ਸਾਉਣ ਮਹੀਨਾ ਰੀਝਾਂ ਵਾਲਾ, ਖ਼ੀਰਾਂ-ਪੂੜਿਆਂ ਲਾਈ ਬਹਾਰ,
ਕਾਲ਼ੀ ਘਟਾ ਨੇ ਝੁਰਮਟ ਪਾਇਆ, ਬੱਦਲ ਬਰਸਣ ਵਾਰੋ-ਵਾਰ।
ਨਵ-ਵਿਆਹੀਆਂ ਪੇਕੀਂ ਆਈਆਂ, ਦਿਲ ‘ਚ ਲੈ ਰੀਝ ਮਿਲਣ ਦੀ,
ਸਖੀਆਂ-ਸਹੇਲੀਆਂ ਨੂੰ ਮਿਲਣਾ ਏ, ਆਇਆ ਤੀਆਂ ਦਾ ਤਿਓਹਾਰ।
ਵਿਆਹੀਆਂ ਨੂੰ ਏ ਚਾਅ ਮਿਲਣ ਦਾ, ਆਈਆਂ ਛੁੱਟੀ ਲੈ ਮਹੀਨੇ ਦੀ,
ਪੇਕੀਂ ਕੋਈ ਫ਼ਿਕਰ ਨਹੀਂ ਏ, ਖਸਮਾਂ ਨੂੰ ਖਾਏ ‘ਸਹੁਰਾ’ ਘਰ-ਬਾਰ।
ਤੀਆਂ ਦੇ ਵਿੱਚ ਨੱਚਣ ਸਹੇਲੀਆਂ, ਬੋਲੀ ਪਾ ਕੇ ਕਿੱਕਲੀ ਪਾਵਣ,
ਫ਼ਿਕਰ ਨਾ ਫ਼ਾਕਾ, ਖੁੱਲ੍ਹ ਕੇ ਨੱਚਣ, ਨਣਦਾਂ ਭਾਬੀਆਂ ਦੇ ਵਿਚਕਾਰ।
ਬਾਗ਼ਾਂ ਦੇ ਵਿੱਚ ਕੋਇਲਾਂ ਕੂਕਣ,’ਕੂ-ਕੂ’ ਕਰਦੀਆਂ ਵਿੱਚ ਅੰਬਾਂ ਦੇ,
ਉਡੀਕ ਰਹੀਆਂ ਨੇ ਸੱਜਣ ਆਪਣੇ, ਛੇੜ ਕੇ ਬਿਰਹੋਂ ਦੀ ਕੋਈ ਤਾਰ।
ਉਹਨਾਂ ਨੂੰ ਕੋਈ ਪੁੱਛ ਕੇ ਵੇਖੇ, ਪ੍ਰੀਤਮ ਵਿੱਚ ਪਰਦੇਸ ਜੀਹਨਾਂ ਦੇ,
ਉਹਨਾਂ ਦੀਆਂ ਬੱਸ ਓਹੀ ਜਾਨਣ, ਜਾਂ ਫਿਰ ਓਹਨਾਂ ਦੇ ਦਿਲਦਾਰ।
ਸਾਉਣ ਮਹੀਨਾ ਦੂਰ ਨੇ ਸੱਜਣ, ਹਾੜਾ ਨੀ ਕੋਈ ਆਣ ਮਿਲਾਵੇ,
ਉਹਨਾਂ ਦੀ ਵੀ ਸੁਣ ਲੈ ਰੱਬਾ! ਕਰ ਰਹੀਆਂ ‘ਝੰਡ’ ਚੀਖ਼-ਪੁਕਾਰ।
ਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647-567-9128

