ਦੀਪਕ ਸ਼ਰਮਾ ਚਨਾਰਥਲ
ਭਾਰਤੀ ਜਨਤਾ ਪਾਰਟੀ ਵਿਚੋਂ ਰਾਜ ਸਭਾ ਦੀ ਮੈਂਬਰੀਂ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਸਿਆਸਤ ਵਿਚ ਦਾਖਲ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਸੰਸਦ ਦੀਆਂ ਪੌੜੀਆਂ ਉਤਰਦਿਆਂ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖਿਆ ਸੀ। ਉਹ ਸੁਪਨਾ ਆਮ ਆਦਮੀ ਪਾਰਟੀ ਨੇ ਸਿੱਧੂ ਦੀ ਆਮਦ ‘ਤੇ ਬੂਹੇ ਬੰਦ ਕਰਕੇ ਤੋੜ ਦਿੱਤਾ। ਬੇਸ਼ੱਕ ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਪਨਾ ਟੁੱਟ ਗਿਆ, ਪਰ ਸਿੱਧੂ ਕਾਂਗਰਸ ਪਾਰਟੀ ਵਿਚ ਇਸ ਉਮੀਦ ਨਾਲ ਸ਼ਾਮਲ ਹੋ ਗਏ, ਕਿ ਚਲੋ ਮੁੱਖ ਮੰਤਰੀ ਨਾ ਸਹੀ, ਡਿਪਟੀ ਮੁੱਖ ਮੰਤਰੀ ਤਾਂ ਮੈਂ ਬਣਾਂਗਾ ਹੀ। ਵਿਧਾਇਕ ਵੀ ਬਣੇ ਤੇ ਆਪਣੇ ਦਮ ‘ਤੇ ਕਈਆਂ ਨੂੰ ਕਾਂਗਰਸੀ ਵਿਧਾਇਕ ਵੀ ਬਣਾ ਦਿੱਤਾ। ਪਰ ਕੈਬਿਨਟ ਵਿਚ ਮਿਲਿਆ ਇਕ ਮੰਤਰੀ ਦਾ ਰੈਂਕ। ਫਿਰ ਵੀ ਨਵਜੋਤ ਸਿੰਘ ਸਿੱਧੂ ਆਪਣੇ ਕੰਮਾਂ ਰਾਹੀਂ, ਆਪਣੀ ਦਰਿਆਦਿਲੀ ਰਾਹੀਂ, ਆਪਣੀ ਬੇਬਾਕੀ ਰਾਹੀਂ ਲਗਾਤਾਰ ਮੀਡੀਆ ਵਿਚ ਛਾਏ ਰਹੇ ਤੇ ਚਰਚਾ ਵਿਚ ਬਣੇ ਰਹੇ। ਪਰ ਹਕੀਕਤ ਇਹ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਕਿਸੇ ਵੀ ਕਦਮ ‘ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਸੁਣੀ ਜਾਂਦੀ ਰਹੀ। ਕਦੀ ਉਨ੍ਹਾਂ ਕੇਬਲ ਮਾਫੀਆ ਖਿਲਾਫ ਆਵਾਜ਼ ਚੁੱਕੀ, ਕਦੀ ਉਨ੍ਹਾਂ ਡਰੱਗ ਮਾਫੀਆ ਖਿਲਾਫ ਕਾਰਵਾਈ ਕਰਨ ਲਈ ਹਾਅ ਦਾ ਨਾਅਰਾ ਮਾਰਿਆ, ਕਦੀ ਉਨ੍ਹਾਂ ਪੁਲਿਸ ਵਿਭਾਗ ਮੰਗਿਆ, ਕਦੀ ਉਨ੍ਹਾਂ ਮੁਹਾਲੀ ਦੇ ਮੇਅਰ ਖਿਲਾਫ ਕਾਰਵਾਈ ਕਰਨ ਦੀ ਪਹਿਲ ਕੀਤੀ, ਪਰ ਆਪਣੀ ਹੀ ਸਰਕਾਰ ਵਲੋਂ ਜਾਂ ਆਪਣੀ ਹੀ ਸਰਕਾਰ ਦੇ ਮੁਖੀ ਵਲੋਂ ਉਨ੍ਹਾਂ ਨੂੰ ਹੁੰਗਾਰਾ ਨਹੀਂ ਮਿਲਿਆ। ਨਤੀਜਾ ਦੋਵਾਂ ਵੱਡੇ ਲੀਡਰਾਂ ਵਿਚਾਲੇ ਇਕ ਖਾਈ ਵਧਣ ਲੱਗੀ, ਇਕ ਪਾੜਾ ਵਧਣ ਲੱਗਾ ਤੇ ਕਿਤੇ ਨਾ ਕਿਤੇ ਅੰਦਰ ਕੁਝ ਧੁਖਣ ਲੱਗਾ, ਜੋ ਹੁਣ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਮੌਕੇ ਸਿੱਧੂ ਨੂੰ ਦਰਕਿਨਾਰ ਕਰਨ ਦੀ ਕਾਰਵਾਈ ਨੇ ਇਸ ਸੁਲਗਦੀ ਚੰਗਿਆੜੀ ਨੂੰ ਭਾਂਬੜ ਬਣਨ ਦਾ ਖਤਰਾ ਪੈਦਾ ਕਰ ਦਿੱਤਾ। ਕਹਿਣ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਪਟਿਆਲੇ ਦੇ ਹੀ ਹਨ ਤੇ ਦੋਵੇਂ ਸਿੱਧੂ ਵੀ ਹਨ ਤੇ ਇਸ ਲਈ ਦੋਵਾਂ ਦੀ ਅੜੀ ਵੀ ਬਰਾਬਰ ਹੀ ਹੈ। ਚਲੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੇ ਆਪਣੀ ਪੁਗਾਉਣੀ ਸੀ ਤਾਂ ਪਟਿਆਲੇ ਪੁਗਾ ਲੈਂਦੇ। ਚੰਗਾ ਹੁੰਦਾ ਕਿ ਅੰਮ੍ਰਿਤਸਰ ਵਿਚ ਮੇਅਰ ਦੀ ਚੋਣ ਮੌਕੇ ਨਵਜੋਤ ਸਿੱਧੂ ਨੂੰ ਭਰੋਸੇ ‘ਚ ਲਿਆ ਜਾਂਦਾ ਤੇ ਉਨ੍ਹਾਂ ਦੀ ਮੌਜੂਦਗੀ ਵਿਚ ਮੇਅਰ ਦੀ ਤਾਜਪੋਸ਼ੀ ਦੀ ਕਾਰਵਾਈ ਹੁੰਦੀ। ਪਰ ਇਸ ਪਿੱਛੇ ਕਿਹੜੀ ਸਿਆਸਤ ਹੈ ਜਾਂ ਕੋਈ ਅਣਗਹਿਲੀ ਇਸ ‘ਤੇ ਕੈਪਟਨ ਅਮਰਿੰਦਰ ਨੂੰ ਖੁਦ ਸਾਹਮਣੇ ਆ ਕੇ ਸਿਆਣਪ ਵਿਖਾਉਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਸਰਕਾਰ ਅੰਦਰ ਤੇ ਮੰਤਰੀ ਮੰਡਲ ਅੰਦਰ ਇਕ ਖਲਾਅ ਪੈਦਾ ਹੋ ਜਾਵੇਗਾ, ਜੋ ਸੂਬੇ ਲਈ ਚੰਗਾ ਨਹੀਂ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਨਵੇਂ-ਨਵੇਂ ਕਾਂਗਰਸੀ ਬਣੇ ਹਨ ਤੇ ਉਨ੍ਹਾਂ ਨੂੰ ਸੱਦੇ ਅੱਜ ਵੀ ਖਹਿਰਾ ਵਲੋਂ ਦਿੱਤੇ ਜਾ ਰਹੇ ਹਨ ਤੇ ਭਾਜਪਾ ਵੀ ਉਨ੍ਹਾਂ ਨੂੰ ਪੰਜਾਬ ਦੇ ਲੀਡਰ ਵਜੋਂ ਵੇਖਦੀ ਹੈ। ਪੰਜਾਬ ਦੀ ਰਵਾਇਤ ਰਹੀ ਹੈ ਕਿ ਰਾਤ ਨੂੰ ਬੀਬੀਆਂ ਚੁੱਲ੍ਹੇ ਵਿਚ ਪਾਥੀ ਨੂੰ ਧੁਖਦੀ ਰੱਖ ਦਿੰਦੀਆਂ ਸਨ, ਉਸ ਨੂੰ ਸਵਾਹ ਨਾਲ ਢੱਕ ਦਿੰਦੀਆਂ ਸਨ। ਸਵੇਰ ਨੂੰ ਧੁਖਦੀ ਪਾਥੀ ਨਾਲ ਹੀ ਚੁੱਲ੍ਹੇ ਵਿਚ ਅੱਗ ਬਾਲ ਲਈ ਜਾਂਦੀ ਸੀ ਤੇ ਲੋੜ ਪੈਣ ‘ਤੇ ਗੁਆਂਢਣ ਵੀ ਉਸ ਧੁਖਦੀ ਰਾਤ ਵਾਲੀ ਪਾਥੀ ‘ਚੋਂ ਇਕ ਟੁਕੜਾ ਮੰਗ ਕੇ ਲੈ ਜਾਂਦੀ ਸੀ ਤੇ ਆਪਣਾ ਚੁੱਲ੍ਹਾ ਮਘਾ ਲੈਂਦੀ ਸੀ। ਇਸ ਲਈ ਚੰਗਾ ਹੋਵੇ ਕਿ ਪੰਜਾਬ ਦੇ ਹਾਕਮ ਇਸ ਮਾਮਲੇ ‘ਤੇ ਨਜ਼ਰਸਾਨੀ ਕਰਨ ਕਿਉਂਕਿ ਅੱਗ ਤਾਂ ਉਨ੍ਹਾਂ ਕੋਲ ਇਹ ਮੰਗਵੀਂ ਹੀ ਹੈ ਤੇ ਕਿਤੇ ਮੰਗਵੀਂ ਅੱਗ ਹੁਣ ਭਾਂਬੜ ਨਾਲ ਬਾਲ ਦੇਵੇ। ਜ਼ਰਾ ਧਿਆਨ ਰੱਖਣਾ।