ਡੇਰਾ ‘ਪ੍ਰੇਮੀ’ ਬਣੇ ਐਸਜੀਪੀਸੀ ਪ੍ਰਧਾਨ
ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਰਹੇ ਗੋਬਿੰਦ ਸਿੰਘ ਲੌਂਗੋਵਾਲ ਸਿਰਸਾ ਮੁਖੀ ਤੋਂ ਵੋਟਾਂ ਮੰਗਣ ਗਏ ਸਨ ਡੇਰੇ
ਚੰਡੀਗੜ੍ਹ/ਬਿਊਰੋ ਨਿਊਜ਼ : ਗੋਬਿੰਦ ਸਿੰਘ ਲੌਂਗੋਵਾਲ ਜਿਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਇਸਦੇ ਨਾਲ ਹੀ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਇੱਕ ਪਾਸੇ ਤਾਂਤਾ ਲੱਗ ਗਿਆ ਤੇ ਦੂਜੇ ਪਾਸੇ ਉਨ੍ਹਾਂ ਲਈ ਨਿੰਦਕ ਕੁਮੈਂਟ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਨ ਲੱਗੇ, ਕੁਮੈਂਟ ਇਹ ਸਨ, ਹੁਣ ਸਿੱਖ ਬਲਾਤਕਾਰੀ ਸਰਸੇ ਵਾਲੇ ਦੇ ਚੇਲੇ ਨੂੰ ਪ੍ਰਧਾਨ ਸਾਹਬ, ਪ੍ਰਧਾਨ ਸਾਹਬ ਕਿਹਾ ਕਰਨਗੇ” “ਲਓ ਭਾਈ ਹੁਣ ਤਾਂ ਡੇਰਾ ਪ੍ਰੇਮੀ ਵੀ ਪ੍ਰਧਾਨ ਬਣਨ ਲੱਗ ਪਏ”। ਅਜਿਹੇ ਕੁਮੈਂਟਾਂ ਦੀ ਘੋਖ ਲਈ ਜਦੋਂ ਪੰਜਾਬ ਵਿਧਾਨ ਸਭਾ ਦੀ ਚੋਣ ਮੌਕੇ ਲੀਡਰਾਂ ਦੀ ਕਾਰਗੁਜ਼ਾਰੀ ਫਰੋਲੀ ਤਾਂ ਇਹ ਸੱਚ ਸਾਹਮਣੇ ਆ ਗਿਆ ਕਿ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਡੇਰਾ ਸਿਰਸਾ ਨਾਲ ਜੇ ਸਿੱਧੀ ਸਾਂਝ ਨਹੀਂ ਤਾਂ ਨੇੜਤਾ ਜ਼ਰੂਰ ਹੈ। ਧਿਆਨ ਰਹੇ ਕਿ ਡੇਰੇ ਸਿਰਸੇ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰ ਵੋਟਾਂ ਮੰਗਣ ਲਈ ਬਾਬੇ ਨੂੰ ਮੱਥਾ ਟੇਕਣ ਗਏ ਸਨ। ਡੇਰੇ ਜਾਣ ਵਾਲੇ ਅਕਾਲੀ ਆਗੂਆਂ ‘ਚ ਗੋਬਿੰਦ ਸਿੰਘ ਲੌਂਗੋਵਾਲ ਵੀ ਮੁੱਢਲੀ ਕਤਾਰ ‘ਚ ਸ਼ਾਮਲ ਸਨ ਇਹ ਅਸੀਂ ਨਹੀਂ ਆਖ ਰਹੇ, ਇਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਸਬੰਧੀ ਮੀਡੀਆ ਦੀਆਂ ਖਬਰਾਂ ਹੀ ਦੱਸ ਰਹੀਆਂ ਹਨ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਲਈ ਜਿਨ੍ਹਾਂ ਆਗੂਆਂ ਨੇ ਸੀਸ ਝੁਕਾਇਆ ਉਨ੍ਹਾਂ ‘ਚ 21 ਅੰਮ੍ਰਿਤਧਾਰੀ ਆਗੂ ਸਨ ਜਿਨ੍ਹਾਂ ਨੂੰ ਤਨਖਾਹ ਲਗਾਈ ਸੀ, ਉਨ੍ਹਾਂ ਤਨਖਾਹੀਆ ਕਰਾਰ ਦਿੱਤੇ ਗਏ ਅਕਾਲੀ ਆਗੂਆਂ ‘ਚ ਗੋਬਿੰਦ ਸਿੰਘ ਲੌਂਗੋਵਾਲ ਵੀ ਸਨ ਜੋ ਉਸ ਸਮੇਂ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ, ਜੋ ਮੁਆਫ਼ੀ ਮੰਗਣ ਵੇਲੇ ਅਕਾਲ ਤਖ਼ਤ ਸਾਹਿਬ ਮੁਹਰੇ ਖੜ੍ਹੇ ਸਨ ਤੇ ਉਹ ਤਸਵੀਰਾਂ ਉਸ ਸਮੇਂ ਮੀਡੀਆ ‘ਚ ਵੀ ਪ੍ਰਕਾਸ਼ਿਤ ਹੋਈਆਂ ਸਨ। ਬੇਸ਼ੱਕ ਉਨ੍ਹਾਂ ਵੱਲੋਂ ਸੇਵਾ ਕਰਕੇ ਆਪਣੀ ਭੁੱਲ ਨੂੰ ਬਖ਼ਸ਼ਾ ਲਿਆ ਗਿਆ ਹੈ। ਪਰ ਮਾਮਲਾ ਉਸ ਵੇਲੇ ਫਿਰ ਚਰਚਾ ‘ਚ ਆ ਗਿਆ ਜਦੋਂ ਸੋਸ਼ਲ ਮੀਡੀਆ ‘ਤੇ ਇਹ ਹੰਗਾਮਾ ਹੋਣ ਲੱਗਾ ਕਿ ਭਾਈ ਡੇਰਾ ਭਗਤ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਗਿਆ”। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਪਹਿਲਾਂ ਜਥੇਦਾਰ ਸਹਿਬਾਨ ਡੇਰਾ ਸਿਰਸਾ ਨੂੰ ਮੁਆਫ਼ੀ ਦਿੰਦੇ ਹਨ ਤੇ ਹੁਣ ਤਾਂ ਹੱਦ ਹੀ ਹੋ ਗਈ ਕਿ ਡੇਰਾ ਭਗਤ ਪ੍ਰਧਾਨ ਬਣਨ ਲੱਗੇ।
ਪਰ ਇਸ ਸਭ ਦੇ ਉੱਲਟ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਮੀਡੀਆ ਸਾਹਮਣੇ ਦਾਅਵਾ ਕੀਤਾ ਕਿ ਉਹ ਮਾਲਵਾ ਪੱਟੀ ‘ਚ ਡੇਰਾ ਸਿਰਸਾ ਦਾ ਪ੍ਰਭਾਵ ਖਤਮ ਕਰਨ ਲਈ ਧਰਮ ਪ੍ਰਚਾਰ ਦੀ ਲਹਿਰ ਚਲਾਉਣਗੇ ਤੇ ਸਿੱਖੀ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਸਾਰੀਆਂ ਪੰਥਕ ਧਿਰਾਂ ਨੂੰ ਇਸ ਕਾਰਜ ਲਈ ਇੱਕਜੁਟ ਕਰਨ ਦਾ ਦਾਅਵਾ ਵੀ ਕੀਤਾ ਹੈ।