ਡੋਨਲਡ ਟਰੰਪ ਨੇ ਟੈਰਿਫ ਜੰਗ ਤੋਂ ਬਾਅਦ ਅਮਰੀਕਾ ਅੰਦਰ ਹੁਣ ਪਰਵਾਸੀ ਵਿਰੋਧੀ ਜੰਗ ਦਾ ਮੋਰਚਾ ਖੋਲ੍ਹ ਦਿੱਤਾ ਹੈ। ਟਰੰਪ ਦੇ ਟੈਰਿਫ ਸਦਮੇ ਵਿੱਚ ਘਿਰਿਆ ਸੰਸਾਰ ਹੁਣ ਅਮਰੀਕਾ ਅੰਦਰ ਉਸ ਦੁਆਰਾ ਐੱਫਬੀਆਈ, ਆਈਸੀਈ, ਨੈਸ਼ਨਲ ਗਾਰਡ ਆਦਿ ਫੌਜੀ ਤੇ ਇਮੀਗ੍ਰੇਸ਼ਨ ਵਿਭਾਗਾਂ ਨੂੰ ਦਿੱਤੇ ਬੇਲਗਾਮ ਅਧਿਕਾਰਾਂ ਦੇ ਪੈਦਾ ਕੀਤੇ ਖ਼ੌਫ਼ ਦੇਖ ਰਿਹਾ ਹੈ। ਪੁਲਿਸ, ਫੌਜ ਤੇ ਇਮੀਗ੍ਰੇਸ਼ਨ ਏਜੰਸੀਆਂ ਦੀਆਂ ਧੱਕੇਸ਼ਾਹੀਆਂ ਖਿਲਾਫ ਅਮਰੀਕਾ ਦੇ ਦਰਜਨਾਂ ਵੱਡੇ ਸ਼ਹਿਰਾਂ ਵਿੱਚ ਪਰਵਾਸੀਆਂ ਸਮੇਤ ਹਜ਼ਾਰਾਂ ਅਮਰੀਕੀ ਟਰੰਪ ਦੀਆਂ ਪਰਵਾਸੀ ਵਿਰੋਧੀ ਨੀਤੀਆਂ ਦਾ ਸਖ਼ਤ ਵਿਰੋਧ ਕਰ ਰਹੇ ਹਨ। ਪਰਵਾਸੀ ਕਾਮੇ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਟਰੇਡ ਯੂਨੀਅਨਾਂ, ਤਬਦੀਲੀਪਸੰਦ ਤੇ ਜਮਹੂਰੀ ਹੱਕਾਂ ਦੀਆਂ ਝੰਡਾਬਰਦਾਰ ਸੰਸਥਾਵਾਂ ਦੇ ਲੋਕ ਨਿੱਤ ਦਿਨ ਸਰਕਾਰੀ ਨੀਤੀਆਂ ਖਿਲਾਫ਼ ਸੜਕਾਂ ‘ਤੇ ਉੱਤਰ ਰਹੇ ਹਨ। ਇਸ ਸਮੇਂ ਅਮਰੀਕਾ ਅੰਦਰ ਸਰਕਾਰੀ ਨੀਤੀਆਂ ਖਿਲਾਫ ਦੁਨੀਆ ਭਰ ਵਿੱਚੋਂ ਸਭ ਤੋਂ ਵਿਸ਼ਾਲ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਈ ਸ਼ਹਿਰਾਂ ਵਿੱਚ ਇਹ ਰੋਸ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ ਤੇ ਪੁਲਿਸ ਨਾਲ ਸਿੱਧੀ ਝੜਪ ਵਿੱਚ ਬਦਲ ਗਏ। ਵਿਰੋਧ ਪ੍ਰਦਰਸ਼ਨਾਂ ਦੀ ਇਹ ਲਹਿਰ ਅਮਰੀਕਾ ਦੇ ਮੁੱਖ ਸ਼ਹਿਰ ਲਾਸ ਏਂਜਲਸ ਵਿੱਚ ਸਰਕਾਰੀ ਇਮੀਗ੍ਰੇਸ਼ਨ ਏਜੰਸੀਆਂ ਵੱਲੋਂ ਵੱਡੇ ਪੱਧਰ ‘ਤੇ ਕੀਤੀ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਵਿਰੁੱਧ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਫੈਲ ਰਹੀ ਹੈ।
14 ਜੂਨ ਨੂੰ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਫੌਜ ਦੀ 250ਵੀਂ ਵਰ੍ਹੇਗੰਢ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ 79ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਵੱਡੀ ਫੌਜੀ ਪਰੇਡ ਕੀਤੀ ਗਈ। ਪ੍ਰਾਈਵੇਟ ਹਥਿਆਰ ਕੰਪਨੀਆਂ ਦੀ ਸਪਾਂਸਰ ਇਸ ਪਰੇਡ ਵਿੱਚ ਭਾਰੀ ਫੌਜੀ ਨਫਰੀ ਤੇ ਫੌਜੀ ਟੈਂਕ, ਲੜਾਕੂ ਜਹਾਜ਼ਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਜ਼ਰਬਾਂ ਦਿੱਤੀਆਂ ਅਤੇ ਦੇਸ਼ ਭਰ ਵਿੱਚ ‘ਨੋ ਕਿੰਗਜ਼’ ਦੇ ਵੱਡੇ ਵਿਰੋਧ ਪ੍ਰਦਰਸ਼ਨ ਹੋਏ ਜੋ ਅਮਰੀਕਾ ਵਿੱਚ ਵਧ ਰਹੀ ਜੰਗਬਾਜ਼ੀ ਅਤੇ ਰਾਸ਼ਟਰਪਤੀ ਦੀ ਵਧਦੀ ਤਾਨਾਸ਼ਾਹੀ ਖਿਲਾਫ ਸਨ।
ਸ਼ੁਰੂ ਵਿੱਚ ਟਰੰਪ ਪ੍ਰਸ਼ਾਸਨ ਨੇ ਕੈਲੀਫੋਰਨੀਆ ਸੂਬੇ ਦੀ ਮੰਗ ਤੋਂ ਬਿਨਾਂ ਹੀ ਸੂਬੇ ਅੰਦਰ ਦੋ ਹਜ਼ਾਰ ਨੈਸ਼ਨਲ ਗਾਰਡ ਤੇ ਮਰੀਨ (ਫੈਡਰਲ ਫ਼ੌਜ) ਤਾਇਨਾਤ ਕਰਨ ਦੇ ਹੁਕਮਾਂ ਦੇ ਦਿੱਤੇ। ਆਈਸੀਈ (ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ) ਏਜੰਟਾਂ ਨੇ ਤਾਕਤ ਦੀ ਵਰਤੋਂ ਕਰਦਿਆਂ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਵਾਂ ‘ਤੇ ਬਣੇ ਨਜ਼ਰਬੰਦੀ ਕੈਂਪਾਂ ਵਿੱਚ ਭੇਜ ਦਿੱਤਾ ਜਿੱਥੇ ਮੁੱਢਲੀਆਂ ਮੈਡੀਕਲ ਤੇ ਭੋਜਨ ਸੇਵਾਵਾਂ ਵੀ ਨਹੀਂ ਸਨ। ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਉੱਤੇ ਨਕਾਬਪੋਸ਼ ਪੁਲੀਸ/ਫੌਜ ਨੇ ਹੰਝੂ ਗੈਸ, ਮਿਰਚ ਸਪਰੇਅ, ਰਬੜ ਦੀਆਂ ਗੋਲੀਆਂ ਤੇ ਭਾਰੀ ਤਾਕਤ ਦੀ ਵਰਤੋਂ ਕੀਤੀ। ਟਰੰਪ ਨੇ ਸ਼ਾਂਤਮਈ ਪ੍ਰਦਰਸ਼ਨਾਂ ਨੂੰ ‘ਮਹਾਨ ਅਮਰੀਕੀ ਸ਼ਹਿਰ ਲਾਸ ਏਂਜਲਸ ਉੱਤੇ ਪਰਵਾਸੀਆਂ ਤੇ ਅਪਰਾਧੀਆਂ ਵੱਲੋਂ ਹਮਲਾ ਤੇ ਕਬਜ਼ਾ’ ਕਰਨ ਦੇ ਗੈਰ-ਸੰਜੀਦਾ ਤੇ ਸਨਸਨੀਖ਼ੇਜ਼ ਬਿਆਨ ਨੇ ਪਰਵਾਸੀਆਂ ਤੇ ਅਮਰੀਕਾ ਦੇ ਅਗਾਂਹਵਧੂ ਲੋਕਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਇਸ ਦੌਰਾਨ ਟਰੰਪ ਦੀਆਂ ਅਰਾਜਕਤਾਵਾਦੀ ਨੀਤੀਆਂ, ਜਿਹਨਾਂ ਵਿੱਚ ਟੈਰਿਫ ਜੰਗ, ਨਿਆਂਪਾਲਿਕਾ ਉੱਤੇ ਦਬਾਅ, ਸੰਵਿਧਾਨਕ ਹੱਦਾਂ ਦੀ ਉਲੰਘਣਾ, ਯੂਨੀਵਰਸਿਟੀਆਂ ਦੀ ਅਕਾਦਮਿਕ ਅਜ਼ਾਦੀ ‘ਤੇ ਹਮਲਾ ਤੇ ਫੰਡਾਂ ਵਿੱਚ ਕਟੌਤੀ, ਆਈਸੀਈ ਦੇ ਗੈਰ-ਕਾਨੂੰਨੀ ਛਾਪਿਆਂ ਤੇ ਗ੍ਰਿਫਤਾਰੀਆਂ ਆਦਿ ਖਿਲਾਫ਼ ਰੋਸ ਫੈਲ ਰਿਹਾ ਹੈ। ਅਮਰੀਕੀ ਸਮਾਜ ਅੰਦਰ ਟਰੰਪ ਦੀਆਂ ਅਰਾਜਕ ਨੀਤੀਆਂ, ਲੋਕਤੰਤਰ ਅਤੇ ਸੰਵਿਧਾਨਕ ਅਜ਼ਾਦੀ ਬਾਰੇ ਤਿੱਖੀ ਬਹਿਸ ਛਿੜ ਗਈ ਹੈ।
ਟਰੰਪ ਪ੍ਰਸ਼ਾਸਨ ਦੀਆਂ ਪਰਵਾਸੀ ਵਿਰੋਧੀ ਨੀਤੀਆਂ ਨੇ ਅਮਰੀਕੀ ਸਮਾਜ ਵਿੱਚ ਭੜਕਾਹਟ ਪੈਦਾ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਸਰਹੱਦੀ ਜ਼ਾਰ ਟੌਮ ਹੋਮਨ ਨੇ ਲਾਸ ਏਂਜਲਸ ਦੇ ਮੇਅਰ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਸੂਬੇ ਕੈਲੀਫੋਰਨੀਆ ਦੇ ਗਵਰਨਰ ਨੂੰ ਗ੍ਰਿਫਤਾਰ ਕਰਨ ਤੱਕ ਦੀ ਧਮਕੀ ਦੇ ਦਿੱਤੀ; ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਪਰਵਾਸੀਆਂ ਨੂੰ ‘ਹਮਲਾਵਰ ਵਿਦਰੋਹੀ’ ਕਿਹਾ ਹੈ। ਰੱਖਿਆ ਮੰਤਰੀ ਪੀਟ ਹੇਗਸੇਥ ਨੇ ‘ਹਿੰਸਕ ਭੀੜ’ ਤੇ ‘ਪਰਵਾਸੀ ਦੰਗਿਆਂ’ ਨੂੰ ਦਬਾਉਣ ਲਈ ਮਰੀਨ ਭੇਜਣ ਦੀ ਧਮਕੀ ਦਿੱਤੀ ਹੈ ਅਤੇ ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ‘ਠੱਗ’ ਕਿਹਾ ਤੇ ਮੂੰਹ ‘ਤੇ ਮਾਸਕ ਪਹਿਨ ਕੇ ਮੁਜ਼ਾਹਰਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਟਰੰਪ ਦੀ ਸੱਜੀ ਬਾਂਹ, ਉਸ ਦੇ ਸਿਆਸੀ ਸਲਾਹਕਾਰ ਤੇ ਸਮੂਹਿਕ ਦੇਸ਼ ਨਿਕਾਲੇ ਦੇ ਪ੍ਰਾਜੈਕਟ ਦੇ ਮੁਖੀ ਸਟੀਫਨ ਮਿਲਰ ਨੇ ਪਰਵਾਸੀਆਂ ਦੇ ਪ੍ਰਦਰਸ਼ਨਾਂ ਨੂੰ ‘ਅਮਰੀਕਾ ਦੇ ਕਾਨੂੰਨਾਂ ਤੇ ਪ੍ਰਭੂਸੱਤਾ ਵਿਰੁੱਧ ਵਿਦਰੋਹ’ ਦਾ ਨਾਂ ਦਿੱਤਾ ਹੈ।
ਟਰੰਪ ਪ੍ਰਸ਼ਾਸਨ ਪਰਵਾਸੀ ਵਿਰੋਧੀ ਨੀਤੀਆਂ/ਕਾਨੂੰਨਾਂ ਵਿੱਚ ਸਖ਼ਤਾਈ ਤੇ ਸੋਧਾਂ ਕਰ ਕੇ ਅਤੇ ਇਸ ਵਾਸਤੇ ਫੌਜ ਦੀ ਵਰਤੋਂ ਕਰ ਕੇ ਇਸ ਨੂੰ ਕੌਮੀ ਸੁਰੱਖਿਆ ਦਾ ਮੁੱਦਾ ਬਣਾ ਕੇ ਆਪਣੀਆਂ ਨੀਤੀਗਤ ਅਸਫਲਤਾਵਾਂ ਕੱਜ ਰਿਹਾ ਹੈ ਅਤੇ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਸਿਆਸੀ ਜੁਮਲੇ ਵਾਲੇ ਬਿਰਤਾਂਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜਾ, ਟਰੰਪ ਦੀਆਂ ਟੈਰਿਫ ਤੇ ਕਾਰਪੋਰੇਟ ਜਮਾਤ ਦੇ ਪੂੰਜੀਪਤੀ ਪੱਖੀ ਨੀਤੀਆਂ ਕਾਰਨ ਅਮਰੀਕੀ ਸਮਾਜ ਵਿੱਚ ਅਮੀਰੀ-ਗਰੀਬੀ ਦਾ ਪਾੜਾ ਵਧ ਰਿਹਾ ਹੈ ਤੇ ਆਮ ਲੋਕਾਂ ਦੀਆਂ ਉਜਰਤਾਂ ਸੁੰਗੜ ਰਹੀਆਂ ਹਨ। ਅਮਰੀਕਾ ਵਿੱਚ ਰਿਹਾਇਸ਼ੀ ਘਰਾਂ, ਮਹਿੰਗਾਈ (ਖਾਸਕਰ ਰਹਿਣ-ਸਹਿਣ ਤੇ ਭੋਜਨ ਪਦਾਰਥਾਂ ‘ਚ) ਅਤੇ ਸਿਹਤ ਸੰਭਾਲ ਵੱਡੀ ਸਮੱਸਿਆ ਹੈ। ਸ਼ੋਸ਼ਣਕਾਰੀ ਉਦਯੋਗਕ ਤੇ ਖੇਤੀਬਾੜੀ ਖੇਤਰਾਂ ਵਿੱਚ ਕੰਮ ਕਰਨ ਵਾਲੀ ਪਰਵਾਸੀ ਲੇਬਰ ਲਈ ਆਰਥਿਕ ਮੁਸ਼ਕਿਲਾਂ ਹੋਰ ਵੀ ਵੱਧ ਹਨ। ਗੈਰ-ਦਸਤਾਵੇਜ਼ੀ ਕਾਮਿਆਂ ਲਈ ਹਾਲਤ ਉਜਰਤੀ ਗੁਲਾਮਾਂ ਵਰਗੀ ਹੈ। ਉਦਯੋਗਕ ਤੇ ਖੇਤੀਬਾੜੀ ਖੇਤਰ ਵਿੱਚ ਗੈਰ-ਦਸਤਾਵੇਜ਼ੀ ਕਾਮੇ ਘੱਟ ਤਨਖਾਹ, ਮਾੜੀਆਂ ਕੰਮ ਹਾਲਤਾਂ ਤੇ ਦੁਰਵਿਹਾਰ ਦਾ ਸ਼ਿਕਾਰ ਹਨ। ਲਾਸ ਏਂਜਲਸ ਵਿੱਚ ਮੈਕਸਿਕੋ, ਮੱਧ ਅਮਰੀਕਾ ਤੇ ਬਾਕੀ ਦੇ ਲਾਤੀਨੀ ਮੁਲਕਾਂ ਸਮੇਤ ਸੰਸਾਰ ਭਰ ਵਿੱਚੋਂ 35 ਲੱਖ ਪਰਵਾਸੀ ਵਸਦੇ ਹਨ ਜਿਨ੍ਹਾਂ ਵਿੱਚੋਂ ਅੱਠ ਲੱਖ ਲੋਕ ਗੈਰ-ਦਸਤਾਵੇਜ਼ੀ ਹਨ; ਇਨ੍ਹਾਂ ਵਿੱਚ ਜ਼ਿਆਦਾਤਰ ਮੈਕਸੀਕਨ ਕਾਮੇ ਹਨ। ਟਰੰਪ ਆਪਣੀ ਆਮਦ ਤੋਂ ਪਹਿਲਾਂ ਹੀ ਚੋਣ ਮੁਹਿੰਮ ਵਿੱਚ ਪਰਵਾਸੀ ਵਿਰੋਧੀ ਨਸਲੀ ਬਿਆਨਬਾਜ਼ੀ ਕਰ ਕੇ ਉਨ੍ਹਾਂ ਦੇ ਦੇਸ਼ ਨਿਕਾਲੇ ਉੱਤੇ ਜ਼ੋਰ ਦਿੰਦਾ ਰਿਹਾ ਹੈ। ਅਮਰੀਕਾ ਵਿੱਚ ਮੁੱਖ ਤੌਰ ‘ਤੇ ਗੈਰ-ਦਸਤਾਵੇਜ਼ੀ ਮੈਕਸੀਕਨ ਪਰਵਾਸੀ ਤੇ ਫ਼ਲਸਤੀਨ ਪੱਖੀ ਪਰਵਾਸੀ ਨਿਸ਼ਾਨੇ ‘ਤੇ ਹਨ। ਇਸ ਲਈ ਟਰੰਪ ਨੈਸ਼ਨਲ ਗਾਰਡਾਂ ਨੂੰ ‘ਵਿਦਰੋਹੀ ਐਕਟ’ ਤਹਿਤ ਲਾਸ ਏਂਜਲਸ ਵਿੱਚ ਸਿੱਧੇ ਫੌਜੀ ਸ਼ਾਸਨ ਅਧੀਨ ਕਰਨ ਦੀ ਮਨਸ਼ਾ ਰੱਖ ਰਿਹਾ ਹੈ। ਅਪ੍ਰੇਸ਼ਨ ਟਰੰਪ ਜਾਂ ਅਪ੍ਰੇਸ਼ਨ ਗੇਟਕੀਪਰ ਤਹਿਤ ਸਰਕਾਰ ਦਾ ਟੀਚਾ ਇੱਕ ਸਾਲ ਵਿੱਚ ਦਸ ਲੱਖ ਗੈਰ-ਦਸਤਾਵੇਜ਼ੀ (ਸਰਕਾਰ ਮੁਤਾਬਕ ਗੈਰ-ਕਾਨੂੰਨੀ) ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਹੈ। ਇਸੇ ਤਹਿਤ ਰੋਜ਼ਾਨਾ 3000 ਗ੍ਰਿਫਤਾਰੀਆਂ ਕਰਨ ਦਾ ਖ਼ਦਸ਼ਾ ਹੈ।
ਮਨਦੀਪ