Breaking News
Home / ਰੈਗੂਲਰ ਕਾਲਮ / ਪੈੜਾਂ ਦੇ ਨਿਸ਼ਾਨ

ਪੈੜਾਂ ਦੇ ਨਿਸ਼ਾਨ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਇਸ ਲੇਖ ਨੂੰ ਪੜਨ ਤੋਂ ਪਹਿਲਾਂ। ਪਾਠਕ ਇਹ ਸੋਚਣ ਕਿ ਜਿਵੇਂ ਲੇਖਕ ਸੋਚ ਰਿਹਾ ਹੈ, ਤਿਵੇਂ ਪਾਠਕ ਸੋਚ ਰਹੇ ਹੋਣਗੇ?ਮੈਨੂੰ ਲਗਦਾ ਨਹੀਂ ਪਰ ਮੈਂ ਇਹ ਰਚਨਾ ਅੱਜ ਤੋਂ ਲਗਭਗ ਪੰਦਰਾ ਸਾਲ ਪਹਿਲਾਂ ਕੀਤੀ ਸੀ।

ਸਵੇਰ ਹੋਣ ‘ਤੇ ਗੁਰਦੁਆਰੇ ਦਾ ਭਾਈ ਸਪੀਕਰ ਵਿੱਚ ਦੀ ਬੋਲ ਕੇ, ਸੁੱਤੇ ਲੋਕਾਂ ਨੂੰ ਜਗਾਉਂਦਾ ਹੈ, ਪਰ ਉਸ ਦੇ ਕਹੇ ਮੈਂ ਕਦੇ ਨਹੀਂ ਜਾਗਿਆ, ਭਾਈ ਦੇ ਬੋਲ ਹਟਣ ਪਿੱਛੋਂ ਇੱਕ ਚਿੜੀ ਮੇਰੇ ਸਿਰਹਾਂਦੀ ਚੀਂ-ਚੀਂ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਵੇਂ ਆਖਦੀ ਪਈ ਹੋਵੇ, ਉੱਠ ਵੀਰਾ ਵੇ, ਉੱਠ…ਦਿਨ ਚਿੱਟਾ ਚੜਨ ਵਾਲਾ ਏ… ਤੇ ਤੂੰ ਮੰਜਾ ਹਾਲੇ ਨਹੀਂ ਛੱਡਿਆ, ਚਿੜੀ ਦੇ ਆਖਣ ‘ਤੇ ਮੈਂ ਝੱਟ ਉੱਠ ਪੈਂਦਾ ਹਾਂ ਤੇ ਮੂੰਹ-ਹੱਥ ਧੋ, ਚਾਹ ਪੀ, ਸਿਰ ਉੱਤੇ ਪਟਕਾ ਬੰਨ ਤੇ ਬੂਟ ਪਾ ਕੇ ਘਰੋਂ ਨਿਕਲ ਪਿੰਡ ਚੇ ਚੜਦੇ ਵੱਲ ਨੂੰ ਪੁਰਾਣਾ ਜੰਗਲ ਹੈ, ਉਸ ਨੂੰ ਲੰਮਾ ਤੇ ਰੇਤਲਾ ਪਹਾ ਜਾਂਦਾ ਹੈ, ਚੌੜੇ ਪਹੇ ਦੇ ਆਸ-ਪਾਸ ਟਿੱਬੇ ਹਨ, ਪਹਾੜੀ ਕਿੱਕਰਾਂ ਹਨ, ਸਰ-ਕਾਂਹੀ, ਅੱਕ ਤੇ ਹੋਰ ਝਾੜ-ਬੂਟ ਹਨ, ਖੁੰਡਾਂ ਦੇ ਮਘੋਰੇ ਹਨ, ਪਹੇ ਦੀ ਰੇਤ ਮੀਂਹ ਪੈਣ ‘ਤੇ ਥੋੜੇ ਦਿਨਾਂ ਲਈ ਪਰ ਫੇਰ ਉਠ ਖਲੋਂਦੀ ਹੈ, ਇਸ ਰਾਤ ਉੱਤੇ ਸਿਵਾਏ ਖੇਤਾਂ ਵਾਲਿਆਂ ਤੋਂ ਕੋਈ ਨਹੀਂ ਆਉਂਦਾ-ਜਾਂਦਾ, ਸਵੇਰ ਨੂੰ ਨੀਵੀਂ ਪਾਈ ਪਹੇ ‘ਤੇ ਤੁਰਦਾ ਜਾਂਦਾ ਹਾਂ, ਆਸੇ-ਪਾਸੇ ਦਰਖ਼ਤਾਂ ਵਿੱਚੋਂ ਕੋਈ-ਕੋਈ ਪੰਛੀ ਬੋਲਦਾ ਸੁਣਾਈ ਦਿੰਦਾ ਨਵੇਂ ਨਾਮ ਸਿਮਰ ਰਿਹਾ ਹੋਵੇ, ਰੇਤ ਉਪਰ ਨਿੱਕੀਆਂ ਪੈੜਾਂ, ਨਿਸ਼ਾਨ ਤੇ ਚਿੱਤਰ ਜਿਹੇ ਵਾਹੇ ਹੋਏ ਦਿਖਾਈ ਦਿੰਦੇ ਹਨ, ਜਿਵੇਂ ਨਿੱਕੇ ਪੈਰਾਂ ਵਾਲੇ ਨਿਆਣੇ ਡਕੇ ਫੜਕੇ ਰੇਤ ਉੱਤੇ ਮੂਰਤਾਂ ਬਣਾ-ਬਣਾ ਖੇਡਦੇ ਰਹੇ ਹੋਣ! ਸੱਪਾਂ ਦੀਆਂ ਲੀਹਾਂ ਤਾਂ ਏਨੀਆਂ ਜ਼ਿਆਦਾ ਹੁੰਦੀਆਂ ਹਨ ਕਿ ਮੈਥੋਂ ਗਿਣੀਆਂ ਹੀ ਨਹੀਂ ਜਾਂਦੀਆਂ… ਸਾਰਾ ਪਹਾ ਸੱਪਾਂ ਦੀਆਂ ਲੀਹਾਂ ਨਾਲ ਭਰਿਆ ਪਿਆ ਹੁੰਦਾ ਹੈ… ਲੰਮੀਆਂ ਤੇ ਮੋਟੀਆਂ ਡਾਗਾਂ ਵਰਗੀਆਂ ਲੀਹਾਂ…
ਪਤਲੀਆਂ ਪੈੜਾਂ ਤੇ ਸੁੰਦਰ ਨਿਸ਼ਾਨ ਅਨੇਕਾਂ ਜੀਵਨ-ਜੰਤੂਆਂ ਦੇ ਹਨ, ਜੋ ਸਾਰਾ ਦਿਨ ਝਾੜਾਂ-ਬੂਟਿਆ ਤੇ ਖੁੰਡਾਂ-ਖੁਰਲਿਆਂ ਵਿੱਚ ਤੜੇ ਰਹਿੰਦੇ ਹਨ, ਧਰਤੀ ਗਰਮਾਇਸ਼ ਛੱਡਦੀ ਹੈ, ਆਥਣ ਪੈਂਦੀ ਸਾਰ ਹੀ ਖੇਤਾਂ ਦੇ ਰਖਵਾਲੇ ਰੋਟੀ-ਟੁੱਕਰ ਖਾਣ ਆਪਣੇ ਖੇਤਾਂ ਵਿੱਚੋਂ ਚਲੇ ਜਾਂਦੇ ਹਨ, ਪਰ ਪਹਾ ਸੁੰਨਾ ਤੇ ਠੰਡਾ ਹੋ ਜਾਂਦਾ ਹੈ, ਰਾਤ ਹੋਣ ‘ਤੇ ਜਦ ਲੋਕ ਟਿਕ ਜਾਂਦੇ ਹਨ ਤਾਂ ਇਹ ਸਬ ਜੀਵ-ਜੰਤੂ, ਝਾੜਾਂ-ਬੂਟਿਆਂ ਤੇ ਖੁੱਡਾਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ ਤੇ ਹੌਲੀ-ਹੌਲੀ, ਆਲਾ-ਦੁਆਲਾ ਤਾੜਦੇ ਹੋਏ, ਇੱਕ ਦੂਸਰੇ ਨੂੰ ਵਾਜਾਂ ਮਾਰਦੇ ਹਨ, ਆਜੋ… … ਖੇਲੀਏ… ਗੱਲਾਂ ਕਰੀਏ… ਹੱਸੀਏ ਤੇ ਗਾਈਏ, ਕਿਰਲੇ, ਨਿਊਲੇ, ਗੋਹਾਂ, ਸੱਪ, ਸੱਪਣੀਆਂ, ਕਿਰਲੀਆਂ, ਦੋਮੂੰਹੀਆਂ, ਕਾਟੋਆਂ, ਟਿੱਡੇ ਤੇ ਹੋਰ ਕਈ ਕੁਝ ਪਹੇ ਉਪਰ ਆ ਲਿਟਣ ਲਗਦੇ ਹਨ, ਅਠਖੇਲੀਆਂ ਕਰਦੇ ਹਨ, ਆਪਣੇ ਪਿੰਡੇ ਠੰਡੀ ਰੇਤ ਉਪਰ ਘਿਸਾਉਂਦੇ ਹਨ… ਉਨਾਂ ਦੇ ਇਕੱਠੇ ਹੋ ਕੇ ਖੇਡਣ-ਮੱਲਣ ਸਮੇਂ ਪਹੇ ਉਤੋਂ ਵੰਨ-ਸੁਵੰਨੀਆਂ ਆਵਾਜ਼ਾਂ ਆਉਣ ਲਗਦੀਆਂ ਹਨ ਤਾਂ ਨੇੜੇ-ਤੇੜੇ ਆਪਣੇ ਆਂਡਿਆਂ ਉਤੇ ਬੈਠੀ ਟਟਹਿਰੀ ਟੀਰੂ-ਰੂੰ-ਟੀਰੂ-ਰੂੰ ਕਰਦੀ ਕੁਰਲਾਹਟ ਮਚਾਉਣ ਲੱਗ ਪੈਂਦੀ ਹੈ, ਜਦ ਉਹ ਫਰ-ਫਰ ਖੰਭ ਫੜਕਾਉਂਦੀ ਪਹੇ ਉਤੋਂ ਦੀ ਉਡਾਰੀਆਂ ਲਾਉਣ ਲਗਦੀ ਹੈ ਤਾਂ ਇਹ ਚੁੱਪ ਹੋ ਜਾਂਦੇ ਹਨ, ਜੰਗਲ ਵਿੱਚੋਂ ਗਿੱਦੜਾਂ ਦੇ ਹੁਆਂਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ, ਇਹ ਖਾਮੋਸ਼ ਇੱਕ ਦੂਜੇ ਵੱਲ ਵੇਖਣ ਲਗਦੇ ਹਨ, ਫ਼ਸਲਾਂ ਨੂੰ ਪਾਣੀ ਲਾ ਰਿਹਾ ਕਿਸਾਨ ਆਪਣੇ ਗੁਆਂਢੀ ਨੂੰ ਚਾਹ ਪੀਣ ਲਈ ਸੱਦਦਾ ਹੈ, ਉੱਚੀ ਹਾਕ ਮਾਰਕੇ… ਇਹ ਸਹਿਮ ਜਾਂਦੇ ਹਨ, ਜਦ ਚੰਨ ਆਪਣੇ ਟਹਿਕੇ ਵਿੱਚ ਆ ਜਾਂਦਾ ਹੈ ਤਾਂ ਇਨਾਂ ਦੀ ਰੌਣਕ ਹੋਰ ਵੀ ਵਧ ਜਾਂਦੀ ਹੈ, ਅੱਧੀ ਰਾਤ ਹੋਣ ‘ਤੇ ਆਸਮਾਨ ਤਰੇਲ ਸੁੱਟਣ ਲੱਗ ਪੈਂਦੀ ਹੈ, ਇਹ ਸਭ ਕੱਲ ਫੇਰ ਮਿਲਣ ਦਾ ਵਾਅਦਾ ਕਰਕੇ, ਆਪਣੇ ਸੁੱਕੇ ਪਿੰਡਿਆਂ ਨਾਲ, ਰੇਤ ਉੱਤੇ ਸੁਨੱਖੀਆਂ ਪੈੜਾਂ ਤੇ ਚਿਤਰ ਵਾਹੁੰਦੇ ਹੋਏ, ਖੁੱਡਾਂ ਤੇ ਝਾੜਾਂ ਵਿੱਚ ਵੜ ਜਾਂਦੇ ਹਨ, ਸਾਰੇ ਰਾਹ ਮੈਂ ਪੈੜਾਂ, ਨਿਸ਼ਾਨ ਤੇ ਨਕਸ਼ੇ ਜਿਹੇ ਦੇਖਦਾ ਜੰਗਲ ਵੱਲ ਨੂੰ ਤੁਰਿਆ ਜਾਂਦਾ ਹਾਂ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …