਿਰ ਕੁਦਰਤ ਨਾਲ ਐਸੀ ਛੇੜਛਾੜ ਕੀਤੀ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਕਹਿਰ ਦਿਖਾਈ ਦਿੰਦਾ ਰਹਿੰਦਾ ਹੈ।
ਮੁਲਕ, ਖਾਸ ਤੌਰ ‘ਤੇ ਪੰਜਾਬ ਵਿੱਚ ਦਰੱਖ਼ਤਾਂ ਜਾਂ ਜੰਗਲਾਂ ਥੱਲੇ ਰਕਬਾ ਨਾ-ਮਾਤਰ ਰਹਿ ਗਿਆ ਹੈ। ਮਨੁੱਖੀ ਲੋੜਾਂ ਦੀ ਪੂਰਤੀ ਲਈ ਹਰ ਮੁਲਕ ਵਿੱਚ ਵਣਾਂ ਥਲੇ ਘੱਟੋ-ਘੱਟ ਰਕਬਾ 33% ਚਾਹੀਦਾ ਹੈ। ਭਾਰਤ ਵਿੱਚ ਕੇਵਲ 17% ਰਕਬਾ ਜੰਗਲਾਂ ਅਧੀਨ ਹੈ। ਪੰਜਾਬ ਵਿੱਚ ਤਾਂ ਕੇਵਲ 5% ਧਰਤੀ ਰੁੱਖਾਂ ਥੱਲੇ ਹੈ। ਇਸ ਵਿੱਚ ਉਹ ਸਾਰੇ ਦਰੱਖਤ ਸ਼ੁਮਾਰ ਹਨ ਜਿਹੜੇ ਸੜਕਾਂ ਅਤੇ ਨਹਿਰਾਂ ਦੇ ਕੰਢਿਆਂ ‘ਤੇ ਨਜ਼ਰ ਆ ਰਹੇ ਹਨ। ਕੋਈ ਸਮਾਂ ਸੀ, ਇਨ੍ਹਾਂ ਥਾਵਾਂ ‘ਤੇ ਸਾਡੇ ਆਪਣੇ ਰਵਾਇਤੀ ਦਰੱਖ਼ਤ ਜਿਵੇਂ ਟਾਹਲੀ, ਤੂਤ, ਪਿੱਪਲ, ਬੋਹੜ ਤੇ ਖਾਸ ਜਗ੍ਹਾ ‘ਤੇ ਫਲਾਂ ਵਾਲੇ ਦਰੱਖ਼ਤ ਜਿਵੇਂ ਅੰਬ, ਜਾਮਣ ਆਦਿ ਸੰਘਣੇ ਰੂਪ ਵਿੱਚ ਨਜ਼ਰ ਆਉਂਦੇ ਸਨ। ਹੁਣ ਸੜਕਾਂ ਜਾਂ ਨਹਿਰਾਂ ਕਿਨਾਰੇ ਮੁੱਖ ਰੂਪ ਵਿੱਚ ਸਫੈਦੇ ਜਾਂ ਵਿਦੇਸ਼ੀ ਨਸਲ ਦੇ ਦਰੱਖ਼ਤ ਮਿਲਦੇ ਹਨ। ਸਾਡੇ ਸੱਭਿਆਚਾਰ ਨਾਲ ਜੁੜੇ ਦਰੱਖ਼ਤ ਸਾਡੇ ਮੌਸਮ ਅਤੇ ਜਲਵਾਯੂ ਨਾਲ ਢੁਕਵੇਂ ਹੀ ਨਹੀਂ ਸਨ ਸਗੋਂ ਆਮ ਲੋਕਾਂ ਲਈ ਫਲ ਵੀ ਦਿੰਦੇ ਸਨ। ਖੁਸ਼ਕ ਇਲਾਕੇ ਵਿੱਚ ਬੇਰੀਆਂ, ਕਿੱਕਰਾਂ, ਕਰੀਰ, ਜੰਡ ਅਤੇ ਡੇਲਿਆਂ ਦੇ ਦਰੱਖ਼ਤ ਸਾਡੇ ਲਈ ਖਾਣ ਪੀਣ ਦੀਆਂ ਵਸਤਾਂ ਦਾ ਸਾਧਨ ਸਨ। ਨਵੀਂ ਕਿਸਮ ਦੇ ਦਰੱਖ਼ਤ ਸਾਡੇ ਅਤੇ ਜਾਨਵਰਾਂ ਲਈ ਦੋਸਤੀ ਵਾਲਾ ਸਹਿਚਾਰ ਨਹੀਂ ਰੱਖਦੇ। ਸਿੱਟੇ ਵਜੋਂ ਅਨੇਕ ਜਾਨਵਰ, ਜਿਹੜੇ ਇਨ੍ਹਾਂ ਦਰੱਖ਼ਤਾਂ ‘ਤੇ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਸਨ, ਲੋਪ ਹੋ ਗਏ ਜਾਪਦੇ ਹਨ।
ਸਾਡਾ ਸੱਭਿਆਚਾਰ ਮੁੱਖ ਰੂਪ ਵਿੱਚ ਜੰਗਲਾਂ ਅਤੇ ਬਨਸਪਤੀ ਨਾਲ ਜੁੜਿਆ ਹੋਇਆ ਹੈ। ਭਾਰਤੀ ਸਮਾਜ ਵਿੱਚ ਉਨ੍ਹਾਂ ਦਰੱਖ਼ਤਾਂ ਦੀ ਪੂਜਾ ਹੁੰਦੀ ਹੈ ਜਿਹੜੇ ਮਨੁੱਖ ਲਈ ਪੁੱਜ ਕੇ ਲਾਭਦਾਇਕ ਹਨ; ਪਿੱਪਲ, ਨਿੰਮ ਅਤੇ ਬੋਹੜ ਦੀ ਤ੍ਰਿਵੈਣੀ ਨੂੰ ਅਸੀਂ ਹੁਣ ਵੀ ਪਵਿੱਤਰ ਮੰਨਦੇ ਹਾਂ। ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਹੀ ਨਹੀਂ ਸਗੋਂ ਰੂਹ ਹਨ। ਇਨ੍ਹਾਂ ਰਵਾਇਤੀ ਦਰੱਖ਼ਤਾਂ ਨੇ ਸਾਡੇ ਸੱਭਿਆਚਾਰ ਦੀ ਸਿਰਜਣਾ ਕੀਤੀ। ਸਾਫ ਵਾਤਾਵਰਨ ਪੈਦਾ ਕਰਨ ਵਿੱਚ ਇਨ੍ਹਾਂ ਦੀ ਮੁੱਖ ਭੂਮਿਕਾ ਹੈ। ਪੱਛਮੀ ਦੇਸ਼ਾਂ ਦੇ ਵਾਤਾਵਰਨ ਵਿਗਿਆਨੀ ਕਹਿੰਦੇ ਹਨ ਕਿ ਜਿਸ ਦੇਸ਼ ਵਿੱਚ ਨਿੰਮ ਵਰਗਾ ਔਸ਼ਧੀ ਦਰੱਖ਼ਤ ਹੈ, ਉੱਥੇ ਲੋਕ ਬਿਮਾਰ ਕਿਉਂ ਹੁੰਦੇ ਹਨ। ਨਿੰਮ ਦੇ ਪੱਤਿਆਂ ਤੋਂ ਲੈ ਕੇ ਨਮੋਲੀਆਂ ਤੱਕ ਇਹ ਸਾਡੇ ਲਈ ਲਾਭਕਾਰੀ ਹੈ।
ਪਿਛਲੇ ਪੰਜਾਹ ਸਾਲਾਂ ਵਿੱਚ ਰੁੱਖਾਂ ਨਾਲ ਘੋਰ ਅਨਿਆਂ ਹੋਇਆ ਹੈ। ਬਹੁਤ ਰਕਬੇ ਨੂੰ ਖੇਤੀ ਥੱਲੇ ਲਿਆਉਣ ਦੀ ਮਨਸ਼ਾ ਨਾਲ ਅਸੀਂ ਬੇਕਿਰਕ ਹੋ ਕੇ ਦਰੱਖ਼ਤ ਵੱਢੇ। ਅਸੀਂ ਇਹ ਭੁੱਲ ਗਏ ਕਿ ਇਹ ਉਹੀ ਰੁੱਖ ਹਨ ਜਿਨ੍ਹਾਂ ਦਾ ਜ਼ਿਕਰ ਸੰਤਾਂ, ਪੀਰਾਂ ਨੇ ਆਪਣੀ ਬਾਣੀ ਵਿੱਚ ਨਿਮਰਤਾ ਅਤੇ ਸਬਰ ਦੇ ਚਿੰਨ੍ਹ ਵਜੋਂ ਕੀਤਾ ਹੈ ਅਤੇ ਸਾਨੂੰ ਨਸੀਹਤ ਵੀ ਦਿੱਤੀ ਕਿ ਜੇ ਰੋੜੇ-ਵੱਟੇ ਮਾਰਨ ‘ਤੇ ਵੀ ਰੁੱਖ ਸਾਨੂੰ ਫਲ ਦਿੰਦੇ ਹਨ ਤਾਂ ਮਨੁੱਖ ਨੂੰ ਆਪਣੇ ਸਬਰ ਤੇ ਸ਼ਾਂਤੀ ਲਈ ਇਨ੍ਹਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ।
ਆਰਥਿਕ ਤਰੱਕੀ ਦੇ ਨਾਂ ‘ਤੇ ਵੱਡੇ ਪੱਧਰ ‘ਤੇ ਜੰਗਲਾਂ ਦੀ ਕਟਾਈ ਕਾਰਨ ਪੰਜਾਬ ਦੇ ਪਿੰਡ ਅਤੇ ਖੇਤ ਤਾਂ ਉਜਾੜ ਹੀ ਨਜ਼ਰ ਆਉਂਦੇ ਹਨ। ਪਹਿਲਾਂ ਵੱਡੀ ਗਿਣਤੀ ‘ਚ ਰੁੱਖ ਮੁਰੱਬੇਬੰਦੀ ਦੀ ਭੇਂਟ ਚੜ੍ਹ ਗਏ; ਬਾਅਦ ਵਿੱਚ ਹਰੀ ਕ੍ਰਾਂਤੀ ਦੌਰਾਨ ਹੋਰ ਅਨਾਜ ਪੈਦਾ ਕਰਨ ਦੀ ਹੋੜ ਨੇ ਸਾਡੇ ਟਿੱਬੇ-ਟਿੱਲੇ ਐਨੇ ਪੱਧਰ ਕਰ ਦਿੱਤੇ ਕਿ ਬੇਰੀਆਂ, ਕਿੱਕਰਾਂ ਅਤੇ ਜੰਡ-ਕਰੀਰ ਇਤਿਹਾਸ ਦਾ ਹਿੱਸਾ ਬਣ ਗਏ। ਅਸੀਂ ਇਨ੍ਹਾਂ ਦਰੱਖ਼ਤਾਂ ਤੋਂ ਮਿਲਣ ਵਾਲੇ ਫਲਾਂ ਤੋਂ ਵੀ ਵਾਂਝੇ ਹੋ ਗਏ ਅਤੇ ਇੰਨਾਂ ਦਰਮਿਆਨ ਵਾਸ ਕਰਨ ਵਾਲੇ ਜਾਨਵਰ ਦੇਖਣ ਲਈ ਤਰਸ ਗਏ। ਹੁਣ ਅਸੀਂ ਬਿਜੜੇ ਦੇ ਖੂਬਸੂਰਤ ਲਮਕਦੇ ਘਰ ਕਿੱਥੇ ਦੇਖਾਂਗੇ? ਛੋਟੀਆਂ ਭੂਰੀਆਂ ਚਿੜੀਆਂ, ਘੁੱਗੀਆਂ ਜਿਹੜੀਆਂ ਸਥਾਈ ਰੂਪ ਵਿੱਚ ਬੇਰੀਆਂ ਉਤੇ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ, ਨੂੰ ਕਦੋਂ ਦੇਖ ਸਕਾਂਗੇ? ਵੀਰ-ਵਹੁਟੀਆਂ, ਘੋਗੇ, ਜਿਹੜੇ ਮੁੱਖ ਰੂਪ ਵਿੱਚ ਖੁਸ਼ਕ ਥਾਵਾਂ ‘ਤੇ ਘੁਰਨੇ ਬਣਾ ਕੇ ਰਹਿੰਦੇ ਸਨ ਅਤੇ ਸਾਉਣ ਮਹੀਨੇ ਮੀਂਹਾਂ ਤੋਂ ਬਾਅਦ ਕੱਕੇ ਰੇਤੇ ‘ਤੇ ਆਪਣੀ ਤੋਰ ਤੁਰਦੇ ਸਨ, ਸਭ ਖ਼ਤਮ ਹੋ ਗਏ। ਮਾਲਵੇ ਦੇ ਪਿੰਡਾਂ ਵਿੱਚ ਰੇਤਾ ਖੰਡ ਦੇ ਭਾਅ ਵਿਕ ਰਿਹੈ। ਧੁਰ ਬਠਿੰਡੇ ਦੀਆਂ ਜੜ੍ਹਾਂ ਤਕ ਝੋਨਾ ਲਗਾ ਕੇ ਅਸੀਂ ਜ਼ਮੀਨ ਨੂੰ ਹੁੰਮਸ ਅਤੇ ਗਰਮੀ ਦਾ ਸਰੋਤ ਬਣਾ ਦਿੱਤਾ। ਪੰਜਾਬ ਦੇ ਬਹੁਤੇ ਦਰੱਖ਼ਤ ਖੁਸ਼ਕ ਜਲਵਾਯੂ ਨਾਲ ਜੁੜੇ ਹੋਏ ਸਨ। ਸਾਰੇ ਖੇਤਾਂ ਅਤੇ ਵੱਟਾਂ ਦੁਆਲੇ ਖੜ੍ਹੇ ਪਾਣੀ ਨੇ ਰੁੱਖਾਂ ਦਾ ਲੱਗਣਾ ਹੀ ਮੁਹਾਲ ਕਰ ਦਿੱਤਾ ਹੈ।
– ਜੀ.ਕੇ. ਸਿੰਘ

