ਪੂਨਮ ਆਈ ਕੌਸ਼ਿਸ਼
ਦਿੱਲੀ ਵਿਚ ਸਿਆਸੀ ਪ੍ਰਪੱਕਤਾ ਦਾ ਮੌਸਮ ਆ ਗਿਆ ਹੈ, ਜਿਸ ਦੇ ਤਹਿਤ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਹੋ ਰਿਹਾ ਪ੍ਰਚਾਰ ਦੱਸਦਾ ਹੈ ਕਿ ਰਾਹੁਲ ਗਾਂਧੀ ਨਵੇਂ ਸਿਰਿਓਂ ਸਿਆਸਤ ਵਿਚ ਪੈਰ ਰੱਖ ਰਹੇ ਹਨ ਅਤੇ ਉਹ ਅਜਿਹੇ ਸਮੇਂ ‘ਤੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ ਪਾਰਟੀ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਹੈ ਪਰ ਗੁਜਰਾਤ ਵਿਚ ਉਨ੍ਹਾਂ ਦਾ ਚੋਣ ਪ੍ਰਚਾਰ ਉਨ੍ਹਾਂ ਦੇ ਇਕ ਵੱਖਰੇ ਅਕਸ ਨੂੰ ਪੇਸ਼ ਕਰ ਰਿਹਾ ਹੈ, ਜੋ ਅਤੀਤ ਨਾਲੋਂ ਬਿਲਕੁਲ ਵੱਖਰਾ ਹੈ। ਰਾਹੁਲ ਗਾਂਧੀ ਮੰਦਿਰਾਂ ਵਿਚ ਜਾ ਰਹੇ ਹਨ, ਆਸ਼ੀਰਵਾਦ ਲੈ ਰਹੇ ਹਨ ਅਤੇ ਆਪਣੇ ਵਿਰੋਧੀਆਂ ‘ਤੇ ਤਿੱਖੇ ਵਿਅੰਗ ਕਰ ਰਹੇ ਹਨ। ਇਹ ਗੱਲ ਜਾਣ ਕੇ ਥੋੜ੍ਹੀ ਰਾਹਤ ਮਿਲਦੀ ਹੈ ਕਿ 12 ਸਾਲਾਂ ਬਾਅਦ ਹੀ ਸਹੀ, ਘੱਟੋ-ਘੱਟ ਉਹ ਗੰਭੀਰ ਤਾਂ ਹੋਏ। ਇਸ ਤੋਂ ਪਹਿਲਾਂ ਉਹ ਕਹਿੰਦੇ ਰਹੇ ਹਨ, ”ਮੈਂ ਵੰਸ਼ਵਾਦ ਦੇ ਵਿਰੁੱਧ ਹਾਂ, ਸੱਤਾ ਜ਼ਹਿਰ ਹੈ।” ਇਹ ਗੱਲਾਂ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਸਨ ਕਿ ਆਖਿਰ ਇਹ ਯੁਵਰਾਜ ਸਿਆਸਤ ਵਿਚ ਕਿੱਥੋਂ ਤੱਕ ਪਹੁੰਚੇਗਾ, ਜਦਕਿ ਰਾਹੁਲ ਪਾਰਟੀ ਦੇ ਅਸਲੀ ਨੇਤਾ ਉਦੋਂ ਵੀ ਸਨ।ઠ
ਕਾਂਗਰਸੀਆਂ ਦਾ ਗਾਂਧੀ ਪਰਿਵਾਰ ਪ੍ਰਤੀ ਅਥਾਹ ਪਿਆਰ ਦੇਖ ਕੇ ਲੱਗਦਾ ਹੈ ਕਿ ਰਾਹੁਲ ਗਾਂਧੀ ਪਾਰਟੀ ਨੂੰ ਇਕ ਸੂਤਰ ਵਿਚ ਬੰਨ੍ਹਣਗੇ। ਪਾਰਟੀ ਦੇ ਸੰਗਠਨਾਤਮਕ ਢਾਂਚੇ ਵਿਚ ਲਾਜ਼ਮੀ ਤਬਦੀਲੀਆਂ ਦੀ ਰਸਮ ਦੇਰ ਨਾਲ ਹੀ ਸਹੀ ਪਰ ਸ਼ੁਰੂ ਤਾਂ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਵਿਚ ਇਹ ਨਵਾਂ ਆਤਮ-ਵਿਸ਼ਵਾਸ ਉਨ੍ਹਾਂ ਵਲੋਂ ਅਮਰੀਕਾ ਵਿਚ ਕੀਤੀਆਂ ਗਈਆਂ ਟਿੱਪਣੀਆਂ ਅਤੇ ਘਰੇਲੂ ਦੌਰਿਆਂ ਵਿਚ ਵੀ ਦੇਖਣ ਨੂੰ ਮਿਲਿਆ। ਹੁਣ ਲੱਗਦਾ ਹੈ ਕਿ ਉਨ੍ਹਾਂ ਦੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ‘ਮੋਦੀ ਬਨਾਮ ਰਾਹੁਲ’ ਬਣਨ ਦੀ ਸ਼ੁਰੂਆਤ ਹੋ ਗਈ ਹੈ। ਇਸ ਤੋਂ ਇਲਾਵਾ ਮੋਦੀ ਦਾ ਵਿਕਾਸ ਦਾ ਮੁੱਦਾ ਡਗਮਗਾ ਰਿਹਾ ਹੈ, ਬੇਰੋਜ਼ਗਾਰੀ ਵਧ ਰਹੀ ਹੈ, ਅਰਥਚਾਰੇ ਵਿਚ ਗਿਰਾਵਟ ਆ ਰਹੀ ਹੈ, ਜੀ. ਐੱਸ. ਟੀ. ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ ਤੇ ਕਿਸਾਨ ਸੰਕਟ ਵਿਚ ਹਨ। ਇਹ ਸਾਰੀਆਂ ਚੀਜ਼ਾਂ ਰਾਹੁਲ ਗਾਂਧੀ ਨੂੰ ਸਿਆਸਤ ਵਿਚ ਅੱਗੇ ਵਧਣ ਲਈ ਮਦਦ ਦੇਣਗੀਆਂ, ਜਿਸ ਨਾਲ ਪਾਰਟੀ ਨੂੰ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਇਸ ਤੋਂ ਇਲਾਵਾ ਘੱਟਗਿਣਤੀ ਤੇ ਦਲਿਤ ਸੰਘ ਪਰਿਵਾਰ ਦੀ ਵਧੇਰੇ ਸਰਗਰਮੀ ਤੋਂ ਪ੍ਰੇਸ਼ਾਨ ਹਨ।ઠ
ਸੋਨੀਆ ਗਾਂਧੀ 2013 ਦੇ ਜੈਪੁਰ ਵਿਚ ਕਾਂਗਰਸ ਦੇ ਮਹਾ-ਇਜਲਾਸ ਤੋਂ ਆਪਣੇ ਲਾਡਲੇ ਨੂੰ ਪਾਰਟੀ ਦਾ ਸਰਵੇ-ਸਰਵਾ ਬਣਾਉਣ ਦੀਆਂ ਤਿਆਰੀਆਂ ਕਰ ਰਹੀ ਹੈ, ਜਦੋਂ ਰਾਹੁਲ ਨੂੰ ਪਾਰਟੀ ਦਾ ਉਪ-ਪ੍ਰਧਾਨ ਬਣਾਇਆ ਗਿਆ ਸੀ। ਹੁਣ ਸੋਨੀਆ ਖ਼ੁਦ ਇਕ ਸਰਪ੍ਰਸਤ ਅਤੇ ਮਾਰਗਦਰਸ਼ਕ ਵਾਲੀ ਭੂਮਿਕਾ ਵੱਲ ਵਧ ਰਹੀ ਹੈ ਪਰ ਸਵਾਲ ਉੱਠਦਾ ਹੈ ਕਿ ਜਿਹੜੀ ਪਾਰਟੀ ਊਰਜਾ ਅਤੇ ਵਜੂਦ ਲਈ ਨਹਿਰੂ-ਗਾਂਧੀ ਪਰਿਵਾਰ ‘ਤੇ ਨਿਰਭਰ ਹੈ, ਉਸ ਪਾਰਟੀ ਬਾਰੇ ਰਾਹੁਲ ਦਾ ਨਜ਼ਰੀਆ, ਵਿਚਾਰ ਅਤੇ ਦਿਸ਼ਾ ਕੀ ਹੈ?
ਉਹ ਭਾਰਤ ਨੂੰ ਅੱਗੇ ਵਧਾਉਣ ਲਈ ਕਿਹੜੀ ਨਵੀਂ ਦਿਸ਼ਾ ਤੇ ਨਵਾਂ ਸੰਦੇਸ਼ ਦੇਣ ਜਾ ਰਹੇ ਹਨ? ਕੀ ਉਨ੍ਹਾਂ ਵਿਚ ਇੰਨੀ ਲੀਡਰਸ਼ਿਪ ਸਮਰੱਥਾ ਅਤੇ ਹਿੰਮਤ ਹੈ ਕਿ ਉਹ ਪੁਰਾਣੇ ਤੇ ਨੌਜਵਾਨ ਪੀੜ੍ਹੀ ਦੇ ਕਾਂਗਰਸੀਆਂ ਵਿਚਾਲੇ ਟਕਰਾਅ ਵਿਚ ਫਸੀ ਪਾਰਟੀ ਨੂੰ ਮਜ਼ਬੂਤ ਕਰ ਸਕਣਗੇ? ਕੀ ਉਹ ਪਾਰਟੀ ਲਈ ਪ੍ਰੇਰਕ ਬਣ ਸਕਣਗੇ? ਕੀ ਉਹ 131 ਸਾਲ ਪੁਰਾਣੀ ਪਾਰਟੀ ਵਿਚ ਤਬਦੀਲੀ ਲਿਆ ਸਕਣਗੇ, ਜੋ ਅੱਜਕੱਲ੍ਹ ਬੁਰੀ ਤਰ੍ਹਾਂ ਪਤਨ ਦੀ ਸ਼ਿਕਾਰ ਹੈ?ઠ
ਕਾਂਗਰਸ ਅੱਜ ਅਜਿਹੀ ਸਥਿਤੀ ਵਿਚ ਹੈ, ਜਿਥੇ ਰਾਹੁਲ ਤੋਂ ਬਿਨਾਂ ਇਸ ਦੀ ਹੋਂਦ ਨਹੀਂ ਰਹਿ ਸਕਦੀ। ਅੱਜ ਪਾਰਟੀ ਵਿਚ ਕਈ ਛੁਟਭੱਈਆ ਮਾਨਸਿਕਤਾ ਵਾਲੇ ਨੇਤਾ ਹਨ, ਜਿਸ ਕਾਰਨ ਪਾਰਟੀ ਨਿੱਜੀ, ਇਥੋਂ ਤੱਕ ਕਿ ਜਾਗੀਰਦਾਰੀ ਕਾਰਜਸ਼ੈਲੀ ਅਤੇ ਨਜ਼ਰੀਏ ਦੀ ਗੁਲਾਮ ਬਣ ਗਈ ਹੈ।ઠ
ਅਜਿਹੇ ਮਾਹੌਲ ਵਿਚ ਉਹੀ ਨੇਤਾ ਵਧ-ਫੁੱਲ ਸਕਦਾ ਹੈ, ਜਿਹੜਾ ਲੀਡਰਸ਼ਿਪ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਇਸ ਸਭ ਦਾ ਦੁਖਦਾਈ ਪਹਿਲੂ ਪਾਰਟੀ ਵਿਚ ਅੰਦਰੂਨੀ ਲੋਕਤੰਤਰ ਦਾ ਭੰਗ ਹੋਣਾ ਹੈ, ਜਿਸ ਕਾਰਨ ਪਾਰਟੀ ਕਿਸੇ ਵੀ ਪਹਿਲ ਲਈ ਹਾਈਕਮਾਨ ‘ਤੇ ਨਿਰਭਰ ਕਰਦੀ ਹੈ।ઠ
ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ”ਰਾਹੁਲ ਗਾਂਧੀ ਈਮਾਨਦਾਰ, ਸੱਚੇ, ਵਫਾਦਾਰ ਹਨ ਅਤੇ ਉਹ ਨਤੀਜਿਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ ਪਰ ਕੀ ਇਹ ਕਾਫੀ ਹੈ? ਕਿਉਂਕਿ ਉਨ੍ਹਾਂ ਨੂੰ ਖ਼ੁਦ ਨੂੰ ਸਥਾਪਿਤ ਕਰਨ ਲਈ ਗੁੰਝਲਦਾਰ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।” ਕੁਝ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਦਾ ਜੋ ਪਤਨ ਹੋਣਾ ਸੀ, ਉਹ ਹੋ ਗਿਆ, ਹੁਣ ਤਾਂ ਇਸ ਦੇ ਮੁੜ ਉੱਠਣ ਦੀ ਵਾਰੀ ਹੈ। ਮੋਦੀ ਦੀ ਹਰਮਨਪਿਆਰਤਾ ਆਪਣੇ ਸਿਖਰਾਂ ‘ਤੇ ਪਹੁੰਚ ਚੁੱਕੀ ਹੈ ਅਤੇ ਹੁਣ ਇਸ ਵਿਚ ਗਿਰਾਵਟ ਹੀ ਆਉਣੀ ਹੈ ਪਰ ਇਹ ਸਭ ਲੋਕ ਗੁਜਰਾਤ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਖਦਸ਼ੇ ਵਿਚ ਹਨ, ਜੋ ਇਹ ਦੱਸਣਗੇ ਕਿ ਪਾਰਟੀ ਦਾ ਪਤਨ ਹੋ ਰਿਹਾ ਹੈ ਜਾਂ ਇਹ ਉਪਰ ਨੂੰ ਜਾ ਰਹੀ ਹੈ।ઠ
ਆਸ਼ਾਵਾਦੀ ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ 2014 ਵਿਚ ਪਾਰਟੀ ਦਾ ਜੋ ਪਤਨ ਹੋਇਆ ਸੀ, ਉਸ ‘ਤੇ ਪਾਰ ਪਾਇਆ ਜਾ ਸਕਦਾ ਹੈ। ਉਹ ਪੁਰਾਣੇ ਦੇਸੀ ਸਿਧਾਂਤਾਂ ‘ਤੇ ਨਿਰਭਰ ਹਨ ਤੇ ਨਵੇਂ-ਨਵੇਂ ਪ੍ਰਯੋਗ ਕਰ ਰਹੇ ਹਨ। ਨਾਲ ਹੀ ਉਹ ਸਿਆਸੀ ਮੁਆਫੀ ਅਤੇ ਵੋਟਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।ઠ
ਇਕ ਹੋਰ ਸੀਨੀਅਰ ਨੇਤਾ ਅਨੁਸਾਰ ਤਜਰਬਾ ਦੱਸਦਾ ਹੈ ਕਿ ਜਦੋਂ ਕਦੇ ਵੀ ਸਰਕਾਰ ਲੋਕਾਂ ਨੂੰ ਨਿਰਾਸ਼ ਕਰਨ ਲੱਗਦੀ ਹੈ ਤਾਂ ਲੋਕ ਕਾਂਗਰਸ ਵੱਲ ਦੇਖਦੇ ਹਨ ਅਤੇ ਉਸੇ ਤੋਂ ਸ਼ਾਸਨ ਦੀ ਉਮੀਦ ਕਰਦੇ ਹਨ।
ਸਾਡਾ ਚੋਣ ਇਤਿਹਾਸ ਇਸ ਗੱਲ ਦਾ ਗਵਾਹ ਹੈ ਪਰ ਇਹ ਇੰਨਾ ਸੌਖਾ ਨਹੀਂ ਹੈ ਕਿਉਂਕਿ ਕਾਂਗਰਸ ਤੇ ਗਾਂਧੀ ਪਰਿਵਾਰ ਦੋਹਾਂ ਸਾਹਮਣੇ ਹੋਂਦ ਦਾ ਸੰਕਟ ਹੈ, ਸਿਆਸੀ ਚੁਣੌਤੀਆਂ ਹਨ, ਖਾਸ ਕਰਕੇ ਉਦੋਂ, ਜਦੋਂ ਇਸ ਦਾ ਮੁਕਾਬਲਾ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਜਪਾ ਨਾਲ ਹੈ। ਇਸ ਲਈ ਇਹ ਕੰਮ ਹੋਰ ਵੀ ਗੁੰਝਲਦਾਰ ਬਣ ਜਾਂਦਾ ਹੈ ਕਿਉਂਕਿ ਰਾਹੁਲ ਗਾਂਧੀ ਖ਼ੁਦ ਅਕਸ ਦੇ ਸੰਕਟ ‘ਚੋਂ ਲੰਘ ਰਹੇ ਹਨ।ઠ
ਰਾਹੁਲ ਦਾ ਅਕਸ ਚਮਕਾਉਣ ਲਈ ਪਾਰਟੀ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਜੇਕਰ ਵਿਦੇਸ਼ੀ ਮੂਲ ਦੀ ਹੁੰਦੇ ਹੋਏ ਵੀ ਸੋਨੀਆ ਗਾਂਧੀ ਆਪਣੇ ਵਿਰੋਧੀਆਂ ਨੂੰ ਪਛਾੜ ਸਕਦੀ ਹੈ ਤਾਂ ਫਿਰ ਰਾਹੁਲ ਗਾਂਧੀ ਕਿਉਂ ਨਹੀਂ, ਹਾਲਾਂਕਿ ਸੋਨੀਆ ਗਾਂਧੀ ਦਾ ਕੋਈ ਸਿਆਸੀ ਪਿਛੋਕੜ ਵੀ ਨਹੀਂ ਸੀ। ਅੱਜ ਕਾਂਗਰਸ ਕੋਲ ਸੋਸ਼ਲ ਮੀਡੀਆ ਦੀ ਅਜਿਹੀ ਟੀਮ ਹੈ, ਜਿਹੜੀ ਭਾਜਪਾ ਦੀ ਟੀਮ ਨਾਲ ਮੁਕਾਬਲਾ ਕਰ ਸਕਦੀ ਹੈ, ਜੋ ਗਾਂਧੀ ਤੇ ਕਾਂਗਰਸ ਦੇ ਨਜ਼ਰੀਏ ਨੂੰ ਪੇਸ਼ ਕਰ ਰਹੀ ਹੈ ਤੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਲਿਆ ਰਹੀ ਹੈ।ઠ
ਪਰ ਇਨ੍ਹਾਂ ਸਾਰੀਆਂ ਗੱਲਾਂ ਲਈ ਜ਼ਰੂਰੀ ਹੈ ਕਿ ਰਾਹੁਲ ਗਾਂਧੀ ਪਹਿਲਾਂ ਪਾਰਟੀ ਵਿਚ ਕਸੌਟੀ ‘ਤੇ ਖਰੇ ਉਤਰਨ, ਆਪਣੀ ਲੀਡਰਸ਼ਿਪ ਸਥਾਪਿਤ ਕਰਨ, ਸੰਗਠਨਾਤਮਕ ਅਤੇ ਸਿਆਸੀ ਸਮਰੱਥਾ ਨੂੰ ਦਰਸਾਉਣ, ਖਾਸ ਕਰਕੇ ਵੱਖ-ਵੱਖ ਸੂਬਿਆਂ ਵਿਚ ਕਾਂਗਰਸੀ ਇਕਾਈਆਂ ਨੂੰ ਮਜ਼ਬੂਤ ਕਰਨ। ਹੁਣ ਸਭ ਦੀਆਂ ਨਜ਼ਰਾਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਹਨ, ਜੋ ਅਗਲੀਆਂ ਲੋਕ ਸਭਾ ਚੋਣਾਂ ਦੀ ਦਿਸ਼ਾ ਤੈਅ ਕਰੇਗੀ।
ਇਹ ਇਸ ਲਈ ਵੀ ਅਹਿਮ ਹੈ ਕਿਉਂਕਿ 2013 ਤੋਂ ਰਾਹੁਲ ਇਕੱਲੇ ਪਹਿਲ ਕਰ ਰਹੇ ਹਨ। ਉਨ੍ਹਾਂ ਨੇ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਈਆਂ, ਸੀਨੀਅਰ ਨੇਤਾਵਾਂ ਨਾਲੋਂ ਦੂਰੀ ਬਣਾਈ ਅਤੇ ਕਾਂਗਰਸ ਵਿਚ ਆਏ ਨਵੇਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਨੇੜਤਾ ਵਧਾਈ ਪਰ ਉਨ੍ਹਾਂ ਦੇ ਇਹ ਸਾਰੇ ਯਤਨ ਕਿਸੇ ਕੰਮ ਨਹੀਂ ਆ ਆਏ, ਜਿਸ ਕਾਰਨ ਸੀਨੀਅਰ ਕਾਂਗਰਸੀ ਨੇਤਾ ਉਨ੍ਹਾਂ ਤੋਂ ਨਾਰਾਜ਼ ਹੋ ਗਏ।ઠ
ਪਿਛਲੇ ਕੁਝ ਮਹੀਨਿਆਂ ਤੋਂ ਰਾਹੁਲ ਗਾਂਧੀ ਪਾਰਟੀ ਦੇ ਅੰਦਰੂਨੀ ਸਮੀਕਰਨਾਂ ਵਿਚ ਸੁਧਾਰ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ ਤਾਂ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਦਾ ਸਾਹਮਣਾ ਕੀਤਾ ਜਾ ਸਕੇ। ਇਸ ਨਾਲ ਪਾਰਟੀ ਵਿਚ ਸੰਤੁਲਨ ਵਾਲੀ ਸਥਿਤੀ ਬਣ ਰਹੀ ਹੈ ਤਾਂ ਕਿ ਸੀਨੀਅਰ ਨੇਤਾਵਾਂ ਦੇ ਤਜਰਬੇ ਦਾ ਲਾਭ ਉਠਾਇਆ ਜਾ ਸਕੇ ਅਤੇ ਉਹ ਭਵਿੱਖ ਲਈ ਨੌਜਵਾਨ ਆਗੂਆਂ ਦੀ ਇਕ ਟੀਮ ਤਿਆਰ ਕਰ ਸਕਣ। ਪਾਰਟੀ ਦੇ ਇਕ ਸੀਨੀਅਰ ਅਹੁਦੇਦਾਰ ਦਾ ਕਹਿਣਾ ਹੈ ਕਿ ਪਾਰਟੀ ਵਿਚ ਬਜ਼ੁਰਗ ਅਤੇ ਨੌਜਵਾਨ ਦੋਹਾਂ ਨੇਤਾਵਾਂ ਲਈ ਮੌਕੇ ਹਨ। ਹੁਣ ਜ਼ਿਆਦਾਤਰ ਸੀਨੀਅਰ ਨੇਤਾ 60 ਜਾਂ 70 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਨਵੀਂ ਪੀੜ੍ਹੀ ਤਿਆਰ ਕਰਨੀ ਚਾਹੀਦੀ ਹੈ।ઠ
ਬਿਨਾਂ ਸ਼ੱਕ ਰਾਹੁਲ ਗਾਂਧੀ ਨੂੰ ਆਪਣੀ ਕਮਾਨ ਸਥਾਪਿਤ ਕਰਨ ਲਈ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਕਾਂਗਰਸ ਵਿਚ ਪਿਛਲੇ ਵਰ੍ਹਿਆਂ ਦੌਰਾਨ ਕਾਇਰਤਾ ਭਰੀ ਮਾਨਸਿਕਤਾ ਵਿਕਸਿਤ ਹੋ ਗਈ ਹੈ, ਜਿਸ ਕਾਰਨ ਪਾਰਟੀ ਵਿਚ ਚਾਪਲੂਸਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਸਿਲਸਿਲੇ ਨੂੰ ਬਦਲਣਾ ਇੰਨਾ ਸੌਖਾ ਨਹੀਂ।ઠ
ਰਾਹੁਲ ਗਾਂਧੀ ਆਪਣੀ ਵਿਰਾਸਤ ਨਾਲ ਜੂਝ ਰਹੇ ਹਨ ਪਰ ਉਨ੍ਹਾਂ ਦੀ ਸਫਲਤਾ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਉਹ ਨਿਘਾਰ ਵੱਲ ਜਾ ਰਹੀ ਪਾਰਟੀ ਵਿਚ ਕਿਵੇਂ ਤਬਦੀਲੀ ਲਿਆਉਣ। ਪਾਰਟੀ ਵਿਚ ਜਾਗੀਰਦਾਰੀ ਸੋਚ ਘਰ ਕਰ ਚੁੱਕੀ ਹੈ। ਰਾਹੁਲ ਗਾਂਧੀ ਨੇ ਕਾਂਗਰਸ ਵਿਚ ਅੰਦਰੂਨੀ ਸੁਧਾਰਾਂ ਲਈ ਆਪਣੇ ਸ਼ਬਦਾਂ, ਵਾਅਦਿਆਂ ਨਾਲ ਲੋਕਾਂ ਦੀਆਂ ਉਮੀਦਾਂ ਵਧਾਈਆਂ ਹਨ।ઠ
ਹੁਣ ਦੇਖਣਾ ਇਹ ਹੈ ਕਿ ਉਹ ਇਨ੍ਹਾਂ ਉਮੀਦਾਂ ਨੂੰ ਕਿਸ ਹੱਦ ਤੱਕ ਪੂਰੀਆਂ ਕਰਦੇ ਹਨ। ਜੇਕਰ ਰਾਹੁਲ ਗਾਂਧੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੇ ਤਾਂ ਇਸ ਦਾ ਭਵਿੱਖੀ ਸਿਆਸਤ ‘ਤੇ ਅਸਰ ਪਵੇਗਾ। ਕੀ ਉਹ ਆਪਣੀ ਪਾਰਟੀ ਲਈ ‘ਵਿਰਾਟ ਕੋਹਲੀ’ ਸਿੱਧ ਹੋਣਗੇ ਅਤੇ ਇਸ ਨੂੰ ਜਿੱਤ ਦਿਵਾਉਣਗੇ? ਰਾਹੁਲ ਗਾਂਧੀ ਨੂੰ ਇਹ ਧਿਆਨ ਵਿਚ ਰੱਖਣਾ ਪਵੇਗਾ ਕਿ ਸਿਆਸਤ ਬੇਰਹਿਮ ਤੇ ਮੁਆਫ ਨਾ ਕਰਨ ਵਾਲੀ ਜ਼ਾਲਿਮ ਦਾਸੀ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …