ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ‘ਅਦਾਰਾ ਸਿੱਖ ਵਿਰਸਾ’ ਤੇ ‘ਪਾਕਿਸਤਾਨ ਕੈਨੇਡੀਅਨ ਐਸੋਸੀਏਸ਼ਨ ਅਲਬਰਟਾ’ ਦੇ ਸਹਿਯੋਗ ਨਾਲ ਵਿਚਾਰ ਚਰਚਾ ਦਾ ਸੈਸ਼ਨ ਕੋਸੋ ਹਾਲ ਦੇ ਭਰਵੇਂ ਇਕੱਠ ਵਿੱਚ ਕਰਵਾਇਆ ਗਿਆ। ਇਸ ਮੌਕੇ ‘ਤੇ ਵੱਖ-ਵੱਖ ਬੁਲਾਰਿਆਂ ਨੇ ਇੰਡੀਆ ਤੇ ਪਾਕਿਸਤਾਨ ਵਿੱਚ ਕਸ਼ਮੀਰ ਵਿੱਚ ਪੁਲਵਾਮਾ ਵਿਖੇ ਸੀ ਆਰ ਪੀ ਐਫ ਦੇ ਜਵਾਨਾਂ ‘ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜੰਗ ਦੇ ਬਣ ਰਹੇ ਹਾਲਾਤ ‘ਤੇ ਵਿਚਾਰ ਪੇਸ਼ ਕੀਤੇ ਅਤੇ ਇਹ ਸੁਨੇਹਾ ਦਿੱਤਾ ਕਿ ਸਾਨੂੰ ਜੰਗ ਦੀ ਨਹੀਂ ਅਮਨ ਤੇ ਤਰੱਕੀ ਦੀ ਲੋੜ ਹੈ। ਇਸ ਮੌਕੇ ਕਸ਼ਮੀਰੀ ਨੌਜਵਾਨ ਜ਼ੁਨੈਦ ਬਹਾਦਰ ਖਾਨ ਵਲੋਂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਵਲੋਂ ਕੀਤੀਆਂ ਜਾ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਨਿਖੇਧੀ ਕਰਨ ਦੇ ਨਾਲ-ਨਾਲ ਦੱਸਿਆ ਕਿ ਜਦ ਵੀ ਭਾਰਤ-ਪਾਕਿਸਤਾਨ ਸਰਹੱਦਾਂ ‘ਤੇ ਤਣਾਅ ਵੱਧਦਾ ਹੈ, ਉਦੋਂ ਸਭ ਤੋਂ ਵੱਧ ਨੁਕਸਾਨ ਕਸ਼ਮੀਰੀਆਂ ਦਾ ਹੁੰਦਾ ਹੈ। ਉਨ੍ਹਾਂ ਦੇਸ਼ ਦੇ ਨਾਮ ਤੇ ਮਨੁੱਖਤਾ ਦੀ ਚੜ੍ਹਾਈ ਜਾ ਰਹੀ ਬਲ਼ੀ ਦੀ ਵੀ ਸਖਤ ਨਿਖੇਧੀ ਕੀਤੀ। ‘ਸਿੱਖ ਵਿਰਸਾ’ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਵਲੋਂ ਇਹ ਖਦਸ਼ਾ ਜਾਹਰ ਕੀਤਾ ਕਿ ਪੁਲਵਾਮਾ ਹਮਲੇ ਪਿਛੇ ਦੇਖਣ ਨੂੰ ਭਾਵੇਂ ਕਿਸੇ ਅੱਤਵਾਦੀ ਜਥੇਬੰਦੀ ਦਾ ਹੱਥ ਹੋਵੇ, ਪਰ ਜਿਨ੍ਹਾਂ ਹਾਲਾਤ ਵਿੱਚ ਇਹ ਹਮਲਾ ਹੋਇਆ ਉਸ ਤੋਂ ਬਿਲਕੁਲ ਸਪੱਸ਼ਟ ਹੈ ਕਿ ਇਸ ਹਮਲੇ ਪਿਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ ਕਿਉਂਕਿ ਮੋਦੀ ਸਰਕਾਰ ਮਈ 2019 ਦੀਆਂ ਚੋਣਾਂ ਜਿੱਤਣ ਲਈ ਕੁਝ ਵੀ ਕਰ ਸਕਦੀ ਹੈ, ਕਿਉਂਕਿ ਉਨ੍ਹਾਂ ਦਾ ਮੁੱਖ ਏਜੰਡਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਹੈ।’ ਪਾਕਿਸਤਾਨ ਕੈਨੇਡੀਅਨ ਐਸੋਸੀਏਸ਼ਨ ਅਲਬਰਟਾ’ ਦੇ ਬੁਲਾਰੇ ਅਸਜਦ ਬੁਖਾਰੀ ਵਲੋਂ ਸਰਕਾਰਾਂ ਦੀ ਇਸ ਗੱਲ ਲਈ ਨਿਖੇਧੀ ਕੀਤੀ ਕਿ ਲੋਕ ਤਾਂ ਭੁੱਖੇ ਮਰ ਰਹੇ ਹਨ ਤੇ ਸਰਕਾਰਾਂ ਆਪਣੇ ਬਜਟ ਦਾ ਵੱਡਾ ਹਿੱਸਾ ਹਥਿਆਰ ਖਰੀਦਣ ਲਈ ਵਰਤ ਰਹੀਆਂ ਹਨ। ਉਨ੍ਹਾਂ ਕਟਾਕਸ਼ ਕੀਤਾ ਕਿ ਇੱਕ ਪਾਸੇ ਕਸ਼ਮੀਰ ਨੂੰ ਆਪਣੀ ਸ਼ਾਹ ਰਗ ਜਾਂ ਦੇਸ਼ ਦਾ ਅਟੁੱਟ ਅੰਗ ਕਿਹਾ ਜਾ ਰਿਹਾ ਹੈ, ਦੂਜੇ ਪਾਸੇ ਕਸ਼ਮੀਰੀਆਂ ਦੀਆਂ ਸ਼ਾਹ ਰਗਾਂ ਕੱਟੀਆਂ ਜਾ ਰਹੀਆਂ ਹਨ। ਰੈਡ ਐਫ ਐਮ ਦੇ ਹੋਸਟ ਰਿਸ਼ੀ ਨਾਗਰ ਵਲੋਂ ਪੁਲਵਾਮਾ ਹਮਲੇ ਦੇ ਸੰਦਰਭ ਵਿੱਚ ਭਾਰਤੀ ਮੀਡੀਏ ਦੇ ਰੋਲ ਦੀ ਨਿਖੇਧੀ ਕੀਤੀ ਤੇ ਭਾਰਤ ਵਿੱਚ ਆਪਣੀ ਪੱਤਰਕਾਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਕਮਿਊਨਿਟੀ ਵਰਕਰ ਹੁਮੈਰਾ ਫਲਕ ਵਲੋਂ ਜੰਗ ਦੇ ਇਸ ਮਾਹੌਲ ਵਿੱਚ ਕੈਨੇਡਾ ਵਿੱਚ ਭਾਰਤੀਆਂ ਤੇ ਪਾਕਿਸਤਾਨੀਆਂ ਨੂੰ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ।
ਕਸ਼ਮੀਰੀ ਬੁਲਾਰੇ ਇਰਫਾਨ ਇਸ਼ਾਕ ਵਲੋਂ ਕਸ਼ਮੀਰੀਆਂ ਨਾਲ ਹੋ ਰਹੀਆਂ ਵਧੀਕੀਆਂ ਦੀ ਚਰਚਾ ਕੀਤੀ ਤੇ ਕਸ਼ਮੀਰ ਦੇ ਮਸਲੇ ਦੇ ਰਾਜਨੀਤਕ ਹੱਲ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਦੋਨਾਂ ਦੇਸ਼ਾਂ ਵਿੱਚ ਜੰਗ ਦਾ ਮਾਹੌਲ ਬਣਦਾ ਹੈ ਤਾਂ ਕਸ਼ਮੀਰੀਆਂ ਨੂੰ ਗੱਲਬਾਤ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ, ਜਦਕਿ ਸਭ ਤੋਂ ਵੱਧ ਨੁਕਸਾਨ ਕਸ਼ਮੀਰੀਆਂ ਦਾ ਹੋ ਰਿਹਾ ਹੈ।
ਇਸ ਵਿਚਾਰ ਚਰਚਾ ਵਿੱਚ ‘ਵੈਨਜ਼ੂਐਲਾ’ ਦੀ ਮੌਜੂਦਾ ਰਾਜਨੀਤਕ ਤੇ ਆਰਥਿਕ ਹਾਲਤ ਬਾਰੇ ਚਰਚਾ ਕਰਦੇ ਹੋਏ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਕਿਵੇਂ ਤੇਲ ਤੇ ਹੋਰ ਕੁਦਰਤੀ ਸਾਧਨਾਂ ਤੇ ਕਬਜ਼ੇ ਦੀ ਲਾਲਸਾ ਵਿੱਚ ਸਰਮਾਏਦਾਰੀ ਤਾਕਤਾਂ ਵੈਨਜ਼ੂਐਲਾ ਦੀ ਆਰਥਿਕਤਾ ਤਬਾਹ ਕਰ ਰਹੀਆਂ ਹਨ। ਇਸ ਮੌਕੇ ਤੇ ਨਵਕਿਰਨ ਢੁੱਡੀਕੇ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਬਹੁਤ ਭਾਵਪੂਰਤ ਕਵਿਤਾ ਸਾਂਝੀ ਕੀਤੀ। ਕਮਲਪ੍ਰੀਤ ਪੰਧੇਰ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਬੰਧੀ ਬੋਲਦੇ ਹੋਏ ਔਰਤਾਂ ‘ਤੇ ਹੁੰਦੇ ਜਿਣਸੀ ਸੋਸ਼ਣ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਬਹੁਤੀਆਂ ਔਰਤਾਂ ਜਾਂ ਬੱਚੀਆਂ ਦਾ ਸੋਸ਼ਣ ਘਰੇਲੂ ਮਰਦਾਂ ਵਲੋਂ ਹੀ ਕੀਤਾ ਜਾਂਦਾ ਹੈ। ਉਨ੍ਹਾਂ ਪੰਜਾਬੀ ਜਾਂ ਭਾਰਤੀ ਭਾਈਚਾਰੇ ਵਿੱਚ ਔਰਤਾਂ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਵਿਚਾਰ ਸਾਂਝੇ ਕੀਤੇ। ਲੇਖਿਕਾ ਗੁਰਚਰਨ ਕੌਰ ਥਿੰਦ ਵਲੋਂ ਵੀ ਔਰਤਾਂ ਬਾਰੇ ਬੋਲਦੇ ਹੋਏ ਕਿਹਾ ਕਿ ਸਾਡੀ ਮਾਨਸਿਕਤਾ ਅਜਿਹੀ ਬਣ ਗਈ ਹੈ ਕਿ ਜੇ ਕੋਈ ਔਰਤ ਕਿਸੇ ਮਰਦ ਨਾਲ ਆਮ ਗੱਲ ਵੀ ਕਰਦੀ ਹੈ ਤਾਂ ਉਸਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ।
Home / ਕੈਨੇਡਾ / ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਬੁਲਾਰਿਆਂ ਵਲੋਂ ਜੰਗ ਨਹੀਂ, ਅਮਨ ਦਾ ਸੁਨੇਹਾ ਦਿੱਤਾ ਗਿਆ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …