Breaking News
Home / ਸੰਪਾਦਕੀ / ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਕੀ ਕੀਤਾ ਜਾਵੇ?

ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਕੀ ਕੀਤਾ ਜਾਵੇ?

ਵਿਸ਼ਵ ਦੀਆਂ ਵਿੱਤੀ ਸੰਸਥਾਵਾਂ ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ ਆਦਿ ਵਿਚ ਵਿਕਸਿਤ ਦੇਸ਼ਾਂ ਦਾ ਯੋਗਦਾਨ ਜ਼ਿਆਦਾ ਹੈ ਅਤੇ ਉਹ ਉਨ੍ਹਾਂ ਸੰਸਥਾਵਾਂ ਦੀਆਂ ਨੀਤੀਆਂ ਨੂੰ ਵੀ ਨਿਰਧਾਰਤ ਕਰਦੇ ਹਨ। ਇਸੇ ਕਾਰਨ ਦੁਨੀਆ ਦੇ ਵਿਕਸਿਤ ਦੇਸ਼ ਅਮਰੀਕਾ, ਕੈਨੇਡਾ, ਜਰਮਨੀ, ਫਰਾਂਸ, ਜਾਪਾਨ ਆਦਿ ਕਰਜ਼ਦਾਤਾ ਹਨ ਜਦੋਂ ਕਿ ਵਿਕਾਸ ਕਰ ਰਹੇ ਦੇਸ਼ ਕਰਜ਼ਈ ਹਨ। ਕਰਜ਼ਈ ਦੇਸ਼ਾਂ ਨੂੰ ਉਸ ਕਰਜ਼ੇ ਦੇ ਵਿਆਜ ਦੇ ਨਾਲ-ਨਾਲ ਉਨ੍ਹਾਂ ਦੇਸ਼ਾਂ ਵਲੋਂ ਦੱਸੀਆਂ ਗਈਆਂ ਨੀਤੀਆਂ ਨੂੰ ਵੀ ਮਜਬੂਰੀਵੱਸ ਲਾਗੂ ਕਰਨਾ ਪੈਂਦਾ ਹੈ। ਕਰਜ਼ਾ ਲੈਣਾ ਕਮਜ਼ੋਰ ਆਰਥਿਕਤਾ ਦੀ ਮਜਬੂਰੀ ਬਣ ਜਾਂਦੀ ਹੈ ਜਿਸ ਦਾ ਉਦੇਸ਼ ਆਰਥਿਕਤਾ ਨੂੰ ਸੁਧਾਰਨਾ ਹੁੰਦਾ ਹੈ। ਭਾਰਤ ਦੇ ਪ੍ਰਾਂਤਾਂ ਦੀਆਂ ਸਰਕਾਰਾਂ ਵੀ ਕਰਜ਼ਈ ਹਨ, ਜਿਨ੍ਹਾਂ ਨੇ ਆਪਣੇ ਰਾਜ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਰਜ਼ੇ ਦਾ ਸਹਾਰਾ ਲਿਆ ਹੋਇਆ ਹੈ। ਤਕਰੀਬਨ ਸਾਰੇ ਹੀ ਪ੍ਰਾਂਤਾਂ ਦੀਆਂ ਸਰਕਾਰਾਂ ਕਰਜ਼ਈ ਹਨ ਪਰ ਪਿਛਲੇ ਸਮਿਆਂ ਵਿਚ ਜਿਸ ਰਫ਼ਤਾਰ ਨਾਲ ਅਤੇ ਜਿਸ ਮਾਤਰਾ ਨਾਲ ਪੰਜਾਬ ਦੀ ਸਰਕਾਰ ਦਾ ਕਰਜ਼ਾ ਵਧਿਆ ਹੈ, ਉਹ ਪੰਜਾਬ ਦੀ ਜਨਤਾ ‘ਤੇ ਵੱਡਾ ਬੋਝ ਬਣ ਗਿਆ ਹੈ, ਜਿਸ ਕਰਕੇ ਜਨਤਕ ਭਲਾਈ ਦੀਆਂ ਸਕੀਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ।
ਪ੍ਰਾਂਤ ਦੀ ਆਰਥਿਕ ਸਥਿਤੀ ‘ਤੇ ਪ੍ਰਾਂਤ ਦੀ ਸਰਕਾਰ ਦੀ ਆਮਦਨ ਨਿਰਭਰ ਕਰਦੀ ਹੈ। ਜੇ ਖੁਸ਼ਹਾਲ ਆਰਥਿਕਤਾ ਹੈ ਤਾਂ ਟੈਕਸਾਂ ਦੇ ਰੂਪ ਵਿਚ ਵੱਧ ਆਮਦਨ ਇਕੱਠੀ ਹੋ ਸਕਦੀ ਹੈ। ਸੰਨ 2000 ਤੋਂ ਪਹਿਲਾਂ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਪੰਜਾਬ ਭਾਰਤ ਦਾ ਪਹਿਲੇ ਨੰਬਰ ਦਾ ਪ੍ਰਾਂਤ ਸੀ ਭਾਵੇਂ ਕਿ ਉਸ ਵਕਤ ਵੀ ਪੰਜਾਬ ਦੀ ਸਰਕਾਰ ਕਰਜ਼ਈ ਤਾਂ ਸੀ ਪਰ ਇਹ ਕਰਜ਼ਾ 10 ਹਜ਼ਾਰ ਕਰੋੜ ਰੁਪਏ ਤੋਂ ਘੱਟ ਹੀ ਸੀ ਜਦੋਂ ਕਿ ਹੁਣ 20 ਸਾਲਾਂ ਬਾਅਦ ਪੰਜਾਬ ਸਰਕਾਰ ਨੇ ਹਰ ਸਾਲ 20 ਹਜ਼ਾਰ ਕਰੋੜ ਰੁਪਏ ਦੇ ਕਰੀਬ ਉਸ ਲਏ ਕਰਜ਼ੇ ਦਾ ਵਿਆਜ਼ ਹੀ ਅਦਾ ਕਰਨਾ ਹੁੰਦਾ ਹੈ, ਜਿਹੜਾ ਕਿ ਗ਼ੈਰ-ਉਪਜਾਊ ਖ਼ਰਚ ਹੈ। ਪੰਜਾਬ ਦਾ ਪ੍ਰਤੀ ਵਿਅਕਤੀ ਕਰਜ਼ਾ 96 ਹਜ਼ਾਰ ਰੁਪਏ ਹੈ ਜਿਹੜਾ ਭਾਰਤ ਵਿਚ ਸਭ ਤੋਂ ਵੱਧ ਹੈ।
ਪ੍ਰਾਂਤ ਦੀ ਆਮਦਨ, ਕੇਂਦਰ ਸਰਕਾਰ ਤੋਂ ਗਰਾਂਟ ਅਤੇ ਟੈਕਸਾਂ ਤੋਂ ਕੀਤੀ ਕਮਾਈ ਦੇ ਹਿੱਸੇ ਤੋਂ ਇਲਾਵਾ ਪ੍ਰਾਂਤਾਂ ਵਲੋਂ ਲਾਏ ਗਏ ਟੈਕਸ, ਜਿਨ੍ਹਾਂ ਵਿਚ ਮੁੱਖ ਵੈਟ (ਮੁੱਲ ਵਾਧਾ ਟੈਕਸ) ਅਤੇ ਪ੍ਰਾਂਤਾਂ ਦੇ ਅਦਾਰਿਆਂ ਤੋਂ ਕੀਤੀ ਗ਼ੈਰ-ਟੈਕਸ ਕਮਾਈ ਹੁੰਦੀ ਹੈ। ਇਹ ਗ਼ੈਰ-ਟੈਕਸ ਕਮਾਈ ਅੱਜ ਕੱਲ੍ਹ ਨਿਗੂਣੀ ਹੈ ਸਗੋਂ ਸਰਕਾਰ ਵਲੋਂ ਚਲਾਈਆਂ ਗਈਆਂ ਜ਼ਿਆਦਾਤਰ ਵਪਾਰਕ ਇਕਾਈਆਂ ਘਾਟੇ ਵਿਚ ਜਾ ਰਹੀਆਂ ਹਨ। 1960 ਤੋਂ ਬਾਅਦ ਭਾਰਤ ਸਰਕਾਰ ਦੀ ਤਰਜ਼ ‘ਤੇ ਪੰਜਾਬ ਵਿਚ ਬਹੁਤ ਸਾਰੀਆਂ ਵਪਾਰਕ ਇਕਾਈਆਂ ਸਰਕਾਰ ਵਲੋਂ ਚਲਾਈਆਂ ਗਈਆਂ ਸਨ ਜਿਨ੍ਹਾਂ ਵਿਚ ਕਾਰਖਾਨੇ, ਟਰਾਂਸਪੋਰਟ ਅਤੇ ਇਥੋਂ ਤੱਕ ਕਿ ਹੋਟਲ ਵੀ ਚਾਲੂ ਕੀਤੇ ਗਏ ਸਨ। ਪਰ ਉਹ ਵਪਾਰਕ ਇਕਾਈਆਂ ਲਗਾਤਾਰ ਘਾਟੇ ਵਿਚ ਗਈਆਂ। ਇਹ ਵੀ ਦਿਲਚਸਪ ਤੱਥ ਹੈ ਕਿ ਖੰਡ ਮਿੱਲਾਂ ਨੂੰ ਸਹਿਕਾਰੀ ਹੱਥਾਂ ਵਿਚ ਦੇ ਦਿੱਤਾ ਗਿਆ ਅਤੇ ਦੂਸਰੀਆਂ ਇਕਾਈਆਂ ਨੂੰ ਵੇਚ ਦਿੱਤਾ ਗਿਆ ਅਤੇ ਘਟਾਇਆ ਗਿਆ। ਜਿਥੇ ਨਿੱਜੀ ਖੰਡ ਮਿੱਲ ਦੇ ਕਾਰੋਬਾਰ ਦਿਨੋ-ਦਿਨ ਵਧਦੇ ਗਏ, ਟਰਾਂਸਪੋਰਟ ਕੰਪਨੀਆਂ ਅਤੇ ਹੋਟਲਾਂ ਦੀ ਕਮਾਈ ਨਿੱਜੀ ਹੱਥਾਂ ਵਿਚ ਵਧਦੀ ਗਈ, ਉਥੇ ਸਰਕਾਰੀ ਕਾਰੋਬਾਰਾਂ ਦੀ ਕਮਾਈ ਘਟਦੀ ਗਈ ਅਤੇ ਬਜਾਏ ਕਿ ਉਨ੍ਹਾਂ ਦੀ ਪ੍ਰਬੰਧਕੀ ਯੋਗਤਾ ਨੂੰ ਵਧਾ ਕੇ ਘਾਟੇ ਵਾਲੀਆਂ ਇਕਾਈਆਂ ਨੂੰ ਲਾਭ ਵਾਲੀਆਂ ਇਕਾਈਆਂ ਵਿਚ ਬਦਲਿਆ ਜਾਂਦਾ। ਉਹ ਇਕਾਈਆਂ ਜਾਂ ਬੰਦ ਕਰ ਦਿੱਤੀਆਂ ਗਈਆਂ, ਵੇਚ ਦਿੱਤੀਆਂ ਗਈਆਂ ਜਾਂ ਉਨ੍ਹਾਂ ਦੇ ਕੰਮ ਘਟਾ ਦਿੱਤੇ ਗਏ। ਜੇ ਇਹ ਇਕਾਈਆਂ ਵਾਧੇ ਵਿਚ ਜਾਂਦੀਆਂ ਤਾਂ ਇਸ ਨਾਲ ਸਰਕਾਰ ਦੀ ਆਮਦਨ ਵਧਣੀ ਸੀ, ਜਿਸ ਨਾਲ ਜਨਤਾ ਦੇ ਟੈਕਸ ਘਟਣੇ ਸਨ ਅਤੇ ਜਨਤਕ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਸੀ। ਇਸ ਨਾਲ ਸਮਾਜਿਕ ਸੁਰੱਖਿਆ ਵਿਚ ਵੀ ਵਾਧਾ ਹੋਣਾ ਸੀ ਪਰ ਜਦੋਂ ਇਹ ਘਾਟੇ ਵਿਚ ਗਈਆਂ ਤਾਂ ਇਹ ਜਨਤਕ ਬੋਝ ਬਣ ਗਈਆਂ ਅਤੇ ਸਰਕਾਰ ਦੀ ਆਮਦਨ ਘਟਣ ਕਰਕੇ ਸਰਕਾਰ ਨੂੰ ਕਰਜ਼ੇ ‘ਤੇ ਨਿਰਭਰ ਹੋਣਾ ਪਿਆ।
ਪੰਜਾਬ ਸਰਕਾਰ ਸਿਰ ਕਰਜ਼ੇ ਪ੍ਰਤੱਖ ਰੂਪ ਵਿਚ ਪੰਜਾਬ ਦੀ ਕਮਜ਼ੋਰ ਹੋ ਰਹੀ ਆਰਥਿਕ ਸਥਿਤੀ ਨਾਲ ਸਬੰਧਿਤ ਹਨ। ਪਹਿਲੇ ਨੰਬਰ ਦੀ ਪ੍ਰਤੀ ਵਿਅਕਤੀ ਆਮਦਨ ਦੀ ਸਥਿਤੀ ਤੋਂ ਖਿਸਕਦਿਆਂ ਹੋਇਆਂ ਪੰਜਾਬ 12ਵੇਂ ਨੰਬਰ ‘ਤੇ ਆ ਗਿਆ ਜਦੋਂ ਕਿ ਪ੍ਰਤੀ ਵਿਅਕਤੀ ਕਰਜ਼ੇ ਦੇ ਪੱਖ ਤੋਂ ਪਹਿਲੇ ਨੰਬਰ ‘ਤੇ ਆ ਗਿਆ। ਉਹ ਪ੍ਰਾਂਤ ਜਿਹੜੇ ਪ੍ਰਤੀ ਵਿਅਕਤੀ ਆਮਦਨ ਵਿਚ ਬਹੁਤ ਪਿੱਛੇ ਸਨ, ਉਹ ਹੁਣ ਪੰਜਾਬ ਤੋਂ ਕਿਤੇ ਅੱਗੇ ਨਿਕਲ ਗਏ ਹਨ ਜਿਨ੍ਹਾਂ ਵਿਚ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਆਦਿ ਆਉਂਦੇ ਹਨ। ਉਨ੍ਹਾਂ ਪ੍ਰਾਂਤਾਂ ਦੀ ਆਰਥਿਕ ਸਥਿਤੀ ਵਿਚ ਵੱਡਾ ਸੁਧਾਰ ਆਇਆ ਹੈ ਜਿਸ ਦਾ ਅਧਿਐਨ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਪ੍ਰਾਂਤ ਖੇਤੀ ਪ੍ਰਮੁੱਖਤਾ ਤੋਂ ਉਦਯੋਗਿਕ ਪ੍ਰਮੁੱਖਤਾ ਅਤੇ ਆਰਥਿਕ ਵਿਭਿੰਨਤਾ ਵੱਲ ਚਲੇ ਗਏ ਹਨ। ਉਨ੍ਹਾਂ ਪ੍ਰਾਂਤਾਂ ਦੀ ਜ਼ਿਆਦਾਤਰ ਵਸੋਂ ਖੇਤੀ ਤੋਂ ਉਦਯੋਗ ਵੱਲ ਅਤੇ ਹੋਰ ਪੇਸ਼ਿਆਂ ਵੱਲ ਤਬਦੀਲ ਹੋ ਗਈ ਜਦੋਂ ਕਿ ਪੰਜਾਬ ਅਜੇ ਵੀ ਖੇਤੀ ਪ੍ਰਮੁੱਖ ਪ੍ਰਾਂਤ ਹੈ ਜਿਸ ਦੀ ਵਸੋਂ 60 ਫ਼ੀਸਦੀ ਖੇਤੀ ਵਿਚ ਲੱਗੀ ਹੋਈ ਹੈ ਭਾਵੇਂ ਕਿ ਪ੍ਰਾਂਤ ਦੇ ਕੁੱਲ ਘਰੇਲੂ ਉਤਪਾਦਨ ਵਿਚ ਖੇਤੀ ਦਾ ਹਿੱਸਾ ਘਟ ਕੇ ਸਿਰਫ 19 ਫ਼ੀਸਦੀ ਰਹਿ ਗਿਆ ਹੈ। ਇਸ ਤੋਂ ਇਲਾਵਾ 9 ਫ਼ੀਸਦੀ ਡੇਅਰੀ ਦਾ ਹਿੱਸਾ ਹੈ ਜਿਹੜਾ ਸਾਰੇ ਦੇਸ਼ ਵਿਚ ਸਭ ਤੋਂ ਵੱਧ ਹੈ। ਇਸ ਤਰ੍ਹਾਂ ਖੇਤੀ ਤੋਂ ਇਲਾਵਾ ਹੋਰ ਪੇਸ਼ਿਆਂ ਵਿਚ ਓਨਾ ਵਾਧਾ ਨਾ ਹੋ ਸਕਿਆ ਕਿ ਖੇਤੀ ਵਾਲੀ ਅਰਧ-ਬੇਰੁਜ਼ਗਾਰ ਵਸੋਂ ਨੂੰ ਪੂਰਨ ਰੁਜ਼ਗਾਰ ਦੇ ਮੌਕੇ ਦਿੱਤੀ ਜਾ ਸਕਦੇ। ਪੰਜਾਬ ਸਰਕਾਰ ਦੇ ਕਰਜ਼ੇ ਨੂੰ ਘਟਾਉਣ ਲਈ ਪੰਜਾਬ ਆਰਥਿਕਤਾ ਦੇ ਉਭਾਰ ਦੀਆਂ ਉਨ੍ਹਾਂ ਸਭ ਰੁਕਾਵਟਾਂ ਨੂੰ ਦੂਰ ਕਰਨਾ ਪੈਣਾ ਹੈ ਜਿਸ ਨਾਲ ਕਿ ਪੰਜਾਬ ਫਿਰ ਪਹਿਲਾਂ ਵਾਲਾ ਖੁਸ਼ਹਾਲ ਪ੍ਰਾਂਤ ਬਣੇ। ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਲਈ ਇਕ ਠੋਸ ਯੋਜਨਾ ਦੀ ਲੋੜ ਹੈ ਜਿਹੜੀ ਵੋਟ ਦੀ ਰਾਜਨੀਤੀ ‘ਤੇ ਆਧਾਰਿਤ ਨਾ ਹੋਵੇ ਸਗੋਂ ਕਿ ਆਰਥਿਕ ਵਿਕਾਸ ਦੇ ਉਦੇਸ਼ ‘ਤੇ ਆਧਾਰਿਤ ਹੋਵੇ ਜਿਸ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਇਕਸੁਰਤਾ ਹੋਵੇ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …