ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਸੰਦਰਭ ‘ਚ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਸੰਬੰਧੀ ਸਮਾਗਮਾਂ ਦੀ ਸੰਪੂਰਨਤਾ ਵਜੋਂ ਭਾਰਤ ਵਿਚ ਦੋ ਰੋਜ਼ਾ (20-21 ਅਪ੍ਰੈਲ) ਸਮਾਗਮ ਕਰਵਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਅਤੇ ਗੁਰਦੁਆਰਾ ਮੰਜੀ ਸਾਹਿਬ (ਹਰਿਮੰਦਰ ਸਾਹਿਬ) ਵਿਚ ਸਮਾਗਮ ਕਰਵਾਏ ਗਏ। ਇਸ ਸੰਦਰਭ ਵਿਚ ਕੇਂਦਰ ਸਰਕਾਰ ਨੇ ਇਕ ਵੱਡੀ ਪਹਿਲਕਦਮੀ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਸੰਬੰਧੀ ਸਮਾਰੋਹਾਂ ਦੀ ਸੰਪੂਰਨਤਾ ਦੀ ਕੜੀ ਵਿਚ ਲਾਲ ਕਿਲ੍ਹੇ ‘ਤੇ ਇਕ ਵੱਡਾ ਸਮਾਰੋਹ ਕੀਤਾ। ਇਸ ਸੰਬੰਧ ਵਿਚ ਲਾਲ ਕਿਲ੍ਹੇ ਵਿਖੇ ਕਈ ਸਮਾਗਮ ਰੱਖੇ ਗਏ ਸਨ। 21 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ (ਜਿਥੋਂ ਕਿ ਆਮ ਤੌਰ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ 15 ਅਗਸਤ ਨੂੰ ਦੇਸ਼ ਨੂੰ ਸੰਬੋਧਨ ਕਰਦੇ ਹਨ) ਤੋਂ ਦੇਸ਼ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ।
ਮੁਗ਼ਲ ਬਾਦਸ਼ਾਹ ਸ਼ਾਹਜਹਾਂ ਤੋਂ ਬਾਅਦ ਰਾਜਸੱਤਾ ‘ਤੇ ਜਦੋਂ ਔਰੰਗਜ਼ੇਬ ਕਾਬਜ਼ ਹੋ ਗਿਆ ਤਾਂ ਉਸ ਦਾ ਦੇਸ਼ ਦੀ ਹਿੰਦੂ ਆਬਾਦੀ ਪ੍ਰਤੀ ਵਤੀਰਾ ਹੋਰ ਵਧੇਰੇ ਅਸਹਿਣਸ਼ੀਲ ਹੋ ਗਿਆ। ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ‘ਤੇ ਜਜ਼ੀਆ ਟੈਕਸ ਲਗਾਇਆ ਗਿਆ। ਬਹੁਤ ਸਾਰੇ ਮੰਦਰ ਤੋੜੇ ਗਏ ਅਤੇ ਜਬਰੀ ਧਰਮ ਪਰਿਵਰਤਨ ਦਾ ਇਕ ਦੌਰ ਆਰੰਭ ਹੋ ਗਿਆ। ਔਰੰਗਜ਼ੇਬ ਨੂੰ ਕੁਝ ਕੱਟੜਪੰਥੀ ਧਾਰਮਿਕ ਮੌਲਾਨਿਆਂ ਨੇ ਇਹ ਰਾਇ ਦਿੱਤੀ ਸੀ ਕਿ ਜੇਕਰ ਬਨਾਰਸ, ਆਗਰਾ ਅਤੇ ਕਸ਼ਮੀਰ ਵਿਚ ਰਹਿੰਦੇ ਪੰਡਿਤ ਇਸਲਾਮ ਅਪਣਾ ਲੈਂਦੇ ਹਨ ਤਾਂ ਇਸ ਦਾ ਹਿੰਦੂ ਧਰਮ ‘ਤੇ ਵੱਡਾ ਅਸਰ ਪਏਗਾ ਅਤੇ ਉਹ ਆਸਾਨੀ ਨਾਲ ਇਸਲਾਮ ਅਪਣਾ ਲੈਣਗੇ ਅਤੇ ਜਿਸ ਨਾਲ ਹਿੰਦੁਸਤਾਨ ਵਿਚ ਇਸਲਾਮ ਧਰਮ ਦਾ ਬੋਲਬਾਲਾ ਹੋ ਜਾਏਗਾ। ਇਸ ਸੰਦਰਭ ਵਿਚ ਹੀ ਦੇਸ਼ ਭਰ ਵਿਚ ਪੰਡਿਤਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਸ ਪ੍ਰਤੀਕਰਮ ਵਜੋਂ ਹੀ 500 ਬ੍ਰਾਹਮਣ ਕਸ਼ਮੀਰ ਤੋਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਅਨੰਦਪੁਰ ਆਏ ਸਨ ਅਤੇ ਉਨ੍ਹਾਂ ਨੇ ਮਦਦ ਦੀ ਗੁਹਾਰ ਲਾਈ ਸੀ। ਜਿਸ ਸਮੇਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਫ਼ਰਿਆਦ ਕਰ ਰਹੇ ਸਨ ਤਾਂ ਉਸ ਸਮੇਂ ਬਾਲ ਗੋਬਿੰਦ ਰਾਇ ਜੀ ਉਥੇ ਮੌਜੂਦ ਸਨ।
ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਔਰੰਗਜ਼ੇਬ ਦੇ ਜਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਕਿਸੇ ਮਹਾਨ ਆਤਮਾ ਨੂੰ ਸ਼ਹਾਦਤ ਦੇਣੀ ਪਏਗੀ। ਕਿਹਾ ਜਾਂਦਾ ਹੈ ਕਿ ਇਸ ‘ਤੇ ਬਾਲ ਗੋਬਿੰਦ ਰਾਇ ਜੀ ਨੇ ਆਪਣੇ ਪਿਤਾ ਜੀ ਨੂੰ ਇਹ ਕਿਹਾ ਸੀ ਕਿ ‘ਤੁਹਾਡੇ ਨਾਲੋਂ ਵੱਡੀ ਹੋਰ ਮਹਾਨ ਆਤਮਾ ਕਿਹੜੀ ਹੋ ਸਕਦੀ ਹੈ, ਤੁਸੀਂ ਸਾਨੂੰ ਪਰਮੇਸ਼ਰ ਦੇ ਆਸਰੇ ਛੱਡ ਜਾਓ ਅਤੇ ਇਨ੍ਹਾਂ ਦੀ ਪੱਤ ਬਚਾਓ।’ ਇਸ ਤੋਂ ਬਾਅਦ 1675 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਅਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਰੱਖਿਆ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ। ਇਤਿਹਾਸਕਾਰ ਲਿਖਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਭਾਰਤ ਦੇ ਦੱਬੇ-ਕੁਚਲੇ ਲੋਕਾਂ ਵਿਚ ਜਬਰ ਅਤੇ ਜ਼ੁਲਮ ਦਾ ਸਾਹਮਣਾ ਕਰਨ ਲਈ ਨੈਤਿਕ ਬਲ ਪੈਦਾ ਹੋਇਆ। ਬਾਅਦ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਧਰਤੀ ‘ਤੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਇਸ ਸਿਲਸਿਲੇ ਨੂੰ ਹੋਰ ਅੱਗੇ ਵਧਾਇਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਭਾਰਤ ਅਤੇ ਖ਼ਾਸ ਕਰਕੇ ਉੱਤਰੀ ਭਾਰਤ ਵਿਚ ਅਜਿਹੇ ਮਨੁੱਖਾਂ ਦੀ ਸਿਰਜਣਾ ਹੋ ਗਈ ਸੀ, ਜੋ ਨਾ ਤਾਂ ਜ਼ੁਲਮ ਕਰਨ ਦੇ ਹੱਕ ਵਿਚ ਸਨ ਅਤੇ ਨਾ ਹੀ ਜ਼ੁਲਮ ਸਹਿਣ ਲਈ ਤਿਆਰ ਸਨ।
ਹੁਣ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਰੋਹਾਂ ਦੀ ਸੰਪੂਰਨਤਾ ਹੋ ਰਹੀ ਹੈ ਤਾਂ ਸਿੱਖ ਧਰਮ ਅਤੇ ਸਿੱਖ ਫਲਸਫੇ ਨੂੰ ਮੰਨਣ ਵਾਲੇ ਦੇਸ਼-ਵਿਦੇਸ਼ ਵਿਚ ਵਸਦੇ ਲੋਕਾਂ ਨੂੰ ਇਹ ਸਮਝਣ ਤੇ ਵਿਚਾਰਨ ਦੀ ਲੋੜ ਹੈ ਕਿ ਸਿੱਖ ਧਰਮ ਦੀ ਸਥਾਪਨਾ ਜਬਰ ਤੇ ਜ਼ੁਲਮ ਦਾ ਸਾਹਮਣਾ ਕਰਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਹੋਈ ਸੀ। ਗੁਰੂ ਸਾਹਿਬਾਨ ਕਿਸੇ ਵੀ ਧਰਮ ਜਾਂ ਫਿਰਕੇ ਦੇ ਖਿਲਾਫ਼ ਨਹੀਂ ਸਨ। ਬਹੁਤ ਸਾਰੇ ਮੁਸਲਮਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਅਨੁਯਾਈ ਸਨ। ਗੁਰੂ ਨਾਨਕ ਦੇਵ ਜੀ ਨੂੰ ਤਾਂ ਉਹ ਆਪਣਾ ਪੀਰ ਮੰਨਦੇ ਸਨ।
ਭਾਰਤ ਦੀਆਂ ਅਜੋਕੀਆਂ ਸਥਿਤੀਆਂ ਵਿਚ ਸਿੱਖ ਪੰਥ ਨੂੰ ਇਹ ਸਮਝਣ ਦੀ ਵੀ ਬੇਹੱਦ ਲੋੜ ਹੈ ਕਿ ਅੱਜ ਮਜ਼ਲੂਮ ਕੌਣ ਹਨ ਅਤੇ ਜ਼ੁਲਮ ਕਰਨ ਵਾਲੇ ਕੌਣ ਹਨ ਅਤੇ ਦੇਸ਼ ਦੀ ਸਾਂਝੀ ਸੰਸਕ੍ਰਿਤੀ ਨੂੰ ਖ਼ਤਰਾ ਕਿਸ ਪਾਸੇ ਤੋਂ ਹੈ? ਇਸ ਸੰਘਰਸ਼ ਵਿਚ ਖ਼ਾਲਸਾ ਪੰਥ ਦੇ ਸਾਥੀ ਕੌਣ ਹਨ ਅਤੇ ਵਿਰੋਧੀ ਕੌਣ ਹਨ? ਦੇਸ਼ ਵਿਚ ਅਮਨ ਸਦਭਾਵਨਾ ਅਤੇ ਵਿਕਾਸ ਦਾ ਮਾਹੌਲ ਪੈਦਾ ਕਰਨ ਲਈ ਅਤੇ ਕਮਜ਼ੋਰਾਂ ਦੀ ਸੁਰੱਖਿਆ ਲਈ ਕੀ ਕੁਝ ਅਤੇ ਕਿਸ ਤਰ੍ਹਾਂ ਕਰਨ ਦੀ ਲੋੜ ਹੈ? ਸਿੱਖ ਪੰਥ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣਾ ਘੇਰਾ ਵਿਸ਼ਾਲ ਕਿਵੇਂ ਬਣਾ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਵਿਰਾਸਤ ਤੋਂ ਸੇਧ ਲੈ ਕੇ ਸਹੀ ਦਿਸ਼ਾ ਵਿਚ ਕਾਰਜਸ਼ੀਲ ਹੋਣਾ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਹੋਰ ਗੁਰੂ ਸਾਹਿਬਾਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਤਰ੍ਹਾਂ ਹੀ ਸਹੀ ਅਰਥਾਂ ਵਿਚ ਪੰਥ ਦਾ ਬੋਲਬਾਲਾ ਹੋ ਸਕਦਾ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …