Breaking News
Home / ਸੰਪਾਦਕੀ / ਪਾਕਿਸਤਾਨ ਦਾ ਗਹਿਰਾਉਂਦਾ ਸਿਆਸੀ ਸੰਕਟ

ਪਾਕਿਸਤਾਨ ਦਾ ਗਹਿਰਾਉਂਦਾ ਸਿਆਸੀ ਸੰਕਟ

ਪਾਕਿਸਤਾਨ ਅਨੇਕਾਂ ਪੱਖਾਂ ਤੋਂ ਅੱਜ ਰਸਾਤਲ ਦੇ ਰਸਤੇ ‘ਤੇ ਜਾਂਦਾ ਦਿਖਾਈ ਦੇ ਰਿਹਾ ਹੈ। ਇਥੇ ਦਹਾਕਿਆਂ ਤੋਂ ਅੱਤਵਾਦ ਦਾ ਬੋਲਬਾਲਾ ਰਿਹਾ ਹੈ, ਜਿਸ ਨੇ ਨਾ ਸਿਰਫ਼ ਉਥੋਂ ਦੇ ਸਮਾਜ ਨੂੰ ਹੀ ਲਹੂ-ਲੁਹਾਨ ਕਰੀ ਰੱਖਿਆ, ਸਗੋਂ ਆਪਣੇ ਗੁਆਂਢੀ ਦੇਸ਼ਾਂ ਲਈ ਵੀ ਉਹ ਹਮੇਸ਼ਾ ਖ਼ਤਰਾ ਬਣਿਆ ਰਿਹਾ ਹੈ। ਭਾਰਤ ਨਾਲ ਇਹ ਕਸ਼ਮੀਰ ਦੇ ਮੁੱਦੇ ‘ਤੇ 1947 ‘ਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਲੜਦਾ ਆਇਆ ਹੈ। ਜੇਕਰ ਇਸ ਦੀਆਂ ਫ਼ੌਜਾਂ ਦਾ ਵੱਸ ਨਹੀਂ ਚੱਲਿਆ ਤਾਂ ਇਥੇ ਹੋਏ ਵੱਖ-ਵੱਖ ਖ਼ਤਰਨਾਕ ਅੱਤਵਾਦੀ ਸੰਗਠਨਾਂ ਦੇ ਵਧਦੇ-ਫੁਲਦੇ ਜਾਣ ਨਾਲ ਉਸ ਨੇ ਇਨ੍ਹਾਂ ਦਾ ਮੂੰਹ ਅਕਸਰ ਭਾਰਤ ਵੱਲ ਮੋੜੀ ਰੱਖਿਆ ਹੈ। ਹੁਣ ਤੱਕ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚ ਤਿੰਨ ਯੁੱਧ ਹੋ ਚੁੱਕੇ ਹਨ। ਚਾਹੇ 1971 ਵਿਚ ਪੂਰਬੀ ਪਾਕਿਸਤਾਨ ਇਸ ਤੋਂ ਟੁੱਟ ਕੇ ਬੰਗਲਾਦੇਸ਼ ਬਣ ਗਿਆ ਸੀ, ਪਰ ਇਸ ਦੇ ਬਾਵਜੂਦ ਇਸ ਨੇ ਭਾਰਤ ਪ੍ਰਤੀ ਆਪਣੀ ਨੀਤੀ ਵਿਚ ਬਦਲਾਅ ਨਹੀਂ ਕੀਤਾ। ਅੱਜ ਵੀ ਜੇਕਰ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਸਰਹੱਦਾਂ ‘ਤੇ ਤਾਇਨਾਤ ਖੜ੍ਹੀਆਂ ਹਨ ਤਾਂ ਵੀ ਪਾਕਿਸਤਾਨ ਨੇ ਡਰੋਨਾਂ ਰਾਹੀਂ ਚੜ੍ਹਦੇ ਪੰਜਾਬ ਵਿਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣੇ ਸ਼ੁਰੂ ਕੀਤੇ ਹੋਏ ਹਨ।
ਦੂਜੇ ਗੁਆਂਢੀ ਅਫ਼ਗਾਨਿਸਤਾਨ ਵਿਚ ਵੀ ਉਸ ਨੇ ਸੱਤਾ ਸੰਭਾਲੀ ਬੈਠੇ ਤਾਲਿਬਾਨ ਲੜਾਕਿਆਂ ਨੂੰ ਪਾਕਿਸਤਾਨ ਵਿਚ ਹੀ ਸਿਖਲਾਈ, ਹਥਿਆਰ ਅਤੇ ਹੋਰ ਸਹਾਇਤਾ ਦੇ ਕੇ ਉੱਥੇ ਭੇਜਿਆ ਸੀ। ਉਨ੍ਹਾਂ ਦੇ ਕਾਬੁਲ ਵਿਚ ਕਬਜ਼ਾ ਕਰਨ ਤੋਂ ਬਾਅਦ ਅੱਜ ਦੋਵੇਂ ਹੀ ਦੇਸ਼ ਦੁਸ਼ਮਣ ਬਣੇ ਦਿਖਾਈ ਦਿੰਦੇ ਹਨ। ਇਸ ਦਾ ਇਕ ਵੱਡਾ ਕਾਰਨ ਪਾਕਿਸਤਾਨ ‘ਤੇ ਕਬਜ਼ਾ ਕਰਨ ਦੇ ਚਾਹਵਾਨ ਪਾਕਿਸਤਾਨੀ ਤਾਲਿਬਾਨ ਲੜਾਕਿਆਂ ਵਲੋਂ ਅਫ਼ਗਾਨ ਨਾਲ ਲਗਦੀਆਂ ਇਸ ਦੀਆਂ ਸਰਹੱਦਾਂ ਵਿਚ ਵੀ ਉਥੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਹੁਣ ਤਾਂ ਇਹ ਇਸ ਕਦਰ ਵਧ ਗਏ ਹਨ, ਜਿਸ ਨਾਲ ਪਾਕਿਸਤਾਨ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਆਉਂਦੇ ਸਮੇਂ ਵਿਚ ਇਸ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਉਸ ਲਈ ਮੁਸ਼ਕਿਲ ਬਣਦਾ ਜਾ ਰਿਹਾ ਹੈ। ਹੁਣ ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਦੇਸ਼ ਵਿਚ ਵੱਡੀ ਪੱਧਰ ‘ਤੇ ਪੈਦਾ ਹੋਈ ਭੁੱਖਮਰੀ ਹੈ। ਮਹਿੰਗਾਈ ਅਤੇ ਥੁੜ ਕਰਕੇ ਲੋਕ ਖਾਣ-ਪੀਣ ਦੀਆਂ ਚੀਜ਼ਾਂ ਨੂੰ ਵੀ ਤਰਸਣ ਲੱਗੇ ਹਨ। ਗੈਸ ਅਤੇ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਪਾਕਿਸਤਾਨੀ ਰੁਪਏ ਦੀ ਕੀਮਤ ਬੇਹੱਦ ਨੀਵੇਂ ਪੱਧਰ ‘ਤੇ ਪਹੁੰਚ ਗਈ ਹੈ ਅਤੇ ਉਸ ਕੋਲ ਦਰਾਮਦ ਕਰਨ ਲਈ ਵਿਦੇਸ਼ੀ ਮੁਦਰਾ ਦਾ ਭੰਡਾਰ ਵੀ ਖ਼ਤਮ ਹੋਣ ਦੇ ਕੰਢੇ ‘ਤੇ ਹੈ। ਮੁਲਕ ਵਿਚ ਹੀ ਅੱਤਵਾਦ ਦੇ ਮੰਡਰਾਉਂਦੇ ਖ਼ਤਰੇ ਹੇਠ ਜੀਵਨ ਬਿਤਾ ਰਹੇ ਕਰੋੜਾਂ ਹੀ ਲੋਕ ਪੂਰੀ ਤਰ੍ਹਾਂ ਗੁਰਬਤ ਦੀ ਦਲਦਲ ਵਿਚ ਧਸ ਚੁੱਕੇ ਹਨ। ਇਸ ਦੇ ਨਾਲ ਹੀ ਸਿਆਸੀ ਪੱਧਰ ‘ਤੇ ਜਿਸ ਕਦਰ ਅਸਥਿਰਤਾ ਪੈਦਾ ਹੋ ਰਹੀ ਹੈ, ਉਹ ਮੁਲਕ ਲਈ ਬੇਹੱਦ ਖ਼ਤਰੇ ਦੀ ਘੰਟੀ ਹੈ।
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਚਾਹੇ ਹਾਲੇ ਵੀ ਉਥੇ ਕਈ ਥਾਵਾਂ ‘ਤੇ ਹਰਮਨ ਪਿਆਰਾ ਆਗੂ ਹੈ ਪਰ ਉਸ ਦੀ ਨੀਤੀ ਅਤੇ ਬਿਆਨਾਂ ਨੇ ਇਕ ਤਰ੍ਹਾਂ ਨਾਲ ਅਕਸਰ ਹਫੜਾ-ਦਫ਼ੜੀ ਪਾਈ ਰੱਖੀ ਹੈ। ਉਸ ਦੀ ਹਰਮਨ ਪਿਆਰਤਾ ਕਰਕੇ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਸੀ, ਪਰ ਲੰਮੇ ਸਮੇਂ ਤੱਕ ਉਹ ਦੇਸ਼ ਨੂੰ ਸਥਿਰ ਰੱਖਣ ਵਿਚ ਕਾਮਯਾਬ ਨਹੀਂ ਹੋ ਸਕਿਆ ਅਤੇ ਨਾ ਹੀ ਆਪਣੀ ਪਾਰਟੀ ਅਤੇ ਆਪਣੀਆਂ ਭਾਈਵਾਲ ਪਾਰਟੀਆਂ ਵਿਚ ਇਕਸੁਰਤਾ ਲਿਆ ਸਕਿਆ। ਇਸੇ ਕਰਕੇ ਪਿਛਲੇ ਸਾਲ ਉਸ ਦੀ ਪਾਰਟੀ ਵਲੋਂ ਨੈਸ਼ਨਲ ਅਸੈਂਬਲੀ ਵਿਚ ਬਹੁਮਤ ਗੁਆਉਣ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਕੁਝ ਹੋਰ ਪਾਰਟੀਆਂ ਨੇ ਰਲ ਕੇ ਦੇਸ਼ ਵਿਚ ਨਵੀਂ ਸਰਕਾਰ ਬਣਾ ਲਈ ਸੀ। ਇਸ ਤੋਂ ਬਾਅਦ ਇਮਰਾਨ ਨੇ ਇਕ ਤਰ੍ਹਾਂ ਨਾਲ ਸਿਆਸੀ ਜੰਗ ਹੀ ਛੇੜ ਦਿੱਤੀ ਸੀ। ਉਸ ਨੇ ਤੁਰੰਤ ਚੋਣਾਂ ਕਰਵਾਉਣ ਲਈ ਲਾਹੌਰ ਤੋਂ ਇਸਲਾਮਾਬਾਦ ਤੱਕ ‘ਲਾਂਗ ਮਾਰਚ’ ਦਾ ਐਲਾਨ ਕੀਤਾ ਸੀ, ਜਿਸ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਪਰ ਇਸ ਮਾਰਚ ਦੌਰਾਨ 3 ਨਵੰਬਰ, 2022 ਨੂੰ ਉਸ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਹ ਬਚ ਤਾਂ ਗਿਆ ਸੀ, ਪਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਇਹ ਮਾਰਚ ਬੰਦ ਕਰਨਾ ਪਿਆ ਸੀ। ਉਸ ਦੀ ਛੇਤੀ ਚੋਣਾਂ ਕਰਵਾਉਣ ਦੀ ਮੰਗ ਵੀ ਨਹੀਂ ਸੀ ਮੰਨੀ ਗਈ। ਪਾਕਿਸਤਾਨ ਵਿਚ ਆਉਂਦੇ ਅਗਸਤ ਮਹੀਨੇ ਵਿਚ ਨੈਸ਼ਨਲ ਅਸੈਂਬਲੀ ਦਾ ਸਮਾਂ ਪੂਰਾ ਹੋ ਜਾਵੇਗਾ, ਜਿਸ ਤੋਂ ਬਾਅਦ ਵੋਟਾਂ ਪੈਣ ਦੀ ਸੰਭਾਵਨਾ ਹੈ। ਚਾਹੇ ਇਮਰਾਨ ਦੀ ਪਾਰਟੀ ਦੀ ਪੰਜਾਬ ਅਤੇ ਖ਼ੈਬਰ ਪਖ਼ਤੂਨਖਵਾ ਦੇ ਨਾਲ-ਨਾਲ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ‘ਤੇ ਹਕੂਮਤ ਬਣੀ ਹੋਈ ਹੈ, ਪਰ ਉਸ ਨੇ ਨੈਸ਼ਨਲ ਅਸੈਂਬਲੀ ਅਤੇ ਸੂਬਿਆਂ ਦੇ ਆਪਣੇ ਪ੍ਰਤੀਨਿਧਾਂ ਨੂੰ ਅਸਤੀਫ਼ੇ ਦੇਣ ਦਾ ਹੁਕਮ ਚਾੜ੍ਹ ਦਿੱਤਾ ਸੀ।
ਪਾਕਿਸਤਾਨ ਦੇ ਸਮੁੱਚੇ ਹਾਲਾਤ ਨੂੰ ਦੇਖਦਿਆਂ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਲਈ ਹਕੂਮਤ ਚਲਾਉਣੀ ਬੇਹੱਦ ਮੁਸ਼ਕਿਲ ਬਣ ਚੁੱਕੀ ਹੈ। ਇਸ ਦੇ ਨਾਲ-ਨਾਲ ਇਮਰਾਨ ਵਲੋਂ ਧਾਰਿਆ ਗਿਆ ਹਮਲਾਵਰ ਰੁਖ਼ ਜਾਰੀ ਹੈ। ਹੁਣ ਉਸ ਉੱਪਰ ਭ੍ਰਿਸ਼ਟਾਚਾਰ ਅਤੇ ਅੱਤਵਾਦ ਦੇ ਨਾਲ-ਨਾਲ ਤੋਸ਼ਾਖਾਨਾ ਮਾਮਲੇ ਅਤੇ ਇਕ ਮਹਿਲਾ ਜੱਜ ਨੂੰ ਧਮਕੀ ਦੇਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਫ਼ੌਜ ਲਗਾ ਦਿੱਤੀ ਗਈ ਹੈ, ਜਿਸ ਤੋਂ ਹੁਣ ਉਹ ਬਚਦਾ ਫਿਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨੀ ਹਕੂਮਤ ਲਈ ਉਸ ਨੂੰ ਕਾਬੂ ਕਰਨਾ ਵੀ ਇਕ ਵੱਡੀ ਚੁਣੌਤੀ ਹੋਵੇਗੀ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …